Welcome to Canadian Punjabi Post
Follow us on

16

October 2018
ਨਜਰਰੀਆ

ਔਰਤਾਂ ਦੀ ਪ੍ਰਤੀਨਿਧਤਾ ਵਧਾਉਣ ਸਿਆਸੀ ਦਲ

September 25, 2018 08:12 AM

-ਆਕਾਰ ਪਟੇਲ
ਪਿੱਛੇ ਜਿਹੇ ਰੱਖਿਆ ਅਤੇ ਰਣਨੀਤਕ ਮਾਮਲਿਆਂ ਨਾਲ ਜੁੜੀਆਂ ਦੋ ਖਬਰਾਂ ਚਰਚਾ ਵਿੱਚ ਰਹੀਆਂ। ਇੱਕ ਹੈ ਫਰਾਂਸ ਤੋਂ ਲੜਾਕੂ ਜਹਾਜ਼ ਰਾਫੇਲ ਖਰੀਦਣ ਦੀ ਅਤੇ ਦੂਜੀ ਭਾਰਤ ਦੀ ਅਮਰੀਕਾ ਨਾਲ ਗੱਲਬਾਤ ਦੀ, ਜਿਸ ਨੂੰ ਦੋ+ਦੋ ਦਾ ਨਾਂਅ ਦਿੱਤਾ ਗਿਆ। ਪਹਿਲੀ ਖਬਰ ਬਾਰੇ ਗੱਲ ਕਰਨ ਜਾ ਰਿਹਾ ਹਾਂ, ਪਰ ਰਣਨੀਤਕ ਲਿਹਾਜ ਨਾਲ ਨਹੀਂ। ਮੈਂ ਵੱਖਰੇ ਨੁਕਤੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ।
ਆਮ ਤੌਰ ਉੱਤੇ ਇਹ ਗੱਲਾਂ ਸਿਰਫ ਕੁਝ ਹੀ ਲੋਕਾਂ ਦੀ ਰੁਚੀ ਦਾ ਵਿਸ਼ਾ ਹੁੰਦੀਆਂ ਹਨ, ਜੋ ਕੌਮਾਂਤਰੀ ਸੰਬੰਧਾਂ ਦਾ ਅਧਿਐਨ ਕਰਦੇ ਜਾਂ ਉਨ੍ਹਾਂ 'ਤੇ ਲਿਖਦੇ ਹਨ। ਇਹ ਗਰੁੱਪ ਦੋ+ਦੋ ਦੇ ਟੀਚੇ ਤੋਂ ਬਹੁਤ ਉਤਸ਼ਾਹਤ ਸੀ, ਕਿਉਂਕਿ ਸਾਫ ਤੌਰ 'ਤੇ ਇਸ ਨਾਲ ਕਈ ਨਵੀਆਂ ਚੀਜ਼ਾਂ ਸਾਹਮਣੇ ਆਉਣ ਵਾਲੀਆਂ ਸਨ। ਇਸ ਦੀ ਸੌੜੀ ਸੋਚ ਇੱਕ ਕੌਮੀ ਸਮਾਚਾਰ ਪੱਤਰ ਵਿੱਚ ਪ੍ਰਕਾਸ਼ਿਤ ਇਸ ਘਟਨਾ ਦੀ ਰਿਪੋਰਟ ਤੋਂ ਝਲਕਦੀ ਹੈ, ਜਿਸ ਦੀ ਪਹਿਲੀ ਲਾਈਨ ਸੀ, “ਭਾਰਤ ਦੇ ਰਣਨੀਤਕ ਭਾਈਚਾਰੇ ਦੇ ਬਹੁਤ ਸਾਰੇ ਲੋਕ ਹਾਲ ਹੀ ਵਿੱਚ ਸੰਪੰਨ ਹੋਏ ਦੋ+ਦੋ ਭਾਰਤ-ਅਮਰੀਕਾ ਸੰਵਾਦ ਦੌਰਾਨ ‘ਸਿਸਮੋਆ' ਦੇ ਭਾਰਤੀਕ੍ਰਿਤ ‘ਕੋਮਕਾਸਾ’ ਦੇ ਦਸਤਖਤ ਹੋਣ ਉਤੇ ਆਪਣੀ ਖੁਸ਼ੀ ਨਹੀਂ ਲੁਕਾ ਸਕੇ?”
ਕਿੰਨੇ ਭਾਰਤੀ ਜਾਣਦੇ ਹਨ ਕਿ ਕੋਮਕਾਸਾ ਜਾਂ ਸਿਸਮੋਆ ਜਾਂ ਦੋ+ਦੋ ਕੀ ਹੈ? ਸ਼ਾਇਦ ਇੱਕ ਲੱਖ ਵਿੱਚੋਂ ਇੱਕ ਜਾਂ ਉਸ ਤੋਂ ਵੀ ਘੱਟ। ਕਿਉਂਕਿ ਲੇਖ ਸੁਰੱਖਿਆ ਪਹਿਲੂਆਂ ਜਾਂ ਰੱਖਿਆ ਘਪਲਿਆਂ ਦੇ ਬਾਰੇ ਨਹੀਂ, ਕਰ ਕੇ ਅਸੀਂ ਇਸ ਗੱਲ ਵਿੱਚ ਨਹੀਂ ਜਾਵਾਂਗੇ ਕਿ ਕੋਮਕਾਸਾ ਅਤੇ ਸਿਸਮੋਆ ਦਾ ਅਰਥ ਕੀ ਹੈ?
ਮੇਰੀ ਰੁਚੀ ਉਸ ਤਸਵੀਰ ਬਾਰੇ ਸੀ, ਜੋ ਇਸ ਰਿਪੋਰਟ ਦੇ ਨਾਲ ਸੀ। ਇਸ ਵਿੱਚ ਚਾਰ ਲੋਕ ਸਨ-ਅਮਰੀਕਾ ਦੇ ਰੱਖਿਆ ਸੈਕਟਰੀ ਅਤੇ ਸਟੇਟ ਸੈਕਟਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ। ਇਨ੍ਹਾਂ ਲੋਕਾਂ ਦੇ ਅਹੁਦੇ ਬਰਾਬਰ ਹਨ, ਭਾਵ ਅਮਰੀਕਾ ਵਿੱਚ ਸੈਕਟਰੀ ਭਾਰਤ ਦੇ ਕੈਬਨਿਟ ਰੈਂਕ ਦੇ ਮੰਤਰੀ ਦੇ ਬਰਾਬਰ ਹੁੰਦਾ ਹੈ।
ਇੱਕ ਦੇਸ਼ ਦੇ ਤੌਰ 'ਤੇ ਅਤੇ ਇੱਕ ਸੰਸਕ੍ਰਿਤੀ ਦੇ ਤੌਰ 'ਤੇ ਸਾਡੇ ਉਤੇ ਇਹ ਦੋਸ਼ ਲੱਗਦਾ ਹੈ ਕਿ ਅਸੀਂ ਆਪਣੇ ਤੋਂ ਛੋਟੇ ਲੋਕਾਂ ਨਾਲ ਗੱਲਬਾਤ ਨਹੀਂ ਕਰਨਾ ਚਾਹੰੁਦੇ। ਸਾਬਕਾ ਰਾਜਦੂਤ ਅਤੇ ਭਾਰਤ-ਅਮਰੀਕੀ ਸੰਬੰਧਾਂ ਦੇ ਜਾਣਕਾਰ ਡੈਨਿਸ ਕਕਸ਼ ਨੇ ਲਿਖਿਆ ਹੈ ਕਿ ਭਾਰਤੀ ਸਿਆਸਤਦਾਨ ਆਮ ਤੌਰ 'ਤੇ ਆਪਣੇ ਤੋਂ ਛੋਟੇ ਰੈਂਕ ਦੇ ਅਮਰੀਕੀ ਅਧਿਕਾਰੀ ਨਾਲ ਚਰਚਾ ਨਹੀਂ ਕਰਨਾ ਚਾਹੁੰਦੇ, ਭਾਵੇਂ ਉਸ ਕੋਲ ਸੰਬੰਧਤ ਮਾਮਲੇ ਬਾਰੇ ਫੈਸਲਾ ਲੈਣ ਦਾ ਅਧਿਕਾਰ ਕਿਉਂ ਨਾ ਹੋਵੇ। ਭਾਰਤੀ ਸਿਰਫ ਆਪਣੇ ਬਰਾਬਰ ਵਾਲਿਆਂ ਨਾਲ ਗੱਲ ਕਰਨਾ ਚਾਹੁੰਦੇ ਹਨ, ਫਿਰ ਭਾਵੇਂ ਉਹ ਬੈਠਕ ਬੇਨਤੀਜਾ ਹੀ ਕਿਉਂ ਨਾ ਰਹੇ।
ਸਾਡੀ ਦੋ+ਦੋ ਮੀਟਿੰਗ ਵਿੱਚ ਅਜਿਹੀ ਗੱਲ ਨਹੀਂ ਸੀ ਅਤੇ ਮੇਰਾ ਖਿਆਲ ਹੈ ਕਿ ਰਣਨੀਤਕ ਮਾਮਲਿਆਂ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਗੱਲ 'ਤੇ ਖੁਸ਼ ਹੋਣਗੇ ਕਿ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਦੋ ਵਿਅਕਤੀਆਂ ਨੂੰ ਸਾਡੇ ਨਾਲ ਗੱਲ ਕਰਨ ਲਈ ਦਿੱਲੀ ਭੇਜਿਆ ਹੈ ਤੇ ਉਹ ਵੀ ਮੰਤਰੀ ਪੱਧਰ ਦੇ, ਪਰ ਮੈਂ ਫਿਰ ਇਹ ਕਹਿਣਾ ਚਾਹਾਂਗਾ ਕਿ ਮੇਰੀ ਰੁਚੀ ਇਸ ਤਰ੍ਹਾਂ ਦੇ ਸ਼ਕਤੀ ਪ੍ਰਦਰਸਨਾਂ ਦੇ ਪਹਿਲੂ 'ਤੇ ਨਹੀਂ ਹੈ, ਸਗੋਂ ਕੁਝ ਅਜਿਹੀਆਂ ਚੀਜ਼ਾਂ 'ਤੇ ਹੈ, ਜੋ ਬਿਲਕੁਲ ਵੱਖ ਹਨ।
ਇਹ ਤਸਵੀਰ ਸਰੋਤਿਆਂ ਵੱਲ ਮੂੰਹ ਕਰ ਕੇ ਖੜ੍ਹੇ ਲੋਕਾਂ ਦੀ ਸੀ। ਖੱਬੇ ਪਾਸੇ ਸਨ ਅਮਰੀਕਾ ਦੇ ਸਟੇਟ ਸੈਕਟਰੀ ਮਾਈਕ ਪੋਂਪੀਓ ਅਤੇ ਰੱਖਿਆ ਸਕੱਤਰ ਜੇਮਸ ਅਤੇ ਐੱਨ ਮਾਟਿਸ, ਜੋ ਦੋਵੇਂ ਗੋਰੇ ਸਨ। ਮਾਟਿਸ ਸਾਬਕਾ ਜਨਰਲ ਹਨ, ਪੋਂਪੀਓ ਵੀ ਫੌਜ ਵਿੱਚ ਰਹੇ ਹਨ, ਜੋ ਕਿਸੇ ਸਮੇਂ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੇ ਮੁਖੀ ਸਨ। ਸੱਜੇ ਪਾਸੇ ਸਨ ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ। ਇਹ ਦੋਵੇਂ ਔਰਤਾਂ ਹਨ। ਇੱਕ ਉਤਰ ਭਾਰਤ (ਸੁਸ਼ਮਾ ਸਵਰਾਜ) ਤੋਂ ਤੇ ਦੂਜੀ (ਨਿਰਮਲਾ ਸੀਤਾਰਮਨ) ਦੱਖਣ ਭਾਰਤ ਤੋਂ। ਇਹ ਦੋਵੇਂ ਤਾਕਤਵਰ ਔਰਤਾਂ ਹਨ, ਜੋ ਮਹੱਤਵ ਪੂਰਨ ਅਹੁਦਿਆਂ 'ਤੇ ਪਹੁੰਚਣ ਲਈ ਕਿਸੇ 'ਤੇ ਨਿਰਭਰ ਨਹੀਂ ਰਹੀਆਂ। ਦੋ ਤਾਕਤਵਰ ਮਰਦ ਦੋ ਤਾਕਤਵਰ ਹਮ-ਅਹੁਦਾ ਔਰਤਾਂ ਨਾਲ ਹੱਥ ਮਿਲਾਉਂਦੇ ਹੋਏ। ਇਸ ਤਸਵੀਰ ਨੇ ਮੈਨੂੰ ਬਹੁਤ ਖੁਸ਼ ਕੀਤਾ। ਮੈਂ ਆਮ ਤੌਰ 'ਤੇ ਰੱਖਿਆ ਮਾਮਲਿਆਂ ਬਾਰੇ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਮੈਂ ਇਹ ਜਾਣਦਾ ਹਾਂ ਕਿ ਘੱਟ ਸੋਮਿਆਂ ਵਾਲੇ ਦੇਸ਼ ਵਿੱਚ ਪੈਸੇ ਦੀ ਬਰਬਾਦੀ ਹੈ ਤੇ ਇਹ ਵੀ ਕਿ ਇਸ ਖਰਚ ਨਾਲ ਸਿਰਫ ਕੁਝ ਅਮੀਰ ਲੋਕਾਂ ਨੂੰ ਫਾਇਦਾ ਹੁੰਦਾ ਹੈ, ਪਰ ਇਸ ਖਬਰ ਅਤੇ ਖਾਸ ਤੌਰ 'ਤੇ ਦੋ+ਦੋ ਤਸਵੀਰ ਤੋਂ ਮੈਨੂੰ ਖੁਫੀ ਖੁਸ਼ੀ ਮਿਲੀ। ਬਾਕੀ ਦੁਨੀਆ ਵਾਂਗ ਅਸੀਂ ਵੀ ਬੜੀ ਗੈਰ-ਸਮਾਨਤਾ ਦੇ ਮਾਹੌਲ ਵਿੱਚ ਰਹਿੰਦੇ ਹਾਂ। ਅਮਰੀਕਾ ਦੀ ਸੰਸਕ੍ਰਿਤੀ 'ਚ ਗੋਰੇ ਲੋਕਾਂ ਦਾ ਦਬਦਬਾ ਸਾਫ ਝਲਕਦਾ ਹੈ। ਉਥੇ ਔਰਤਾਂ ਦੀ ਅਹਿਮੀਅਤ ਘੱਟ ਹੈ ਅਤੇ ਵੱਖਰੇ ਰੰਗ ਤੇ ਧਰਮ ਵਾਲੇ ਲੋਕਾਂ ਵੱਲ ਵੀ ਘੱਟ। ਭਾਰਤ ਦੇ ਮਾਮਲੇ ਵਿੱਚ ਵੀ ਇਹੋ ਸੱਚ ਹੈ। ਉਹ ਤਸਵੀਰ ਇਸ ਸਰਕਾਰ ਦੀ ਪੂਰੀ ਪ੍ਰਤੀਨਿਧਤਾ ਨਹੀਂ ਕਰਦੀ ਸੀ ਤੇ ਮੈਂ ਸਿਰਫ ਇੱਕ ਹੋਰ ਤਾਕਤਵਰ ਮਹਿਲਾ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਸੋਚ ਸਕਦਾ ਸੀ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਕੀ ਕੁਝ ਸੰਭਵ ਹੈ।
ਇਹ ਤੈਅ ਹੈ ਕਿ ਜੇ ਸਿਆਸਤ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਘੱਟ ਹੈ ਤਾਂ ਇਸ ਦਾ ਕਾਰਨ ਪ੍ਰਤਿਭਾ ਦੀ ਕਮੀ ਨਹੀਂ ਹੈ। ਸਵਰਾਜ ਅਤੇ ਸੀਤਾਰਮਨ ਤੇ ਇਰਾਨੀ ਅਤੇ ਮਾਇਆਵਤੀ, ਮਮਤਾ ਬੈਨਰਜੀ ਅਤੇ ਆਪੋਜੀਸ਼ਨ ਵਿੱਚ ਹੋਰਨਾਂ ਦਾ ਹੋਣਾ ਇਸ ਗੱਲ ਨੂੰ ਖਾਰਿਜ ਕਰਦਾ ਹੈ। ਇਸ ਦਾ ਕਾਰਨ ਸ਼ੁੱਧ ਤੌਰ 'ਤੇ ਮੌਕੇ ਦੀ ਘਾਟ ਹੈ। ਦੋ+ਦੋ ਵਰਗੇ ਪਲ ਸਾਨੂੰ ਇਸ ਗੱਲ ਦੇ ਪ੍ਰਤੀ ਜਾਗਰੂਕ ਕਰਦੇ ਹਨ। ਸਾਨੂੰ ਸਾਰੇ ਸਿਆਸੀ ਦਲਾਂ 'ਤੇ ਇਸ ਗੱਲ ਦਾ ਦਬਾਅ ਪਾਉਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੂੰ ਸਾਡੀ ਵੋਟ ਅਤੇ ਸਮਰਥਨ ਚਾਹੀਦਾ ਹੈ ਤਾਂ ਉਹ ਵਧੇਰੇ ਗਿਣਤੀ ਵਿੱਚ ਔਰਤਾਂ ਨੂੰ ਸ਼ਾਮਲ ਕਰਨ।

 

Have something to say? Post your comment