Welcome to Canadian Punjabi Post
Follow us on

21

May 2019
ਨਜਰਰੀਆ

ਚੋਣਾਂ ਦਾ ਮੌਸਮ ਜਨਤਾ ਲਈ ਬਣਿਆ ਇਕ ਡਰਾਉਣੀ ਖੇਡ

February 26, 2019 08:54 AM

-ਦੇਵੀ ਚੇਰੀਅਨ
ਕਿਉਂਕਿ ਚੋਣਾਂ ਦਾ ਮੌਸਮ ਆ ਗਿਆ ਹੈ, ਅਸਲ ਵਿੱਚ ਇਹ ਜਨਤਾ ਲਈ ਡਰਾਉਣੀ ਖੇਡ ਬਣ ਗਿਆ ਹੈ। ਜਿਸ ਰਸਤੇ ਭਾਰਤ ਦੀ ਸਿਆਸਤ ਜਾ ਰਹੀ ਹੈ, ਕੁਝ ਲੋਕ ਉਸ ਬਾਰੇ ਦੁੱਖ ਮਹਿਸੂਸ ਕਰਦੇ ਹਨ। ਚੋਣਾਂ ਮਾਣਮੱਤੇ ਢੰਗ ਨਾਲ ਤੇ ਸ਼ਾਂਤੀਪੂਰਵਕ ਨਹੀਂ ਲੜੀਆਂ ਜਾਂਦੀਆਂ। ਇਹ ਇਕ ਗੰਦੀ ਖੇਡ ਬਣਦੀਆਂ ਜਾ ਰਹੀਆਂ ਹਨ, ਜਿਸ 'ਚ ਹਰ ਕੋਈ ਹਿੱਸਾ ਲੈ ਸਕਦਾ ਹੈ, ਪਰ ਦੋਸ਼ ਕਿਸ ਨੂੰ ਦੇਈਏ? ਕੀ ਅਸੀਂ ਸਿਆਸਤਦਾਨਾਂ ਨੂੰ ਦੋਸ਼ ਦੇਈਏ ਜਾਂ ਜਨਤਾ ਨੂੰ ਜਾਂ ਸਿਸਟਮ ਨੂੰ ਦੋਸ਼ ਦੇਈਏ? ਮੇਰੀ ਸੋਚ ਹੈ ਕਿ ਖੁਦ ਸਿਆਸਤਦਾਨ ਜਿੱਥੋਂ ਤੱਕ ਹੋ ਸਕੇ, ਲੜਾਈ ਨੂੰ ਗੰਦੀ ਕਰਦੇ ਹਨ। ਨਿੱਜੀ ਦੂਸ਼ਣਬਾਜ਼ੀ, ਜੋ ਅੱਜ ਤੱਕ ਨਹੀਂ ਸੁਣੀ ਗਈ ਸੀ, ਹਰ ਪਾਸੇ ਸੁਣਾਈ ਦਿੰਦੀ ਹੈ। ਸੰਸਥਾਵਾਂ ਦੀ ਵਰਤੋਂ ਕਿਸੇ ਇਕ ਜਾਂ ਸਾਰੇ ਵਿਰੋਧੀਆਂ ਦੇ ਵਿਰੁੱਧ ਕੀਤੀ ਜਾ ਰਹੀ ਹੈ। ਭਿ੍ਰਸ਼ਟਾਚਾਰ ਦੇ ਮਾਮਲੇ ਸਹੀ ਜਾਂ ਗਲਤ, ਉਨ੍ਹਾਂ ਨਾਲ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਅਜਿਹਾ ਨਹੀਂ ਹੈ ਕਿ ਫਲਾਣਾ ਪਸੰਦੀਦਾ ਹੈ ਅਤੇ ਦੂਜਾ ਨਹੀਂ।
ਅੱਜ ਜੀਵਨ ਆਜ਼ਾਦ ਨਹੀਂ ਰਿਹਾ, ਕਿਉਂਕਿ ਹਰ ਕੋਈ ਡਰ 'ਚ ਜੀਅ ਰਿਹਾ ਹੈ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ 'ਤੇ ਛਾਪਾ ਪੈ ਜਾਵੇਗਾ, ਉਨ੍ਹਾਂ ਨੂੰ ਫੜ ਲਿਆ ਜਾਵੇਗਾ ਅਤੇ ਕਿਸੇ ਨਾ ਕਿਸੇ ਛੋਟੇ ਜਿਹੇ ਕੇਸ 'ਚ ਗ੍ਰਿਫਤਾਰ ਕਰ ਲਿਆ ਜਾਵੇਗਾ, ਜਿਸ ਨੂੰ ਸਾਵਧਾਨੀ ਨਾ ਵਰਤਣ ਕਾਰਨ ਅੱਖੋਂ ਪਰੋਖੇ ਕੀਤਾ ਗਿਆ ਹੋਵੇ। ਸਭ ਏਜੰਸੀਆਂ ਕੋਲ ਤੁਹਾਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ ਅਤੇ ਫਿਰ ਤੁਹਾਨੂੰ ਖੁਦ ਨੂੰ ਨਿਰਦੋਸ਼ ਸਾਬਤ ਕਰਨਾ ਪੈਂਦਾ ਹੈ। ਲੋਕ ਬੋਲਣ ਤੋਂ ਡਰਦੇ ਹਨ, ਬਾਹਰ ਜਾਣ ਤੋਂ ਡਰਦੇ ਹਨ, ਇਥੋਂ ਤੱਕ ਕਿ ਕਿਸੇ ਪਸੰਦ ਦੇ ਵਿਅਕਤੀ ਨਾਲ ਦਿਖਾਈ ਦੇਣ ਤੋਂ ਡਰਦੇ ਹਨ।
ਮੈਂ ਆਪਣੇ ਪੂਰੇ ਜੀਵਨ 'ਚ ਅਜਿਹਾ ਮਾਹੌਲ ਨਹੀਂ ਦੇਖਿਆ ਸੀ। ਬਹੁਤ ਸਾਰੇ ਕਾਰੋਬਾਰੀ ਦੇਸ਼ ਛੱਡ ਕੇ ਜਾ ਚੁੱਕੇ ਹਨ, ਕਈ ਸੀਖਾਂ ਦੇ ਪਿੱਛੇ ਹਨ ਅਤੇ ਬਹੁਤ ਸਾਰੇ ਰੂਪੋਸ਼ ਹੋ ਗਏ ਹਨ। ਮੈਂ ਨਹੀਂ ਜਾਣਦੀ ਕਿ ਚੰਗਾ ਹੈ ਜਾਂ ਬੁਰਾ ਹੈ, ਪਰ ਜਨਤਾ 'ਚ ਡਰ ਫੈਲਣਾ ਚੰਗਾ ਨਹੀਂ। ਕਿਸੇ ਵੀ ਦੇਸ਼ ਦੇ ਵਿਕਾਸ ਲਈ ਸਵੱਛ ਸਮਾਜ ਜ਼ਰੂਰੀ ਹੈ, ਟੈਕਸ ਚੁਕਾਉਣ ਵਾਲਾ ਸਮਾਜ, ਜੋ ਦੇਸ਼ ਨੂੰ ਹੋ ਰਹੇ ਸਾਰੇ ਨੁਕਸਾਨ ਸਹਿਣ ਵਾਲਾ ਹੋਵੇ। ਕਿਸੇ ਤੋਂ ਕਿਤੇ ਗਲਤੀ ਹੋ ਸਕਦੀ ਹੈ, ਪਰ ਕੀ ਉਸ ਨੇ ਜਾਣਬੁੱਝ ਕੇ ਕੀਤਾ ਹੈ, ਕੋਈ ਵੀ ਪੂਰਨ ਜਾਂ ਪ੍ਰਫੈਕਟ ਨਹੀਂ। ਛੋਟੀ ਜਿਹੀ ਗਲਤੀ ਨੂੰ ਕਿਸੇ ਚੋਣ ਸਾਲ 'ਚ ਬਹੁਤ ਵੱਡਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਸਿਆਸਤ ਨੂੰ ਛੂਹਣਗੇ ਵੀ ਨਹੀਂ।
