-ਪ੍ਰਗਟ ਸਿੰਘ ਸਤੌਜ
ਜਦੋਂ ਵੀ ਕਦੇ ਜੰਗ ਦੀ ਗੱਲ ਛਿੜਦੀ ਹੈ, ਮੇਰੇ ਅੰਦਰ ਬੈਠਾ ਬੰਦਾ ਡਰ ਨਾਲ ਕੰਬ ਜਾਂਦਾ ਹੈ। ਸੰਨ 1947 ਦੀਆਂ ਤਸਵੀਰਾਂ ਸੁਪਨਿਆਂ 'ਚ ਆਉਣ ਲੱਗਦੀਆਂ ਹਨ। ਗੁਰਦੇਵ ਰੁਪਾਣਾ ਦੀ ਕਹਾਣੀ ‘ਹਵਾ' ਵਿਚਲੇ ਬੱਚੇ ਵਰਗੇ ਹਜ਼ਾਰਾਂ ਮਾਸੂਮ ਮੈਨੂੰ ਰੋਂਦੇ ਸੁਣਾਈ ਦੇਣ ਲੱਗਦੇ ਹਨ। ਮੇਰੇ ਵਾਂਗ ਹਜ਼ਾਰਾਂ ਮਾਵਾਂ ਦੇ, ਹਜ਼ਾਰਾਂ ਧੀਆਂ ਦੇ ਮਨਾਂ 'ਚ ਹੌਲ ਪੈਂਦੇ ਹਨ। ਡਰਾਉਣੇ ਖਿਆਲ ਆਉਂਦੇ ਹਨ। ਰੋਟੀ ਦੀ ਬੁਰਕੀ ਸੰਘ ਤੋਂ ਹੇਠਾਂ ਉਤਰਨੀ ਮੁਸ਼ਕਿਲ ਹੋ ਜਾਂਦੀ ਹੈ। ਇਹ ਸਭ ਜੰਗ ਦੇ ਪ੍ਰਭਾਵ ਹੇਠ ਆਉਣ ਵਾਲੇ ਅਤੇ ਸੰਵੇਦਨਸ਼ੀਲ ਮਨਾਂ ਨੂੰ ਬੇਚੈਨ ਕਰਦਾ ਹੈ। ਕੁਰਸੀ ਲਈ ਲਾਰਾਂ ਟਪਕਾਉਂਦੇ ਨੇਤਾਵਾਂ ਲਈ ਇਹ ਸਿਰਫ ਬਾਂਦਰ ਬਾਂਦਰੀ ਦੀ ਖੇਡ ਹੈ।
ਆਗਰੇ ਵਿੱਚ ਸਾਰਕ ਦੇਸ਼ ਦੇ ਸਾਹਿਤਕ ਪ੍ਰੋਗਰਾਮ ਵਿੱਚ ਮੈਂ ਆਪਣੇ ਪਾਕਿਸਤਾਨੀ ਦੋਸਤ ਨੂੰ ਪੈਸੇ ਦੇ ਕੇ ਕਿਹਾ ਸੀ, ‘ਇਨ੍ਹਾਂ ਪੈਸਿਆਂ ਦੀਆਂ ਚੂੜੀਆਂ ਮੇਰੀ ਭਤੀਜੀ ਵਾਸਤੇ ਲੈ ਜਾਵੀਂ।' ਘਰ ਪਹੁੰਚ ਕੇ ਉਸ ਦਾ ਫੋਨ ਆਇਆ ਸੀ, ‘ਤੇਰੇ ਪੈਸਿਆਂ ਦੀਆਂ ਮੈਂ ਬੱਚਿਆਂ ਲਈ ਚੂੜੀਆਂ ਤੇ ਸੌਗਾਤਾਂ ਲੈ ਗਿਆ ਸੀ। ਉਨ੍ਹਾਂ ਆਪਣੇ ਚਾਚੇ ਨੂੰ ਸਲਾਮ ਭੇਜੀ ਹੈ।'
ਅੱਜ ਜਦੋਂ ਜੰਗ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਉਨ੍ਹਾਂ ਚੂੜੀਆਂ ਦਾ ਚੇਤਾ ਵਾਰ-ਵਾਰ ਆ ਰਿਹਾ ਹੈ, ‘ਕਿਤੇ ਉਹ ਟੁੱਟ ਤਾਂ ਨਹੀਂ ਜਾਣਗੀਆਂ?' ਇਨ੍ਹਾਂ ਚੂੜੀਆਂ ਦੇ ਟੁੱਟਣ ਦਾ ਇਧਰ ਵੀ ਅਤੇ ਉਧਰ ਵੀ, ਸਾਰੇ ਚਾਚੇ, ਬਾਪੂਆਂ ਤੇ ਮਾਵਾਂ ਨੂੰ ਡਰ ਹੈ। ਸੁਹਾਗਣਾਂ ਸੌ-ਸੌ ਸੁੱਖਾਂ ਸੁੱਖਦੀਆਂ ਹਨ ਕਿ ਉਨ੍ਹਾਂ ਦੀਆਂ ਚੂੜੀਆਂ ਸਲਾਮਤ ਰਹਿਣ। ਜੰਗ ਨਾਲ ਚੂੜੀਆਂ ਟੁੱਟਣ ਨਾਲ ਪਿੱਛੇ ਰਹਿ ਗਿਆਂ ਉਤੇ ਦੁੱਖਾਂ ਦੇ ਪਹਾੜ ਟੁੱਟਦੇ ਹਨ। ਦਿਲ ਟੁੱਟਦੇ ਹਨ। ਉਡੀਕਾਂ ਟੁੱਟ ਜਾਂਦੀਆਂ ਹਨ। ਸਾਰਾ ਪਰਵਾਰ ਤੇ ਪੂਰਾ ਮੁਲਕ ਵੀ ਆਰਥਿਕ ਤੌਰ 'ਤੇ ਟੁੱਟ ਜਾਂਦਾ ਹੈ।
ਐਤਕੀਂ ਜਦੋਂ ਜੰਗ ਦੇ ਬੱਦਲ ਮੰਡਰਾਏ ਸਨ ਤਾਂ ਮੇਰੇ ਫੌਜੀ ਦੋਸਤ ਦੀ ਪਤਨੀ ਨੇ ਕਿਹਾ, ‘ਮੋਦੀ ਆਪਣੇ ‘ਮਨ ਕੀ ਬਾਤ' ਤਾਂ ਕਹਿ ਦਿੰਦਾ ਹੈ, ਕਦੇ ਸਾਡੇ ‘ਮਨ ਕੀ ਬਾਤ' ਵੀ ਸੁਣ ਲਏ।' ਉਸ ਦਾ ਡਰ 'ਚ ਘੁਲਿਆ ਇਹ ਉਲਾਂਭਾ ਚੂੜੀਆਂ ਟੁੱਟ ਜਾਣ ਦਾ ਹੀ ਸੀ ਅਤੇ ਪੂਰੇ ਪਰਵਾਰ ਦਾ ਤਰਲਾ ਵੀ। ਪਤਾ ਨਹੀਂ, ਇਹ ਤਰਲੇ ਜੰਗਾਂ ਦੇ ਲਲਕਾਰੇ ਮਾਰਨ ਵਾਲਿਆਂ ਨੂੰ ਕਿਉਂ ਨਹੀਂ ਸੁਣਦੇ?
1947 ਦੀ ਵੰਡ ਦਾ ਦੁਖਾਂਤ ਪੰਜਾਬ ਨੇ ਆਪਣੇ ਪਿੰਡੇ ਉਪਰ ਝੱਲਿਆ ਹੈ। ਭਾਰਤ ਪਾਕਿਸਤਾਨ ਦੀ ਹਰ ਜੰਗ ਦੀ ਮਾਰ ਸਭ ਤੋਂ ਵੱਧ ਪੰਜਾਬੀਆਂ ਨੂੰ ਪੈਂਦੀ ਹੈ, ਇਧਰੋਂ ਤੇ ਉਧਰੋਂ ਵੀ। ਇਕ ਵਾਰ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਗਿਆ। ਜਿਸ ਘਰ ਅਸੀਂ ਗਏ, ਉਸ ਘਰ ਦਾ ਬਜ਼ੁਰਗ ਸ਼ਾਹਮੁਖੀ ਵਿੱਚ ਲਿਖੀ ਹੀਰ ਦੀ ਪੁਰਾਣੀ ਪੋਥੀ ਅੰਦਰੋਂ ਬੜੇ ਸਤਿਕਾਰ ਨਾਲ ਆਪਣੇ ਸਿਰ ਉਪਰ ਚੁੱਕ ਕੇ ਲਿਆਇਆ। ਉਸ ਨੇ ਖਿੜੀ ਦੁਪਹਿਰ ਵਿੱਚ ਸਾਨੂੰ ਹੀਰ ਗਾ ਕੇ ਸੁਣਾਈ। ਹੀਰ ਗਾਉਂਦਾ ਉਹ ਮੈਨੂੰ ਵਾਰਿਸ ਸ਼ਾਹ ਦੇ ਪੁਰਾਣੇ ਪੰਜਾਬ ਵਿੱਚ ਲੈ ਗਿਆ। ਜਦੋਂ ਸਾਂਝੇ ਪੰਜਾਬ ਦੀਆਂ ਗੱਲਾਂ ਚੱਲੀਆਂ ਤਾਂ ਉਸ ਨੇ ਅੱਖਾਂ ਭਰ ਲਈਆਂ, ‘ਪੁੱਤਰਾ, ਸਾਡਾ ਉਧਰ ਬੜਾ ਮਿਲਵਰਤਨ ਸੀ। ਆਜ਼ਾਦੀ ਤੋਂ ਬਾਅਦ ਵੀ ਅਸੀਂ ਸਾਰੇ ਪਿੰਡਾਂ ਵਿੱਚ ਵਿਆਹ ਸ਼ਾਦੀ 'ਤੇ ਜਾਂਦੇ ਰਹੇ। ਆਹ ਲਾਗਲੇ ਪਿੰਡ ਵਿਆਹ ਸੀ, ਮੇਰੇ ਦੋਸਤ ਦੀ ਕੁੜੀ ਦਾ, ਅਸੀਂ ਉਹਨੂੰ ਦਾਜ ਦਾ ਸਾਮਾਨ ਦੇ ਕੇ ਆਏ।' ਉਸ ਨੇ ਅੱਗੇ ਦੱਸਿਆ, ‘ਮੈਂ ਰਾਤ ਪਿੰਡ ਦੇ ਬਾਹਰ ਹੀਰ ਗਾਉਂਦਾ। ਮੇਰੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੰਦੀ। ਕਈ ਪਿੰਡਾਂ ਦੇ ਲੋਕ ਮੇਰੀ ਹੀਰ ਸੁਣਨ ਆਉਂਦੇ। ਤਾਰ ਲੱਗੀ ਤਾਂ ਸਾਰਾ ਕੁਝ ਖਤਮ ਹੋ ਗਿਆ।'
ਬਾਬੇ ਦੀ ਇਸ ਟੁੱਟ ਗਈ ਸਾਂਝ ਦੇ ਦੁੱਖ ਨੂੰ ਮੈਂ ਧੁਰ ਅੰਦਰੋਂ ਮਹਿਸੂਸ ਕੀਤਾ। ਗੱਲ ਖਤਮ ਕਰਨ ਤੋਂ ਬਾਅਦ ਉਸ ਦੇ ਚਿਹਰੇ ਉਤੇ ਆਏ ਭਾਵ ਅੱਜ ਵੀ ਮੇਰੇ ਚੇਤੇ 'ਚ ਵੱਸੇ ਹੋਏ ਹਨ। ਜੰਗ ਦੀਆਂ ਗੱਲਾਂ ਜਿਥੇ ਇਨ੍ਹਾਂ ਸਾਂਝਾਂ ਨੂੰ ਤੋੜਦੀਆਂ ਹਨ, ਉਥੇ ਸਰਹੱਦੀ ਇਲਾਕਿਆਂ 'ਤੇ ਬੈਠੇ ਦੋਵੇਂ ਦੇਸ਼ਾਂ ਦੇ ਪੰਜਾਬੀਆਂ ਲਈ ਭੁੱਖ ਨੰਗ ਦਾ ਸੁਨੇਹਾ ਵੀ ਹੁੰਦੀਆਂ ਹਨ।
