Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਪੰਜ ਆਬਾਂ ਦੀ ਅੱਜ ਕਾਹਦੀ ਕਹਾਣੀ!

March 03, 2019 11:48 PM

-ਮਨਦੀਪ ਸਿੰਘ ਧਾਲੀਵਾਲ
ਅੱਜ ਦਾ ਦਿਨ ਮੇਰੀ ਮਾਂ ਲਈ ਬੜੀ ਖੁਸ਼ੀ ਦਾ ਦਿਨ ਸੀ। ਅੱਜ ਸਾਡੇ ਘਰ ਪਾਣੀ ਵਾਲਾ ਫਿਲਟਰ ਲੱਗਾ ਸੀ। ਮੇਰੀ ਮਾਂ ਨੂੰ ਡਾਕਟਰ ਨੇ ਸਲਾਹ ਦਿੱਤੀ ਸੀ, ‘ਮਾਂ ਜੀ, ਤੁਸੀਂ ਫਿਲਟਰ ਵਾਲਾ ਪਾਣੀ ਹੀ ਪੀਆ ਕਰੋ, ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ।' ..ਤੇ ਅੱਜ ਫਿਲਟਰ ਲੱਗਣ ਦੀ ਖੁਸ਼ੀ ਵਿੱਚ ਮੇਰੀ ਮਾਂ ਨੇ ਲੱਡੂ ਵੰਡੇ, ਇਸ ਦੇ ਨਾਲ ਮੈਨੂੰ ਆਖੀ ਜਾਵੇ, ‘ਚੱਲ ਪੁੱਤ, ਸਿਆਪਾ ਮੁੱਕਿਆ ਵਿੱਚੋਂ, ਤੈਨੂੰ ਵੀ ਨਿੱਤ ਰੋਜ਼ ਐਡੀ ਦੂਰੋਂ ਸਰਕਾਰੀ ਫਿਲਟਰ ਵਾਲਾ ਪਾਣੀ ਲੈਣ ਜਾਣਾ ਪੈਂਦਾ ਸੀ।'
ਉਸ ਦੀ ਇਹ ਗੱਲ ਸੁਣ ਕੇ ਮੈਂ ਉਹ ਦਿਨ ਯਾਦ ਕਰਨ ਲੱਗਾ, ਜਦੋਂ ਇਕ ਸ਼ਾਮ ਨੂੰ ਮੈਂ ਘਰ ਬਹੁਤ ਦੇਰ ਨਾਲ ਪਹੁੰਚਿਆ ਤਾਂ ਮਾਂ ਗੁੱਸੇ ਵਿੱਚ ਭੱਠੀ ਵਾਂਗ ਤਪੀ ਬੈਠੀ ਸੀ। ਬੱਸ ਘਰੇ ਵੜਨ ਸਾਰ ਮੇਰੇ ਉਤੇ ਗਾਲਾਂ ਦਾ ਮੀਂਹ ਵਰ੍ਹ ਗਿਆ, ‘ਆ ਗਿਆ ਸਿਆਪਾ ਕਰਾਉਣਿਆਂ, ਟੈਮ ਦੇਖ ਲਾ ਕਿੰਨਾ ਹੋ ਗਿਆ, ਹੈਂ, ਉਹ ਸਰਕਾਰੀ ਫਿਲਟਰ ਆ, ਤੇਰੇ ਪਿਉ ਦਾ ਨੀ, ਬਈ ਜਦੋਂ ਮਰਜ਼ੀ ਭਰ ਲਿਆਂਦਾ, ਜਾਹ ਉਜੜ ਜਾ ਛੇਤੀ।'
ਮੇਰਾ ਮਨ ਬਹੁਤ ਉਦਾਸ ਹੋਇਆ। ਮੈਨੂੰ ਆਪਣੀ ਗਲਤੀ ਵੀ ਮਹਿਸੂਸ ਹੋ ਰਹੀ ਸੀ ਅਤੇ ਗੁੱਸਾ ਵੀ ਆ ਰਿਹਾ ਸੀ। ਉਦਾਸੀ ਅਤੇ ਗੁੱਸੇ ਦੇ ਆਲਮ ਵਿੱਚ ਪਾਣੀ ਵਾਲੀ ਕੈਨ ਚੁੱਕ ਕੇ ਬੁੜ-ਬੁੜ ਕਰਦਾ ਘਰੋਂ ਬਾਹਰ ਤੁਰ ਗਿਆ।
