Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸਾਦਗੀ ਦੇ ਰੰਗ

February 21, 2019 08:17 AM

-ਮਹਿੰਦਰ ਸਿੰਘ ਦੋਸਾਂਝ
ਦੇਸ਼ ਅਤੇ ਸਮਾਜ ਅੰਦਰ ਸਾਦਗੀ ਦਾ ਸੱਭਿਆਚਾਰ ਖਤਮ ਹੋ ਰਿਹਾ ਹੈ। ਇਹ ਧਾਰਨਾ ਜ਼ੋਰ ਫੜਦੀ ਜਾਂਦੀ ਹੈ ਕਿ ਆਧੁਨਿਕ ਫੈਸ਼ਨ ਅਨੁਸਾਰ ਤਿਆਰ ਕੀਤੇ ਕੱਪੜੇ ਤੇ ਗਹਿਣੇ ਪਹਿਨਣ ਅਤੇ ਮਹਿੰਗੀਆਂ ਕਾਰਾਂ ਵਿੱਚ ਪਹੁੰਚਣ ਵਾਲਿਆਂ ਨੂੰ ਲੋਕ ਵਧੇਰੇ ਸਤਿਕਾਰਦੇ ਹਨ। ਅਸਲ ਵਿੱਚ ਇਹ ਧਾਰਨਾ ਮੁੱਢੋਂ ਹੀ ਨਿਰਾਰਥਕ ਹੈ। ਅਜਿਹੇ ਵਸੀਲੇ ਵਰਤਣ ਵਾਲਿਆਂ ਨੂੰ ਓਪਰੀ ਸੂਝ ਵਾਲਿਆਂ ਤੋਂ ਸ਼ਾਇਦ ਵਕਤੀ ਸਤਿਕਾਰ ਮਿਲ ਜਾਵੇ, ਸੂਝਵਾਨ ਤੇ ਲੰਮੀ ਦਿ੍ਰਸ਼ਟੀ ਵਾਲੇ ਬਾਹਰੀ ਚਮਕ ਦਮਕ ਨੂੰ ਕਦੇ ਮਹੱਤਵ ਨਹੀਂ ਦੇਣਗੇ। ਸਾਦਗੀ ਵਾਲੇ ਜੀਵਨ ਵਿੱਚ ਵਿਚਰਦਿਆਂ ਜਿਹੜੇ ਲੋਕ ਆਪਣੀ ਸ਼ਖਸੀਅਤ ਵਿੱਚ ਖਿੱਚ ਦੇ ਗੁਣ ਰੱਖਦੇ ਹਨ ਤੇ ਕਿਸੇ ਖੇਤਰ ਵਿੱਚ ਕੋਈ ਵਿਸ਼ੇਥਸ਼ ਪ੍ਰਾਪਤੀ ਕਰਦੇ ਹਨ, ਉਹ ਪਿਆਰੇ ਤੇ ਸਤਿਕਾਰੇ ਜਾਂਦੇ ਹਨ।
ਆਪਣੇ ਜੀਵਨ ਅੰਦਰ ਸਾਦਗੀ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕਰਦਾ ਹਾਂ। ਪੰਜਾਬ ਦਾ ਗਵਰਨਰ ਭਾਵੇਂ ਕੋਈ ਵੀ ਹੋਵੇ, 1986 ਤੋਂ 15 ਅਗਸਤ ਅਤੇ 26 ਜਨਵਰੀ ਵਾਲੇ ਦਿਨ, ਸ਼ਾਮ ਨੂੰ ਉਸ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਸੱਦਾ ਆਉਂਦਾ ਰਿਹਾ ਹੈ। 