Welcome to Canadian Punjabi Post
Follow us on

21

May 2019
ਨਜਰਰੀਆ

ਪੇਕੇ ਘਰ ਲਾਡਲੀਆਂ ਧੀਆਂ ਦੀ ਸਰਦਾਰੀ

February 26, 2019 08:52 AM

-ਸੁਖਜੀਵਨ ਕੁਲਬੀਰ ਸਿੰਘ
ਜ਼ਿੰਦਗੀ ਬੜੀ ਸਵੱਖਤੇ ਸ਼ੁਰੂ ਹੋ ਜਾਂਦੀ ਏ। ਤਾਰਿਆਂ ਦੀ ਲੋਏ ਸ਼ੁਰੂ ਅਤੇ ਤਾਰਿਆਂ ਦੀ ਲੋਏ ਖਤਮ। ਚਾਰ ਵਜੇ ਦਾ ਅਲਾਰਮ ਲਗਾਉਂਦੀ ਹਾਂ। ਉਠਦੀ-ਉਠਾਉਂਦੀ ਨੂੰ ਸਵਾ ਚਾਰ ਹੋ ਹੀ ਜਾਂਦੇ ਨੇ, ਜੇ ਕਿਤੇ ਸਾਢੇ ਚਾਰ ਹੋ ਜਾਣ ਤਾਂ ਪੂਰੀ ਰੇਲ ਬਣ ਜਾਂਦੀ ਹੈ। ਘਰ ਪੰਜ ਮਰਦ ਨੇ। ਸਭ ਤੋਂ ਪਹਿਲਾਂ ਮੇਰੇ ਸਹੁਰਾ ਸਾਹਿਬ, ਮੇਰੇ ਪਤੀ ਕੁਲਬੀਰ ਸਿੰਘ, ਮੇਰਾ ਦਿਓਰ ਤੇ ਦੋ ਮੇਰੇ ਪੁੱਤਰ। ਘਰ ਦੇ ਕੰਮਾਂ ਨੂੰ ਔਰਤ ਮੈਂ ਇਕੱਲੀ। ਸਵੇਰੇ ਉਠ ਕੇ ਚਾਹ ਬਣਾਉਣੀ, ਦੁੱਧ ਰਿੜਕਣਾ, ਆਟਾ ਗੁੰਨ੍ਹਣਾ, ਸਾਰਿਆਂ ਨੂੰ ਉਠਾਉਣਾ, ਦੋ ਗਾਵਾਂ ਦੀ ਧਾਰ ਕੱਢਣੀ, ਪੱਠੇ ਪਾਉਣ, ਗੋਹਾ-ਕੂੜਾ ਸੁੱਟਣਾ, ਹਵੇਲੀ ਤੋਂ ਮੁੜ ਕੇ ਬੱਚਿਆਂ ਨੂੰ ਤਿਆਰ ਕਰਨਾ, ਸਾਰਿਆਂ ਨੂੰ ਨਾਸ਼ਤਾ ਕਰਾਉਣਾ, ਟਿਫਨ ਪੈਕ ਕਰਨੇ। ਬੱਚਿਆਂ ਨੂੰ ਸਕੂਲ, ਪਤੀ ਦੇਵ ਨੂੰ ਕੰਪਨੀ, ਦਿਓਰ ਨੂੰ ਕਾਲਜ ਭੇਜ ਕੇ ਘਰੇ ਰਹਿ ਜਾਂਦੇ ਮੈਂ ਤੇ ਪਾਪਾ ਜੀ। ਨਾਸ਼ਤੇ ਪਿੱਛੋਂ ਸ਼ੁਰੂ ਹੁੰਦੀ ਏ ਸਫਾਈ, ਭਾਂਡੇ, ਕੱਪੜੇ ਧੋਣੇ, ਬਾਥਰੂਮਾਂ ਦੀ ਸਫਾਈ, ਡੰਗਰਾਂ ਨੂੰ ਪਾਣੀ ਪਿਆਉਣਾ, ਫਿਰ ਦੁਪਹਿਰ ਦੀ ਰੋਟੀ। ਸਵੇਰੇ ਗਏ ਬੱਚਿਆਂ ਤੇ ਦਿਓਰ ਦੀ ਵਾਪਸੀ। ਦਾਲ ਸਬਜ਼ੀ ਦਾ ਕੰਮ, ਬੱਚਿਆਂ ਨੂੰ ਪੜ੍ਹਾਉਣਾ, ਫਿਰ ਧਾਰਾਂ ਕੱਢਣੀਆਂ, ਰੋਟੀ ਦਾ ਕੰਮ ਆਦਿ। ਇਹ ਰੋਜ਼ ਦਾ ਕੰਮ ਬਿਨਾਂ ਛੁੱਟੀ। ਇਸ ਤੋਂ ਇਲਾਵਾ ਸਾਰਿਆਂ ਦੇ ਕੱਪੜੇ ਪ੍ਰੈਸ ਕਰਨ, ਕਦੇ ਖੇਤਾਂ ਵਿੱਚ ਲੱਗੇ ਕਾਮਿਆਂ ਦੀ ਚਾਹ-ਰੋਟੀ, ਦਾਣੇ ਧੋਣੇ, ਚੁੱਲ੍ਹਾ ਬਣਾਉਣਾ, ਡੂੰਘੀਆਂ ਸਫਾਈਆਂ। ਰਿਸ਼ਤੇਦਾਰੀ ਵਿੱਚ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਆ ਜਾਵੇ ਤਾਂ ਚਾਅ ਦੀ ਥਾਂ ਫਿਕਰ ਸਤਾਉਣਾ ਲੱਗ ਜਾਂਦੈ ਕਿ ਕੰਮ ਦਾ ਤੇ ਜਾਣ ਦਾ ਕਿਵੇਂ ਸੰਭਾਲਾਂਗੀ। ਕਈ ਵਾਰ ਕੰਮ ਉਲਝ ਜਾਂਦਾ ਤਾਂ ਰੋਟੀ ਖਾਣੀ ਵੀ ਨਾ ਮਿਲਦੀ। ਮੈਂ ਪਤੀ ਦੇਵ ਜੀ ਨੂੰ ਹਸਦੀ ਹੁੰਦੀ ਹਾਂ ਕਿ ਜੇ ਕਿਤੇ ਸਾਹ ਲੈਣ ਲਈ ਸਮੇਂ ਦੀ ਲੋੜ ਹੰੁਦੀ ਤਾਂ ਮੈਂ ਬਿਨਾਂ ਸਾਹ ਲਏ ਮਰ ਜਾਣਾ ਸੀ। ਘਰ ਵਿੱਚ ਔਰਤ ਇਕੱਲੀ ਹੋਵੇ ਤਾਂ ਬਿਮਾਰ ਵੀ ਨਹੀਂ ਹੋ ਸਕਦੀ। ਸਾਰਾ ਪਰਵਾਰ ਵੇਖਦਾ ਰਹਿੰਦਾ ਏ ਕਿ ਕਦੋਂ ਉਠੇ ਤੇ ਚੁੱਲ੍ਹਾ ਬਾਲੇ।
ਨੂੰਹ, ਘਰਵਾਲੀ ਤੇ ਮਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਤੋਂ ਧੀ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਕਈ ਵਾਰ ਖੁੰਝ ਜਾਂਦੀ। ਮਾਂ ਬਾਪ ਦੇ ਘਰ ਗਈ ਨੂੰ ਆਮ ਹੀ ਤਿਨ ਚਾਰ ਮਹੀਨੇ ਹੋ ਜਾਂਦੇ। ਮਾਂ ਬਾਪ ਦੀ ਇਕੱਲੀ ਧੀ-ਰਾਣੀ। ਇੱਕ ਭਰਾ ਉਹ ਵੀ ਬਾਹਰ, ਪਰ ਮਾਂ ਦੀ ਚੰਗੀ ਸਿਖਿਆ, ‘ਧੀਏ, ਆਪਣਾ ਘਰ ਵੇਖੀਦਾ ਹੁੰਦੈ। ਫੋਨਾਂ ਤੇ ਖਬਰਸਾਰ ਹੋ ਹੀ ਜਾਂਦੇ ਏ। ਅਸੀਂ ਮਿਲ ਹੀ ਆਉਂਦੇ ਹਾਂ।’ ਜਾਣਾ ਵੀ ਕਾਹਦਾ ਜਾਣਾ। ਸਾਰਾ ਕੰਮ ਖਤਮ ਕਰ ਕੇ ਜਾਣ ਤੇ ਆ ਕੇ ਭੱਜ ਭੱਜ ਬਾਕੀ ਕੰਮ ਨਿਬੇੜਨਾ। ਉਥੇ ਮਸਾਂ ਤਿੰਨ ਜਾਂ ਚਾਰ ਘੰਟੇ ਬੈਠ ਹੋਣਾ।
ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੀ, ਜਦੋਂ ਮੇਰੀ ਮਾਂ ਵੀ ਡੋਲ ਗਈ। ਵੀਰ ਜੀ ਵਿਦੇਸ਼ੋਂ ਆਏ ਤਾਂ ਦੂਜੇ ਦਿਨ ਹੀ ਅਸੀਂ ਮਿਲਣ ਚਲੇ ਗਏ। ਵੀਰ ਜੀ ਦੀ ਸਲਾਹ ਸਾਰਾ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾਉਣ ਦੀ ਸੀ। ਉਨ੍ਹਾਂ ਨੇ ਮੇਰੇ ਨਾਲ ਤੇ ਮੇਰੇ ਪਤੀ ਨਾਲ ਸਲਾਹ ਕੀਤੀ। ਨਕਸ਼ਾ ਉਹ ਬਾਹਰੋਂ ਬਣਵਾ ਕੇ ਲਿਆਏ ਸਨ। ਅਸੀਂ ਹਾਂ ਵਿੱਚ ਹਾਂ ਮਿਲਾਈ ਤੇ ਵਾਪਸ ਆ ਗਏ। ਇੱਕ ਦੋ ਦਿਨ ਬਾਅਦ ਮਕਾਨ ਦੀ ਢਹਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਫਿਰ ਨਵਾਂ ਮਕਾਨ ਬਣਨ ਲੱਗਾ। ਦੋ ਮਹੀਨੇ ਬਾਅਦ ਲੈਂਟਰ ਪੈ ਕੇ ਤਿਆਰੀ ਸ਼ੁਰੂ ਹੋ ਗਈ। ਇਸ ਵਿੱਚ ਭਾਜੀ ਮੈਨੂੰ ਤਿੰਨ ਚਾਰ ਵਾਰ ਆ ਕੇ ਮਿਲ ਗਏ, ਪਰ ਮੇਰੇ ਕੋਲੋਂ ਨਾ ਜਾ ਹੋਇਆ। ਦੋ ਤਿੰਨ ਮਹੀਨੇ ਕੰਮ ਕਰਦੇ ਕਰਦੇ ਮਿਸਤਰੀਆਂ ਨਾਲ ਵਾਕਫੀਅਤ ਤਾਂ ਹੋ ਜਾਂਦੀ ਹੈ। ਇੱਕ ਦਿਨ ਸਵੇਰੇ ਅੱਠ ਵਜੇ ਤੋਂ ਬਾਅਦ ਮਿਸਤਰੀ ਚਾਹ ਪੀਣ ਬੈਠੇ ਸਨ, ਮੰਮੀ, ਪਾਪਾ ਜੀ ਤੇ ਵੀਰ ਜੀ ਵੀ ਕੋਲ ਹੀ ਸਨ।
