Welcome to Canadian Punjabi Post
Follow us on

21

May 2019
ਸੰਪਾਦਕੀ

ਹਰਜੀਤ ਸੱਜਣ ਦੇ ਫੋਟੋ ਖਰਚਿਆਂ ਦੀ ਗਾਥਾ

February 25, 2019 08:37 AM

ਪੰਜਾਬੀ ਪੋਸਟ ਸੰਪਾਦਕੀ

ਆਖਦੇ ਹਨ ਕਿ ਇੱਕ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਦੀ ਹੁੰਦੀ ਹੈ। ਕਰੀਬ 1911 ਵਿੱਚ ਇਜਾਦ ਹੋਈ ਇਸ ਕਹਾਵਤ ਦੀ ਸਾਰਥਕਤਾ ਨੂੰ ਅਖਬਾਰਾਂ, ਰਿਪੋਰਟਾਂ, ਪੁਸਤਕਾਂ ਅਤੇ ਦਸਤਾਵੇਜ਼ਾਂ ਦੇ ਲੇਖਕਾਂ ਨੇ ਹੁਣ ਤੱਕ ਲੱਖਾਂ ਕਰੋੜਾਂ ਵਾਰ ਵਰਤ ਕੇ ਸੱਚ ਸਾਬਤ ਕੀਤਾ ਹੈ। ਹੁਣ ਇੱਕ ਵਾਰ ਦੁਬਾਰਾ ਸਾਡੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਕਹਾਵਤ ਨੂੰ ਖੁਦ ਉੱਤੇ ਲਾਗੂ ਕਰਕੇ ਸੱਚ ਸਾਬਤ ਕਰਨ ਦੀ ਨਿਮਾਣੀ ਜਿਹੀ ਕੋਸਿ਼ਸ਼ ਕੀਤੀ ਹੈ। ਸਰਕਾਰ ਦੇ ਅਧਿਕਾਰਤ ਸੂਤਰਾਂ ਤੋਂ ਹਾਸਲ ਕੀਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਬੀਤੇ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਚੱਲਦੀ ਆ ਰਹੀ ਹੈ ਕਿ ਮੰਤਰੀ ਸੱਜਣ ਨੇ ਸਾਲ 2015 ਦੇ ਆਖਰੀ ਦਿਨਾਂ ਤੋਂ ਲੈ ਕੇ ਹੁਣ ਤੱਕ 26 ਦੌਰਿਆਂ ਦੌਰਾਨ ਸਿਰਫ਼ ਅਤੇ ਸਿਰਫ਼ ਫੋਟੋਗਰਾਫੀ ਉੱਤੇ 1 ਲੱਖ 61 ਹਜ਼ਾਰ ਡਾਲਰ ਖਰਚ ਕੀਤੇ ਹਨ। ਜੇ ਔਸਤ ਕੱਢੀ ਜਾਵੇ ਤਾਂ ਇੱਕ ਦੌਰੇ ਉੱਤੇ 6200 ਡਾਲਰ ਪ੍ਰਤੀ ਦੌਰਾ ਸਿਰਫ਼ ਅਤੇ ਸਿਰਫ਼ ਫੋਟੋਗਰਾਫੀ ਦਾ ਖਰਚ ਬਣਦਾ ਹੈ।

ਚੇਤੇ ਰਹੇ ਕਿ ਇਹਨਾਂ ਖਰਚਿਆਂ ਦਾ ਰੱਖਿਆ ਵਿਭਾਗ ਦੇ ਸਰਕਾਰੀ ਫੋਟੋਗਰਾਫਰਾਂ ਦੀਆਂ ਤਨਖਾਹਾਂ ਜਾਂ ਹੋਰ ਲੋੜੀਂਦੇ ਖਰਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਆਮ ਮਾਰਕੀਤ ਵਿੱਚੋਂ ਵਿਸ਼ੇਸ਼ ਇੰਤਜ਼ਾਮ ਦੁਆਰਾ ਮੰਗਵਾਏ ਗਏ ਫੋਟੋਗਰਾਫਰਾਂ ਉੱਤੇ ਕੀਤੇ ਖਰਚੇ ਹਨ।

ਚਰਚਾ ਅਧੀਨ ਦੌਰਿਆਂ ਵਿੱਚ ਜੇ ਕੁੱਝ ਦੌਰੇ ਅੰਤਰਰਾਸ਼ਟਰੀ ਰਹੇ ਤਾਂ ਨਾਲ ਹੀ ਕੈਨੇਡਾ ਦੇ ਅੰਦਰ ਕੀਤੇ ਦੌਰੇ ਵੀ ਸ਼ਾਮਲ ਹਨ ਜਿਹਨਾਂ ਵਿੱਚ ਟੋਰਾਂਟੋ ਦੀਆਂ ਬਰੂਹਾਂ ਉੱਤੇ ਸਥਿਤ ਟਰੈਂਟਨ ਫੌਜੀ ਛਾਉਣੀ ਦਾ ਕੀਤਾ ਦੌਰਾ ਵੀ ਸ਼ਾਮਲ ਹੈ। ਇਸ ਬੇਹਿਸਾਬ ਮੰਹਿਗੀ ਫੋਟੋਗਰਾਫੀ ਦੇ ਹੱਕ ਵਿੱਚ ਲਿਬਰਲ ਸਰਕਾਰ ਦਾ ਆਖਣਾ ਹੈ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੈਨੇਡਾ ਆਪਣੇ ਅਕਸ ਨੂੰ ਵਿਸ਼ਵ ਸਟੇਜ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਨ ਵਿੱਚ ਸਫ਼ਲ ਹੋ ਰਿਹਾ ਹੈ। ਕੈਨੇਡਾ ਦਾ ਵਿਸ਼ਵ ਮੰਚ ਉੱਤੇ ਸਫ਼ਲ ਅਕਸ ਬਣਾਉਣ ਦੀ ਪ੍ਰਕਿਰਿਆ ਉੱਤੇ ਕੀਤੇ ਮਹਿੰਗੇ ਫੋਟੋਗਰਾਫੀ ਦੌਰਿਆਂ ਵਿੱਚ ਮੰਤਰੀ ਸੱਜਣ ਦਾ ਭਾਰਤ ਦੌਰਾ ਵੀ ਸ਼ਾਮਲ ਹੈ। ਇਹ ਉਹੀ ਦੌਰਾ ਸੀ ਜਿਸ ਦੌਰਾਨ ਦਿੱਲੀ ਵਿਖੇ ਇੱਕ ਉੱਚ ਪੱਧਰੀ ਸੰਮੇਲਨ ਵਿੱਚ ਉਹਨਾਂ ਨੇ ਅਫਗਾਨਸਤਾਨ ਵਿੱਚ ਆਪਣੇ ਜੰਗਜ਼ੂ ਰੋਲ ਬਾਰੇ ਗਲਤ ਤੱਥ ਪੇਸ਼ ਕਰਕੇ ਸਮੁੱਚੀ ਲਿਬਰਲ ਸਰਕਾਰ ਦਾ ਅਕਸ ਵਿਸ਼ਵ ਸਟੇਜ ਉੱਤੇ ਉਭਾਰਿਆ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹਨਾਂ ਨੂੰ ਕੈਨੇਡੀਅਨ ਫੌਜ, ਅਫਗਾਨਸਤਾਨੀ ਫੌਜ ਅਤੇ ਅਮਰੀਕੀ ਫੌਜ ਤੋਂ ਜਨਤਕ ਰੂਪ ਵਿੱਚ ਮੁਆਫੀ ਮੰਗਣੀ ਪਈ ਸੀ।

ਬੇਸ਼ੱਕ ਇਹ ਤਰਕ ਆਮ ਕੈਨੇਡੀਅਨ ਨੂੰ ਚੰਗਾ ਲੱਗੇ ਜਾਂ ਨਾ ਪਰ ਰੱਖਿਆ ਮੰਤਰੀ ਇਹ ਸਾਬਤ ਕਰਦੇ ਜਾਪਦੇ ਹਨ ਕਿ ਜੇ ਕੈਨੇਡਾ ਨੇ ਵਿਸ਼ਵ ਪੱਧਰ ਉੱਤੇ ਧਾਂਕ ਜਮਾਉਣੀ ਹੈ ਤਾਂ ਫੌਜ ਲਈ ਸਹੂਲਤਾਂ ਅਤੇ ਆਧੁਨਿਕ ਸਾਜ਼ੋ ਸਮਾਨ ਦਾ ਇੰਤਜ਼ਾਮ ਵਿੱਚ ਜੇ ਦੇਰ ਸਵੇਰ ਹੋ ਵੀ ਜਾਵੇ ਤਾਂ ਉਸਦੀ ਸੋਹਣੀਆਂ ਅਤੇ ਪ੍ਰਭਾਵਸ਼ਾਲੀ ਫੋਟੋਆਂ ਖਿਚਵਾ ਕੇ ਭਰਪਾਈ ਕੀਤੀ ਜਾ ਸਕਦੀ ਹੈ।

