Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

‘ਮੇਕ ਇਨ ਇੰਡੀਆ' ਅਤੇ ‘ਡਿਜੀਟਲ ਇੰਡੀਆ' ਦਾ ਦੂਜਾ ਪਾਸਾ

February 25, 2019 08:43 AM

-ਬਲਦੇਵ ਸਿੰਘ (ਸੜਕਨਾਮਾ)
ਟਰਾਂਸਪੋਰਟ ਕਾਰੋਬਾਰ ਨਾਲ ਸਬੰਧਤ ਹੋਣ ਕਰਕੇ ਕੋਲਕਾਤਾ ਮਹਾਂਨਗਰ ਵਿੱਚ ਮਹੀਨੇ ਵਿੱਚ ਇਕ ਦੋ ਵਾਰ ਸ਼ਮਸ਼ਾਨ ਘਾਟ ਜਾਣਾ ਹੀ ਪੈਂਦਾ ਸੀ। ਕਦੇ ਕੋਈ ਰਾਹਗੀਰ ਆਪਣੀ ਜਾਂ ਦੋਸਤ ਦੀ ਗੱਡੀ ਹੇਠਾਂ ਆ ਗਿਆ ਤਾਂ ਹਮਦਰਦੀ ਵਜੋਂ ਜਾਂ ਕੋਈ ਘਟਨਾ ਕਿਸੇ ਬੜੇ ਨੇੜਲੀ ਪਛਾਣ ਵਾਲੇ ਨਾਲ ਵਾਪਰੀ ਤਾਂ ਨਿੱਜੀ ਦੁੱਖ ਕਰਕੇ ਸ਼ਮਸ਼ਾਨਘਾਟ ਦਾ ਚੱਕਰ ਲੱਗ ਜਾਂਦਾ ਸੀ। ਜਦੋਂ ਵੀ ਕੋਲਕਾਤਾ ਦੇ ਕਾਲੀਘਾਟ ਵਾਲੇ ਸ਼ਮਸ਼ਾਨਘਾਟ ਗਿਆ, ਉਥੇ ਅਕਸਰ ਸਸਕਾਰ ਕਰਨ ਵਾਲੀਆਂ ਲਾਸ਼ਾਂ ਦੀ ਭੀੜ ਵੇਖੀ ਹੈ। ਓਥੇ ਮੁਰਦਿਆਂ ਨੂੰ ਵਾਰੀ ਦੀ ਉਡੀਕ ਕਤਾਰ ਵਿੱਚ ਲੱਗ ਕੇ ਕਰਨੀ ਪੈਂਦੀ ਹੈ। ਬਿਜਲੀ ਦੀਆਂ ਭੱਠੀਆਂ ਦਿਨ ਰਾਤ ਚੱਲਦੀਆਂ ਹਨ। ਉਂਜ ਇਕ ਪਾਸੇ ਲੱਕੜਾਂ ਨਾਲ ਸਸਕਾਰ ਕਰਨ ਦਾ ਪ੍ਰਬੰਧ ਵੀ ਹੈ, ਪਰ ਭੀੜ ਦੋਹੀਂ ਪਾਸੀਂ ਇਕੋ ਜਿਹੀ ਰਹਿੰਦੀ ਹੈ। ਹਰ ਪੰਜ ਦਸ ਮਿੰਟਾਂ ਬਾਅਦ ਕਿਸੇ ਨਾ ਕਿਸੇ ਪਾਸਿਓਂ ‘ਹਰੀ ਬੋਲ-ਹਰੀ ਬੋਲ, ਰਾਮ ਨਾਮ ਸੱਤ ਹੈ..' ਦੀਆਂ ਆਵਾਜ਼ਾਂ ਸੁਣਦੀਆਂ ਅਤੇ ਮੁਰਦਿਆਂ ਦੀ ਕਤਾਰ ਵਿੱਚ ਵਾਧਾ ਹੁੰਦਾ ਜਾਂਦਾ ਹੈ। ਅਜਿਹੀ ਥਾਂ ਆ ਕੇ ਏਨੇ ਮੁਰਦੇ ਵੇਖ ਕੇ ਰੋਂਦੇ ਕੁਰਲਾਉਂਦੇ ਸਕੇ ਸਬੰਧੀ ਵੇਖ ਕੇ ਆਪਣਾ ਦੁੱਖ ਘੱਟ ਜਾਪਦਾ ਹੈ। ਉਮਰ ਅਤੇ ਸਮਾਜ ਦੇ ਹਰ ਵਰਗ ਦੀਆਂ ਲਾਸ਼ਾਂ ਇਥੇ ਆਉਂਦੀਆਂ ਹਨ। ਕੀਮਤੀ ਦੁਸ਼ਾਲਿਆਂ ਵਿੱਚ ਲਪੇਟੀਆਂ ਹੋਈਆਂ ਵੀ ਤੇ ਜਿਨ੍ਹਾਂ ਨੂੰ ਖੱਫਣ ਨਸੀਬ ਨਹੀਂ ਹੁੰਦਾ, ਉਹ ਲਾਸ਼ਾਂ ਵੀ। ਇਥੇ ਆ ਕੇ ਬੰਦਾ ਸੋਚਦਾ ਹੈ ਕਿ ਮੌਤ ਦਾ ਜਬਾੜਾ ਬਹੁਤ ਭਿਆਨਕ ਹੈ। ਬੰਗਾਲੀ ਲੋਕ ਆਪਣੇ ਬੱਚਿਆਂ ਨੂੰ ਸ਼ਮਸ਼ਾਨਘਾਟ ਉਚੇਚਾ ਲੈ ਕੇ ਆਉਂਦੇ ਹਨ। ਸਸਕਾਰ ਕਰਨ ਦੇ ਸਿਸਟਮ ਦੀ ਬੱਚਿਆਂ ਨੂੰ ਜਾਣਕਾਰੀ ਦਿੰਦੇ ਹਨ। ਪੰਜਾਬ ਵਿੱਚ ਮਾਵਾਂ ਬੱਚਿਆਂ ਨੂੰ ਡਰਾਉਂਦੀਆਂ ਹਨ ਕਿ ਸਿਵਿਆਂ ਕੋਲੋਂ ਨਾ ਲੰਘੀਂ ਪੁੱਤ, ਭੂਤ ਮਗਰ ਲੱਗ ਜਾਣਗੇ।
ਖੈਰ ਇਕ ਵਾਰ ਆਪਣੇ ਦੋਸਤ ਦੇ ਰਿਸ਼ਤੇਦਾਰ ਦੇ ਸਸਕਾਰ ਵੇਲੇ ਕਾਲੀਘਾਟ ਸ਼ਮਸ਼ਾਨਘਾਟ ਗਿਆ ਸਾਂ। ਮੁਰਦਿਆਂ ਦੀ ਲੰਮੀ ਕਤਾਰ ਸਾਡੇ ਤੋਂ ਅੱਗੇ ਸੀ। ਮੈ ਸੁਭਾਵਕ ਹੀ ਇਹ ਸੋਚ ਕੇ ਕਿ ਕਿੰਨਾ ਸਮਾਂ ਲੱਗੇਗਾ, ਲਾਸ਼ਾਂ ਦੀ ਗਿਣਤੀ ਕਰਨ ਲੱਗਾ। ਸਾਡਾ ਚੌਦ੍ਹਵਾਂ ਨੰਬਰ ਸੀ। ਇਕ ਲਾਸ਼ ਦਾ ਸਸਕਾਰ ਕਰਨ ਲਈ 45 ਕੁ ਮਿੰਟ ਲੱਗਦੇ ਹਨ। ਇਸ ਹਿਸਾਬ ਨਾਲ ਰਾਤ ਦੇ 10 ਕੁ ਵਜੇ ਸਾਡੀ ਵਾਰੀ ਆਉਣ ਦੀ ਉਮੀਦ ਸੀ। ਅਸੀਂ ਕੁਝ ਜਣੇ ਬਾਹਰ ਖੁੱਲ੍ਹੇ ਥਾਂ ਆ ਬੈਠੇ। ਸ਼ਮਸ਼ਾਨਘਾਟ ਦੇ ਅੰਦਰ ਰੋਣ ਕੁਰਲਾਉਣ ਹੀ ਤਾਂ ਸੀ। ਉਂਜ ਵੀ ਇਥੇ ਆਇਆ ਹਰ ਮਨੁੱਖ ਸੋਚਦਾ ਹੈ, ਕਾਹਦੇ ਵਾਸਤੇ ਬੰਦਾ ਮਾਇਆ ਨੂੰ ਜੱਫੇ ਪਾਈ ਜਾਂਦੈ, ਠੱਗੀਆਂ ਮਾਰੀ ਜਾਂਦੈ, ਘਪਲੇ ਕਰੀ ਜਾਂਦੈ, ਇਕ ਪਲਾਟ ਦੋ ਪਲਾਟ, ਤਿੰਨ ਪਲਾਟ, ਸਬਰ ਈ ਨ੍ਹੀਂ। ਅੰਤ ਨੂੰ ਦੇਖ ਲਓ ਇਥੇ ਈ ਆਉਂਦੈ।
ਇਕ ਦੋਸਤ ਨੇ ਕਿਹਾ, ‘ਦੇਖ ਲੋ ਆਹ ਪਏ ਐ ਸਾਰੇ, ਹੈ ਕੋਈ ਇਨ੍ਹਾਂ ਨੂੰ ਫਿਕਰ? ਨਾ ਕਿਸ਼ਤ ਟੁੱਟੀ ਦਾ ਝੋਰਾ, ਨਾ ਟਾਇਰ ਪਾਟਣ ਦਾ ਡਰ। ਤਾਂ ਹੀ ਕਹਿੰਦੇ ਐ, ਬੰਦਾ ਪੂਰਾ ਹੋ ਗਿਆ।’
ਸਾਡੇ ਨਾਲ ਦਾ ਇਕ ਅਚਾਨਕ ਬੋਲਿਆ, ‘ਮੈਂ ਤਾਂ ਯਾਰ ਡਰੈਵਰ ਨੂੰ ਬੀਮਾ ਫੜਾ ਕੇ ਆਉਣਾ ਸੀ। ਕਾਹਲੀ 'ਚ ਮੇਰੇ ਕੋਲ ਈ ਰਹਿ ਗਿਆ। ਜੇ ਗੱਡੀ ਦਾ ਚਲਾਣ ਹੋ ਗਿਆ ਫੇਰ?' ਸਾਡੇ ਰੋਕਦਿਆਂ ਵੀ ‘ਹੁਣੇ ਆਇਆ' ਆਖ ਕੇ ਤੁਰ ਗਿਆ।
‘ਇਥੇ ਆ ਕੇ ਵੀ ਜਿਉਂਦੇ ਬੰਦੇ ਨੂੰ ਬੀਮਿਆਂ ਦਾ ਫਿਕਰ ਨ੍ਹੀਂ ਛੱਡਦਾ।' ਇਕ ਹੋਰ ਬੋਲਿਆ।
ਅਸੀਂ ਗੱਲੀਂ ਪਏ ਹੋਏ ਸਾਂ, ਸ਼ਮਸ਼ਾਨਘਾਟ ਅੰਦਰ ਅਚਾਨਕ ਰੌਲਾ ਸੁਣਿਆ। ਪਤਾ ਕੀਤਾ ਜਿਸ ਮੁਰਦੇ ਦਾ ਸਸਕਾਰ ਕਰਨ ਦੀ ਵਾਰੀ ਸੀ, ਉਸ ਦੇ ਵਾਰਸਾਂ ਦਾ ਪਤਾ ਨਹੀਂ ਸੀ ਲੱਗ ਰਿਹਾ। ਸਸਕਾਰ ਕਰਨ ਦੀ ਫੀਸ ਵਾਲੀ ਪਰਚੀ ਵੀ ਕਿਸੇ ਕੋਲ ਨਹੀਂ ਸੀ। ਉਸ ਦੇ ਬਾਅਦ ਦੀ ਲਾਸ਼ ਵਾਲੇ ਰੌਲਾ ਪਾ ਰਹੇ ਸਨ, ਇਸ ਨੂੰ ਪਾਸੇ ਹਟਾ ਕੇ ਸਾਨੂੰ ਨੰਬਰ ਦੇ ਦਿਓ, ਪਰ ਉਥੇ ਕੰਮ ਕਰਦੇ ਕਰਮਚਾਰੀ ਪਹਿਲਾਂ ਪੂਰੀ ਪੜਤਾਲ ਕਰਨੀ ਚਾਹੁੰਦੇ ਸਨ। ਬਾਅਦ ਵਾਲੇ ਜ਼ਿੱਦ ਕਰ ਰਹੇ ਸਨ। ‘ਪਹਿਲਾਂ ਸਾਡੀ ਲਾਸ਼ ਦਾ ਸਸਕਾਰ ਕਰੋ, ਫੇਰ ਇਨ੍ਹਾਂ ਨੂੰ ਲੱਭਦੇ ਰਹਿਣਾ।' ਅਸੀਂ ਹੈਰਾਨ ਸਾਂ, ਇਥੇ ਮੁਰਦਿਆਂ ਦੇ ਸਸਕਾਰ ਪਿੱਛੇ ਵੀ ਝਗੜਾ ਹੋ ਰਿਹੈ ਤੇ ਅਸੀਂ ਜਿਉਂਦੇ ਜੀ ਐਵੇਂ ਉਪਰਾਮ ਹੋਈ ਜਾਨੇ ਆਂ।
ਆਸ ਪਾਸ, ਬਾਹਰ ਲੱਕੜਾਂ ਵਾਲੇ ਸ਼ਮਸ਼ਾਨਘਾਟ ਵੱਲ ਵੀ ਮੁਰਦੇ ਦੇ ਵਾਰਸਾਂ ਨੂੰ ਲੱਭਿਆ ਗਿਆ। ਉਹ ਕਿਤੇ ਨਹੀਂ ਮਿਲੇ। ਇਸ ਤਰ੍ਹਾਂ ਸਸਕਾਰ ਨਹੀਂ ਹੋ ਸਕਣਾ। ਉਸ ਲਾਸ਼ ਨੂੰ ਕਤਾਰ ਵਿੱਚੋਂ ਹਟਾ ਕੇ ਪਾਸੇ ਰੱਖ ਦਿੱਤਾ। ਮੈਂ ਮੁਰਦਾ ਘਾਟ ਦੇ ਇਕ ਕਰਮਚਾਰੀ ਤੋਂ ਜਾਣਨਾ ਚਾਹਿਆ ‘ਇਸ ਲਾਵਾਰਿਸ ਲਾਸ਼ ਦਾ ਕੀ ਕਰੋਗੇ?'
‘ਸਵੇਰੇ ਤੱਕ ਵੇਖਾਂਗੇ। ਫਿਰ ਕਾਰਪੋਰੇਸ਼ਨ ਨੂੰ ਇਸ ਦੀ ਸੂਚਨਾ ਦਿਆਂਗੇ। ਥਾਣੇ ਰਿਪੋਰਟ ਕਰਾਂਗੇ। ਫਿਰ ਲਾਵਾਰਿਸ ਕਰਾਰ ਦੇ ਕੇ ਇਸ ਨੂੰ ਲੱਕੜਾਂ ਵਾਲੇ ਪਾਸੇ ਸਰਕਾਰੀ ਖਰਚ ਉੱਤੇ ਜਲਾ ਦਿਆਂਗੇ ਜਾਂ ਕਿਸੇ ਮੈਡੀਕਲ ਕਾਲਜ ਵਿੱਚ ਬਾਡੀ ਭੇਜ ਦਿਆਂਗੇ।' ਕਰਮਚਾਰੀ ਨੇ ਲਾਪਰਵਾਹੀ ਨਾਲ ਦੱਸਿਆ।
‘ਪਹਿਲਾਂ ਵੀ ਕਦੇ ਇਸ ਤਰ੍ਹਾਂ ਹੋਇਐ?'
