Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਵਿਚਾਰ ਆਪੋ ਆਪਣਾ: ਜਜ਼ਬਿਆਂ ਦੀ ਸਿਆਸਤ ਤੇ ਪੁਲਵਾਮਾ

March 03, 2019 11:50 PM

-ਅਮਨਦੀਪ ਸਿੰਘ ਸੇਖੋਂ
ਸਾਲ 2002 ਵਿੱਚ ਜਦੋਂ ਗੁਜਰਾਤ ਵਿੱਚ ਚੋਣਾਂ ਹੋਣ ਵਾਲੀਆਂ ਸਨ ਤਾਂ ਗੋਧਰਾ ਦੇ ਰੇਲਵੇ ਸਟੇਸ਼ਨ 'ਤੇ ਦੁਖਦਾਈ ਘਟਨਾ ਵਾਪਰੀ। ਇਸ ਵਿੱਚ ਇਕ ਧਰਮ ਦੇ ਹਜ਼ਾਰਾਂ ਬੇਗੁਨਾਹ ਵਿਅਕਤੀ ਤੇ ਬੱਚੇ ਭੀੜ ਦੀ ਦਰਿੰਦਗੀ ਦਾ ਸ਼ਿਕਾਰ ਹੋਏ। ਅੱਜ ਕੱਲ੍ਹ 2019 ਹੈ ਅਤੇ ਗੋਧਰਾ ਨਹੀਂ, ਪੁਲਵਾਮਾ ਹੈ। ਉਹੀ ਲਾਸ਼ਾਂ ਨੇ ਤੇ ਉਹੀ ਸਿਆਸਤ ਹੈ।
ਖੂਨ ਅਤੇ ਹੰਝੂ ਭੁੱਲੇ ਨਹੀਂ ਜਾਣੇ ਚਾਹੀਦੇ, ਪਰ ਇਸ਼ਤਿਹਾਰ ਵਾਂਗ ਵਰਤੇ ਵੀ ਨਹੀਂ ਜਾਣੇ ਚਾਹੀਦੇ। ਰਾਜਨੀਤੀ ਅੱਜ ਦੁਕਾਨ ਬਣ ਗਈ ਹੈ ਅਤੇ ਆਪਣਾ ਗੱਲਾ ਵੋਟਾਂ ਨਾਲ ਭਰਨ ਲਈ ਰਾਸ਼ਟਰਵਾਦ ਨੂੰ ਵਿਕਾਊ ਮਾਲ ਵਾਂਗ ਵੇਚਿਆ ਜਾ ਰਿਹਾ ਹੈ। ਖੂਨ ਡੁੱਲ੍ਹਿਆ ਹੈ ਤਾਂ ਖੂਨ ਖੌਲੇਗਾ ਵੀ, ਪਰ ਹੋਰ ਖੂਨ ਵਹਾਉਣ ਤੋਂ ਪਹਿਲਾਂ ਜ਼ਰਾ ਰੁਕੋ ਅਤੇ ਉਨ੍ਹਾਂ ਮੌਕਿਆਂ ਨੂੰ ਯਾਦ ਕਰੋ, ਜਦੋਂ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਖੂਨ ਨੂੰ ਦੇਖ ਕੇ ਸਾਡਾ ਖੂਨ ਖੋਲਿਆ ਸੀ। ਇਹ ਸੋਚੋ ਕਿ ਜੇ ਅਸੀਂ ਓਦੋਂ ਕੁਝ ਸਿੱਖਿਆ ਸੀ ਤਾਂ ਇਹ ਦੁਬਾਰਾ ਕਿਉਂ ਹੋਇਆ। ਜੋ ਕੁਤਾਹੀਆਂ ਉਸ ਵੇਲੇ ਹੋਈਆਂ ਸਨ, ਉਹ ਦੋਹਰਾਈਆਂ ਕਿਉਂ ਗਈਆਂ ਹਨ? ਗੋਧਰਾ ਤੇ ਪੁਲਵਾਮਾ ਚੋਣਾਂ ਦੇ ਮੌਸਮ ਵਿੱਚ ਹੀ ਕਿਉਂ ਵਾਪਰਦੇ ਹਨ? ਕਿਸੇ ਦੇਸ਼ ਧ੍ਰੋਹੀ ਖਿਲਾਫ ਫੇਸਬੁੱਕ ਉਤੇ ਜੰਗ ਲੜਨ ਨਾਲੋਂ ਜੇ ਕੁਝ ਸਵਾਲ ਆਪਣੀ ਸਰਕਾਰ ਨੂੰ ਪੁੱਛ ਲਏ ਜਾਂਦੇ ਤਾਂ ਸ਼ਾਇਦ ਉੜੀ ਤੋਂ ਬਾਅਦ ਪੁਲਵਾਮਾ ਨਾ ਵਾਪਰਦਾ। ਆਪਣੀ ਸੁਰੱਖਿਆ ਮਜ਼ਬੂਤ ਕਰਨ ਨਾਲੋਂ ਗੁਆਂਢੀ ਦੇ ਘਰ ਅੰਗਿਆਰ ਸੁੱਟਣਾ ਵੱਧ ਮਾਅਰਕੇ ਵਾਲਾ ਕੰਮ ਹੈ ਅਤੇ ਮੌਜੂਦਾ ਸਿਆਸਤ ਨੂੰ ਚੁੱਪਚਾਪ ਕੋਈ ਅਸਰਦਾਰ ਕੰਮ ਕਰਨ ਨਾਲੋਂ ਧਮਾਕੇਦਾਰ ਕੰਮ ਕਰਨੇ ਵੱਧ ਪਸੰਦ ਹਨ। ਉੜੀ ਦਾ ਬਦਲਾ ਸਰਜੀਕਲ ਸਟਰਾਈਕਸ, ਸਰਕਾਰ ਵੱਲੋਂ ਆਪਣੀ ਵਾਹ-ਵਾਹੀ, ਇਥੋਂ ਤੱਕ ਕਿ ਫਿਲਮ ਨਿਰਮਾਣ। ਕੀ ਇਸ ਸਭ ਨੇ ਅੱਤਵਾਦੀਆਂ ਨੂੰ ਕੁਝ ਭਿਆਨਕ ਕਰਨ ਲਈ ਉਕਸਾਇਆ ਨਹੀਂ ਹੋਵੇਗਾ?
ਅੱਜ ਦੇਸ਼ ਵਿੱਚ ਕਈ ਜਗ੍ਹਾ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਜਿਸ ਅੱਤਵਾਦੀ ਨੇ ਪੁਲਵਾਮਾ ਦੀ ਘਟਨਾ ਕੀਤੀ, ਉਹ ਕਸ਼ਮੀਰੀ ਮੁਸਲਮਾਨ ਸੀ। ਕੀ ਪਤਾ ਉਸ ਨੂੰ ਵੀ ਕਦੇ ਕਿਸੇ ਭੀੜ ਨੇ ਇਸੇ ਤਰ੍ਹਾਂ ਡਰਾਇਆ-ਧਮਕਾਇਆ ਹੋਵੇ? ਜਦੋਂ ਵੀ ਕਦੇ ਆਮ ਨਾਗਰਿਕ ਬੰਦੂਕਧਾਰੀ ਬਾਗੀਆਂ ਅਤੇ ਅੱਤਵਾਦੀਆਂ, ਫੌਜੀਆਂ ਅਤੇ ਪੁਲਸ ਕਰਮੀਆਂ ਦੀ ਭੇੜ ਵਿੱਚ ਫਸਦੇ ਹਨ ਤਾਂ ਦੋਵਾਂ ਧਿਰਾਂ ਵੱਲੋਂ ਅੱਤਿਆਚਾਰਾਂ ਦਾ ਸ਼ਿਕਾਰ ਬਣਦੇ ਹਨ। ਸਾਡੀ ਫੌਜ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਦੀ, ਬਿਨਾਂ ਸੋਚੇ ਅਤੇ ਬਿਨਾਂ ਰਹਿਮ ਕੀਤੇ, ਪਰ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਮੁਕਾਬਲਾ ਕਰਨ ਲਈ?
