Welcome to Canadian Punjabi Post
Follow us on

20

May 2019
ਨਜਰਰੀਆ

ਔਲੇ ਦਾ ਖਾਧਾ..

February 27, 2019 08:34 AM

-ਗੁਰੰਜਟ ਸਿੰਘ ਸਿੱਧੂ ‘ਮਹਿਰਾਜ'
ਪੜ੍ਹਨ ਵਿੱਚ ਹੱਥ ਕੁਝ ਵੱਧ ਤੰਗ ਸੀ। ਸਾਰੀਆਂ ਕਲਾਸਾਂ ਬੱਸ ਧੂਹ ਕੇ ਪਾਸ ਕੀਤੀਆਂ ਸਨ। ਨੌਵੀਂ ਵਿੱਚੋਂ ਅਸੀਂ ਸਿਫਾਰਸ਼ ਨਾਲ ਪਾਸ ਹੋਏ। ਟਿਊਸ਼ਨਾਂ ਤੇ ਧੱਕੇ ਖਾ ਕੇ ਮਸੀਂ ਥਰਡ ਡਿਵੀਜ਼ਨ ਵਿੱਚ ਦਸਵੀਂ ਪਾਸ ਕਰ ਲਈ। ਇਹ ਮਾਰਚ 1961 ਦੀ ਗੱਲ ਹੈ। ਦਸਵੀਂ ਤੋਂ ਬਾਅਦ ਸਾਡਾ ਨਾਂਅ ਪੜ੍ਹਿਆਂ-ਲਿਖਿਆਂ ਵਿੱਚ ਵੱਜਣ ਲੱਗ ਪਿਆ ਅਤੇ ਉਸ ਵੇਲੇ ਸਾਡੇ ਨੇੜੇ-ਤੇੜੇ, ਬੀਹੀ-ਵਿਹੜੇ ਅਤੇ ਅੰਗਲੀ-ਸੰਗਲੀ ਵਿੱਚ ਸਾਥੋਂ ਵੱਧ ਕੋਈ ਪੜ੍ਹਿਆ-ਲਿਖਿਆ ਨਹੀਂ ਸੀ। ਸਾਡੀ ਬੇਬੇ ਨੇ ਗਲੀ-ਮੁਹੱਲੇ ਵਿਚ ਗੁੜ ਵੰਡਿਆ। ਉਸ ਤੋਂ ਚਾਅ ਸਾਂਭਿਆ ਨਾ ਜਾਵੇ। ਸਭ ਨੇ ਬੇਬੇ ਨੂੰ ਵਧਾਈਆਂ ਦਿੱਤੀਆਂ। ਸਾਰੀਆਂ ਰਿਸ਼ਤੇਦਾਰੀਆਂ ਵਿੱਚ ਵੀ ਸਾਡਾ ਪੜ੍ਹੇ ਲਿਖੇ ਹੋਣ ਦਾ ਰੌਲਾ ਪੈ ਗਿਆ। ਅਸੀਂ ਉਦੋਂ ਪੂਰੇ ਚਾਂਭਲੇ ਹੋਏ ਸਾਂ। ਦਸਵੀਂ ਪਾਸ ਦਾ ਚਾਅ ਸਾਥੋਂ ਨਹੀਂ ਸੀ ਚੁੱਕਿਆ ਜਾਂਦਾ। ਕਈ ਤਾਂ ਕਹਿਣ, ‘ਸਾਨੂੰ ਪਹਿਲਾਂ ਹੀ ਪਤਾ ਸੀ, ਮੁੰਡਾ ਬੜਾ ਲਾਇਕ ਹੈ।' ਹਰ ਪਾਸੇ ਝੰਡੀ ਹੋਈ ਪਈ ਸੀ। ਕਈ ਸਾਡੇ ਪਾਸ ਹੋਣ 'ਤੇ ਸੱਪ ਵਾਂਗ ਵਿਉ ਘੋਲਦੇ ਸਨ। ਉਸ ਵੇਲੇ ਸਾਡੇ ਨੇੜੇ ਤੇੜੇ ਕੋਈ ਪੰਜਾਬੀ ਦਾ ਊੜਾ ਊਠ ਵੀ ਨਹੀਂ ਸੀ ਜਾਣਦਾ। ਆਸੇ ਪਾਸੇ ਵਾਲੇ ਸਾਰੇ ਕੋਰੇ ਅਨਪੜ੍ਹ ਸਨ। ‘ਅੰਨ੍ਹਿਆਂ ਵਿੱਚ ਕਾਣਾ ਰਾਜਾ' ਵਾਲੀ ਕਹਾਵਤ ਵਾਂਗ ਸਾਡੀ ਮਸ਼ਹੂਰੀ ਤਾਂ ਹੋਣੀ ਹੀ ਸੀ।
ਫਿਰ ਦੂਰੋਂ ਨੇੜਿਓਂ ਚਿੱਠੀ ਪੱਤਰ ਪੜ੍ਹਾਉਣ ਅਤੇ ਲਿਖਵਾਉਣ ਵਾਲਿਆਂ ਦਾ ਸਾਡੇ ਕੋਲ ਹੜ੍ਹ ਆ ਗਿਆ। ਉਦੋਂ ਫੋਨ ਫੂਨ ਦਾ ਕਿਤੇ ਕੋਈ ਨਾਂ-ਨਿਸ਼ਾਨ ਨਹੀਂ ਸੀ। ਅਸੀਂ ਚਿੱਠੀ ਲਿਖਣ ਵੇਲੇ ਮੁੱਢਲੀਆਂ ਲਾਈਨਾਂ ਨੂੰ ਸਮਝੋ ਘੋਟਾ ਹੀ ਲਾਇਆ ਹੋਇਆ ਸੀ- ਲਿਖਤੁਮ ਫਲਾਣਾ ਸਿੰਘ, ਅੱਗੇ ਮਿਲੇ ਧਿਮਕੇ ਸਿੰਘ ਜੀ ਨੂੰ। ਏਥੇ ਸਭ ਰਾਜ਼ੀ ਖੁਸ਼ੀ ਹੈ, ਆਪ ਜੀ ਦੀ ਰਾਜ਼ੀ ਖੁਸ਼ੀ ਪਰਮਾਤਮਾ ਪਾਸੋਂ ਨੇਕ ਚਾਹੁੰਦੇ ਹਾਂ।' ਅੱਗੇ ਸਮਾਚਾਰ ਇਹ ਹੈ ਕਿ.. ਅੱਗੇ ਜਿਸ ਨੇ ਜੋ ਕੁਝ ਲਿਖਾਉਣਾ ਹੁੰਦਾ, ਅਸੀਂ ਸਭ ਝਰੀਟੀ ਜਾਣਾ। ਸਭ ਤੋਂ ਬਾਅਦ ‘ਪੜ੍ਹਨ ਸੁਣਨ ਵਾਲਿਆਂ ਅਤੇ ਸਾਰੇ ਟੱਬਰ ਨੂੰ ਸਭ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਏ' ਲਿਖਣੀ।
ਦੇਖਦੇ-ਦੇਖਦੇ ਸਾਡੀ ਗਲੀ ਮੁਹੱਲੇ ਵਿੱਚ ਬੱਲੇ-ਬੱਲੇ ਹੋਣ ਲੱਗ ਪਈ। ਹਰ ਕੋਈ ਬੋਲੇ, ‘ਜੇ ਭਾਈ ਚਿੱਠੀ ਪੱਤਰ ਲਿਖਵਾਉਣਾ ਹੈ ਤਾਂ ਲੰੜਾਂ ਦੇ ਮੁੰਡੇ ਤੋਂ ਲਿਖਵਾਇਓ ਭਾਈ ਮੁੰਡਾ ਚਿੱਠੀ ਕਾਹਦੀ ਲਿਖਦੈ, ਮੋਤੀ ਪਰੋ ਦਿੰਦਾ ਐ। ਅਗਲਾ ਪੜ੍ਹਨ ਵਾਲਾ ਵੀ ਹੈਰਾਨ ਹੋ ਜਾਂਦਾ ਐ ਕਿ ਵਾਕਿਆ ਕਿਸੇ ਪੜ੍ਹੇ ਲਿਖੇ ਮੁੰਡੇ ਨੇ ਚਿੱਠੀ ਲਿਖੀ ਹੈ।' ਇਹ ਸਭ ਸੁਣ ਕੇ ਅਸੀਂ ਫੁੱਲੇ ਨਾ ਸਮਾਈਏ। ਸਾਨੂੰ ਬੀਹੀ ਵਿਹੜੇ ਵਿੱਚ ਸਲਾਮਾਂ ਵੱਜਣ ਲੱਗ ਪਈਆਂ। ਪਹਿਲਾਂ ਜਿਹੜੇ ਅੱਧਾ ਨਾ ਲੈ ਕੇ ਬੁਲਾਉਂਦੇ ਹੁੰਦੇ ਸਨ, ਪੂਰਾ ਨਾਂ ਲੈ ਕੇ ਨਾਲ ‘ਸਿਉਂ' ਵੀ ਲਾਉਣ ਲੱਗ ਪਏ। ਉਸ ਵੇਲੇ ਸਾਨੂੰ ਪਤਾ ਲੱਗਾ ਕਿ ਪੜ੍ਹਾਈ ਦੀ ਕੀ ਕੀਮਤ ਹੁੰਦੀ ਹੈ। ਉਸ ਵਕਤ ਸਾਨੂੰ ਸਾਡੀ ਤੀਜੀ ਅੱਖ ਖੁੱਲ੍ਹਦੀ ਨਜ਼ਰ ਆਈ। ਅਸੀਂ ਆਪਣੇ ਆਪ ਨੂੰ ਬੁੱਧੀਜੀਵੀ ਸਮਝਣ ਲੱਗ ਪਏ। ਬੀਹੀ ਵਿਹੜੇ ਵਿੱਚ ਵੀ ਰਤਾ ਕੁ ਚੌੜੇ ਹੋ ਕੇ ਤੁਰਨ ਲੱਗੇ।