ਮਿਸਤਰੀ ਨੇ ਗੱਲਾਂ ਗੱਲਾਂ ਵਿੱਚ ਪੁੱਛਿਆ ਕਿ ‘ਤੁਹਾਡਾ ਇੱਕੋ ਲੜਕਾ ਹੈ?’ ਮੰਮੀ ਨੇ ਕਿਹਾ, ‘ਨਹੀਂ ਇੱਕ ਲੜਕੀ ਵੀ ਹੈ।’ ਮਿਸਤਰੀ ਨੇ ਫਿਰ ਪੁੱਛਿਆ ‘ਕਿਤੇ ਬਾਹਰ ਵਿਆਹੀ ਹੋਣੀ ਏ?; ਮੰਮੀ ਕਹਿੰਦੇ, ‘ਨਹੀਂ, ਹੈ ਤਾਂ ਏਥੇ, ਪਰ ਥੋੜ੍ਹੀ ਦੂਰ ਵਿਆਹੀ ਹੋਈ ਏ।’ ਮਿਸਤਰੀ ਹੱਸ ਕੇ ਬੋਲਿਆ, ‘ਤਿੰਨ ਮਹੀਨੇ ਹੋ ਗਏ, ਸਾਨੂੰ ਤੁਹਾਡਾ ਘਰ ਬਣਾਉਂਦਿਆਂ ਨੂੰ। ਉਹ ਇੱਕ ਵਾਰ ਵੀ ਨਹੀਂ ਆਈ। ਮੈਂ ਤਾਂ ਅੱਜ ਤੱਕ ਇਹੋ ਵੇਖਿਆ ਕਿ ਕੁੜੀਆਂ ਸਭ ਤੋਂ ਵੱਧ ਚਾਅ ਨਾਲ ਭੱਜੀਆਂ ਆਉਂਦੀਆਂ ਨੇ, ਸੌ ਸੌ ਸਲਾਹਾਂ ਦਿੰਦੀਆਂ ਨੇ। ਏਦਾਂ ਕਰਨਾ, ਓਦਾਂ ਕਰਨਾ, ਘਰ ਦੀਆਂ ਧੀਆਂ ਦੀ ਉਂਗਲੀ ਹੀ ਸਭ ਤੋਂ ਜ਼ਿਆਦਾ ਵਜਦੀ ਹੁੰਦੀ ਏ।’ ਮਿਸਤਰੀ ਇਹ ਗੱਲਾਂ ਕਰਨ ਤੋਂ ਬਾਅਦ ਕੰਮ ਲੱਗ ਗਏ, ਪਰ ਮੰਮੀ ਦਾ ਮਨ ਉਦਾਸ ਹੋ ਗਿਆ। ਉਨ੍ਹਾਂ ਨੇ ਮੈਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸਦਿਆਂ ਗੱਚ ਭਰ ਆਇਆ। ਮੈਂ ਮਾਂ ਨੂੰ ਕਦੇ ਡੋਲਦਿਆਂ ਨਹੀਂ ਵੇਖਿਆ। ਮੇਰੇ ਕੋਲੋਂ ਗੱਲ ਵੀ ਨਾ ਹੋਈ। ਫੋਨ ਰਖਦੇ ਸਾਰ ਮੈਂ ਕੁਲਬੀਰ ਜੀ ਨੂੰ ਫੋਨ ਲਾਇਆ ਅਤੇ ਕਿਹਾ, ‘ਮੈਂ ਅੱਜ ਹੀ ਪਿੰਡ ਜਾਣੈ।’ ਉਹ ਕਹਿਣ ਲੱਗੇ, ‘ਕਿਥੇ ਬੱਸਾਂ ਵਿੱਚ ਖੱਜਲ ਹੋਵੇਂਗੀ, ਐਤਵਾਰ ਨੂੰ ਚੱਲਾਂਗੇ।’ ਮੈਂ ਕਿਹਾ, ‘ਨਹੀਂ ਮੇਰਾ ਮਨ ਬਹੁਤ ਅੱਕ ਗਿਆ ਏ। ਮੈਂ ਛੇਤੀ ਆ ਜਾਉਂਗੀ, ਪਰ ਮੈਂ ਜਾਣਾ ਅੱਜ ਹੀ ਹੈ।’ ਉਨ੍ਹਾਂ ਨੇ ਕਿਹਾ, ‘ਉਥੇ ਸਭ ਠੀਕ ਠਾਕ ਹੈ?’ ਮੈਂ ਕਿਹਾ, ‘ਹਾਂ ਸਭ ਠੀਕ ਹੈ।’ ਉਹ ਬੋਲੇ, ‘ਠੀਕ ਏ ਜੀ, ਜਾਉ ਫਿਰ।’
ਕਾਠਗੜ੍ਹ ਤੋਂ ਗੜ੍ਹਸ਼ੰਕਰ ਨੂੰ ਇੱਕ ਘੰਟਾ ਲੱਗ ਜਾਂਦਾ ਏ, ਬਸ ਵਿੱਚ। ਫਿਰ ਅੱਗੇ ਟੈਂਪੂ ਰਾਹੀਂ ਪੰਦਰਾਂ, ਵੀਹ ਮਿੰਟ ਦਾ ਪਿੰਡ ਮੋਹਣਵਾਲ ਦਾ ਰਸਤਾ, ਪਰ ਅੱਜ ਇਹ ਰਾਹ ਮਸਾਂ ਮੁੱਕਿਆ। ਜਦੋਂ ਪਹੁੰਚੀ ਤਾਂ ਮੰਮੀ ਮਿਸਤਰੀਆਂ ਲਈ ਦੁਬਾਰਾ ਚਾਹ ਬਣਾ ਰਹੇ ਸੀ। ਉਹ ਮੈਨੂੰ ਵੇਖ ਕੇ ਹੈਰਾਨ ਰਹਿ ਗਏ। ਮੈਂ ਮੰਮੀ ਨੂੰ ਬਿਨਾਂ ਬੁਲਾਏ, ਸਾਰਿਆਂ ਵੱਲ ਵੇਖਦੇ ਹੋਏ ਕਿਹਾ, ‘ਤੁਹਾਡੇ ਵਿੱਚੋਂ ਉਹ ਮਿਸਤਰੀ ਕਿਹੜਾ ਏ, ਜਿਸ ਨੇ ਮੇਰੀ ਮੰਮੀ ਨੂੰ ਰੁਆਇਆ?’ ਵਿਚਾਰਾ ਮਿਸਤਰੀ ਮੇਰਾ ਮੂੰਹ ਵੇਖੇ। ਮੰਮੀ ਕਹਿੰਦੇ, ‘ਮੇਰੀ ਧੀ ਆਈ ਏ। ਸਵੇਰੇ ਆਪਾਂ ਜੋ ਗੱਲਾਂ ਕੀਤੀਆਂ, ਮੇਰਾ ਮਨ ਭਰ ਆਇਆ। ਮੈਂ ਸਾਰੀ ਗੱਲ ਫੋਨ 'ਤੇ ਇਸ ਨੂੰ ਦੱਸ ਬੈਠੀ।’ ਉਸ ਸਮੇਂ ਮੈਂ ਮੰਮੀ ਦੇ ਗਲ ਲੱਗ ਕੇ ਬਹੁਤ ਰੋਈ। ਮੈਂ ਮਿਸਤਰੀ ਵੱਲ ਮੂੰਹ ਕਰਦੇ ਹੋਏ ਕਿਹਾ, ‘ਚੱਲ ਅੱਗੇ ਤੋਂ ਵੇਖੀਂ ਘਰ ਦੀ ਧੀ ਦੀ ਉਂਗਲੀ ਚਲਦੀ, ਮੈਂ ਕੱਢਾਂਗੀ ਤੁਹਾਡੇ ਕੀਤੇ ਕੰਮ ਵਿੱਚ ਨੁਕਸ।’ ਅੱਗੋਂ ਮਿਸਤਰੀ ਹੱਸਦਾ ਹੋਇਆ ਬੋਲਿਆ, ‘ਜੇ ਮੈਨੂੰ ਪਤਾ ਹੁੰਦਾ, ਧੀ ਨੇ ਮੇਰੇ ਮਿਹਣੇ ਮਾਰੇ ਉਤੇ ਆਉਣਾ ਸੀ ਤਾਂ ਮੈਂ ਕਈ ਚਿਰ ਪਹਿਲਾਂ ਹੀ ਮਿਹਣੇ ਮਾਰ ਦਿੰਦਾ। ਘੱਟੋ-ਘੱਟ ਮਾਂ-ਧੀ ਦਾ ਮਿਲਾਪ ਤਾਂ ਹੋ ਜਾਂਦਾ।’
ਮੈਂ ਮਾਂ ਨਾਲ ਤਿੰਨ ਚਾਰ ਘੰਟੇ ਰੱਜ ਕੇ ਗੱਲਾਂ ਕੀਤੀਆਂ। ਫਿਰ ਵੀਰ ਜੀ ਮੈਨੂੰ ਘਰ ਛੱਡ ਗਏ। ਮੇਰੇ ਸਹੁਰੇ ਬਹੁਤ ਚੰਗੇ ਨੇ। ਬੁਹਤ ਆਦਰ ਮਾਣ ਦੇਂਦੇ ਨੇ, ਇਹ ਆਂਦਰਾਂ ਜੁੜੀਆਂ ਦਾ ਮੋਹ ਹੈ, ਜਿਹੜਾ ਪਿੱਛੇ ਨੂੰ ਖਿੱਚ ਪਾਉਂਦਾ ਏ। ਧੀਆਂ ਨੂੰ ਪੇਕੇ ਬੜੇ ਪਿਆਰੇ ਹੁੰਦੇ ਨੇ। ਨੂੰਹਾਂ ਸਹੁਰੇ ਘਰਾਂ ਦੀ ਸ਼ਾਨ ਹੁੰਦੀਆਂ ਨੇ, ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਸਮਝੋ। ਰੁੱਖ ਨੂੰ ਜੇ ਇੱਕ ਵਾਰ ਪੁੱਟ ਕੇ ਦੂਜੀ ਥਾਂ ਲਾਇਆ ਜਾਵੇ, ਤਾਂ ਉਹ ਵੀ ਜ਼ਰੂਰ ਮੁਰਝਾਉਂਦਾ ਹੈ। ਇਹ ਫਿਰ ਵੀ ਖਿਆਲਾਂ, ਭਾਵਨਾਵਾਂ ਤੇ ਜਜ਼ਬਿਆਂ ਨਾਲ ਭਰਿਆ ਦਿਲ ਹੁੰਦਾ ਏ। ਧੀਆਂ ਨੇ ਮਿਲਣ ਤਾਂ ਜਾਣਾ ਹੀ ਹੁੰਦਾ ਹੈ। ਕਦੇ ਕਦੇ ਖੁਦ ਹੀ ਕਹਿ ਦਿਆ ਕਰੋ ਕਿ ‘‘ਜਾਹ ਧੀਏ, ਮਿਲ ਆ ਆਪਣੇ ਮਾਪਿਆਂ ਨੂੰ।” ਯਕੀਨ ਕਰੀਉ, ਧੀਆਂ ਲਾਡਲੀਆਂ ਲਈ ਇਸ ਤੋਂ ਵੱਡੀ ਸੌਗਾਤ ਹੋਰ ਹੋ ਹੀ ਨਹੀਂ ਸਕਦੀ।

 

Have something to say? Post your comment