Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਮੌਲਾ ਆਣ ਕੇ ਗੁਲਾਬਾਂ ਵਿੱਚ ਹੱਸਦਾ

February 27, 2019 08:34 AM

-ਡਾ. ਬਲਵਿੰਦਰ ਸਿੰਘ ਲੱਖੇਵਾਲੀ
ਮੌਲਾ ਆਣ ਕੇ ਗੁਲਾਬਾਂ ਵਿੱਚ ਹੱਸਦਾ
ਮਾਹੀਆ ਮੇਰਾ ਚਿੱਤ ਦਾ ਚੋਰ ਚੰਦਰਾ
ਦਿਲ ਦੀਆਂ ਰਮਜ਼ਾਂ ਨਾ ਖੋਲ੍ਹ ਦੱਸਦਾ
ਵੇਖਣ ਵਾਲੀ ਅੱਖ ਹੋਵੇ ਤਾਂ ਰੱਬ ਜ਼ੱਰੇ-ਜ਼ੱਰੇ ਵਿੱਚ ਨਜ਼ਰ ਆਉਂਦਾ ਹੈ। ਕਾਦਰ ਦੀ ਕੁਦਰਤ ਦੇ ਆਸ਼ਿਕ, ਕੁਦਰਤੀ ਨਿਆਮਤਾਂ ਵਿੱਚੋਂ ਆਪਣੇ ਮੌਲਾ ਨੂੰ ਟੋਲਦੇ ਹਨ। ਰੁੱਖ ਬੂਟਿਆਂ ਤੇ ਫੁੱਲਾਂ ਵਿੱਚ ਰੱਬ ਖੁਸ਼ੀ ਦੇ ਰੌਂਅ ਵਿੱਚ ਨਜ਼ਰ ਆਉਂਦਾ ਹੈ। ਫੁੱਲਾਂ ਵਿੱਚੋਂ ਗੁਲਾਬ ਨੂੰ ਬਾਦਸ਼ਾਹ ਮੰਨਿਆ ਜਾਂਦਾ ਹੈ। ਗੁਲਾਬ ਦੀ ਖੂਬਸੂਰਤੀ ਦਾ ਸਾਰਾ ਜੱਗ ਦੀਵਾਨਾ ਅੱਜ ਤੋਂ ਨਹੀਂ, ਬਲਕਿ ਮਨੁੱਖੀ ਹੋਂਦ ਵੇਲੇ ਤੋਂ ਹੈ। ਗੁਲਾਬ ਸਾਡੇ ਮਿਥਿਹਾਸ, ਇਤਿਹਾਸ, ਧਾਰਮਿਕ ਅਤੇ ਸਾਹਿਤਕ ਆਦਿ ਹਰ ਪੱਖ ਤੋਂ ਸਾਡੇ ਨਾਲ ਗੂੜ੍ਹੀ ਸਾਂਝ ਰੱਖਦਾ ਹੈ। ਯੂਨਾਨ ਦੇ ਲੋਕ ਗੁਲਾਬ ਨੂੰ ਪਿਆਰ ਅਤੇ ਦੇਵਤਿਆਂ ਨਾਲ ਜੋੜਦੇ ਹਨ। ਰੋਮ ਦੇ ਲੋਕ ਆਪਣੇ ਭੋਜਨ ਵੇਲੇ ਕਮਰੇ ਦੀਆਂ ਛੱਤਾਂ ਗੁਲਾਬ ਨਾਲ ਸਜਾਉਂਦੇ ਸਨ। ਮੰਨਣਾ ਇਹ ਸੀ ਕਿ ਆਏ ਮਹਿਮਾਨ ਗੁਲਾਬ ਦੇ ਫੁੱਲਾਂ ਨੂੰ ਵੇਖ ਕੇ ਯਾਦ ਰੱਖਣ ਕਿ ਖਾਣੇ ਦੌਰਾਨ ਕੀਤੀਆਂ ਗੱਲਾਂ ਦਾ ਭੇਤ ਬਾਹਰ ਜਾ ਕੇ ਨਹੀਂ ਖੋਲ੍ਹਣਾ। ਗੁਲਾਬ ਸਾਨੂੰ ਅੱਜ ਅਨੇਕਾਂ ਰੰਗਾਂ ਵਿੱਚ ਵੇਖਣ ਨੂੰ ਮਿਲਦਾ ਹੈ, ਸਿਵਾਏ ਕਾਲੇ ਤੋਂ।
ਕਾਲੇ ਰੰਗ ਦਾ ਗੁਲਾਬ ਕੋਈ ਨਾ