ਜਦੋਂ ਲੋਕਾਂ ਦੀਆਂ ਜਾਇਜ਼ ਆਰਥਿਕ ਤੇ ਲੋਕਤੰਤਰੀ ਮੰਗਾਂ ਨੂੰ ਸਮੇਂ ਦੀਆਂ ਸਰਕਾਰਾਂ ਅੱਖੋਂ-ਪਰੋਖੇ ਕਰਦੀਆਂ ਹਨ ਤਾਂ ਕਈ ਵਾਰ ਲੋਕ ਧਰਮ ਤੇ ਭਾਸ਼ਾ ਵਰਗੀਆਂ ਫੁੱਟ ਪਾਊ ਲਾਮਬੰਦੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਜ਼ਾਦੀ ਤੋਂ ਪਹਿਲਾਂ ਕਸ਼ਮੀਰੀ ਮੁਸਲਮਾਨ ਸ਼ੇਖ ਅਬਦੁੱਲਾ ਕਾਂਗਰਸ ਦਾ ਸਮਰਥਕ ਸੀ। ਆਪਣੇ ਹਿੰਦੂ ਰਾਜੇ ਤੇ ਉਸ ਦੇ ਜਰੀਰੂ ਟੋਲੇ ਨਾਲ ਉਸ ਦੀ ਲੜਾਈ ਸੀ। ਕਸ਼ਮੀਰ ਦੀ ਬਹੁ-ਚਰਚਿਤ ਧਾਰਾ 370 ਕਸ਼ਮੀਰ ਦੇ ਉਸੇ ਹਿੰਦੂ ਰਾਜੇ ਹਰੀ ਸਿੰਘ ਨੇ ਜਵਾਹਰ ਲਾਲ ਨਹਿਰੂ ਅਤੇ ਮਾਊਂਟਬੈਟਨ ਤੋਂ ਅੜ ਕੇ ਹਾਸਲ ਕੀਤੀ ਸੀ। ਇਸੇ ਦੇ ਆਧਾਰ 'ਤੇ ਕਸ਼ਮੀਰ ਭਾਰਤ ਦਾ ਹਿੱਸਾ ਬਣਿਆ ਸੀ। ਆਜ਼ਾਦੀ ਤੋਂ ਪਿੱਛੋਂ ਜਦੋਂ ਸ਼ੇਖ ਅਬਦੁੱਲਾ ਨੇ ਜਗੀਰਦਾਰਾਂ ਦੀਆਂ ਜਗੀਰਾਂ (ਜੋ ਬਹੁਤੇ ਹਿੰਦੂ ਸਨ) ਕਿਸਾਨਾਂ (ਜੋ ਬਹੁਤੇ ਮੁਸਲਮਾਨ ਸਨ) ਨੂੰ ਦੇਣ ਦਾ ਕਾਨੂੰਨ ਪਾਸ ਕੀਤਾ ਤਾਂ ਨਹਿਰੂ ਉਸ ਦੇ ਖਿਲਾਫ ਹੋ ਗਿਆ ਅਤੇ ਉਸ ਨੂੰ ਬੰਦੀ ਬਣਾ ਲਿਆ, ਪਰ ਧਾਰਾ 370 ਕਰਕੇ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਭੰਗ ਨਾ ਕਰ ਸਕੀ। ਕਸ਼ਮੀਰ ਵਿੱਚ ਅੱਤਵਾਦ ਦੀ ਸ਼ੁਰੂਆਤ 1986 ਵਿੱਚ ਓਦੋਂ ਹੋਈ, ਜਦੋਂ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਨੈਸ਼ਨਲ ਕਾਨਫਰੰਸ ਨਾਲ ਮਿਲ ਕੇ ਚੋਣਾਂ ਵਿੱਚ ਬੇਸ਼ਰਮੀ ਨਾਲ ਧਾਂਦਲੀ ਕੀਤੀ ਤੇ ਲੋਕਾਂ ਨੂੰ ਲੋਕਤੰਤਰੀ ਢੰਗ ਨਾਲ ਆਪਣੀ ਸਰਕਾਰ ਚੁਣਨ ਦਾ ਮੌਕਾ ਨਹੀਂ ਸੀ ਦਿੱਤਾ।
