Welcome to Canadian Punjabi Post
Follow us on

20

May 2019
ਨਜਰਰੀਆ

ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ

March 01, 2019 09:09 AM

-ਗਗਨਦੀਪ ਸਿੰਘ
ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਕਾਫੀ ਅਹਿਮ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਸੋਸ਼ਲ ਮੀਡੀਆ ਦੀ ਗੱਲ ਕਰੋ ਤਾਂ ਵਟਸਐਪ ਅਤੇ ਫੇਸਬੁੱਕ ਦੇ ਵਰਤੋਂਕਾਰ ਵੱਧ ਹਨ। ਭਾਰਤ ਵਿੱਚ ਲੋਕ ਸਭਾ ਚੋਣਾਂ ਸਿਰ 'ਤੇ ਹਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਖਾਸ ਕਰਕੇ ਵਟਸਐਪ ਰਾਹੀਂ ਆਪਣੀ ਮੁਹਿੰਮ ਭਖਾ ਰਹੀਆਂ ਹਨ ਤੇ ਵਿਰੋਧੀਆਂ ਵਿਰੁੱਧ ਕੂੜ ਪ੍ਰਚਾਰ ਕਰਨ 'ਚ ਵੀ ਕਸਰ ਨਹੀਂ ਛੱਡੀ ਜਾ ਰਹੀ। ਇਸ ਕਾਰਨ ਵਟਸਐਪ 'ਤੇ ‘ਫਰਜ਼ੀ ਖਬਰਾਂ' (ਫੇਕ ਨਿਊਜ਼) ਦਾ ਮਾੜਾ ਰੁਝਾਨ ਵਧ ਰਿਹਾ ਹੈ।
ਵਟਸਐਪ ਉੱਤੇ ਜਦੋਂ ਅਸੀਂ ਕੋਈ ਸੁਨੇਹਾ ਟਾਈਪ ਕਰਨ ਲੱਗਦੇ ਹਾਂ ਤਾਂ ਦੂਜੇ ਵਿਅਕਤੀ ਨੂੰ ‘ਟਾਈਪਿੰਗ' ਸ਼ਬਦ ਦਿਸਣ ਲੱਗ ਜਾਂਦਾ ਹੈ। ਉਸੇ ਸਮੇਂ ਪਤਾ ਲੱਗ ਜਾਂਦਾ ਹੈ ਕਿ ਦੂਜਾ ਵਿਅਕਤੀ ਕੁਝ ਟਾਈਪ ਕਰਨ ਲੱਗਾ ਹੈ। ਅਸਲ ਵਿੱਚ ਵਟਸਐਪ 'ਤੇ ਜਦੋਂ ਕੋਈ ਵਿਅਕਤੀ ਸੁਨੇਹਾ ਟਾਈਪ ਕਰਦਾ ਹੈ ਤਾਂ ਓਦੋਂ ਅਲਟਰਾ ਟੈਕਸਟ ਸਿਸਟਮ ਵਿੱਚ ਅਲਰਟ ਹੋ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਟਾਈਪ ਕਰਨ ਵਾਲਾ ਕੋਈ ਇਨਸਾਨ ਹੈ ਜਾਂ ਆਟੋਮੈਟਿਡ ਸਿਸਟਮ। ਅਸਲ ਵਿੱਚ ਭਾਰਤੀ ਕੰਪਨੀਆਂ ਕੋਲ ਆਟੋਮੈਟਿਡ ਸਿਸਟਮ ਹੁੰਦੇ ਹਨ, ਜਿਸ ਨਾਲ ਉਹ ਆਪਣੇ ਹਜ਼ਾਰਾਂ ਗਾਹਕਾਂ/ ਵਰਤੋਂਕਾਰਾਂ ਨੂੰ ਇਕ ਵਾਰ ਹੀ ਸੁਨੇਹਾ ਭੇਜ ਦਿੰਦੀਆਂ ਹਨ। ਵਟਸਐਪ ਦੇ ਮੁਖੀ (ਕਮਿਊਨੀਕੇਸ਼ਨ) ਕਾਰਲ ਵੂਗ ਅਨੁਸਾਰ ਇਹ ਫੀਚਰ ਭਾਰਤ ਵਿੱਚ ਸਭ ਤੋਂ ਵੱਧ ਚੁਣੌਤੀ ਪੂਰਨ ਹੈ। ਕਾਰਲ ਨੇ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਟਸਐਪ ਇਸ ਫੀਚਰ ਨੂੰ ਇਸ ਤਰ੍ਹਾਂ ਅਪਡੇਟ ਕਰ ਰਿਹਾ ਹੈ, ਜਿਸ ਨਾਲ ਪਤਾ ਲੱਗ ਸਕੇਗਾ ਕਿ ਟਾਈਪ ਕੀਤਾ ਜਾਣ ਵਾਲਾ ਸੁਨੇਹਾ ਸਾਧਾਰਨ ਹੈ ਜਾਂ ਆਟੋਮੈਟਿਡ ਸਿਸਟਮ ਦੀ ਵਰਤੋਂ ਨਾਲ ਵਟਸਐਪ ਦੀ ਗਲਤ ਵਰਤੋਂ ਹੋ ਰਹੀ ਹੈ।
ਅਸਲ ਵਿੱਚ ਇਸ ਦਾ ਮੁੱਖ ਕਾਰਨ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਰੋਜ਼ ਆਉਂਦੀਆਂ ਫੇਕ ਨਿਊਜ਼ ਹਨ, ਜਿਸ ਕਾਰਨ ਵਟਸਐਪ 'ਤੇ ਭਾਰਤ ਸਰਕਾਰ ਦਾ ਦਬਾਅ ਵਧ ਰਿਹਾ ਹੈ, ਅੱਗੇ ਲੋਕ ਸਭਾ ਚੋਣਾਂ ਨੇੜੇ ਹਨ। ਕੇਂਦਰੀ ਸੂਚਨਾ ਤਕਨੀਕ ਮੰਤਰਾਲੇ ਨੇ ‘ਫਰਜ਼ੀ ਖਬਰਾਂ' ਖਿਲਾਫ ਨੋਟਿਸ ਵੀ ਜਾਰੀ ਕੀਤਾ, ਜਿਸ ਵਿੱਚ ਵਟਸਐਪ ਨੂੰ ਇਸ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕੇਂਦਰੀ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਵਟਸਐਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਕ੍ਰਿਸ ਡੇਨੀਅਲ ਨੂੰ ਪਿਛਲੇ ਸਾਲ ਇਸ ਮਸਲੇ ਤੋਂ ਜਾਣੂ ਕਰਵਾ ਚੁੱਕੇ ਹਨ।
ਵਟਸਐਪ ਦੇ ਸੰਸਾਰ ਵਿੱਚ ਡੇਢ ਅਰਬ ਸਰਗਰਮ ਵਰਤੋਂਕਾਰ ਹਨ ਤੇ ਇਸ ਮਾਮਲੇ ਵਿੱਚ ਵਟਸਐਪ, ਫੇਸਬੁੱਕ ਨੂੰ ਵੀ ਪਿੱਛੇ ਛੱਡ ਚੁੱਕਿਆ ਹੈ। ਭਾਰਤ ਵਿੱਚ ਇਸ ਦੇ 20 ਕਰੋੜ ਵਰਤੋਂਕਾਰ ਹਨ। ਇਹੀ ਕਾਰਨ ਹੈ ਕਿ ਯੂ ਐਸ ਏ ਤੋਂ ਬਾਅਦ ਭਾਰਤ ਦੂਸਰਾ ਦੇਸ਼ ਹੈ, ਜਿਸ ਵਿੱਚ ਵਟਸਐਪ ਨੇ ਕੰਟਰੀ ਹੈਡ ਨਿਯੁਕਤ ਕੀਤਾ ਹੈ। ਭਾਰਤੀ ਖੋਜ ਅਦਾਰੇ ‘ਸੀ ਐਸ ਡੀ ਐਸ' ਦੇ ਮੁਤਾਬਕ ਖਬਰਾਂ ਦੇ ਮਾਮਲੇ ਵਿੱਚ ਵਟਸਐਪ ਅਤੇ ਫੇਸਬੁੱਕ ਸਭ ਤੋਂ ਸਸਤੇ ਹਨ। ਭਾਰਤ ਸਰਕਾਰ ਕਾਫੀ ਸਮੇਂ ਤੋਂ ਵਟਸਐਪ ਪ੍ਰਬੰਧਕਾਂ ਨੂੰ ‘ਫਰਜ਼ੀ ਖਬਰਾਂ' ਦੇ ਮਾਮਲੇ 'ਤੇ ਚੌਕਸ ਕਰ ਚੁੱਕੀ ਹੈ ਕਿ ਲੋੜ ਪੈਣ 'ਤੇ ਸੁਨੇਹੇ ਦੇ ਅਸਲ ਮਾਧਿਅਮ ਨੂੰ ਟਰੇਸ ਕਰਨਾ ਹੋਵੇਗਾ, ਪਰ ਵਟਸਐਪ ਅਧਿਕਾਰੀ ਕਾਰਲ ਦਾ ਕਹਿਣਾ ਸੀ ਕਿ ਉਹ ਵਰਤੋਂਕਾਰਾਂ ਦੀ ਨਿੱਜਤਾ ਨਾਲ ਸਮਝੌਤਾ ਨਹੀਂ ਕਰਨਗੇ। ਵਟਸਐਪ ਦੇ ਸਾਫਟਵੇਅਰ ਇੰਜੀਨੀਅਰ ਮੁਖੀ ਮੈਕ ਜੋਨਸ ਨੇ ਕੰਪਨੀ ਵੱਲੋਂ ਵਰਤੀ ਜਾ ਰਹੀ ‘ਬੈਕ ਇਨ ਟੈਕਨਾਲੋਜੀ' ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਕਿਵੇਂ ਆਟੋਮੈਟਿਡ ਮੈਸਿਜ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਫਰਜ਼ੀ ਸੁਨੇਹੇ ਭੇਜ ਕੇ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਅਜਿਹੇ 20 ਲੱਖ ਦੇ ਕਰੀਬ ਵਰਤੋਂਕਾਰਾਂ 'ਤੇ ਇਸ ਕਰਕੇ ਪਾਬੰਦੀ ਲਾਈ ਹੈ। ਉਨ੍ਹਾਂ ਕਿਹਾ ਕਿ ਵਟਸਐਪ ਅਕਾਊਂਟ ਫੋਨ ਨੰਬਰ ਨਾਲ ਰਜਿਸਟਰਡ ਹੁੰਦਾ ਹੈ। ਜਦੋਂ ਵੀ ਕੋਈ ਨਵਾਂ ਅਕਾਊਂਟ ਰਜਿਸਟਰਡ ਹੁੰਦਾ ਹੈ ਤਾਂ ਉਸ ਦੇ ਮੋਬਾਈਲ ਨੰਬਰ ਦੇ ਨਾਲ ਆਈ ਪੀ ਨੰਬਰ ਤੇ ਕਰੀਅਰ ਇੰਫਰਮੇਸ਼ਨ ਵਟਸਐਪ ਦੇ ਸਿਸਟਮ 'ਤੇ ਸੁਰੱਖਿਅਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਵਟਸਐਪ ਦੇ ਸਿਸਟਮ ਉਸ ਅਕਾਊਂਟ ਦੀ ਤਫਤੀਸ਼ ਕਰਦੇ ਹਨ ਕਿ ਇਹ ਅਸਲੀ ਅਕਾਊਂਟ ਹੈ ਜਾਂ ਫਰਜ਼ੀ ਰਜਿਸਟ੍ਰੇਸ਼ਨ। ਇਸ ਤੋਂ ਸਿਸਟਮ ਤੋਂ ਮਿਲਣ ਵਾਲੀ ਫੀਡਬੈਕ ਮਗਰੋਂ ਉਸ ਅਕਾਊਂਟ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਜਾਂ ਰੱਦ ਕਰ ਦਿੱਤਾ ਜਾਂਦਾ ਹੈ।
ਕਾਰਲ ਨੇ ਕਿਹਾ ਕਿ ਭਾਰਤ ਦੇ ਲੋਕ ਸੁਨੇਹਾ ਟਾਈਪ ਕਰਨ ਤੋਂ ਵੱਧ ਸੁਨੇਹਾ ਫਾਰਵਰਡ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਕਾਰਨ ਇਹ ਫੀਚਰ, ਵਟਸਐਪ ਸੁਨੇਹਾ ਇਕੱਠਿਆਂ ਪੰਜ ਵਿਅਕਤੀਆਂ ਤੱਕ ਭੇਜਣ ਤੱਕ ਸੀਮਤ ਕਰ ਦਿੱਤਾ ਸੀ। ਭਾਰਤ ਤੋਂ ਬਾਅਦ ਅਜਿਹਾ ਸਾਰੀ ਦੁਨੀਆ ਵਿੱਚ ਕੀਤਾ ਗਿਆ ਹੈ। ਇਸ ਤੋਂ ਬਾਅਦ ‘ਫਰਜ਼ੀ ਖਬਰਾਂ' ਵਾਇਰਲ ਹੋਣ ਤੋਂ ਰੋਕਣ ਅਤੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਵਟਸਐਪ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਵਟਸਐਪ ਨਵੇਂ ਫੀਚਰ ਲਿਆ ਰਿਹਾ ਹੈ, ਜਿਸ ਨਾਲ ਗਰੁੱਪ ਐਡਮਿਨ ਨੂੰ ਖੁੱਲ੍ਹ ਮਿਲੇਗੀ ਕਿ ਕਿਹੜਾ ਵਿਅਕਤੀ ਵਟਸਐਪ ਗਰੁੱਪ ਵਿੱਚ ਮੈਸੇਜ ਭੇਜ ਸਕਦਾ ਹੈ ਤੇ ਕਿਹੜਾ ਨਹੀਂ। ਇਸ ਤੋਂ ਇਲਾਵਾ ਕੋਈ ਵਿਅਕਤੀ ਜਦੋਂ ਵਾਰ-ਵਾਰ ਕਿਸੇ ਗਰੁੱਪ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਤੁਸੀਂ ਉਸ ਦੀ ਰਿਪੋਰਟ ਵੀ ਕਰ ਸਕਦੇ ਹਨ।
ਭਾਰਤ ਵਿੱਚ ਲੋਕ ਸਭਾ ਚੋਣਾਂ ਨੇੜੇ ਹਨ ਤੇ ਇਸ ਕਾਰਨ ‘ਫਰਜ਼ੀ ਖਬਰਾਂ' ਦਾ ਰੁਝਾਨ ਵਧਣ ਦਾ ਖਦਸ਼ਾ ਹੈ। ਇਸ ਕਾਰਨ ਵਟਸਐਪ 'ਤੇ ਵੀ ਦਬਾਅ ਹੈ। ਅਸਲ ਵਿੱਚ ਵਟਸਐਪ 'ਤੇ ਸੁਨੇਹਾ ਬੜੀ ਤੇਜ਼ੀ ਨਾਲ ਜਾਂਦਾ ਹੈ, ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਰਾਜਨੀਤਕ ਪਾਰਟੀਆਂ ਨੇ ਵੀ ਇਸ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸਭ ਰਾਜਸੀ ਪਾਰਟੀਆਂ ਨੇ ਸੋਸ਼ਲ ਮੀਡੀਆ ਸੈਲ ਬਣਾਏ ਹੋਏ ਹਨ ਤੇ ਇਨ੍ਹਾਂ ਦੀ ਬਦੌਲਤ ਹੀ ਉਹ ਆਪਣੀਆਂ ਨੀਤੀਆਂ, ਪ੍ਰਾਪਤੀਆਂ ਜਾਂ ਹੋਰ ਸੁਨੇਹੇ ਲੋਕਾਂ ਤੱਕ ਪਹੁੰਚਾਉਂਦੀਆਂ ਹਨ। ਇਸ ਕਾਰਨ ਇਸ ਦਾ ਜਿਥੇ ਲਾਭ ਹੈ, ਦੂਜੀਆਂ ਧਿਰਾਂ ਨੂੰ ਫਰਜ਼ੀ ਖਬਰਾਂ ਕਾਰਨ ਨੁਕਸਾਨ ਵੀ ਹੁੰਦਾ ਹੈ। ਅੱਜ ਤਕਨਾਲੋਜੀ ਦਾ ਯੁੱਗ ਹੈ ਤੇ ਜੇ ਕੋਈ ਧਿਰ, ਖਾਸ ਕਰਕੇ ਹਾਕਮ ਧਿਰ ਚੋਰ ਮੋਰੀਆਂ ਰਾਹੀਂ ‘ਫਰਜ਼ੀ ਖਬਰਾਂ' ਨੂੰ ਪ੍ਰਚੱਲਿਤ ਕਰਨਾ ਚਾਹੁੰਦੀ ਹੋਵੇ ਤਾਂ ਅਸੰਭਵ ਨਹੀਂ। ਇਸ ਹਾਲਾਤ ਵਿੱਚ ਵਟਸਐਪ ਵਰਗੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਪ੍ਰਬੰਧਕਾਂ ਨੂੰ ਅਜਿਹੇ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ, ਕਿਉਂਕਿ ਸੋਸ਼ਲ ਮੀਡੀਆ ਕਾਰਨ ਕੋਈ ਵੀ ਚੰਗਿਆੜੀ ਭਾਂਬੜ ਬਣ ਜਾਂਦੀ ਹੈ, ਜਿਸ ਦਾ ਸੇਕ ਆਮ ਲੋਕਾਂ ਨੂੰ ਹੀ ਲੱਗਦਾ ਹੈ।

Have something to say? Post your comment