15 ਅਗਸਤ ਦਾ ਦਿਨ ਸੀ। ਸ਼ਾਮ ਦੀ ਪਾਰਟੀ ਲਈ ਮੈਨੂੰ ਅਤੇ ਮੇਰੀ ਪਤਨੀ ਨੂੰ ਰਾਜ ਭਵਨ ਦਾ ਸੱਦਾ ਮਿਲਿਆ ਅਤੇ ਅਸੀਂ ਉਥੇ ਜਾਣ ਲਈ ਤਿਆਰੀ ਕਰ ਲਈ। ਉਨ੍ਹੀਂ ਦਿਨੀਂ ਮੇਰੇ ਲੇਖਕ ਮਿੱਤਰ ਮਸੂਦ ਚੌਧਰੀ, ਲਾਹੌਰ ਹਾਈ ਕੋਰਟ ਵਿੱਚ ਸੀਨੀਅਰ ਵਕੀਲ, ਦੀ ਪਤਨੀ ਨੇ ਮੇਰੀ ਪਤਨੀ ਨੂੰ ਸੂਟ ਸਿਲਾਉਣ ਲਈ ਕੀਮਤੀ ਤੇ ਸ਼ੁੱਧ ਖੱਦਰ ਭੇਜਿਆ। ਮੇਰੀ ਪਤਨੀ ਨੇ ਰੀਝ ਨਾਲ ਸੂਟ ਬਣਵਾ ਲਿਆ ਤੇ ਰਾਜ ਭਵਨ ਜਾਣ ਲਈ 15 ਅਗਸਤ ਨੂੰ ਇਹ ਸੂਟ ਪਹਿਨ ਲਿਆ। ਮੈਂ ਸਾਦੇ ਕੱਪੜੇ ਦੀ ਕਮੀਜ਼ ਤੇ ਪਜਾਮਾ ਪਾ ਲਿਆ। ਇਹ ਦੇਖ ਕੇ ਸਾਡੀਆਂ ਪੋਤੀਆਂ ਜਜ਼ਬਾਤੀ ਹੋ ਕੇ ਕਹਿਣ ਲੱਗੀਆਂ- ‘ਬੜੇ ਪਾਪਾ! ਇਹ ਕੀ ਕਰਦੇ ਓ? ਉਥੇ ਲੋਕ ਕੀਮਤੀ-ਕੀਮਤੀ ਕੱਪੜੇ ਤੇ ਟਾਈਆਂ ਪੈਂਟਾਂ ਪਾ ਕੇ ਆਏ ਹੋਣਗੇ। ਵੱਡੇ-ਵੱਡੇ ਅਫਸਰ, ਮੰਤਰੀ ਤੇ ਮੁੱਖ ਮੰਤਰੀ ਆਏ ਹੋਣਗੇ, ਚੰਗੇ ਲੱਗਣਗੇ ਉਥੇ ਤੁਹਾਡੇ ਇਹ ਕੱਪੜੇ?’
ਮੇਰੀ ਪਤਨੀ ਦਾ ਸੰਖੇਪ ਜਿਹਾ ਉਤਰ ਸੀ- ‘ਸਾਡੀ ਸਾਦਗੀ ਬਣੀ ਰਹਿਣ ਦਿਓ। ..ਤੇ ਅਸੀਂ ਚੰਡੀਗੜ੍ਹ ਲਈ ਚੱਲ ਪਏ। ਸ਼ਾਮ 5.30 ਵਜੇ ਪਾਰਟੀ ਸ਼ੁਰੂ ਹੋਈ। ਬੈਂਡ ਰਾਹੀਂ ਰਾਸ਼ਟਰੀ ਗੀਤ ਦੀਆਂ ਧੁਨਾਂ ਨਾਲ ਗਵਰਨਰ ਤੇ ਉਹਦਾ ਪਰਵਾਰ ਬਾਹਰ ਆਇਆ। ਮੇਰੀ ਪਤਨੀ ਥਕੇਵਾਂ ਮਹਿਸੂਸ ਕਰਕੇ ਰਾਜ ਭਵਨ ਦੇ ਪਾਰਕ ਵਿੱਚ ਇਕ ਬਿਰਛ ਦੀ ਛਾਂ ਹੇਠ ਪਈ ਕੁਰਸੀ 'ਤੇ ਬੈਠ ਗਈ। ਗਵਰਨਰ ਦੀ ਪਤਨੀ ਜੀਨ ਰੌਂਡਰਿਗਜ਼ ਨੇ ਦੇਖਿਆ ਤਾਂ ਉਹ ਆਪਣੀ ਧੀ ਨੂੰ ਨਾਲ ਲੈ ਕੇ ਮੇਰੀ ਪਤਨੀ ਕੋਲ ਪਹੁੰਚੀ ਤੇ ਕਹਿਣ ਲੱਗੀ- ‘ਬਹਿਨ ਜੀ, ਆਪ ਯਹਾਂ ਅਕੇਲੇ ਕਿਉਂ ਬੈਠੇ ਓ? ਆਓ ਹਮਾਰੇ ਸਾਥ ਜਸ਼ਨ ਮੇਂ ਭਾਗ ਲੋ।’ ...ਤੇ ਫਿਰ ਜਸ਼ਨ ਖਤਮ ਹੋਣ ਤੱਕ ਗਵਰਨਰ ਦੀ ਪਤਨੀ ਤੇ ਧੀ ਨੇ ਉਸ ਨੂੰ ਨਾਲ ਹੀ ਰੱਖਿਆ।
ਘਰ ਆ ਕੇ ਮੇਰੀ ਪਤਨੀ ਨੇ ਆਪਣੀਆਂ ਪੋਤੀਆਂ ਨੂੰ ਕਲਾਵੇ ਵਿੱਚ ਲੈ ਕੇ ਰਾਜ ਭਵਨ ਵਾਲੀ ਇਹ ਕਹਾਣੀ ਸੁਣਾ ਕੇ ਕਿਹਾ- ‘ਦੇਖਿਆ! ਸਾਦਗੀ ਦਾ ਵੀ ਕਿੱਡਾ ਮਹੱਤਵ ਹੁੰਦਾ ਹੈ?’
ਇਕ ਹੋਰ ਘਟਨਾ ਯਾਦ ਆ ਰਹੀ ਹੈ। ਮੈਂ ਆਪਣੇ ਖੇਤੀ ਫਾਰਮ 'ਤੇ ਟੋਕਰੇ ਵਿੱਚ ਪਾ ਕੇ ਪਸ਼ੂਆਂ ਦਾ ਗੋਹਾ ਰੂੜੀ 'ਤੇ ਸੁੱਟ ਰਿਹਾ ਸਾਂ। ਉਥੇ ਮੇਰੇ ਪਿੰਡ ਦੇ ਤਿੰਨ ਚਾਰ ਬੰਦੇ ਨਿਕਲ ਆਏ। ਉਨ੍ਹਾਂ ਵਿੱਚੋਂ ਇਕ ਬੰਦੇ ਨੇ ਮੇਰੇ ਹੱਥ ਵਿੱਚੋਂ ਗੋਹੇ ਦਾ ਟੋਕਰਾ ਖੋਹ ਕੇ ਜਜ਼ਬਾਤੀ ਹੋ ਕੇ ਮੈਨੂੰ ਕਿਹਾ- ‘ਇਹ ਕੀ ਕਰ ਰਹੇ ਹੋ! ਇਹ ਨੌਕਰਾਂ ਚਾਕਰਾਂ ਦੇ ਕੰਮ ਆ। ਤੁਸੀਂ ਇਲਾਕੇ ਦੇ ਗਿਣਤਕਾਰ ਬੰਦੇ ਹੋ ਕੇ ਇੱਦਾਂ ਦਾ ਘਟੀਆ ਕੰਮ ਕਰਦੇ ਓ? ਤੁਹਾਨੂੰ ਮਿਲਣ ਲਈ ਵੱਡੇ-ਵੱਡੇ ਲੋਕ ਆਏ ਰਹਿੰਦੇ ਆ! ਜੇ ਅੱਜ ਕੋਈ ਇਥੇ ਆ ਜਾਵੇ ਤਾਂ ਤੁਹਾਨੂੰ ਇੱਦਾਂ ਦੀ ਹਾਲਤ ਵਿੱਚ ਦੇਖ ਕੇ ਕੀ ਸੋਚੂ?’