‘ਅਨੇਕ ਬਾਰ ਸ਼ੋਰਦਾਰ ਜੀ। ਵਾਰਸ ਆਉਂਦੇ ਨੇ। ਮੁਰਦੇ ਨੂੰ ਜਲਾਉਣ ਦੀ ਫੀਸ ਜਮ੍ਹਾਂ ਕਰਵਾਉਣ ਜੋਗੇ ਪੈਸੇ ਵੀ ਉਨ੍ਹਾਂ ਕੋਲ ਨਹੀਂ ਹੁੰਦੇ। ਉਹ ਥੋੜ੍ਹੀ ਦੇਰ ਮੁਰਦੇ ਕੋਲ ਬੈਠ ਕੇ ਵਿਰਲਾਪ ਕਰਦੇ ਨੇ। ਉਸ ਦੇ ਸਿਰਹਾਣੇ ਧੂਫ ਬੱਤੀ ਜਲਾਉਂਦੇ ਹਨ। ਜੇ ਲਾਸ਼ਾਂ ਦੀ ਭੀੜ ਨਹੀਂ ਤਾਂ ਭੀੜ ਹੋਣ ਤੱਕ ਇੰਤਜ਼ਾਰ ਕਰਦੇ ਹਨ। ਫਿਰ ਮੁਰਦੇ ਨੂੰ ਕਤਾਰ ਵਿੱਚ ਲਗਾ ਕੇ ਇਕ-ਇਕ, ਦੋ-ਦੋ ਕਰ ਕੇ ਖਿਸਕ ਜਾਂਦੇ ਹਨ।'
ਮੇਰੇ ਭਾਰਤ ਮਹਾਨ ਦੇ ਮਹਾਂਨਗਰਾਂ ਵਿੱਚ ਜਿਥੇ ਗਗਨ ਛੂੰਹਦੀਆਂ ਇਮਾਰਤਾਂ ਦੀ ਚਕਾਚੌਂਧ ਹੈ ਜਾਂ ਸਿਰਫ 8-10 ਘਰਾਣਿਆਂ ਕੋਲ ਬਾਕੀ ਸਾਰੇ ਭਾਰਤ ਦੀ ਕੁੱਲ ਵਸੋਂ ਦੇ ਸਰਮਾਏ ਤੋਂ ਵੱਧ ਸਰਮਾਇਆ ਹੈ, ਜਿਥੇ ਸਾਡੇ ਮਹਾਨ ਨੇਤਾ ‘ਮੇਕ ਇਨ ਇੰਡੀਆ', ‘ਡਿਜੀਟਲ ਇੰਡੀਆ', ‘ਸਟੈਂਡ ਅਪ ਇੰਡੀਆ', ‘ਸਟਾਰਟ ਅਪ ਇੰਡੀਆ' ਦਾ ਰਾਗ ਅਲਾਪਦੇ ਹਨ, ਉਥੇ ਇਕ ਅਜਿਹਾ ਇੰਡੀਆ ਵੀ ਹੈ, ਜਿਨ੍ਹਾਂ ਦੇ ਘਰੀਂ ਕਈ ਵਾਰ ਇਕ ਡੰਗ ਦਾ ਚੁੱਲ੍ਹਾ ਨਹੀਂ ਬਲਦਾ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਸਦਾ ਲਈ ਵਿਛੜ ਗਏ ਪਿਆਰਿਆਂ ਨੂੰ ਲਾਵਾਰਿਸ ਛੱਡ ਕੇ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ।

Have something to say? Post your comment