ਫਿਰ ਸਾਨੂੰ ਲੋਕਾਂ ਨੇ ਪਿੰਡ ਦਾ ਸਰਪੰਚ ਜਾਂ ਪੰਚ ਬਣਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ‘ਅੰਨ੍ਹਾ ਕੀ ਭਾਲੇ, ਦੋ ਅੱਖਾਂ' ਵਾਂਗ ਅਸੀਂ ਹੋਰ ਕੀ ਭਾਲਦੇ ਸਾਂ। ਇਸ ਨਾਲ ਸਾਡੇ ਅੰਦਰ ਹੋਰ ਫੂਕ ਭਰ ਗਈ। ਅਸੀਂ ਆਪਣੇ ਆਪ ਨੂੰ ਨੇਤਾ ਸਮਝਣ ਲੱਗ ਪਏ। ਗਲੀ ਮੁਹੱਲੇ ਵਿੱਚ ਵੀ ਆਕੜ ਨਾਲ ਤੁਰਨ ਲੱਗੇ। ਸਾਡੀ ਚਾਲ ਢਾਲ ਵਿੱਚ ਵੀ ਨੇਤਾਗਿਰੀ ਵੜ ਗਈ।
ਬਾਪੂ ਜੀ ਨੂੰ ਪਤਾ ਨਹੀਂ ਸਾਡੀਆਂ ਹਰਕਤਾਂ ਦਾ ਕਿਵੇਂ ਪਤਾ ਲੱਗ ਗਿਆ, ਉਹ ਸਾਡੀ ਲੀਡਰੀ ਵਿੱਚ ਕਬਾਬ ਦੀ ਹੱਡੀ ਬਣ ਕੇ ਆਣ ਟਪਕੇ, ਕਹਿੰਦੇ, ‘ਮੁੰਡਿਆ ਐਵੇਂ ਨਾ ਸ਼ੂਕਰਿਆ ਫਿਰ, ਨੇਤਾਗਿਰੀ ਕਮਾਉਣੀ ਸੌਖੀ ਨਹੀਂ। ਇਹਨੇ ਕਈ ਘਰ ਪੱਟੇ ਨੇ। ਕਿਉਂ ਤਬਾਹੀ ਵੱਲ ਪਿਆ। ਚਾਰ ਜਮਾਤਾਂ ਹੋਰ ਪੜ੍ਹ। ਕੋਈ ਚੰਗੀ ਨੌਕਰੀ ਛੋਕਰੀ ਮਿਲ ਜਾਊ, ਸਮਝਿਆ।' ਬਾਪੂ ਦੀਆਂ ਗੱਲਾਂ ਸੁਣ ਕੇ ਅਸੀਂ ਮੂਤ ਦੀ ਝੱਗ ਵਾਂਗ ਬੈਗ ਗਏ। ਸਾਡੀ ਲੀਡਰੀ ਦਾ ਸਾਰਾ ਅਫਰੇਵਾਂ ਉਤਰ ਗਿਆ। ਅਸਮਾਨੀ ਚੜ੍ਹੀ ਮੱਤ ਠਿਕਾਣੇ ਆ ਗਈ। ਅਸੀਂ ਦਸਵੀਂ ਦੀ ਥਰਡ ਡਿਵੀਜ਼ਨ ਦੀ ਮੈਲ ਧੋਣ ਲਈ ਅਗਲੀ ਕਲਾਸ ਦੀਆਂ ਕਿਤਾਬਾਂ ਖਰੀਦ ਲਈਆਂ।
ਅੱਜ ਕੱਲ੍ਹ ਪਤਾ ਲੱਗਦਾ ਹੈ ਕਿ ਔਲੇ ਦੇ ਖਾਧੇ ਦਾ ਤੇ ਸਿਆਣੇ ਦੇ ਕਹੇ ਦਾ ਮਗਰੋਂ ਹੀ ਪਤਾ ਲੱਗਦਾ ਹੈ।

Have something to say? Post your comment