ਕੀ ਕਿਸੇ ਕੌਮ ਲਈ ਆਪਣੇ ਵੱਖਰੇ ਧਰਮ, ਭਾਸ਼ਾ ਤੇ ਸੱਭਿਆਚਾਰ ਦੇ ਆਧਾਰ 'ਤੇ ਆਪਣੇ ਖਿੱਤੇ ਨੂੰ ਦੇਸ਼ ਤੋਂ ਵੱਖ ਕਰਨ ਦੀ ਮੰਗ ਕਰਨਾ ਜਾਇਜ਼ ਹੈ? ਲੋਕ ਅਕਸਰ ਕਹਿੰਦੇ ਹਨ ਕਿ ਲੋਕਤੰਤਰ ਦੀ ਇਹੀ ਮੰਗ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਜ਼ਮੀਨ ਦਾ ਇਕ ਟੁਕੜਾ ਅੱਡ ਕਰ ਦੇਣ ਨਾਲ ਉਸ ਸਮੁੱਚੇ ਦੇਸ਼ ਦੇ ਅਰਥਚਾਰੇ ਉਤੇ ਕੀ ਪ੍ਰਭਾਵ ਪਵੇਗਾ? ਉਤਰੀ ਭਾਰਤੀ ਲੋਕਾਂ ਦੇ ਜੀਵਨ ਤੇ ਅਰਥਚਾਰੇ ਦਾ ਆਧਾਰ ਉਹ ਨਦੀਆਂ ਹਨ, ਜੋ ਕਸ਼ਮੀਰ ਤੋਂ ਨਿਕਲਦੀਆਂ ਹਨ। ਪਾਕਿਸਤਾਨ ਤੇ ਚੀਨ ਦੀ ਕਸ਼ਮੀਰ ਵਿੱਚ ਦਿਲਚਸਪੀ ਇਸੇ ਕਾਰਨ ਹੈ। ਕੀ ਭਾਰਤ ਤੋਂ ਅਲੱਗ ਹੋ ਕੇ ਕਸ਼ਮੀਰ ਆਜ਼ਾਦ ਰਹਿ ਸਕੇਗਾ? ਦੇਸ਼ ਭਾਸ਼ਾ, ਧਰਮ ਤੇ ਲੋਕਾਂ ਨਾਲ ਹੀ ਨਹੀਂ ਬਣਦਾ, ਉਸ ਜ਼ਮੀਨ ਅਤੇ ਉਸ ਦੇ ਕੁਦਰਤੀ ਸੋਮਿਆਂ ਨਾਲ ਵੀ ਬਣਦਾ ਹੈ, ਜਿਸ ਉਤੇ ਮਨੁੱਖ ਵੱਸਦੇ ਹਨ। ਆਪਣੇ ਖਿੱਤੇ ਦੇ ਕੁਦਰਤੀ ਵਰਤਾਰੇ ਨੂੰ ਰਾਜਨੀਤਕ ਵੰਡੀਆਂ ਰਾਹੀਂ ਤਬਾਹ ਕਰਨ ਮਗਰੋਂ ਪੱਲੇ ਪਛਤਾਵਾ ਹੀ ਪੈਂਦਾ ਹੈ। ਕੀ ਕਸ਼ਮੀਰ ਦੇ ਲੋਕਾਂ ਦੇ ਆਤਮ ਨਿਰਣੇ ਦਾ ਅਧਿਕਾਰ ਇਸ ਦੇਸ਼ ਦੇ ਹੋਰ ਕਰੋੜਾਂ ਹੀ ਲੋਕਾਂ ਦੀ ਜੀਵਕਾ ਦੇ ਅਧਿਕਾਰ ਨਾਲੋਂ ਵੱਡਾ ਹੈ?
ਇਹ ਧਰਤੀ, ਮਿੱਟੀ, ਹਵਾ ਅਤੇ ਪਾਣੀ ਸਾਡੇ ਦੇਸ਼ ਦੀ ਸਾਂਝੀ ਸੰਪਦਾ ਹਨ। ਕੋਈ ਹੋਰ ਬਾਹਰੋਂ ਆ ਕੇ ਇਨ੍ਹਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਜਾਂ ਖਰਾਬ ਕਰੇ ਤਾਂ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਦੇ, ਪਰ ਜਦੋਂ ਸਾਡੇ ਚੁਣੇ ਹੋਏ ਨੁਮਾਇੰਦੇ ਹੀ ਸਾਡੇ ਦੇਸ਼ ਦੀ ਸੰਪਦਾ ਨੂੰ ਦੇਸੀ ਤੇ ਵਿਦੇਸ਼ੀ ਧਨਾਢਾਂ ਨੂੰ ਲੁਟਾ ਰਹੇ ਹੋਣ ਤਾਂ ਸਾਡਾ ਕੀ ਫਰਜ਼ ਹੈ? ਵੇਦਾਂਤਾ, ਅਡਾਨੀ ਅਤੇ ਅੰਬਾਨੀ ਦੀਆਂ ਕੰਪਨੀਆਂ ਝਾਰਖੰਡ ਅਤੇ ਛੱਤੀਸਗੜ੍ਹ ਦੇ ਕੁਦਰਤੀ ਸੋਮਿਆਂ ਨੂੰ ਕਿਵੇਂ ਲੁੱਟ ਰਹੀਆਂ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ।
