Welcome to Canadian Punjabi Post
Follow us on

20

May 2019
ਨਜਰਰੀਆ

ਪਾਕਿਸਤਾਨ ਨੂੰ ਮਹਿੰਗੀ ਪਏਗੀ ਅੱਤਵਾਦ ਦੇ ਸ਼ੇਰ ਦੀ ਸਵਾਰੀ

February 25, 2019 08:44 AM

-ਸਤੀਸ਼ ਪੇਡਨੇਕਰ
ਜਮਾਤੇ-ਇਸਲਾਮੀ ਦੇ ਬਾਨੀ ਮੌਲਾਨਾ ਮੌਦੂਦੀ ਪਾਕਿਸਤਾਨ ਨੂੰ ‘ਨਾ-ਪਾਕਿਸਤਾਨ' ਕਹਿੰਦੇ ਸਨ। ਉਸ ਨੂੰ ਸਾਰਥਕ ਕਰਦਿਆਂ ਅੱਜ ਇਹ ਦੇਸ਼ ਆਤੰਕਸਤਾਨ ਬਣ ਗਿਆ ਹੈ। ਕੁਝ ਸਾਲ ਪਹਿਲਾਂ ਵਰਲਡ ਇਕੋਨਾਮਿਕ ਫੋਰਮ ਦੀ ਟ੍ਰੈਵਲ ਐਂਡ ਟੂਰਿਜ਼ਮ ਦੀ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੁਨੀਆ ਦੇ ਅਸੁਰੱਖਿਅਤ ਦੇਸ਼ਾਂ 'ਚ ਚੌਥੇ ਨੰਬਰ 'ਤੇ ਹੈ। ਅਜਿਹਾ ਹੋਣਾ ਸੁਭਾਵਿਕ ਹੈ, ਕਿਉਂਕਿ ਅੱਤਵਾਦ ਦੇ ਸ਼ੇਰ ਦੀ ਸਵਾਰੀ ਬਹੁਤ ਮਹਿੰਗੀ ਪੈਂਦੀ ਹੈ ਅਤੇ ਕਦੇ-ਕਦੇ ਤਾਂ ਜਾਨਲੇਵਾ ਵੀ ਸਿੱਧ ਹੁੰਦੀ ਹੈ। ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਇਹ ਸਵਾਰੀ ਕਰ ਰਿਹਾ ਹੈ ਅਤੇ ਉਸ ਦੀ ਭਾਰੀ ਕੀਮਤ ਵੀ ਚੁਕਾ ਰਿਹਾ ਹੈ। ਉਹ ਅੱਤਵਾਦੀਆਂ ਲਈ ਬੇਸ਼ੱਕ ਸਵਰਗ ਬਣ ਚੁੱਕਾ ਹੋਵੇ, ਉਥੋਂ ਦੇ ਨਾਗਰਿਕਾਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਕੌਮਾਂਤਰੀ ਆਬਜ਼ਰਵਰ ਮੰਨਦੇ ਹਨ ਕਿ ਅੱਤਵਾਦ ਬਾਰੇ ਪਾਕਿਸਤਾਨ ਬਹੁਰੂਪੀਏ ਦੀ ਭੂਮਿਕਾ ਨਿਭਾ ਰਿਹਾ ਹੈ। ਇਕ ਪਾਸੇ ਉਹ ਅੱਤਵਾਦ ਵਿਰੁੱਧ ਜੰਗ ਲੜਨ ਲਈ ਅਮਰੀਕਾ ਦੀ ਅਗਵਾਈ ਹੇਠ ਚੱਲਦੀ ਮੁਹਿੰਮ ਦਾ ਹਿੱਸਾ ਸੀ ਅਤੇ ਇਸ ਦੇ ਨਾਂ ਉਤੇ ਅਰਬਾਂ ਡਾਲਰ ਦੀ ਮਾਲੀ ਮਦਦ ਡਕਾਰ ਗਿਆ, ਜਦ ਕਿ ਦੂਜੇ ਪਾਸੇ ਕੌਮਾਂਤਰੀ ਅੱਤਵਾਦ ਦੇ ਮਹਾਨਾਇਕ ਲਾਦੇਨ ਨੂੰ ਆਪਣੇ ਦੇਸ਼ 'ਚ ਪਨਾਹ ਦੇ ਕੇ ਅੱਤਵਾਦ ਵਿਰੁੱਧ ਲੜਾਈ ਨਾਲ ਗੱਦਾਰੀ ਵੀ ਕਰਦਾ ਰਿਹਾ।
ਕੁਝ ਲੋਕ ਪਾਕਿਸਤਾਨ ਨੂੰ ‘ਅੱਤਵਾਦ ਦਾ ਅਜਾਇਬਘਰ' ਮੰਨਦੇ ਹਨ, ਜਿਥੇ ਕੌਮਾਂਤਰੀ ਤੋਂ ਅੰਦਰੂਨੀ ਅੱਤਵਾਦ ਤੱਕ ਹਰ ਤਰ੍ਹਾਂ ਦਾ ਅੱਤਵਾਦ ਵੱਡੀ ਗਿਣਤੀ ਵਿੱਚ ਮੌਜੂਦ ਹੈ ਅਤੇ ਕੁਝ ਲੋਕ ਮੰਨਦੇ ਹਨ ਕਿ ਪਾਕਿਸਤਾਨ ਖੁਦ ਅੱਤਵਾਦ ਦਾ ਸ਼ਿਕਾਰ ਹੋ ਰਿਹਾ ਹੈ। ਤਹਿਰੀਕੇ-ਤਾਲਿਬਾਨ ਵਰਗੇ ਪਾਕਿਸਤਾਨ ਵਿਰੋਧੀ ਅੱਤਵਾਦੀ ਟੋਲੇ ਹਜ਼ਾਰਾਂ ਲੋਕਾਂ ਦੀ ਹੱਤਿਆ ਕਰ ਚੁੱਕੇ ਹਨ। ਇਸ ਤੋਂ ਇਲਾਵ ਲੋਕਾਂ ਨੂੰ ਅਗਵਾ ਕਰਨ ਦਾ ਧੰਦਾ ਵੀ ਜ਼ੋਰਾਂ 'ਤੇ ਹੈ। ਇਕ ਪਾਸੇ ਪਾਕਿਸਤਾਨ ਸਰਕਾਰ ਅੱਤਵਾਦੀ ਧੜਿਆਂ ਨੂੰ ਸ਼ਹਿ ਦਿੰਦੀ ਹੈ, ਦੂਜੇ ਪਾਸੇ ਉਨ੍ਹਾਂ ਦੇ ਖਾਤਮੇ ਦੀ ਮੁਹਿੰਮ ਵੀ ਚਲਾਉਂਦੀ ਹੈ। ਇਸ ਦੋਗਲੀ ਭੂਮਿਕਾ ਕਾਰਨ ਹੀ ਪਾਕਿਸਤਾਨ ਦੁਨੀਆ 'ਚ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ।
ਪਾਕਿਸਤਾਨ ਅੱਤਵਾਦ ਦਾ ਖੁੱਲ੍ਹਾ ਬਾਜ਼ਾਰ ਬਣ ਚੁੱਕਾ ਹੈ, ਜਿਥੇ ਹਰ ਤਰ੍ਹਾਂ ਦੇ ਅੱਤਵਾਦੀ ਟੋਲੇ ਹਨ। ਓਥੇ ਅੱਤਵਾਦੀ ਸੰਗਠਨਾਂ ਦੀ ਜੋ ਫਸਲ ਲਹਿਰਾ ਰਹੀ ਹੈ, ਉਸ ਨੂੰ ਮੁੱਖ ਤੌਰ 'ਤੇ ਛੇ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ:
1. ਫਿਰਕੂ ਅੱਤਵਾਦੀ ਗਰੁੱਪ: ਇਸਲਾਮ ਦੇ ਵੱਖ-ਵੱਖ ਫਿਰਕਿਆਂ ਤੋਂ ਪ੍ਰੇਰਿਤ ਟੋਲੇ, ਜਿਵੇਂ ਸਿਪਾਹ-ਏ-ਸਹਾਬਾ, ਲਸ਼ਕਰ-ਏ-ਝੰਗਵੀ ਅਤੇ ਸ਼ੀਆ ਤਹਿਰੀਕ-ਏ-ਜਫਰੀਆ ਆਦਿ ਜੋ ਪਾਕਿਸਤਾਨ ਵਿੱਚ ਸ਼ੀਆ-ਸੁੰਨੀ ਜੰਗ ਲੜੀ ਜਾਂਦੇ ਹਨ। ਇਸ ਟਕਰਾਅ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। 1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਤਹਿਰੀਕ-ਏ-ਨਿਫਜ਼-ਏ-ਫਿਕਹ-ਏ-ਫਾਫੇਰੀਆ (ਟੀ ਐਨ ਐਫ) ਬਣਿਆ ਸੀ, ਜਿਸ ਦਾ ਮਕਸਦ ਸ਼ੀਆ ਮੁਸਲਮਾਨਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਸੀ। ਇਸ ਦੀ ਵਿਰੋਧ ਵਜੋਂ ਸਿਪਹ-ਏ-ਸਹਾਬਾ ਨਾਮੀ ਅੱਤਵਾਦੀ ਸੁੰਨੀ ਫਿਰਕੂ ਸੰਗਠਨ ਦੀ ਸਥਾਪਨਾ ਹੋਈ ਅਤੇ ਸਾਊਦੀ ਅਰਬ ਤੇ ਹੋਰ ਸੁੰਨੀ ਦੇਸ਼ਾਂ ਦੇ ਪੈਸੇ ਨਾਲ ਇਹ ਤੇਜ਼ੀ ਨਾਲ ਫੈਲਿਆ। ਇਹ ਸੰਗਠਨ ਮੰਗ ਕਰਨ ਲੱਗਾ ਕਿ ਸ਼ੀਆ ਮੁਸਲਮਾਨਾਂ ਨੂੰ ਘੱਟ-ਗਿਣਤੀ, ਭਾਵ ਅਹਿਮਦੀਆਂ ਵਾਂਗ ਗੈਰ ਮੁਸਲਿਮ ਐਲਾਨਿਆ ਜਾਵੇ।
ਸਿਪਾਹ-ਏ-ਸਹਾਬਾ 'ਵਿੱਚੋਂ ਇਕ ਧੜੇ ਨੇ ਲਸ਼ਕਰ-ਏ-ਝੰਗਵੀ ਨਾਂ ਦਾ ਅੱਤਵਾਦੀ ਗਰੁੱਪ ਖੜਾ ਕਰ ਲਿਆ, ਜਿਸ ਦਾ ਇਕੋ-ਇਕ ਉਦੇਸ਼ ਸ਼ੀਆ ਮੁਸਲਮਾਨਾਂ ਨੂੰ ਕਾਫਿਰ ਜਾਂ ਗੈਰ ਮੁਸਲਿਮ ਦੱਸ ਕੇ ਉਨ੍ਹਾਂ ਦੇ ਕਤਲ ਕਰਨਾ ਸੀ। ਇਸ ਦੇ ਜਵਾਬ ਵਿੱਚ ਸ਼ੀਆ ਅੱਤਵਾਦੀਆਂ ਨੇ ਸਿਪਾਹ-ਏ-ਮੁਹੰਮਦ ਨਾਂ ਦਾ ਗਰੁੱਪ ਬਣਾ ਲਿਆ। ਅਸਲ 'ਚ ਲਗਭਗ 10 ਅਜਿਹੇ ਅੱਤਵਾਦੀ ਸੰਗਠਨ ਹਨ, ਜੋ ਫਿਰਕੂ ਅੱਤਵਾਦੀ ਸੰਗਠਨਾਂ ਵਜੋਂ ਸਰਗਰਮ ਰਹਿੰਦੇ ਹਨ।
2. ਭਾਰਤ ਵਿਰੋਧੀ ਸੰਗਠਨ: ਇਨ੍ਹਾਂ ਵਿੱਚ ਮੁੱਖ ਤੌਰ 'ਤੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਗਰੁੱਪ ਹਨ, ਜੋ ਕਸ਼ਮੀਰ ਦੀ ਆਜ਼ਾਦੀ ਅਤੇ ਭਾਰਤ ਦੇ ਵਿਰੋਧ 'ਚ ਲੜਦੇ ਕਹੇ ਜਾਂਦੇ ਹਨ। ਇਨ੍ਹਾਂ ਨੂੰ ਪਾਕਿਸਤਾਨ ਸਰਕਾਰ ਤੋਂ ਸ਼ਹਿ ਪ੍ਰਾਪਤ ਅੱਤਵਾਦੀ ਸੰਗਠਨ ਕਿਹਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਨੂੰ ਪਾਕਿਸਤਾਨੀ ਫੌਜ ਤੇ ਖੁਫੀਆ ਏਜੰਸੀ ਆਈ ਐਸ ਆਈ ਦਾ ਸਮਰਥਨ ਹੈ ਅਤੇ ਇਹ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਇਨ੍ਹਾਂ ਸੰਗਠਨਾਂ ਦਾ ਮਕਸਦ ਕਸ਼ਮੀਰ ਅਤੇ ਭਾਰਤ 'ਚ ਤਬਾਹੀ ਫੈਲਾਉਣਾ ਹੈ। ਏਸੇ ਕਾਰਨ ਭਾਰਤ 'ਚ ਉੜੀ, ਪਠਾਨਕੋਟ, ਗੁਰਦਾਸਪੁਰ, ਮੁੰਬਈ ਵਰਗੇ ਵੱਡੇ ਅੱਤਵਾਦੀ ਹਮਲੇ ਹੋਏ ਹਨ।
3. ਅਫਗਾਨ ਤਾਲਿਬਾਨ: ਤਾਲਿਬਾਨ ਅੰਦੋਲਨ ਨਾਲ ਜੁੜੇ ਅੱਤਵਾਦੀ ਸੰਗਠਨ ਵੀ ਪਾਕਿਸਤਾਨ 'ਚ ਹਨ। ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਗਰੁੱਪ ਦੇ ਮੈਂਬਰ ਕਈ ਸਾਲਾਂ ਤੋਂ ਪਾਕਿਸਤਾਨ 'ਚ ਚੱਲ ਰਹੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਅਫਗਾਨਿਸਤਾਨ ਨੂੰ ਕੌਮਾਂਤਰੀ ਪ੍ਰਭਾਵ ਹੇਠੋਂ ਕੱਢ ਕੇ ਸੱਤਾ ਸੰਭਾਲਣਾ ਹੈ। ਇਸ ਧੜੇ ਦੇ ਮੁਖੀ ਜਲਾਲੂਦੀਨ ਨੇ ਸੋਵੀਅਤ ਰੂਸ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਲਿਆ ਸੀ ਤੇ 1990 ਦੇ ਦਹਾਕੇ 'ਚ ਉਹ ਤਾਲਿਬਾਨ ਨਾਲ ਮਿਲ ਗਿਆ ਸੀ। ਹੱਕਾਨੀ ਤਾਲਿਬਾਨ ਦਾ ਹੀ ਇਕ ਖੁਦਮੁਖਤਿਆਰ ਧੜਾ ਹੈ, ਪਰ ਉਹ ਇਕੱਲਾ ਵੀ ਕੰਮ ਕਰ ਸਕਦਾ ਹੈ, ਕਿਉਂਕਿ ਉਸ ਦੇ ਸੰਪਰਕ ਅਲ ਕਾਇਦਾ ਤੇ ਅਰਬ ਦੇਸ਼ਾਂ ਨਾਲ ਹਨ। ਤਾਲਿਬਾਨ ਹੱਕਾਨੀ 'ਤੇ ਨਿਰਭਰ ਹੈ, ਕਿਉਂਕਿ ਉਸ ਗਰੁੱਪ ਕੋਲ 10 ਹਜ਼ਾਰ ਦੇ ਲਗਭਗ ਅੱਤਵਾਦੀ ਹਨ। ਜਲਾਲੂਦੀਨ ਹੱਕਾਨੀ ਨੇ 1980 ਦੌਰਾਨ ਅਫਗਾਨਿਸਤਾਨ 'ਚ ਰੂਸ ਦੇ ਵਧਦੇ ਗਲਬੇ ਨੂੰ ਰੋਕਣ ਲਈ ਅਮਰੀਕਾ ਅਤੇ ਪਾਕਿਸਤਾਨ ਦੀ ਸਹਾਇਤਾ ਨਾਲ ਹੱਕਾਨੀ ਨੈਟਵਰਕ ਬਣਾਇਆ ਸੀ। ਸਾਲ 2001 'ਚ ਤਾਲਿਬਾਨ ਨੂੰ ਸੱਤਾ ਤੋਂ ਉਖਾੜਨ ਮਗਰੋਂ ਅਮਰੀਕਾ ਤਾਲਿਬਾਨ ਦੇ ਨਾਲ ਹੱਕਾਨੀ ਨੈਟਵਰਕ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ 'ਚ ਹੈ। ਇਸੇ ਕਰਕੇ ਇਸ ਸੰਗਠਨ ਦੇ ਲੜਾਕਿਆਂ ਨੇ ਅਮਰੀਕਾ ਅਤੇ ਅਫਗਾਨ ਸਰਕਾਰ ਦੇ ਸੁਰੱਖਿਆ ਬਲਾਂ 'ਤੇ ਕਈ ਹਮਲੇ ਕੀਤੇ ਹਨ। ਕਿਹਾ ਜਾਂਦਾ ਹੈ ਕਿ ਇਹ ਧੜਾ ਪਾਕਿ-ਅਫਗਾਨ ਦੇ ਸਰਹੱਦੀ ਇਲਾਕਿਆਂ ਤੋਂ ਚੱਲਦਾ ਹੈ ਤੇ ਪਿਛਲੇ ਸਾਲਾਂ ਵਿੱਚ ਅਮਰੀਕਾ ਕਈ ਵਾਰ ਇਸ ਧੜੇ ਨੂੰ ਮਦਦ ਦੇਣ ਦਾ ਦੋਸ਼ ਲਾ ਚੁੱਕਾ ਹੈ। ਇਸ ਤੋਂ ਬਿਨਾ ਗੁਲਾਬੂਦੀਨ ਹਿਕਮਤਯਾਰ ਦਾ ਅਫਗਾਨੀ ਅੱਤਵਾਦੀ ਸੰਗਠਨ ਹੈ ਹਿਜ਼ਬ-ਏ-ਇਸਲਾਮੀ, ਜਿਸ ਦੇ ਲਗਭਗ ਇਕ ਹਜ਼ਾਰ ਤੋਂ ਜ਼ਿਆਦਾ ਲੜਾਕੇ ਹਨ।
4. ਕੌਮਾਂਤਰੀ ਅੱਤਵਾਦੀ ਸੰਗਠਨ: ਕੌਮਾਂਤਰੀ ਅੱਤਵਾਦੀ ਸੰਗਠਨ ਅਲ ਕਾਇਦਾ ਦਾ ਨੇਤਾ ਓਸਾਮਾ ਬਿਨ ਲਾਦੇਨ ਆਪਣੇ ਆਖਰੀ ਦਿਨਾਂ ਤੱਕ ਪਾਕਿਸਤਾਨ 'ਚ ਰਿਹਾ। ਅਲ ਕਾਇਦਾ ਅਤੇ ਉਸ ਦੇ ਸਹਿਯੋਗੀ ਸੰਗਠਨ ਵੀ ਪਾਕਿਸਤਾਨ 'ਚ ਸਰਗਰਮ ਹਨ। ਪਿਛਲੇ ਕੁਝ ਸਾਲਾਂ 'ਚ ਆਈ ਐਸ ਆਈ ਐਸ ਦਾ ਗਰੁੱਪ ਵੀ ਪਾਕਿਸਤਾਨ 'ਚ ਸਰਗਰਮ ਹੈ। ਉਸ ਨੇ ਤਿੰਨ ਵੱਡੇ-ਵੱਡੇ ਅੱਤਵਾਦੀ ਹਮਲੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੀ ਸਹਾਇਤਾ ਨਾਲ ਕੀਤੇ ਹਨ।
5. ਪਾਕਿਸਤਾਨੀ ਤਾਲਿਬਾਨ: ਪਾਕਿਸਤਾਨ ਬੜਾ ਅਜੀਬ ਦੇਸ਼ ਹੈ। ਇਕ ਪਾਸੇ ਉਹ ਅੱਤਵਾਦ ਨੂੰ ਸ਼ਹਿ ਦਿੰਦਾ ਹੈ ਤੇ ਦੂਜੇ ਪਾਸੇ ਅੱਤਵਾਦ ਤੋਂ ਪੀੜਤ ਹੈ। ਓਥੇ ਲਸ਼ਕਰੇ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਪਾਕਿ ਫੌਜ ਅਤੇ ਆਈ ਐਸ ਆਈ ਦੇ ਇਸ਼ਾਰੇ 'ਤੇ ਭਾਰਤ 'ਚ ਵਾਰਦਾਤਾਂ ਕਰਦੇ ਹਨ, ਦੂਜੇ ਪਾਸੇ ਤਹਿਰੀਕੇ-ਤਾਲਿਬਾਨ ਵਰਗਾ ਪਾਕਿਸਤਾਨੀ ਅੱਤਵਾਦੀ ਸੰਗਠਨ ਖੁਦ ਪਾਕਿਸਤਾਨ ਵਿਰੁੱਧ ਅੱਤਵਾਦੀ ਸਰਗਰਮੀਆਂ ਕਰ ਰਿਹਾ ਹੈ ਅਤੇ ਇਹ ਕਈ ਦਿਲ ਕੰਬਾਊ ਹਮਲੇ ਕਰ ਚੁੱਕਾ ਹੈ। ਇਸ ਸੰਗਠਨ 'ਚ ਕਈ ਅੱਤਵਾਦੀ ਧੜੇ ਸ਼ਾਮਲ ਹਨ।