ਪਾਕਿਸਤਾਨ ਵਿੱਚ ਵੀ ਮੇਰੇ ਦੋਸਤ ਹਨ। ਅਸੀਂ ਜੰਗ ਦੀਆਂ ਗੱਲਾਂ ਤੋਂ ਉਦਾਸ ਹੋ ਜਾਂਦੇ ਹਾਂ। ਦੁਆ ਕਰਦੇ ਹਾਂ, ਜੰਗ ਨਾ ਲੱਗੇ। ਕੋਸ਼ਿਸ਼ਾਂ ਕਰਦੇ ਹਾਂ, ਦੋਵੇਂ ਦੇਸ਼ਾਂ ਦੀ ਕੁੜੱਤਣ ਦੂਰ ਹੋਵੇ। ਕੈਨੇਡਾ ਮਿਲੀ ਲਾਹੌਰਨ ਭੈਣ ਨੂੰ ਮੈਂ ਕਿਹਾ ਸੀ,‘ਜੇ ਇਹ ਸੰਭਵ ਹੋ ਸਕਦਾ ਹੋਵੇ ਕਿ ਮੇਰੀ ਜਾਨ ਦੇਣ ਨਾਲ ਦੋਵੇਂ ਦੇਸ਼ ਇਕ ਹੋ ਜਾਣ ਤਾਂ ਮੈਂ ਜਾਨ ਦੇਣ ਲਈ ਪਲ ਨਾ ਲਾਵਾਂ', ਉਸ ਦੀ ਭਾਵਨਾ ਦੋਵਾਂ ਦੇਸ਼ਾਂ ਦੀਆਂ ਧੀਆਂ ਦੀਆਂ ਚੂੜੀਆਂ ਦੀ ਸਲਾਮਤੀ ਲਈ ਸੀ। ਇਸੇ ਕਰਕੇ ਅਸੀਂ ਪਹਿਲੀ ਵਾਰ ਮਿਲੇ ਵੀ ਇੰਜ ਮਿਲੇ ਸੀ ਜਿਵੇਂ ਬਚਪਨ ਤੋਂ ਇਕ ਦੂਜੇ ਨੂੰ ਜਾਣਦੇ ਹੋਈਏ। ਇਹ ਸਾਰੇ ਪੰਜਾਬੀਆਂ ਦੀ ਸਾਂਝ ਹੈ। ਇਧਰ ਸਾਡਾ ਘਰ ਹੈ ਤਾਂ ਉਧਰ ਸਾਰੇ ਪੰਜਾਬੀ ਭਰਾਵਾਂ ਦ ਘਰ ਹੈ। ਮੈਨੂੰ ਮੇਰੇ ਮਿੱਤਰ ਮੱਟ ਸੇਰੋਂ ਦਾ ਗੀਤ ਚੇਤੇ ਆ ਰਿਹਾ ਹੈ:
ਉਧਰ ਮੇਰੀ ਮਾਮੀ ਰੋਊ
ਇਧਰ ਮੇਰੀ ਮਾਂ
ਹਿੰਦ ਵਾਲਿਓ ਪਾਕਿ ਵਾਲਿਓ
ਹਾੜਾ ਓਏ ਲੜਿਓ ਨਾ..
ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ 47 ਆਵੇ। ਅਸੀਂ ਨਹੀਂ ਚਾਹੁੰਦੇ ਕਿ ਬੰਬਾਂ ਦੀ ਫਸਲ ਬੀਜੀ ਜਾਵੇ, ਜਿਸ ਵਿੱਚੋਂ ਮੁਰਦੇ ਪੈਦਾ ਹੋਣ। ਅਸੀਂ ਫੁੱਲ ਬੀਜਣੇ ਚਾਹੁੰਦੇ ਹਾਂ, ਤਾਰ ਦੇ ਆਰ ਪਾਰ ਸੁਗੰਧੀਆਂ ਵੰਡਣ ਵਾਲੇ। ਇਹ ਫੁੱਲ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਚੂੜੀਆਂ ਨੂੰ ਸਲਾਮਤ ਰੱਖ ਸਕਦੇ ਹਨ।