ਅੱਗੇ ਗਿਆ ਤਾਂ ਹੋਰ ਨਿਰਾਸ਼ਾ ਪੱਲੇ ਪਈ। ਫਿਲਟਰ ਦੇ ਦਰਵਾਜ਼ੇ ਨੂੰ ਭਦੌੜੀ ਇੱਟ ਜਿੱਡਾ ਜੰਦਰਾ ਲੱਗਾ ਦੇਖ ਮੈਂ ਰੋਣਹਾਕਾ ਹੋ ਗਿਆ ਅਤੇ ਅੰਦਰੇ-ਅੰਦਰ ਸੋਚਣ ਲੱਗਾ; ਕੀ ਬਣੂ, ਫਿਲਟਰ ਵਾਲਾ ਪਾਣੀ ਤਾਂ ਬਹੁਤ ਜ਼ਰੂਰੀ ਸੀ, ਪਰ ਕੁਝ ਹੋ ਵੀ ਨਹੀਂ ਹੋ ਸਕਦਾ। ..ਖੈਰ! ਮੈਂ ਉਖੜੇ ਪੈਰੀਂ ਵਾਪਸ ਮੁੜ ਪਿਆ। ਰਸਤੇ ਵਿੱਚ ਮੇਰਾ ਮਿੱਤਰ ਮਿਲ ਗਿਆ। ਉਸ ਨੇ ਖਾਲੀ ਕੈਨ ਤੇ ਮੇਰਾ ਲਟਕਿਆ ਜਿਹਾ ਮੂੰਹ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾ ਗਿਆ ਤੇ ਮੈਨੂੰ ਟਿੱਚਰ ਜਿਹੀ ਕਰ ਕੇ ਆਖਣ ਲੱਗਾ, ‘ਸੋਹਣੀ ਨੇ ਡੁੱਬਣਾ ਕੀ ਆ, ਝਨਾਂ ਵਿੱਚ ਤਾਂ ਪਾਣੀ ਹੀ ਨ੍ਹੀਂ ਰਿਹਾ।'
ਮੈਂ ਵੀ ਉਦਾਸ ਜਿਹੇ ਮੂੰਹ ਨਾਲ ਆਖ ਦਿੱਤਾ, ‘ਭਰਾਵਾ, ਜਿਹੜਾ ਪਾਣੀ ਰਹਿ ਗਿਆ, ਉਹ ਗੰਦਾ ਹੋਇਆ ਪਿਆ।'
ਉਸ ਨੇ ਮੈਨੂੰ ਹੌਸਲਾ ਜਿਹਾ ਦੇ ਕੇ ਫਿਰ ਕਿਹਾ, ‘ਤੂੰ ਫਿਕਰ ਨਾ ਕਰ ਯਾਰ, ਆ ਜਾ ਸਾਡੇ ਘਰੋਂ ਭਰ ਲਾ ਪਾਣੀ, ਨਾਲੇ ਸਰਕਾਰੀ ਫਿਲਟਰ ਤੋਂ ਕਿਤੇ ਵੱਧ ਸ਼ੁੱਧ ਪਾਣੀ ਆ।' ਮੈਂ ਉਦਾਸ ਜਿਹਾ ਹੋਇਆ ਉਹਦੇ ਨਾਲ ਤੁਰ ਪਿਆ ਤੇ ਮਨੋ ਮਨ ਸੋਚ ਰਿਹਾ ਸੀ ਕਿ ਜੇ ਫਿਲਟਰ ਵਾਲਾ ਪਾਣੀ ਵੀ ਪੂਰੀ ਤਰ੍ਹਾਂ ਸ਼ੁੱਧ ਨਹੀਂ ਤਾਂ ਫਿਰ ਬਣੇਗਾ ਕੀ! ਇਕ ਪਾਣੀ ਦੇ ਐਨੇ ਰੰਗ!! ਪੰਜਾਬ ਦੀ ਇਸ ਤ੍ਰਾਸਦੀ 'ਤੇ ਰੋਣਾ ਆ ਰਿਹਾ ਸੀ।
ਅੱਜ ਜਦੋਂ ਸਾਡੇ ਘਰ ਫਿਲਟਰ ਲੱਗ ਗਿਆ ਸੀ, ਤਾਂ ਵੀ ਮੈਂ ਬਹੁਤ ਉਦਾਸ ਸੀ। ਅਸਲ ਵਿੱਚ ਮੈਨੂੰ ਆਪਣੀ ਦਾਦੀ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਸਨ। ਜਦੋਂ ਅਸੀਂ ਘਰੇ ਨਲਕਾ ਪੁੱਟ ਕੇ ਮੱਛੀ ਮੋਟਰ ਲਾਈ ਸੀ ਤਾਂ ਮੇਰੀ ਦਾਦੀ ਬਹੁਤ ਦੁਖੀ ਹੋਈ ਸੀ। ਜਦੋਂ ਅਸੀਂ ਫਿਲਟਰ ਵਾਲਾ ਪਾਣੀ ਲੈਣ ਜਾਂਦੇ ਤਾਂ ਦਾਦੀ ਆਖਦੀ ਹੁੰਦੀ ਸੀ, ‘ਪੁੱਤ ਸਾਡੇ ਵੇਲੇ ਚੰਗੇ ਸੀ, ਅਸੀਂ ਹੱਥਾਂ ਨਾਲ ਹੀ ਮਿੱਟੀ ਪੁੱਟ ਕੇ ਪਾਣੀ ਕੱਢ ਕੇ ਪੀ ਲੈਂਦੇ ਸੀ, ਤੁਸੀਂ ਨਲਕੇ ਪੁੱਟ ਕੇ ਆ ਮੱਛੀ ਮੋਟਰ ਵੀ ਲਵਾ ਲਈ, ਜੈ-ਖਾਣੇ ਦਾ ਪਾਣੀ ਫੇਰ ਨ੍ਹੀਂ ਸਾਫ ਮਿਲਿਆ। ਆਹ ਕੈਨੀ ਜਿਹੀ ਚੁੱਕ ਕੇ ਮੁੱਲ ਦਾ ਪਾਣੀ ਲਿਆਉਣ ਲੱਗ ਪਏ, ਲੋਹੜਾ ਈ ਆ ਗਿਆ ਭਾਈ, ਐ ਤਾਂ ਕਦੇ ਸੋਚਿਆ ਨਹੀਂ ਸੀ ਕਿ ਪਾਣੀ ਵੀ ਮੁੱਲ ਵਿਕਿਆ ਕਰੂ।'
ਮੈਨੂੰ ਲੱਗਦਾ, ਇਹ ਆਖਦਿਆਂ ਦਾਦੀ ਦੀਆਂ ਝੁਰੜੀਆਂ ਹੋਰ ਉਭਰ ਆਉਂਦੀਆਂ, ਉਹ ਗਲਾ ਸਾਫ ਕਰਕੇ ਰਤਾ ਕੁ ਹੋਰ ਉਚੇ ਸੁਰ ਵਿੱਚ ਬੋਲਣਾ ਸ਼ੁਰੂ ਕਰ ਦਿੰਦੀ, ‘ਜੰਮਦੇ ਜਵਾਕਾਂ ਨੂੰ ਬਿਮਾਰੀਆਂ ਚਿੰਬੜੀਆਂ ਪਈਆਂ ਨੇ, ਕਿਧਰੇ ਯੂਰਕ ਐਸਟ (ਯੂਰਿਕ ਐਸਿਡ), ਕਿਧਰੇ ਸ਼ੂਗਰ, ਕਿਧਰੇ ਕੁਝ ਹੋਰ।' ਦਾਦੀ ਕੈਂਸਰ ਦਾ ਨਾਮ ਲੈਣਾ ਮਨਹੂਸ ਸਮਝਦੀ ਸੀ, ਬਸ ‘ਦੂਜਾ' ਆਖ ਕੇ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਜਾਂਦੀ। ਮੈਂ ਦਾਦੀ ਦੀ ਪੀੜ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਜਿਹੜੀ ਧਰਤੀ ਦਾ ਨਾਮ ਪੰਜ ਦਰਿਆਵਾਂ ਤੋਂ ਪਿਆ ਹੋਵੇ, ਜਿਥੇ ਪਾਣੀ ਨੂੰ ‘ਪਿਤਾ' ਅਤੇ ‘ਅੰਮ੍ਰਿਤ' ਦਾ ਰੁਤਬਾ ਮਿਲਿਆ ਹੋਵੇ, ਉਥੇ ਉਹੀ ਅੰਮ੍ਰਿਤ ਜ਼ਹਿਰ ਬਣ ਜਾਵੇ ਤੇ ਸ਼ੁੱਧ ਪਾਣੀ ਲੈਣ ਲਈ ਲੋਕਾਈ ਨੂੰ ਦਰ-ਦਰ ਧੱਕੇ ਖਾਣੇ ਪੈਣ ਤਾਂ ਕਾਹਦਾ ਪੰਜ-ਆਬ! ਅੰਦਰੋਂ ਤੂਫਾਨ ਜਿਹਾ ਉਠਿਆ, ਕਿੱਥੇ ਗਿਆ ਉਹ ਪੰਜਾਂ ਦਰਿਆਵਾਂ ਵਾਲਾ ਪੰਜਾਬ?
ਭਾਈ ਲੋਕੋ! ਅਸੀਂ ਤਾਂ ਐਵੇਂ ਹੀ ਹਰੀ ਕ੍ਰਾਂਤੀ ਦੇ ਗੁਣ ਗਾਉਂਦੇ ਰਹਿ ਗਏ..।

Have something to say? Post your comment