6. ਕੌਮੀਅਤਾਂ ਦੇ ਸੰਗਠਨ: ਇਸ ਤੋਂ ਇਲਾਵਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਰਗੇ ਕੌਮੀਅਤ ਦੀ ਲੜਾਈ ਲੜਨ ਵਾਲੇ ਸੰਗਠਨ ਵੀ ਹਨ, ਜੋ ਉਪਰਲਿਆਂ ਵਿੱਚੋਂ ਕਿਸੇ ਵੀ ਸ਼੍ਰੇਣੀ 'ਚ ਨਹੀਂ ਆਉਂਦੇ। ਬਲੋਚ ਲਿਬਰੇਸ਼ਨ ਆਰਮੀ ਦੇ ਕਮਾਂਡਰ ਅਸਲਮ ਬਲੋਚ ਦਾ ਕਹਿਣਾ ਹੈ ਕਿ ਉਸ ਵੱਲੋਂ ਪਾਕਿਸਤਾਨ ਤੇ ਚੀਨ ਵਿਰੁੱਧ ਬਲੋਚਿਸਤਾਨ 'ਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਥੇ ਚੀਨ ਦਾ ਦਖਲ ਵਧ ਰਿਹਾ ਹੈ, ਜੋ ਪਾਕਿਸਤਾਨ ਵਿਰੁੱਧ ਬਲੋਚ ਧੜੇ ਦੀ ਲੜਾਈ ਲਈ ਵੱਡਾ ਖਤਰਾ ਹੈ। ਬਲੋਚ ਲਿਬਰੇਸ਼ਨ ਆਰਮੀ ਨੇ ਪਿਛਲੇ ਦਿਨੀਂ ਲਾਹੌਰ 'ਚ ਚੀਨੀ ਦੂਤਘਰ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਸੀ ਕਿ ‘ਪਿਛਲੇ 15-20 ਸਾਲਾਂ ਤੋਂ ਬਲੋਚਿਸਤਾਨ 'ਚ ਪਾਕਿਸਤਾਨ ਦਾ ਦਖਲ ਤੇਜ਼ੀ ਨਾਲ ਵਧਿਆ ਹੈ, ਖਾਸ ਕਰਕੇ ਜਦੋਂ ਤੋਂ ਉਸ ਦਾ ਚੀਨ ਨਾਲ ਰਿਸ਼ਤਾ ਤਕੜਾ ਹੋਇਆ ਹੈ। ਸੀ ਪੀ ਈ ਸੀ ਦੇ ਨਾਂਅ ਉਤੇ ਚੀਨ ਬਲੋਚਿਸਤਾਨ ਦੇ ਸੋਮਿਆਂ ਨੂੰ ਲੁੱਟ ਰਿਹਾ ਹੈ ਤੇ ਇਸੇ ਮੈਗਾ ਪ੍ਰਾਜੈਕਟ ਦੇ ਦਮ ਉੱਤੇ ਬਲੋਚਿਸਤਾਨ ਅਤੇ ਸਿੰਧ 'ਚ ਪਾਕਿਸਤਾਨ ਤੇ ਚੀਨ ਆਪਣੀ ਫੌਜੀ ਤਾਕਤ ਵਧਾ ਰਹੇ ਹਨ।' ਜ਼ਿਕਰ ਯੋਗ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਚੀਨ ਪਾਕਿ ਆਰਥਿਕ ਗਲਿਆਰੇ (ਸੀ ਪੀ ਈ ਸੀ) ਦੇ ਕੰਮ 'ਚ ਲੱਗੇ ਚੀਨੀ ਮੁਲਾਜ਼ਮਾਂ 'ਤੇ ਕਈ ਹਮਲੇ ਕੀਤੇ ਹਨ।