ਮੰਤਰੀ ਹਰਜੀਤ ਸਿੰਘ ਸੱਜਣ ਦੇ ਰਿਕਾਰਡ ਸਾਹਮਣੇ ਵਾਤਾਵਰਣ ਮੰਤਰੀ ਕੇਥਰੀਨ ਮੈਕੇਨਾ ਨੂੰ ਅੱਜ ਕਿੰਨੀ ਨਮੋਸ਼ੀ ਮਹਿਸੂਸ ਹੋ ਰਹੀ ਹੋਵੇਗੀ ਜਿਹਨਾਂ ਨੂੰ ਅਗਸਤ 2016 ਵਿੱਚ 15 ਈਵੈਂਟਾਂ ਉੱਤੇ 17000 ਡਾਲਰ ਫੋਟੋਗਰਾਫੀ ਉੱਤੇ ਖਰਚ ਕਰਨ ਬਦਲੇ ਜਤਨਕ ਰੂਪ ਵਿੱਚ ਮੁਆਫੀ ਮੰਗਣੀ ਪਈ ਸੀ। ਉਸਦਾ ਸੱਭ ਤੋਂ ਵੱਡਾ ਖਰਚਾ ਫਰਾਂਸ ਵਿੱਚ ਵਾਤਾਵਰਣ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਵਾਸਤੇ ਸੀ ਜਿੱਥੇ 6700 ਡਾਲਰ ਖਰਚੇ ਗਏ ਸਨ। ਮੰਤਰੀ ਕੇਥਰੀਨ ਮੈਕੇਨਾ ਨੇ ਕਬੂਲ ਕੀਤਾ ਸੀ ਕਿ ਉਹ ਨਹੀਂ ਸੀ ਜਾਣਦੀ ਕਿ ਫੋਟੋਗਰਾਫੀ ਉੱਤੇ ਐਨੇ ਖਰਚ ਹੋ ਸਕਦੇ ਹਨ। ਉਸਨੇ ਅੱਗੇ ਤੋਂ ਅਜਿਹੇ ਫਜੂ਼ਲ ਖਰਚਿਆਂ ਤੋਂ ਤੋਬਾ ਕਰਨ ਦੀ ਗੱਲ ਕੀਤੀ ਸੀ।

ਲਿਬਰਲ ਸਰਕਾਰ ਨੂੰ ਇਹ ਸਿਹਰਾ ਜਾਂਦਾ ਹੈ ਕਿ ਕੀਤੇ ਫਜ਼ੂਲ ਖਰਚਿਆਂ ਬਾਰੇ ਇਸਦੇ ਇੱਕ ਹੱਥ ਦੀਆਂ ਗੱਲਾਂ ਦਾ ਦੂਜੇ ਹੱਥ ਨੂੰ ਪਤਾ ਨਹੀਂ ਲੱਗਦਾ। ਨਹੀਂ ਤਾਂ ਕੀ ਕਾਰਣ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੌਰਿਆਂ ਅਤੇ ਤੋਹਫਿਆਂ, ਉਸਦੇ ਸਾਬਕਾ ਪਿ੍ਰੰਸੀਪਲ ਸਕੱਤਰ ਜੇਰਾਲਡ ਬੱਟਸ ਦੀ ਮੂਵਿੰਗ, ਅਮਰਜੀਤ ਸਿੰਘ ਸੋਹੀ ਦੇ ਦਫ਼ਤਰ ਦੀ ਸਜਾਵਟ ਅਤੇ ਹੁਣ ਹਰਜੀਤ ਸੱਜਣ ਦੇ ਫੋਟੋਗਰਾਫੀ ਵਰਗੇ ਕਿੱਸੇ ਖਤਮ ਹੋਣ ਦਾ ਨਾਮ ਤੱਕ ਨਹੀਂ ਲੈ ਰਹੇ।

ਆਪਣੇ ਕੰਮਕਾਜ ਦੀ ਜਾਣਕਾਰੀ ਪਬਲਿਕ ਨਾਲ ਸਾਂਝੀ ਕਰਨ ਵਾਸਤੇ ਸਰਕਾਰਾਂ ਨੂੰ ਮੀਡੀਆ ਅਤੇ ਸਰਕਾਰੀ ਮਾਧਿਆਮਾਂ ਰਾਹੀਂ ਦੀ ਵਰਤੋਂ ਕਰਨੀ ਹੁੰਦੀ ਹੈ ਅਤੇ ਕਰਨੀ ਵੀ ਚਾਹੀਦੀ ਹੈ। ਮੁੱਦਾ ਸਰਕਾਰ ਦੇ ਵਾਜਬ ਖਰਚਿਆਂ ਖਰਚੇ ਉੱਤੇ ਕਿੰਤੂ-ਪ੍ਰਤੂੰ ਕਰਨਾ ਨਹੀਂ ਹੈ ਸਗੋਂ ਲਿਬਰਲ ਮਸ਼ੀਨਰੀ ਦਾ ਕੈਨੇਡੀਅਨਾਂ ਦੇ ਟੈਕਸ ਡਾਲਰਾਂ ਪ੍ਰਤੀ ਸੰਵੇਦਨਸ਼ੀਲ ਨਾ ਹੋਣ ਬਾਰੇ ਹੈ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