ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਕਨੇਡਾ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਦੀ ਜਿੰਦਗੀ ਤੇ ਜੀ ਡੀ ਫਿਲਮ ਪ੍ਰੋਡੱਕਸ਼ਨ ਅਤੇ ਮੋਗਾ ਫਿਲਮ ਸਟੂਡੀਓ ਵਲੋਂ ਹਾਸੇ ਮਖੌਲ ਨਾਲ ਭਰਪੂਰ ਇੱਕ ਫਿਲਮ ਬਣਾਈ ਜਾ ਰਹੀ ਹੈ, ਜੋ ਉਨ੍ਹਾਂ ਦੀਆਂ ਨਿੱਤ ਪ੍ਰਤੀ ਦਿਨ ਦੀਆਂ ਮੁਸ਼ਕਲਾਂ, ਖੁਸ਼ੀਆਂ ਤੇ ਗਮੀਆਂ ਦੀ ਗੱਲ ਕਰੇਗੀ। ਬੀਤੇ ਦਿਨੀ ਇਸ ਫਿਲਮ ਦੇ ਕਲਾਕਾਰਾਂ ਦੀ ਚੋਣ ਲਈ ਬਾਲੀਵੁੱਡ ਦੇ ਪ੍ਰਸਿੱਧ ਫਿਲਮ ਨਿਰਦੇਸ਼ਕ ਸਿ਼ਵਮ ਵਰਮਾ ਦੀ ਅਗਵਾਈ ਹੇਠ ਜੀ ਡੀ ਫਿਲਮ ਪ੍ਰੋਡੱਕਸ਼ਨ ਅਤੇ ਮੋਗਾ ਫਿਲਮ ਸਟੂਡੀਓ ਦੇ ਜੱਸੀ ਢੰਡੀਆਂ ਸੰਧੂ ਵਲੋਂ ਬਰੈਂਪਟਨ ਅਤੇ ਆਸ ਪਾਸ ਦੇ ਕਲਾਕਾਰਾਂ ਅਤੇ ਫਿਲਮਾਂ ‘ਚ ਕੰਮ ਕਰਨ ਦੇ ਚਾਹਵਾਨਾਂ ਲਈ ਫਿਲਮ ਆਡੀਸ਼ਨ (ਸਕਰੀਨ ਟੈਸਟ) ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਫਿਲਮ ਸਿ਼ਵਮ ਸ਼ਰਮਾ ਦੇ ਨਿਰਦੇਸ਼ਨ ਹੇਠ ਬਰੈਂਪਟਨ ਦੇ ਆਸ-ਪਾਸ ਖੇਤਰਾਂ ਵਿਚ ਫਿਲਮਾਈ ਜਾਵੇਗੀ। ਜਿਨ੍ਹਾਂ ਕਲਾਕਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਉਨ੍ਹਾਂ ਵਿਚ ਫਿਲਮੀ ਅਦਾਕਾਰਾਂ ਬੀ ਐਨ ਸ਼ਰਮਾ, ਸੰਜੇ ਮਿਸ਼ਰਾ, ਹਰਗੀ ਸੰਘਾ ਅਤੇ ਜੱਸੀ ਢੰਡੀਆਂ ਸ਼ਾਮਿਲ ਹਨ। ਇਸ ਫਿਲਮ ‘ਚ ਮੁੱਖ ਕਿਰਦਾਰ ਬਰੈਂਪਟਨ ਨਿਵਾਸੀ ਅਰਸ਼ ਚਾਵਲਾ ਨਿਭਾਉਣਗੇ ਜਦਕਿ ਗੀਤ ਸੰਗੀਤ ਨਛੱਤਰ ਗਿੱਲ ਅਤੇ ਰਣਜੀਤ ਬਾਵਾ ਦਾ ਹੋਵੇਗਾ। ਇਸ ਫਿਲਮ ਦੇ ਜੂਨ ਤੱਕ ਮੁਕੱਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਜਰਮਨ ਢੰਡੀਆ ਸੰਧੂ, ਜੋਤੀ ਸ਼ਰਮਾ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।