ਈਰਾਨ ਨੇ ਵੀ ਪਾਕਿਸਤਾਨ ਸਰਕਾਰ ਉੱਤੇ ਅੱਤਵਾਦ ਫੈਲਾਉਣ ਦਾ ਦੋਸ਼ ਲਾਇਆ ਹੈ। ਪਿਛਲੇ ਦਿਨੀਂ ਈਰਾਨ ਰੈਵੋਲਿਊਸ਼ਨਰੀ ਗਾਰਡਸ ਦੇ 27 ਜਵਾਨਾਂ ਦੀ ਅੱਤਵਾਦੀ ਹਮਲੇ 'ਚ ਮੌਤ ਪਿੱਛੋਂ ਇਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਮੁਹੰਮਦ ਅਲੀ ਜਾਫਰੀ ਨੇ ਜੇਹਾਦੀ ਗਰੁੱਪ ਜੈਸ਼-ਅਲ-ਅਦਲ ਵੱਲ ਇਸ਼ਾਰਾ ਕਰ ਕੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੂੰ ਪਤਾ ਹੈ ਕਿ ਇਹ ਲੋਕ ਕਿੱਥੇ ਹਨ। ਇਨ੍ਹਾਂ ਨੂੰ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਦਾ ਪੂਰਾ ਸਮਰਥਨ ਹੈ। ਜਾਫਰੀ ਨੇ ਇਹ ਚਿਤਾਵਨੀ ਦਿੱਤੀ, ‘ਜੇ ਪਾਕਿ ਸਰਕਾਰ ਨੇ ਉਨ੍ਹਾਂ ਨੂੰ ਸਜ਼ਾ ਨਾ ਦਿੱਤੀ ਤਾਂ ਅਸੀਂ ਇਨ੍ਹਾਂ ਜੇਹਾਦੀ ਗਰੁੱਪਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਪਾਕਿਸਤਾਨ ਨੂੰ ਉਨ੍ਹਾਂ ਦਾ ਸਮਰਥਨ ਕਰਨ ਦਾ ਅੰਜਾਮ ਭੁਗਣਾ ਪਵੇਗਾ।'
ਇਸ ਤੋਂ ਪਹਿਲਾਂ ਚਾਬਹਾਰ ਬੰਦਰਗਾਹ 'ਤੇ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਸੁੰਨੀ ਅੱਤਵਾਦੀ ਸੰਗਠਨ ਜੁਨਦੁੱਲ੍ਹਾ ਨੇ ਲਈ ਸੀ। ਈਰਾਨ ਦਾ ਦਾਅਵਾ ਹੈ ਕਿ ਇਸ ਸੰਗਠਨ ਨੂੰ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਤੋਂ ਮਦਦ ਮਿਲਦੀ ਹੈ।
ਪਾਕਿਸਤਾਨ 'ਚ ਬਹੁਤ ਸਾਰੇ ਅਜਿਹੇ ਸੰਗਠਨ ਹਨ, ਜੋ ਪਾਕਿਸਤਾਨ ਦੀ ਫੌਜ ਅਤੇ ਆਈ ਐਸ ਆਈ ਦੇ ਇਸ਼ਾਰੇ 'ਤੇ ਵਿਦੇਸ਼ਾਂ 'ਚ ਅੱਤਵਾਦੀ ਸਰਗਰਮੀਆਂ ਕਰਦੇ ਹਨ। ਸਰਕਾਰ ਅਤੇ ਅੱਤਵਾਦੀ ਸੰਗਠਨਾਂ ਦਾ ਗੱਠਜੋੜ ਦੇਸ਼ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ।

 

Have something to say? Post your comment