ਜੋ ਭੀੜਾਂ ਅੱਜ ਕਸ਼ਮੀਰੀ ਮੁਸਲਮਾਨ ਵਿਦਿਆਰਥੀਆਂ ਵਿੱਚ ਆਪਣਾ ਦੁਸ਼ਮਣ ਮੰਨਦੀਆਂ ਹਨ ਜਾਂ ਉਹ ਕਸ਼ਮੀਰੀ ਨੌਜਵਾਨ, ਜੋ ਭਾਰਤ ਦੇ ਆਮ ਪਰਵਾਰ ਵਿੱਚੋਂ ਭਰਤੀ ਹੋ ਕੇ ਆਏ ਫੌਜੀ ਨੂੰ ਆਪਣਾ ਦੁਸ਼ਮਣ ਮੰਨਦਾ ਹੈ ਜਾਂ ਉਹ ਫੌਜੀ, ਜਿਸ ਨੂੰ ਹਰ ਕਸ਼ਮੀਰੀ ਵਿੱਚ ਅੱਤਵਾਦੀ ਨਜ਼ਰ ਆਉਂਦਾ ਹੈ, ਜ਼ਰਾ ਅੱਖਾਂ ਖੋਲ੍ਹ ਕੇ ਆਪਣੇ ਆਸ ਪਾਸ ਦੇਖਣ ਤਾਂ ਇਨ੍ਹਾਂ ਨੂੰ ਅਸਲੀ ਅੱਤਵਾਦੀ ਨਜ਼ਰ ਆ ਜਾਣਗੇ। ਉਹ ਅੱਤਵਾਦੀ, ਜੋ ਬੰਬ ਜਾਂ ਗੋਲੀ ਨਾਲ ਇਕੋ ਝਟਕੇ ਵਿੱਚ ਕਿਸੇ ਉਸ ਵਿਅਕਤੀ ਨੂੰ ਨਹੀਂ ਮਾਰ ਦਿੰਦੇ ਜਿਸ ਨੂੰ ਉਨ੍ਹਾਂ ਨੇ ਆਪਣਾ ਦੁਸ਼ਮਣ ਚਿਤਵ ਲਿਆ ਹੈ, ਬਲਕਿ ਕਰੋੜਾਂ ਲੋਕਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ, ਤਿਲ-ਤਿਲ ਮਾਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਆਪਣਾ ਮੁਨਾਫਾ ਕਾਇਮ ਰਹੇ। ਖਤਰਾ ਸਾਡੀਆਂ ਭਾਸ਼ਾਵਾਂ, ਧਰਮਾਂ ਤੇ ਸੱਭਿਆਚਾਰਾਂ ਨੂੰ ਨਹੀਂ, ਸਾਡੀਆਂ ਨਦੀਆਂ, ਫਸਲਾਂ, ਹਵਾ ਅਤੇ ਪਾਣੀ ਨੂੰ ਹੈ। ਕੀ ਕੋਈ ਅਜਿਹਾ ਲੋਕਤੰਤਰ ਹੈ, ਜੋ ਸਾਨੂੰ ਆਪਣੇ ਰੁਜ਼ਗਾਰ, ਸਿਹਤ ਅਤੇ ਜ਼ਿੰਦਗੀ ਬਾਰੇ ਆਤਮ ਨਿਰਣੇ ਦਾ ਅਧਿਕਾਰ ਦੇ ਸਕੇ। ਜੇ ਅਜਿਹਾ ਲੋਕਤੰਤਰ ਅਸੀਂ ਆਪਣੇ ਦੇਸ਼ ਵਿੱਚ ਪੈਦਾ ਕਰ ਸਕੀਏ ਤਾਂ ਸ਼ਾਇਦ ਧਰਮ, ਭਾਸ਼ਾ ਅਤੇ ਸੱਭਿਆਚਾਰ ਦੇ ਨਾਂ ਉਤੇ ਸਮੇਂ-ਸਮੇਂ ਉਤੇ ਪੈਦਾ ਹੋਣ ਵਾਲੀਆਂ ਵੱਖਵਾਦੀ ਲਹਿਰਾਂ ਨੂੰ ਠੱਲ੍ਹ ਪੈ ਸਕੇ ਅਤੇ ਪੁਲਵਾਮਾ ਵਰਗੇ ਹਾਦਸੇ ਨਾ ਵਾਪਰਨ।

 

Have something to say? Post your comment