Welcome to Canadian Punjabi Post
Follow us on

20

May 2019
ਸੰਪਾਦਕੀ

ਬੀਬੀਆਂ ਵੱਲੋਂ ਚੌਰਾਹੇ ਖੜਾ ਕੀਤਾ ਪ੍ਰਧਾਨ ਮੰਤਰੀ ਅਤੇ ਉਸਦੀ ਬੇਬਸੀ

March 05, 2019 09:30 AM

ਪੰਜਾਬੀ ਪੋਸਟ ਸੰਪਾਦਕੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਹੋਰ ਸੀਨੀਅਰ ਔਰਤ ਮੰਤਰੀ ਜੇਨ ਫਿਲਪੌਟ ਨੇ ਕੱਲ ਐਨ ਐਨ ਸੀ ਲਾਵਾਲਿਨ ਦੇ ਸਕੈਂਡਲ ਦੀ ਪਿੱਠਭੂਮੀ ਨੂੰ ਸਾਹਮਣੇ ਰੱਖ ਕੇ ਅਸਤੀਫਾ ਦੇ ਦਿੱਤਾ ਹੈ। ਕਿੱਤੇ ਵਜੋਂ ਡਾਕਟਰ ਅਤੇ ਟਰਜ਼ਰੀ ਬੋਰਡ ਭਾਵ ਖਜਾਨਾ ਮੰਤਰੀ ਜੇਨ ਫਿਲਪੌਟ ਦਾ ਅਸਤੀਫਾ ਸਮੁੱਚੀ ਲਿਬਰਲ ਪਾਰਟੀ ਪਰ ਪ੍ਰਧਾਨ ਮੰਤਰੀ ਟਰੂਡੋ ਦੇ ਗਲੇ ਦੀ ਖਾਸ ਕਰਕੇ ਹੱਡੀ ਬਣੇਗਾ, ਇਸ ਗੱਲ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਟਰੂਡੋ ਹੋਰਾਂ ਨੇ ਆਪਣਾ ਪ੍ਰਗਤੀਵਾਦੀ, ਅਗਾਂਹਵਧੂ ਅਤੇ ਸੁੱਚਜੀਆਂ ਕਦਰਾਂ ਕੀਮਤਾਂ ਵਾਲਾ’ਆਗੂ ਹੋਣ ਦਾ ਅਕਸ ਬਹੁਤ ਮੁਸ਼ਕਲ ਪਰ ਫੋਕੀਆਂ ਗੱਲਾਂ ਕਰਕੇ ਬਣਾਇਆ ਸੀ, ਉਸਦਾ ਸਾਰਾ ਮੁੱਲ੍ਹਮਾ ਉੱਤਰ ਚੁੱਕਾ ਜਾਪਸਦਾ ਹੈ। ਅੱਜ ਤੱਕ ਟਰੂਡੋ ਹੋਰਾਂ ਦਾ ਸੱਭ ਤੋਂ ਵੱਡਾ ਕਾਰਡ ਸੀ ‘ਔਰਤਾਂ ਨੂੰ ਬਰਾਬਰ ਦਾ ਸਥਾਨ’ਦੇਣ ਦੀਆਂ ਡੀਗਾਂ ਮਾਰਨੀਆਂ। ਸਮੇਂ ਦੀ ਮਾਰ ਵੇਖੋ ਕਿ ਅੱਜ ਔਰਤ ਸ਼ਕਤੀ ਨੇ ਹੀ ਉਸਨੂੰ ਇਖਲਾਕੀ ਪੁਣਛਾਣ ਦੇ ਚੌਰਾਹੇ ਵਿੱਚ ਲਿਆ ਖੜਾ ਕੀਤਾ ਹੈ।

