Welcome to Canadian Punjabi Post
Follow us on

15

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਨਜਰਰੀਆ

ਕੁਦਰਤ ਦੀ ਦਸਤਕ

September 25, 2018 08:11 AM

-ਹਰਭਜਨ ਸਿੰਘ ਸੇਲਬਰਾਹ
ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪਲ ਜ਼ਰੂਰ ਆਉਂਦਾ ਹੈ, ਜਦੋਂ ਕੁਦਰਤ ਦਸਤਕ ਦਿੰਦੀ ਹੈ। ਜੋ ਉਸ ਨੂੰ ਸੁਣ ਲੈਂਦਾ ਹੈ, ਉਹ ਜ਼ਿੰਦਗੀ ਵਿੱਚ ਅੱਗੇ ਨਿਕਲ ਜਾਂਦਾ ਹੈ। ਜੋ ਨਹੀਂ ਸੁਣਦਾ, ਉਹ ਜ਼ਿੰਦਗੀ ਵਿੱਚ ਪਛੜ ਜਾਂਦਾ ਹੈ।
ਮੇਰੀ ਜ਼ਿੰਦਗੀ ਵਿੱਚ ਵੀ ਅਜਿਹੇ ਪਲ ਆਏ। ਇਹ 1966 ਦੀਆਂ ਗਰਮੀ ਦੀਆਂ ਛੁੱਟੀਆਂ ਦੀ ਗੱਲ ਹੈ। ਉਦੋਂ ਮੈਂ ਅੱਠਵੀਂ ਜਮਾਤ ਵਿੱਚ ਪਿੰਡ ਵਾਲੇ ਸਕੂਲ ਪੜ੍ਹਦਾ ਸੀ। ਅਸੀਂ ਜਮਾਤ ਵਿੱਚ 22 ਵਿਦਿਆਰਥੀ ਸਾਂ। ਉਦੋਂ ਗਰਮੀ ਦੀਆਂ ਛੁੱਟੀਆਂ ਦੋ ਮਹੀਨੇ ਲਈ ਹੁੰਦੀਆਂ ਸਨ। ਸਕੂਲ ਦਾ ਸਮਾਂ ਗਰਮੀਆਂ ਵਿੱਚ ਸਵੇਰੇ ਸੱਤ ਤੋਂ ਡੇਢ ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ ਸਵਾ ਨੌਂ ਤੋਂ ਚਾਰ ਵਜੇ ਤੱਕ ਹੁੰਦਾ ਸੀ। ਪੜ੍ਹਨਾ ਕਿਹੜਾ ਸੁਖਾਲਾ ਸੀ! ਸਾਡੇ ਘਰ ਤੋਂ ਸਕੂਲ ਤਕਰੀਬਨ ਡੇਢ ਮੀਲ ਦੂਰ ਟਿੱਬੇ ਉਤੇ ਸੀ। ਰਸਤਾ ਵੀ ਰੇਤੇ ਵਾਲਾ। ਜੁੱਤੀ ਘੱਟ ਹੀ ਜੁੜਦੀ ਸੀ। ਇਸ ਲਈ ਲਗਭਗ ਸਾਰੇ ਹੀ ਨੰਗੇ ਪੈਰੀਂ ਸਕੂਲ ਜਾਂਦੇ ਸਨ। ਸਕੂਲੋਂ ਛੁੱਟੀ ਹੋਣ ਸਮੇਂ ਤਿੱਖੜ ਦੁਪਹਿਰ ਕਾਰਨ ਰੇਤਾ ਤਪਿਆ ਹੁੰਦਾ ਸੀ। ਅਸੀਂ ਘਰ ਜਾਣ ਲਈ ਸ਼ੂਟ ਵੱਟ ਦੇਣੀ। ਪੈਰ ਤਪ ਕੇ ਤੁਰਨੋਂ ਇਨਕਾਰੀ ਹੋ ਜਾਂਦੇ ਤਾਂ ਅਸੀਂ ਫੱਟੀ ਜਾਂ ਕਾਪੀ ਹੇਠਾਂ ਸੁੱਟ ਕੇ ਥੋੜ੍ਹਾ ਠੰਢਾ ਕਰ ਲੈਂਦੇ ਤੇ ਫਿਰ ਭੱਜ ਲੈਂਦੇ। ਸਾਈਕਲ ਵਿਰਲੇ ਲੋਕਾਂ ਕੋਲ ਹੋਣ ਕਾਰਨ ਬੱਚਿਆਂ ਨੂੰ ਘਰ ਦੇ ਦਿੰਦੇ ਨਹੀਂ ਸਨ। ਸਵੇਰੇ ਕੋਈ ਰੋਟੀ ਪਕਾ ਕੇ ਨਹੀਂ ਸੀ ਦਿੰਦਾ। ਆ ਕੇ ਖਾਣੀ ਪੈਂਦੀ ਸੀ। ਉਹ ਵੀ ਰੁੱਖੀ ਸੁੱਕੀ। ਲੱਸੀ ਜ਼ਰੂਰ ਮਿਲ ਜਾਂਦੀ ਸੀ। ਫੀਸ ਆਨਾ, ਦੋ ਆਨੇ ਸੀ ਜੋ ਵਾਹ ਲੱਗਦੀ ਮਾਸਟਰ ਹੀ ਭਰ ਦਿੰਦੇ ਸਨ। ਘਰ ਦੇ ਘੱਟ ਹੀ ਦਿੰਦੇ ਸਨ। ਫੀਸ ਮੰਗਣ 'ਤੇ ਅੱਗੋਂ ਥੱਪੜ ਹੀ ਪੈਂਦੇ ਸਨ।
ਖੈਰ, ਦੋ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਹੋਈਆਂ। ਅਸੀਂ ਖੂਬ ਮੱਝਾਂ ਚਾਰੀਆਂ, ਛੱਪੜਾਂ ਵਿੱਚ ਤਾਰੀਆਂ ਲਾਈਆਂ, ਗੁੱਲੀ ਡੰਡਾ ਖੇਡੇ। ਛੁੱਟੀਆਂ ਖਤਮ ਹੋਈਆਂ ਤਾਂ ਸਕੂਲ ਦਾ ਕੰਮ ਕਿਵੇਂ ਹੋਣਾ ਸੀ? ਸਕੂਲ ਜਾਣ 'ਤੇ ਵੀ ਅੱਗੋਂ ਛਿੱਤਰ ਪੈਣੇ ਸਨ। ਮੈਂ ਬੁਖਾਰ ਦਾ ਬਹਾਨਾ ਬਣਾ ਲਿਆ, ਪਰ ਇਹ ਵੀ ਕਿੰਨੇ ਕੁ ਦਿਨ ਚੱਲਦਾ? ਦੂਜੇ ਦਿਨ ਮੈਨੂੰ ਬਦੋ ਬਦੀ ਸਕੂਲ ਤੋਰ ਦਿੱਤਾ ਗਿਆ। ਮਾਸਟਰਾਂ ਤੋਂ ਚੰਗੀ ‘ਸੇਵਾ' ਹੋਈ।
ਮੇਰਾ ਵੱਡਾ ਭਰਾ (ਤਾਏ ਦਾ ਪੁੱਤਰ) ਬਲਵਿੰਦਰ ਸਿੰਘ ਨਵਾਂ-ਨਵਾਂ ਜੇ ਬੀ ਟੀ ਮਾਸਟਰ ਲੱਗਾ ਸੀ। ਹਫਤੇ ਕੁ ਪਿੱਛੋਂ ਉਸ ਨੂੰ ਮਾਸਟਰਾਂ ਨੇ ਮੇਰੀ ਸਾਰੀ ਕਹਾਣੀ ਦੱਸ ਦਿੱਤੀ। ਬੇਸ਼ੱਕ ਸਾਡੀ ਬਹੁਤੀ ਬੋਲਬਾਣੀ ਨਹੀਂ ਸੀ, ਪਰ ਅਗਲੇ ਦਿਨ ਹੀ ਮੈਨੂੰ ਘਰੋਂ ਬੁਲਾ ਕੇ ਕਹਿਣ ਲੱਗਾ, ‘ਕੀ ਸਲਾਹ ਐ ਤੇਰੀ? ਤੂੰ ਪੜ੍ਹ ਕੇ ਕੁਝ ਬਣਨੈਂ ਜਾਂ ਧੱਕੇ ਖਾਣੇ ਐ?' ਮੈਂ ਕੀ ਬੋਲਣਾ ਸੀ, ਚੁੱਪ ਕਰਕੇ ਸੁਣਦਾ ਰਿਹਾ। ‘ਮੈਨੂੰ ਸਾਰਾ ਪਤਾ ਲੱਗ ਗਿਆ। ਤੂੰ ਸਾਰੀ ਕਲਾਸ 'ਚੋਂ ਸਭ ਤੋਂ ਵੱਧ ਨਾਲਾਇਕ ਐਂ। ਕੱਲ੍ਹ ਤੋਂ ਝੋਲਾ ਚੁੱਕ ਤੇ ਮੇਰੇ ਕੋਲ ਆ ਜਾ ਚੁਬਾਰੇ 'ਚ। ਨਹੀਂ ਤਾਂ ਤੇਰਾ ਹਾਲ ਬੁਰਾ ਹੋਣੈਂ।' ਇਹ ਸਮਝਾ ਕੇ ਉਹ ਚਲਾ ਗਿਆ।
ਸਮੱਸਿਆ ਖੜੀ ਹੋ ਗਈ। ਜੇ ਮਾਤਾ ਨੂੰ ਕਹਿੰਦਾ ਤਾਂ ਬਹੁਤ ਗੁੱਸੇ ਹੋਣਾ ਸੀ। ਪਿਤਾ ਜੀ ਨੇ ਸੁਣਨੀ ਕੋਈ ਨਹੀਂ ਸੀ। ਬਾਬਾ ਜੀ ਬੇਸ਼ੱਕ ਅੜਬ ਸਨ, ਪਰ ਸੇਵਾ ਕਰਨ 'ਤੇ ਖੁਸ਼ ਹੋ ਜਾਂਦੇ। ਕਿਸੇ ਦੀ ਜੁਰੱਅਤ ਵੀ ਨਹੀਂ ਸੀ ਕਿ ਉਨ੍ਹਾਂ ਦੀ ਕੋਈ ਗੱਲ ਮੋੜੇ। ਮੈਂ ਸ਼ਾਮ ਨੂੰ ਬਾਬਾ ਜੀ ਦੀ ਚੰਗੀ ਸੇਵਾ ਕੀਤੀ। ਜਦੋਂ ਲੱਗਾ ਕਿ ਖੁਸ਼ ਹਨ ਤਾਂ ਗੱਲ ਤੋਰੀ, ‘ਬਾਬਾ ਜੀ, ਪੜ੍ਹਾਈ ਬਹੁਤ ਔਖੀ ਐ। ਜੇ ਬਾਈ ਬਲਵਿੰਦਰ ਕੋਲੋਂ ਰਾਤ ਨੂੰ ਪੜ੍ਹ ਲਿਆ ਕਰਾਂ?' ਬਾਬਾ ਜੀ ਨੇ ਕਿਹਾ, ‘ਕੋਈ ਨਹੀਂ, ਉਹ ਵੀ ਆਪਣਾ ਈ ਐ। ਫੇਰ ਕੀ ਐ।' ‘ਕਿਤੇ ਬੇਬੇ ਨਾ ਕੁਝ ਕਹੇ।' ‘ਉਹ ਮੈਂ ਆਪੇ ਨਬੇੜ ਲਊਂ।'
ਇਸ ਤਰ੍ਹਾਂ ਮੈਨੂੰ ਮਨਜ਼ੂਰੀ ਮਿਲ ਗਈ। ਰੋਟੀ ਖਾਣ ਤੋਂ ਬਾਅਦ ਬੇਬੇ ਨੂੰ ਕਿਹਾ, ‘ਮੈਂ ਚੱਲਿਆ ਬਾਈ ਕੋਲ ਪੜ੍ਹਨ। ਬਾਬਾ ਜੀ ਨੇ ਕਿਹੈ ਬਈ ਰਾਤ ਨੂੰ ਉਥੇ ਹੀ ਪੈ ਜਾਈਂ।' ਬੇਬੇ ਸੱਪ ਵਾਂਗੂੰ ਵਿਹੁ ਘੋਲਦੀ ਚੁੱਪ ਹੋ ਗਈ।
ਕਿਤਾਬਾਂ ਵਾਲਾ ਝੋਲਾ ਚੁੱਕ ਕੇ ਬਾਈ ਕੋਲ ਜਾ ਪੁੱਜਾ। ਉਹ ਸਿੱਧਾ ਮੈਨੂੰ ਚੁਬਾਰੇ 'ਚ ਲਿਜਾ ਕੇ ਕਹਿਣ ਲੱਗਾ, ‘ਦੇਖ, ਇਹ ਦੋ ਮੰਜੇ। ਇਕ ਤੇਰਾ, ਇਕ ਮੇਰਾ। ਇਹ ਲੈਪ। ਇਸ ਨੂੰ ਆ ਕੇ ਮਾਂਜਣ ਦੀ ਡਿਊਟੀ ਤੇਰੀ। ਇਹ ਸਟੋਵ ਚਾਹ ਕਰਨ ਨੂੰ। ਇਹ ਪਾਣੀ ਦਾ ਜੱਗ ਤੇ ਗਿਲਾਸ। ਨੀਂਦ ਆਈ ਤਾਂ ਪਾਣੀ ਦੇ ਛਿੱਟੇ ਮੂੰਹ 'ਤੇ ਮਾਰ ਲਈਂ ਤੇ ਥੋੜ੍ਹਾ ਪਾਣੀ ਪੀ ਲਈਂ। ਪਹਿੇਲ ਹਫਤੇ 10 ਵਜੇ ਤੱਕ, ਫੇਰ ਹਫਤੇ ਬਾਅਦ 11 ਵਜੇ ਤੱਕ ਤੇ ਉਸ ਤੋਂ ਅਗਲੇ ਹਫਤੇ 12 ਵਜੇ ਤੱਕ ਪੜ੍ਹਨੈ। ਸੁਬ੍ਹਾ ਚਾਰ ਵਜੇ ਉਠਾਇਆ ਕਰੂੰ। ਜੇ ਅਣਗਹਿਲੀ ਕੀਤੀ ਤਾਂ ਇਹ ਡੰਡਾ ਪਿਐ, ਪੁੱਠੇ ਹੱਥ 'ਤੇ ਵੱਜਿਆ ਕਰੂ।'
ਸਾਰੀਆਂ ਗੱਲਾਂ ਸਮਝਾ ਦਿੱਤੀਆਂ। ਮੈਂ ਲੈਪ ਦੀ ਚਿਮਨੀ, ਗਿਲਾਸ ਤੇ ਬਰਤਨ ਸਾਫ ਕੀਤੇ। ਸਟੋਵ ਚਲਾਉਣਾ ਨਹੀਂ ਸੀ ਆਉਂਦਾ, ਉਹ ਬਾਈ ਨੇ ਸਮਝਾ ਦਿੱਤਾ। ਜਦੋਂ ਹੱਥ 'ਤੇ ਡੰਡਾ ਵੱਜਦਾ ਤਾਂ ਮੈਂ ਤ੍ਰਭਕ ਉਠਦਾ। ਔਖੇ ਸੌਖੇ ਦਸ ਵਜਾਏ ਤੇ ਸੁਖ ਦਾ ਸਾਹ ਲਿਆ। ਸਵੇਰੇ ਉਠਣਾ ਬੜਾ ਔਖਾ ਲੱਗਿਆ, ਪਰ ਕਿਸੇ ਤਰ੍ਹਾਂ ਉਠਿਆ। ਹੌਲੀ-ਹੌਲੀ ਇਸ ਦੀ ਆਦਤ ਪੈ ਗਈ। ਅੱਠਵੀਂ ਦੇ ਇਮਤਿਹਾਨਾਂ ਦਾ ਨਤੀਜਾ ਆਇਆ ਤਾਂ ਜਮਾਤ ਵਿੱਚੋਂ ਚੌਥੇ ਨੰਬਰ 'ਤੇ। ਸਾਰੇ ਅਧਿਆਪਕ ਹੈਰਾਨ ਸਨ। ਉਸ ਤੋਂ ਬਾਅਦ ਰਾਤ ਨੂੰ ਬਾਰ੍ਹਾਂ ਵਜੇ ਤੱਕ ਪੜ੍ਹਨ ਅਤੇ ਸਵੇਰੇ ਚਾਰ ਵਜੇ ਜਾਗਣ ਦੀ ਆਦਤ ਪੈ ਗਈ। ਫਿਰ ਮੈਂ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਪਤਨੀ ਅਤੇ ਬੱਚੇ ਪੂਰੀ ਤਰ੍ਹਾਂ ਆਨੰਦ 'ਚ ਹਨ। ਜ਼ਿੰਦਗੀ ਨੂੰ ਮਾਣ ਰਹੇ ਹਾਂ। ਅੱਜ ਵੀ ਸੋਚਦਾ ਹਾਂ ਕਿ ਬਾਈ ਵੱਲੋਂ ਪੁੱਠੇ ਹੱਥਾਂ 'ਤੇ ਮਾਰੇ ਡੰਡਿਆਂ ਜ਼ਰੀਏ ਕੁਦਰਤ ਦੀ ਦਸਤਕ ਨਾ ਹੁੰਦੀ ਤਾਂ ਪਤਾ ਨਹੀਂ ਕਿੱਥੇ ਰੁਲ ਰਿਹਾ ਹੁੰਦਾ।

Have something to say? Post your comment