ਅਸੀਂ ਜੇ ਐਨ ਯੂ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇ ਲੜਕਿਆਂ ਨੂੰ ਗ੍ਰਿਫਤਾਰ ਅਤੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਦੇਖਿਆ ਤੇ ਅਸੀਂ ਕਿਸੇ ਵੱਖਰੀ ਪਾਰਟੀ ਵੱਲ ਝੁਕਾਅ ਵਾਲੇ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕੀਤੇ ਜਾਂਦੇ ਦੇਖਿਆ ਹੈ, ਅਸੀਂ ਬਦਲੇ ਦੀਆਂ ਕਈ ਖੇਡਾਂ ਖੇਡੀਆਂ ਜਾਂਦੀਆਂ ਦੇਖੀਆਂ ਅਤੇ ਸਭ ਪਾਰਟੀ ਏਦਾਂ ਕਰਦੀਆਂ ਹਨ, ਪਰ ਕਿਸੇ ਦਿਨ ਇਸ ਨੂੰ ਰੁਕਣਾ ਹੋਵੇਗਾ। ਸਾਨੂੰ ਸੁਪਰੀਮ ਕੋਰਟ 'ਤੇ ਵਿਸ਼ਵਾਸ ਕਰਨਾ ਹੋਵੇਗਾ, ਸੰਸਥਾਵਾਂ 'ਤੇ ਭਰੋਸਾ ਰੱਖਣਾ ਹੋਵੇਗਾ, ਆਪਣੇ ਪਾਰਲੀਮੈਂਟ ਮੈਂਬਰਾਂ 'ਤੇ ਭਰੋਸਾ ਰੱਖਣਾ ਹੋਵੇਗਾ, ਪਰ ਉਨ੍ਹਾਂ ਦਾ ਕਿੰਨਾ ਵਿਸ਼ਵਾਸ ਬਚਿਆ ਹੈ? ਹਰ ਵਾਰ ਜਦੋਂ ਕੁਝ ਹੋਵੇ ਤਾਂ ਅਸੀਂ ਸੁਪਰੀਮ ਕੋਰਟ ਵੱਲ ਦੇਖਦੇ ਹਾਂ, ਜਿਸ ਨੇ ਜ਼ਿਆਦਾਤਰ ਸਾਨੂੰ ਨਿਰਾਸ਼ ਨਹੀਂ ਕੀਤਾ। ਭਾਰਤੀ ਹੋਣ ਦੇ ਨਾਤੇ ਮੈਨੂੰ ਆਪਣੇ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਹੈ, ਜੇ ਮੈਂ ਕੁਝ ਗਲਤ ਨਹੀਂ ਕੀਤਾ ਤਾਂ ਕਿਉਂ ਮੈਂ ਆਪਣਾ ਦੇਸ਼ ਛੱਡ ਕੇ ਦੌੜਾਂ? ਮੈਂ ਕਿਉਂ ਮੈਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲਵਾਂ ਅਤੇ ਕਿਸੇ ਹੋਰ ਜਗ੍ਹਾ ਦੂਜੇ ਦਰਜੇ ਦੀ ਨਾਗਰਿਕ ਬਣਾਂ? ਮੈਂ ਦੁਨੀਆ 'ਚ ਕਿਸੇ ਵੀ ਹੋਰ ਜਗ੍ਹਾ ਦੇ ਮੁਕਾਬਲੇ ਆਪਣੇ ਦੇਸ਼ 'ਚ ਵੱਧ ਸੁਰੱਖਿਅਤ ਹਾਂ ਤੇ ਕਿਉਂ ਮੈਂ ਬਾਕੀ ਦਾ ਜੀਵਨ ਇਕ ਧੋਖੇਬਾਜ਼ ਵਾਂਗ ਜਿਊਣਾ ਚਾਹਾਂਗੀ? ਕੀ ਮੈਂ ਟੈਕਸ ਦੇ ਕੁਝ ਰੁਪਏ ਬਚਾਉਣ ਨੂੰ ਦੌੜਾਂ? ਮੇਰੀ ਸੋਚ ਹੈ ਕਿ ਠੀਕ ਹੋਵੇਗਾ ਕਿ ਟੈਕਸ ਦੇ ਕੇ ਇਕ ਆਜ਼ਾਦ ਨਾਗਰਿਕ ਵਾਂਗ ਆਪਣੇ ਹੀ ਦੇਸ਼ 'ਚ ਰਹੀਏ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਭਾਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਸਮੇਤ ਕਿੰਨੀਆਂ ਏਜੰਸੀਆਂ ਤੁਹਾਡੇ 'ਤੇ ਵਿਦੇਸ਼ ਜਾਂ ਦੇਸ਼ 'ਚ ਨਜ਼ਰ ਰੱਖਦੀਆਂ ਹੋਣ ਤੇ ਤੁਸੀਂ ਫੜੇ ਜਾਓ। ਮੈਂ ਸਮਝਦੀ ਹਾਂ ਕਿ ਮੈਂ ਵਿਜੇ ਮਾਲਿਆ ਜਾਂ ਮੇਹੁਲ ਚੋਕਸੀ ਬਣਨ ਦੀ ਥਾਂ ਘੱਟ ਧਨ ਨਾਲ ਜੀਵਨ ਜਿਊਣਾ ਚਾਹਾਂਗੀ।
ਮੈਂ ਗਾਂਧੀਆਂ ਤੇ ਵਡੇਰਾ ਨੂੰ ਦੇਖਦੀ ਹਾਂ ਕਿ ਉਹ ਕਿਸ ਦੌਰ 'ਚ ਲੰਘ ਰਹੇ ਹਨ ਅਤੇ ਮੈਨੂੰ ਕਿਤੇ ਨਾ ਕਿਤੇ ਉਨ੍ਹਾਂ ਨੂੰ ਲੈ ਕੇ ਖਰਾਬ ਮਹਿਸੂਸ ਹੁੰਦਾ ਹੈ। ਮੇਰੇ ਲੇਖਣ ਦੇ ਬੀਤੇ ਕਈ ਸਾਲਾਂ ਦੌਰਾਨ ਮੈਂ ਅਜਿਹੇ ਕਈ ਕੇਸ ਦੇਖੇ ਹਨ ਜਾਂ ਕਿਉਂਕਿ ਮੈਂ ਇਕ ਸਿਆਸੀ ਪਰਵਾਰ ਤੋਂ ਹਾਂ, ਇਸ ਲਈ ਅਜਿਹੇ ਕੇਸਾਂ ਪ੍ਰਤੀ ਜਾਗਰੂਕ ਰਹਿੰਦੀ ਹਾਂ, ਪਰ ਅਸੀਂ ਉਨ੍ਹਾਂ ਨਾਲ ਲੜਦੇ ਹਾਂ, ਦੌੜਦੇ ਨਹੀਂ। ਮੈਨੂੰ ਯਾਦ ਹੈ ਜਦੋਂ 1977 'ਚ ਮੇਰਾ ਪਿਤਾ ਚੰਬਾ ਤੋਂ ਆਪਣੀ ਪਹਿਲੀ ਚੋਣ ਹਾਰ ਗਏ ਅਤੇ 1981 'ਚ ਉਨ੍ਹਾਂ ਦੇ ਜਿੱਤਣ ਤੱਕ ਅਸੀਂ ਆਮ ਨਾਗਰਿਕਾਂ ਵਾਂਗ ਜੀਵਨ ਜੀਅ ਰਹੇ ਸੀ, ਪਰ ਉਦੋਂ ਕੋਈ ਬਦਲੇ ਦੀ ਰਾਜਨੀਤੀ ਨਹੀਂ ਸੀ ਅਤੇ ਨਾ ਦਿਲਾਂ 'ਚ ਦੁਰਭਾਵਨਾ ਸੀ। ਚੋਣਾਂ 'ਚ ਕੁਝ ਜਿੱਤਦੇ ਅਤੇ ਕੁਝ ਹਾਰ ਜਾਂਦੇ ਸਨ, ਪਰ ਵਿਰੋਧੀ ਅਤੇ ਸੱਤਾਧਾਰੀ ਦੋਸਤਾਂ ਵਾਂਗ ਰਹਿੰਦੇ ਸਨ। ਵਿਧਾਨ ਸਭਾ ਅਤੇ ਚੋਣਾਂ 'ਚ ਜੋ ਹੁੰਦਾ ਸੀ, ਉਸ ਨੂੰ ਉਥੇ ਛੱਡ ਦਿੱਤਾ ਜਾਂਦਾ ਸੀ, ਨਿੱਜੀ ਜੀਵਨ 'ਚ ਇਹ ਨਹੀਂ ਢੋਇਆ ਜਾਂਦਾ ਸੀ। ਵੱਖ-ਵੱਖ ਸਿਆਸੀ ਦਲਾਂ ਦੇ ਸਿਆਸਤਦਾਨ ਜਨਮ-ਜਾਤ ਦੁਸ਼ਮਣ ਨਹੀਂ ਸਨ।
ਅੱਜ ਦੀ ਸਿਆਸਤ ਬੜੀ ਗੰਦੀ ਹੋ ਗਈ ਹੈ। ਖੁਦ ਲੋਕ ਭੁੱਲ ਚੁੱਕੇ ਹਨ ਕਿ ਪਾਰਟੀਆਂ 'ਚ ਮਿੱਤਰ ਅਤੇ ਮਿੱਤਰਤਾ ਕੀ ਹੈ? ਮੈਂ ਆਸ ਕਰਦੀ ਹਾਂ ਕਿ ਇਹ ਰੁਕੇਗਾ ਅਤੇ ਸਿਆਸੀ ਤਸੀਹਿਆਂ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਸਭ 'ਚ ਮਨੁੱਖਤਾ ਅਤੇ ਈਮਾਨਦਾਰੀ ਦਾ ਸਨਮਾਨ ਹੋਣਾ ਚਾਹੀਦਾ ਹੈ। ਤੁਸੀਂ ਸਭ ਨੂੰ ਇਕੋ ਰੰਗ 'ਚ ਨਹੀਂ ਰੰਗ ਸਕਦੇ ਅਤੇ ਨਾ ਹੀ ਸਭ ਨਾਲ ਇਕੋ ਜਿਹਾ ਵਿਹਾਰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਆਪਣੀਆਂ ਸਿਆਸੀ ਲੜਾਈਆਂ ਲੜਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਵਰਤੋਂ ਨਹੀਂ ਕਰ ਸਕਦੇ। ਇਹ ਰੁਕਣਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਸੰਸਥਾਵਾਂ 'ਚ ਕਿਸੇ ਦਾ ਵਿਸ਼ਵਾਸ ਨਹੀਂ ਰਹੇਗਾ, ਜਿਨ੍ਹਾਂ ਨੇ ਸਾਡੇ ਦੇਸ਼ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਕੀਤੀ ਹੈ। ਜਨਤਾ ਦੀਆਂ ਨਜ਼ਰਾਂ 'ਚ ਅੱਜ ਹਰੇਕ ਉਚ ਏਜੰਸੀ ਦੀ ਸਾਖ ਡਿਗ ਚੁੱਕੀ ਹੈ, ਜੋ ਕਿਸੇ ਵੀ ਮਾਣਮੱਤੇ ਭਾਰਤੀ ਲਈ ਦੁਖਦਾਈ ਹੈ।

 

Have something to say? Post your comment