 ਇਸ ਇਖਲਾਕੀ ਪੁੱਣਛਾਣ ਦੇ ਕਿੱਸੇ ਵਿੱਚ ਪਹਿਲਾ ਨੰਬਰ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੂਲਡ ਦਾ ਹੈ ਜਿਸਨੇ, ਉਸਦੇ ਆਪਣੇ ਸ਼ਬਦਾਂ ਵਿੱਚ, ਪ੍ਰਧਾਨ ਮੰਤਰੀ ਦੀਆਂ ‘ਅੱਖਾਂ ਵਿੱਚ ਅੱਖਾਂ’ਪਾ ਕੇ ਚੇਤਾਵਨੀ ਦਿੱਤੀ ਸੀ ਕਿ ਸਿਆਸਤੀ ਲਾਭ ਵਾਸਤੇ ਉਹ ਆਪਣੇ ਇਖਲਾਕ ਨੂੰ ਨਹੀਂ ਛੱਡੇਗੀ। ਜੋਡੀ ਵਿਲਸਨ ਦੇ ਪਾਰਲੀਮੈਂਟ ਦੀ ਜਸਟਿਨ ਕਮੇਟੀ ਸਾਹਮਣੇ ਦਿੱਤੇ ਸਪੱਸ਼ਟੀਕਰਨ ਨੇ ‘ਲਿਬਰਲ ਮਹਿਲ ਦੀਆਂ ਥੰਮੀਆਂ ਹਿਲਾ ਦਿੱਤੀਆਂ ਹਨ। ਜੋਡੀ ਵਿਲਸਨ ਦੇ ਕਿੱਸੇ ਨੂੰ ਠੰਡਾ ਕਰਨ ਲਈ ਪਿਛਲੇ ਦੋ ਦਿਨਾਂ ਤੋਂ ਲਿਰਬਲ ਸਰਕਾਰ ਚਾਰੇ ਪਾਸੇ ਫੰਡਾਂ ਦੇ ਐਲਾਨਾਂ ਦੀਆਂ ਝੜੀਆਂ ਲਾਉਣ ਵਿੱਚ ਰੁੱਝ ਗਈ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜੇਨ ਫਿਲਪੌਟ ਐਸ ਐਨ ਸੀ ਲਾਵਾਲਿਨ ਦੇ ਵਤੀਰੇ ਤੋਂ ਖਫਾ ਹੋਣ ਕਾਰਣ ਅਸਤੀਫਾ ਦੇ ਕੇ ਪ੍ਰਧਾਨ ਮੰਤਰੀ ਨੂੰ ‘ਥਾਂ ਸਿਰ’ਰੱਖਣ ਦੀ ਗੁਸਤਾਖੀ ਕਰੇਗੀ।