ਤੇਰੀਆਂ ਕਿਤਾਬਾਂ ਵਿੱਚ ਵੇ
ਮੇਰੀ ਗੱਲ ਦਾ ਜਵਾਬ ਕੋਈ ਨਾ
ਦਰਅਸਲ ਬਾਜ਼ਾਰ ਵਿੱਚ ਮਿਲਣ ਵਾਲਾ ਕਾਲਾ ਗੁਲਾਬ ਗੂੜ੍ਹੇ ਉਨਾਭੀ ਰੰਗ ਦਾ ਹੁੰਦਾ ਹੈ। ਪਹਿਲਾਂ ਨੀਲਾ ਗੁਲਾਬ ਮੌਜੂਦ ਨਹੀਂ ਸੀ, ਪਰ ਵਿਗਿਆਨੀਆਂ ਨੇ ਨੀਲਾ ਗੁਲਾਬ ਵੀ ਤਿਆਰ ਕਰ ਲਿਆ ਹੈ। ਕੁਝ ਸੱਜਣਾਂ ਨੂੰ ਇਹ ਗੱਲ ਚੁੱਭਦੀ ਹੈ ਕਿ ਐਨੀ ਖੂਬਸੂਰਤ ਸ਼ੈਅ ਨੂੰ ਕੰਡੇ ਕਿਉਂ ਲੱਗੇ ਹੁੰਦੇ ਹਨ? ਇਸ ਦਾ ਜਵਾਬ ਸਭਨਾਂ ਨੂੰ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ‘ਕੰਡੇ’ ਰਾਹੀਂ ਇਉਂ ਬਿਆਨ ਕੀਤਾ ਹੈ:
ਫੁੱਲ ਗੁਲਾਬ ਤੋਂ ਕਿਸੇ ਪੁੱਛਿਆ
‘ਅਵੇ ਕੋਮਲਤਾ ਦੇ ਸਾਈ।
ਇਸ ਸੁਹੱਪਣ, ਇਸ ਸੁਹਲ ਸੂਰਜ ਨੂੰ,
ਹੈ ਕਿਉਂ ਕੰਡਿਆਂ ਬਜ ਲਾਈ?'
ਮਸਤ ਅਲਸਤੀ ਸੁਰ ਵਿੱਚ ਸੁਹਣੇ
ਹੱਸ ਕਿਹਾ, ‘ਖਬਰ ਨਹੀਂ ਮੈਨੂੰ, ਤੋੜ ਨਹੀਂ-ਦੀ ਫੱਟੀ ਭਾਵੇਂ
ਮਿਰੇ ਮੌਲਾ ਨੇ ਲਿਖ ਲਾਈ।'
ਗੁਲਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਵਿਗਿਆਨੀਆਂ ਨੂੰ ਮਿਲੇ ਪਥਰਾਟਾਂ ਅਨੁਸਾਰ ਗੁਲਾਬ ਦੀ ਹੋਂਦ ਲੱਖਾਂ ਸਾਲ ਪੁਰਾਣੀ ਹੈ। ਦੱਖਣੀ ਸਾਇਬੇਰੀਆ ਵਿੱਚ ਇਕ ਕਬਰ ਵਿੱਚੋਂ ਇਕ ਚਾਂਦੀ ਦਾ ਤਮਗਾ ਮਿਲਿਆ, ਜਿਸ ਉਪਰ ਗੁਲਾਬ ਦੀ ਤਸਵੀਰ ਉਕਰੀ ਹੋਈ ਹੈ ਅਤੇ ਉਹ ਅੰਦਾਜ਼ਨ 7000 ਸਾਲ ਪੁਰਾਣਾ ਹੈ। ਸ਼ੈਕਸਪੀਅਰ ਦੀਆਂ ਲਿਖਤਾਂ ਵਿੱਚ ਗੁਲਾਬ ਦਾ ਜ਼ਿਕਰ ਮਿਲਦਾ ਹੈ। ਨੈਪੋਲੀਅਨ ਦੀ ਪਤਨੀ ਗੁਲਾਬ ਦੀ ਖਾਸ ਸ਼ੌਕੀਨ ਸੀ, ਜਿਸ ਕਰਕੇ ਉਸ ਨੇ ਪੈਰਿਸ ਵਿੱਚ 250 ਗੁਲਾਬ ਦੀਆਂ ਕਿਸਮਾਂ ਵਾਲਾ ਬਗੀਚਾ ਬਣਵਾਇਆ ਸੀ। ਨੈਪੋਲੀਅਨ ਆਪਣੇ ਅਫਸਰ ਨੂੰ ਗੁਲਾਬ ਦੀਆਂ ਪੱਤੀਆਂ ਦੇ ਬੋਰੇ ਇਸ ਲਈ ਭਰ ਕੇ ਦਿੰਦਾ ਸੀ, ਕਿਉਂਕਿ ਉਸ ਦਾ ਮੰਨਣਾ ਸੀ ਕਿ ਵਾਈਨ ਵਿੱਚ ਗੁਲਾਬ ਦੀਆਂ ਉਬਾਲੀਆਂ ਪੱਤੀਆਂ ਗੋਲੀਆਂ ਦੇ ਜ਼ਖਮਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀਆਂ ਹਨ।
ਵਿਸ਼ਵ ਪੱਧਰ 'ਤੇ ਪੁਰਾਣੇ ਵੇਲਿਆਂ ਤੋਂ ਗੁਲਾਬ ਦਾ ਫੈਲਾਅ ਵਿਗਿਆਨੀਆਂ ਅਨੁਸਾਰ ਤਿੰਨ ਜ਼ੋਨਾਂ ਵਿੱਚ ਹੋਇਆ। ਪਹਿਲਾਂ ਮਿਡਲ ਈਸਟ ਯਾਨੀ ਬੇਬੀਲਾਨ, ਪਰਸੀਆ, ਸੀਰੀਆ ਦਾ ਇਲਾਕਾ, ਦੂਜਾ ਯੂਨਾਨ ਤੇ ਰੋਮ ਅਤੇ ਤੀਜਾ ਚੀਨ, ਜਾਪਾਨ ਤੇ ਭਾਰਤ ਹੈ। ਰਾਜੇ ਰਾਣੀਆਂ ਗੁਲਾਬ ਦੇ ਬੜੇ ਸ਼ੌਕੀਨ ਹੁੰਦੇ ਸਨ। ਸੋਲ੍ਹਵੀਂ ਸਦੀ ਵਿੱਚ ਬਾਬਰ ਜਦੋਂ ਭਾਰਤ ਵੱਲ ਆਇਆ ਤਾਂ ਉਹ ਊਠਾਂ ਉੱਤੇ ਲੱਦ ਕੇ ਗੁਲਾਬ ਵੀ ਲਿਆਇਆ ਸੀ। ਉਸ ਨੇ ਆਪਣੀਆਂ ਧੀਆਂ ਦੇ ਨਾਂ ਵੀ ਗੁਲਾਬ ਨਾਲ ਸਬੰਧਤ ਰੱਖੇ ਸਨ, ਗੁਲ ਚੇਹਰਾ, ਗੁਲ ਰੁੱਖ, ਗੁਲ ਬਦਨ ਅਤੇ ਗੁਲ ਰੰਗ। ਮੁਗਲ ਬਾਦਸ਼ਾਹਾਂ ਨੇ ਆਪਣੇ ਹਰ ਮੁਗਲ ਬਗੀਚੇ ਵਿੱਚ ਗੁਲਾਬ ਨੂੰ ਅਹਿਮ ਸਥਾਨ ਦਿੱਤਾ, ਚਾਹੇ ਉਹ ਕਸ਼ਮੀਰ ਦਾ ਸ਼ਾਲੀਮਾਰ ਬਾਗ ਸੀ ਜਾਂ ਫਿਰ ਆਗਰੇ ਦਾ ਤਾਜ ਮਹਿਲ। ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਪਾਣੀ ਵਿੱਚ ਗੁਲਾਬ ਦੀਆਂ ਪੱਤੀਆਂ ਪਾ ਕੇ ਇਸ਼ਨਾਨ ਕਰ ਰਹੀ ਸੀ ਤਾਂ ਪਾਣੀ ਦੀ ਤਹਿ ਉਪਰ ਤੇਲ ਦੀਆਂ ਬੂੰਦਾਂ ਵੇਖੀਆਂ, ਜਿਸ ਨੂੰ ਨਿਤਾਰ ਕੇ ਵੱਖ ਕੀਤਾ ਤੇ ਮਹਿਕਦਾਰ ਤੇਲ ਦੀ ਜਾਣਕਾਰੀ ਹੋਈ। ਰਾਣੀ ਦੇ ਇਸ ਅਤਰ ਨੂੰ ਅਤਰ-ਏ-ਜਹਾਂਗੀਰੀ ਦਾ ਨਾਂ ਦਿੱਤਾ ਗਿਆ।
ਗੁਲਾਬ ਆਪਣੀ ਮਹਿਕ ਸਦਕਾ ਵਿਸ਼ਵ ਦੇ ਹਰ ਸ਼ਖਸ ਨੂੰ ਮਹਿਕਾਂ ਵੰਡਦਾ ਹੈ। ਸੰਸਾਰ ਵਿੱਚ ਅਨੇਕਾਂ ਸਥਾਨਾਂ 'ਤੇ ਗੁਲਾਬ ਦੇ ਬਗੀਚੇ ਵੇਖਣ ਨੂੰ ਮਿਲਦੇ ਹਨ। ਪੈਰਿਸ ਦਾ ਰੋਜ਼ ਗਾਰਡਨ ਬਹੁਤ ਮਸ਼ਹੂਰ ਹੈ। ਚੰਡੀਗੜ੍ਹ ਦਾ ਰੋਜ਼ ਗਾਰਡਨ ਏਸ਼ੀਆ ਦਾ ਸਭ ਤੋਂ ਵੱਡਾ ਗੁਲਾਬ ਦਾ ਬਗੀਚਾ ਹੈ। ਕਾਫੀ ਸਾਲ ਪਹਿਲਾਂ ਅੰਮ੍ਰਿਤਸਰ ਦੇ ਇਲਾਕੇ ਵਿੱਚ ਗੁਲਾਬ ਦੀ ਖੇਤੀ ਕਾਫੀ ਜ਼ਿਆਦਾ ਕੀਤੀ ਜਾਂਦੀ ਸੀ। ਇੰਗਲੈਂਡ ਅਤੇ ਅਮਰੀਕਾ ਦਾ ਰਾਸ਼ਟਰੀ ਫੁੱਲ ਗੁਲਾਬ ਹੈ। ਜਰਮਨੀ ਵਿੱਚ ਹਿਲਸ਼ਾਈਮ ਨਾਮੀ ਗਿਰਜਾਘਰ ਦੀ ਕੰਧ ਨਾਲ 1000 ਸਾਲ ਪੁਰਾਣਾ ਗੁਲਾਬ ਦਾ ਪੌਦਾ ਅੱਜ ਵੀ ਵੱਧ ਫੁੱਲ ਰਿਹਾ ਹੈ।
ਗੁਲਾਬ ਤੋਂ ਗੁਲਕੰਦ, ਮਹਿਕਾਂ ਨਾਲ ਸਬੰਧਤ ਉਤਪਾਦਾਂ ਤੋਂ ਇਲਾਵਾ ਇਸ ਦੇ ਫਲ ਜਿਸ ਨੂੰ ‘ਰੋਜ਼ ਹਿੱਪ' ਜਾਣਿਆ ਜਾਂਦਾ ਹੈ, ਵੀ ਮਿਲਦਾ ਹੈ। ਪੰਜਾਬ ਜਾਂ ਭਾਰਤ ਵਿੱਚ ਰੋਜ਼ ਹਿੱਪ ਵੱਧ ਪ੍ਰਚੱਲਿਤ ਨਹੀਂ, ਪਰ ਇਸ ਵਿੱਚ ਵਿਟਾਮਿਨ ਸੀ ਦੀ ਮਿਕਦਾਰ ਬੇਹੱਦ ਜ਼ਿਆਦਾ ਹੋਣ ਕਰਕੇ ਹੋਰ ਦੇਸ਼ਾਂ ਵਿੱਚ ਇਸ ਦੀ ਵਰਤੋਂ ਕਾਫੀ ਹੁੰਦੀ ਹੈ। ਗੁਲਾਬ ਦਾ ਤੇਲ ਬੜਾ ਮਹਿੰਗਾ ਵਿਕਦਾ ਹੈ ਤੇ ਇਸ ਤੋਂ ਮਿਲਦੀਆਂ ਅਨੇਕਾਂ ਸ਼ੈਆਂ ਮਨੁੱਖੀ ਬਿਮਾਰੀਆਂ ਖਾਸ ਕਰਕੇ ਠੰਢਕ ਪਹੁੰਚਾਉਣ, ਪਾਚਨ ਪ੍ਰਣਾਲੀ, ਮਿਹਦੇ ਅਤੇ ਜਿਗਰ ਰੋਗ, ਕਬਜ਼ ਰੋਗ, ਮੂਤਰ ਰੋਗ, ਮਹਾਂਵਾਰੀ, ਨਿਰਾਸ਼ਤਾ, ਥਕਾਵਟ ਆਦਿ ਅਨੇਕਾਂ ਰੋਗਾਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ। ਮਨੁੱਖੀ ਖੂਬਸੂਰਤੀ ਵਧਾਉਣ ਵਾਲੇ ਅਨੇਕਾਂ ਉਤਪਾਦ ਗੁਲਾਬ ਤੋਂ ਤਿਆਰ ਕੀਤੇ ਜਾਂਦੇ ਹਨ। ਗੁਲਾਬ ਦੇ ਫੁੱਲਾਂ ਦਾ ਵਪਾਰ ਵੀ ਪੂਰੇ ਵਿਸ਼ਵ ਵਿੱਚ ਕਰੋੜਾਂ ਅਰਬਾਂ ਰੁਪਏ ਦਾ ਅਦਾਨ ਪ੍ਰਦਾਨ ਕਰਦਾ ਹੈ।
ਮਹਿਕਾਂ ਖਾਤਰ ਤੇ ਗੁਲਕੰਦ ਖਾਤਰ ਦੇਸੀ ਗੁਲਾਬ ਦਾ ਕੋਈ ਜਵਾਬ ਨਹੀਂ ਹੈ। ਵਿਗਿਆਨ ਦੀ ਤਰੱਕੀ ਨੇ ਬੇਸ਼ੁਮਾਰ ਕਿਸਮਾਂ ਦੇ ਗੁਲਾਬ ਮਨੁੱਖ ਦੀ ਝੋਲੀ ਪਾਏ ਹਨ, ਜੋ ਬੀਜ, ਕਲਮ, ਦਾਬ, ਗੁੱਟੀ, ਪਿਊਦ ਅਤੇ ਵੇਲਨੁਮਾ ਗੁਲਾਬ ਦੇ ਰੂਪ ਵਿੱਚ ਪ੍ਰਚੱਲਿਤ ਹੋ ਰਹੇ ਹਨ। ਅਕਤੂਬਰ ਨਵੰਬਰ ਤੇ ਫਰਵਰੀ ਤੋਂ ਅਪਰੈਲ ਦੌਰਾਨ ਗੁਲਾਬ ਖੂਬ ਵਧਦੇ ਹਨ। ਅਕਤੂਬਰ ਤੋਂ ਮਾਰਚ ਦਾ ਸਮਾਂ ਗੁਲਾਬ ਲਾਉਣ ਲਈ ਢੁਕਵਾਂ ਹੈ, ਪਰ ਕਲਮਾਂ ਜਨਵਰੀ ਤੋਂ ਮਾਰਚ ਦੌਰਾਨ ਲਾਈਆਂ ਜਾਂਦੀਆਂ ਹਨ। ਗੁਲਾਬ ਲਈ ਕਾਂਟ ਛਾਂਟ ਬੜੀ ਅਹਿਮੀਅਤ ਰੱਖਦੀ ਹੈ ਅਤੇ ਇਹ ਸਤੰਬਰ ਅਕਤੂਬਰ ਦੌਰਾਨ ਕੀਤੀ ਜਾਂਦੀ ਹੈ। ਖਿੜਿਆ ਹੋਇਆ ਗੁਲਾਬ, ਖੂਬਸੂਰਤੀ ਅਤੇ ਮਹਿਕਾਂ ਦੀ ਹੱਟ ਲਾ ਦਿੰਦਾ ਹੈ, ਜਿਸ ਦਾ ਆਨੰਦ ਲੈਣਾ ਆਉਣਾ ਚਾਹੀਦਾ ਹੈ, ਨਾ ਕਿ ਉਸ ਨੂੰ ਤੋੜ ਕੇ ਬੇਰੰਗ ਅਤੇ ਮਹਿਕ ਰਹਿਤ ਕਰਨਾ ਚਾਹੀਦਾ:
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆ ਕੇ
ਖਾਲੀ ਇਕ ਨਾ ਜਾਈ।
ਤੂੰ ਜੇ ਇਕ ਤੋੜ ਕੇ ਲੈ ਗਿਓਂ
ਇਕ ਜੋਗਾ ਰਹਿ ਜਾਸਾਂ
ਉਹ ਭੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨਸ ਜਾਈ।

Have something to say? Post your comment