ਆਪਣਾ ਸਮੁੱਚਾ ਕੈਰੀਅਰ ਡਾਕਟਰੀ ਕਿੱਤੇ ਵਿੱਚ ਬਿਤਾਉਣ ਵਾਲੀ 59 ਸਾਲਾ ਜੇਨ ਫਿਲਪੌਟ ਨੇ 2015 ਵਿੱਚ ਮਾਰਖਮ ਸਟਾਊਟਸਫਿਲ ਤੋਂ ਚੋਣ ਲੜਨ ਦਾ ਐਲਾਨ ਕਰਨ ਵੇਲੇ ਹੀ ਆਪਣੇ ਧੱੜਲੇਦਾਰ ਸੁਭਾਅ ਦੀ ‘ਜਾਣ ਪਹਿਚਾਣ’ਕਰਵਾ ਦਿੱਤੀ ਸੀ। ਇੱਕ ਪੱਤਰਕਾਰ ਨੂੰ ਜਵਾਬ ਦੇਂਦਿਆਂ ਉਸਨੇ ਕਿਹਾ ਸੀ ਕਿ ‘ਸਿਆਸਤ ਹੋਰ ਕੁੱਝ ਨਹੀਂ ਸਗੋਂ ਵੱਡੇ ਪੱਧਰ ਉੱਤੇ ਦਿੱਤੀ ਜਾਣ ਵਾਲੀ ਦਵਾਈ ਹੁੰਦੀ ਹੈ’। ਕੱਲ ਉਸਨੇ ਪ੍ਰਧਾਨ ਮੰਤਰੀ ਦੇ ਡਿੱਕ ਡੋਲੇ ਖਾਂਦੇ ਇਖਲਾਕ ਨੂੰ ਆਪਣਾ ਅਸਤੀਫਾ ਕੇ ਸੱਚਮੁੱਚ ਦਵਾਈ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਭੇਜੇ ਗਏ ਅਸਤੀਫਾ ਪੱਤਰ ਵਿੱਚ ਜੇਨ ਫਿਲਪੌਟ ਨੇ ਲਿਖਿਆ ਹੈ, “ਮੈਨੂੰ ਆਪਣਾ ਅਹੁਦਾ ਛੱਡਦੇ ਹੋਏ ਦੁੱਖ ਹੋ ਰਿਹਾ ਹੈ ਜਿੱਥੇ ਮੈਂ ਇੱਕ ਮਹੱਤਵਪੂਰਣ ਰੋਲ ਅਦਾ ਕਰ ਰਹੀ ਸੀ। ਪ੍ਰਤੂੰ ਮੈਨੂੰ ਆਪਣੀਆਂ ਬੁਨਿਆਦੀ ਕਦਰਾਂ ਕੀਮਤਾਂ, ਮੇਰੀਆਂ ਇਖਲਾਕੀ ਜੁੰਮੇਵਾਰੀਆਂ ਅਤੇ ਸੰਵਿਧਾਨਕ ਫਰਜ਼ਾਂ ਦੀ ਪਾਲਣਾ ਕਰਨ ਵਾਸਤੇ ਅਸਤੀਫਾ ਦੇਣਾ ਪੈ ਰਿਹਾ ਹੈ। ਮੈਂ ਜਾਣਦੀ ਹਾਂ ਕਿ ਸਿਧਾਂਤਾਂ ਉੱਤੇ ਪਹਿਰਾ ਦੇਣ ਦੀ ਕੀਮਤ ਅਦਾ ਕਰਨੀ ਪੈਂਦੀ ਹੁੰਦੀ ਹੈ ਪ੍ਰਤੂੰ ਸਿਧਾਂਤਾਂ ਨੂੰ ਤਿਆਗਣ ਦੀ ਕੀਮਤ ਉਸਤੋਂ ਵੀ ਵੱਡੀ ਹੁੰਦੀ ਹੈ।’ ਇਹਨਾਂ ਸ਼ਬਦਾਂ ਦਾ ਉਸ ਪ੍ਰਧਾਨ ਮੰਤਰੀ ਲਈ ਉਸਦੀ ਆਪਣੀ ਵਜ਼ਾਰਤ ਦੀ ਇੱਕ ਔਰਤ ਮੰਤਰੀ ਵੱਲੋਂ ਲਿਖੇ ਜਾਣਾ ਮਾਅਨੇ ਰੱਖਦੇ ਹਨ ਜਿਹੜਾ ਗੱਲ ਗੱਲ ਉੱਤੇ ਸਮੂਹ ਕੈਨੇਡੀਅਨਾਂ ਨੂੰ ਇਖਲਾਕ ਦੀਆਂ ਪੱਟੀਆਂ ਪੜਾਉਣ ਵਿੱਚ ਰੁੱਝਿਆ ਰਹਿੰਦਾ ਸੀ।

 ਜੇਨ ਫਿਲਪੌਟ ਅਤੇ ਜੋਡੀ ਵਿਲਸਨ ਦੋਵਾਂ ਦੇ ਅਸਤੀਫਿਆਂ ਦੀ ਕੜੀ ਵਿੱਚ ਲਿਬਰਲ ਐਮ ਪੀ ਬੀਬੀ ਸੇਲੀਨਾ ਸੀਜ਼ਰ ਸ਼ਾਵੇਨਸ਼ (Celina Caesar-Chavannes) ਦੀਆਂ ਟਿੱਪਣੀਆਂ ਮਾਅਨੇ ਰੱਖਦੀਆਂ ਹਨ। ਜੇਨ ਦੇ ਅਸਤੀਫੇ ਤੋਂ ਬਾਅਦ ਉਸਨੇ ਆਪਣੇ ਟਵਿੱਟਰ ਉੱਤੇ ਅਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ, ‘ਜਦੋਂ ਤੁਸੀਂ ਔਰਤਾਂ ਦਾ ਸਾਥ ਲੈਂਦੇ ਹੋ, ਫੇਰ ਇਹ ਆਸ ਨਾ ਰੱਖੋ ਕਿ ਉਹ ਤੁਹਾਡੀਆਂ ‘ਗੱਲਾਂ ਨੂੰ ਜਿਵੇਂ ਦੀਆਂ ਤਿਵੇਂ’ ਸਵੀਕਾਰ ਕਰ ਲੈਣਗੀਆਂ। ਸਹੀ ਫੈਸਲੇ ਕਰਨ, ਸਹੀ ਗੱਲਾਂ ਉੱਤੇ ਸਟੈਂਡ ਲੈਣ ਅਤੇ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਦੀ ਥਾਂ ਛੱਡ ਕੇ ਲਾਂਭੇ ਹੋ ਜਾਣ ਦੀ ਗੁਸਤਾਖੀ ਲਈ ਸਾਨੂੰ ਔਰਤਾਂ ਨੂੰ ਮੁਆਫ ਕਰਨਾ’। ਚੇਤੇ ਰਹੇ ਕਿ ਐਮ ਪੀ ਸੇਲੀਨਾ ਨੇ ਹਾਲੇ ਦੋ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਅਗਲੀਆਂ ਫੈਡਰਲ ਚੋਣਾਂ ਨਹੀਂ ਲੜੇਗੀ।

 ਥੋੜੀ ਦੇਰ ਪਹਿਲਾਂ ਇੱਕ 20 ਕੁ ਸਾਲ ਪੁਰਾਣਾ ਕਿੱਸਾ ਸਾਹਮਣੇ ਆਇਆ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਉੱਤੇ ਇੱਕ ਨੌਜਵਾਨ ਪੱਤਰਕਾਰ ਲੜਕੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਸਨ। ਉਹ ਪੱਤਰਕਾਰ ਲੜਕੀ ਟਰੂਡੋ ਹੋਰਾਂ ਦੇ ਗਲਤ ਵਿਵਹਾਰ ਬਾਰੇ ਇੱਕ ਐਡੀਟੋਰੀਅਲ ਲਿਖ ਕੇ ਗੁੰਮਨਾਮ ਹੋ ਗਈ ਸੀ। ਸਮੇਂ ਦਾ ਗੇੜ ਵੇਖੋ ਕਿ ਔਰਤਾਂ ਦੇ ਹੱਕਾਂ ਦੀ ਕੋਠੇ ਚੜ ਕੇ ਦੁਹਾਈ ਦੇਣ ਵਾਲੇ ਟਰੂਡੋ ਹੋਰਾਂ ਨੂੰ ਹੁਣ ਉਸਦੀ ਆਪਣੀ ਵਜ਼ਾਰਤ ਦੀਆਂ ਬੀਬੀਆਂ ਨੇ ਨੰਗਾ ਚਿੱਟਾ ਕਰਨ ਦਾ ਬੀੜਾ ਚੁੱਕ ਲਿਆ ਹੈ। ਘਰ ਦੇ ਅੰਦਰੋਂ ਹੋਏ ਇਸ ਹਮਲੇ ਦਾ ਸਾਹਮਣਾ ਕਰਨਾ ਟਰੂਡੋ ਹਰਾਂ ਲਈ ਕਾਫੀ ਔਖਾ ਹੋਵੇਗਾ। ਇਸ ਸਮੁੱਚੇ ਘਟਨਾਕਰਮ ਦੇ ਮੱਦੇਨਜ਼ਰ ਇਹ ਗੱਲ ਦਿਲਚਸਪ ਹੋਵੇਗੀ ਕਿ 8 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਜਸਟਿਨ ਟਰੂਡੋ ਔਰਤਾਂ ਲਈ ਕੀ ਸੁਨੇਹਾ ਲੈ ਕੇ ਹਾਜ਼ਰ ਹੋਣਗੇ?

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