ਮੈਂ ਠਰ੍ਹੰਮੇ ਨਾਲ ਸਮਝਾਇਆ- ‘ਮੈਂ ਜਦੋਂ ਵੀ ਚੰਡੀਗੜ੍ਹ ਜਾਂ ਹੋਰ ਕਿਤੇ ਸੱਤਾਧਾਰੀ ਨੇਤਾ ਤੇ ਵੱਡੇ ਅਧਿਕਾਰੀਆਂ ਨੂੰ ਮਿਲਣ ਲਈ ਬਾਹਰੋਂ ਕਾਗਜ਼ ਦੀ ਸਲਿੱਪ 'ਤੇ ਆਪਣਾ ਨਾਂ ਲਿਖ ਕੇ ਭੇਜਦਾ ਹਾਂ ਤਾਂ ਇਨ੍ਹਾਂ ਵੱਡੇ ਲੋਕਾਂ ਵਿੱਚੋਂ ਉਹ ਲੋਕ ਹੀ ਆਪਣੀ ਕੁਰਸੀ ਤੋਂ ਉਠ ਕੇ ਜੱਫੀ ਪਾ ਕੇ ਮੈਨੂੰ ਮਿਲਦੇ ਹਨ, ਜਿਨ੍ਹਾਂ ਨੇ ਮੈਨੂੰ ਆਪਣੇ ਖੇਤਾਂ ਵਿੱਚ ਪਾਟੇ ਅਤੇ ਪਸੀਨੇ ਨਾਲ ਭਿੱਜੇ ਕੱਪੜੇ ਪਾ ਕੇ ਕਪਾਹ ਗੁੱਡਦਿਆਂ ਗੋਡਿਆਂ ਤੱਕ ਮਿੱਟੀ ਨਾਲ ਲਿੱਬੜੀਆਂ ਲੱਤਾਂ ਨਾਲ ਖੇਤਾਂ ਵਿੱਚ ਹਲ ਵਾਹੁੰਦਿਆਂ ਅਤੇ ਸਿਰ 'ਤੇ ਟੋਕਰੇ ਵਿੱਚ ਪਸ਼ੂਆਂ ਦਾ ਗੋਹਾ ਚੁੱਕਦੇ ਨੂੰ ਦੇਖਿਆ ਹੈ।’
ਇਹ ਗੱਲਾਂ ਕਰਦਿਆਂ ਅਚਾਨਕ ਤੇ ਇਤਫਾਕ ਨਾਲ ਵਾਪਰੀ ਇਕ ਹੋਰ ਘਟਨਾ ਨਾਲ ਮੇਰੀਆਂ ਗੱਲਾਂ ਦੀ ਪੁਸ਼ਟੀ ਵੀ ਹੋ ਗਈ। ਮੇਰੇ ਲੇਖਕ ਮਿੱਤਰ ਤੇ ਓਦੋਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਗੁਰਚਰਨ ਸਿੰਘ ਅਚਾਨਕ ਮੈਨੂੰ ਮਿਲਣ ਆ ਗਏ ਤੇ ਕਾਰ ਵਿੱਚੋਂ ਨਿਕਲ ਕੇ ਘੁੱਟਵੀਂ ਜੱਫੀ ਪਾ ਕੇ ਬੋਲੇ- ‘ਬਈ ਵਾਹ! ਅੱਜ ਦੇਖਿਆ ਤੁਹਾਨੂੰ ਮਾਣ-ਮੱਤੇ ਰੂਪ 'ਚ! ਸੱਚਮੁੱਚ ਤੁਸੀਂ ਜੋ ਲਿਖਦੇ ਓ, ਉਸ ਮੁਤਾਬਕ ਜਿਉਂਦੇ ਵੀ ਓ।’
ਇਕ ਵਾਰੀ ਇਲਾਕੇ ਦੇ ਨਾਮਵਰ ਕਾਲਜ ਦੇ ਸਮਾਗਮ ਵਿੱਚ ਇਕ ਸੱਤਾਧਾਰੀ ਨੇਤਾ ਨੂੰ ਮੁੱਖ ਮਹਿਮਾਨ ਅਤੇ ਮੈਨੂੰ ਵਿਸ਼ੇਸ਼ ਮਹਿਮਾਨ ਦੀ ਹੈਸੀਅਤ ਵਿੱਚ ਬੁਲਾਇਆ ਗਿਆ। ਨੇਤਾ ਜੀ ਮੇਰੇ ਅੱਗੇ-ਅੱਗੇ ਮਹਿੰਗੀ ਕਾਰ ਵਿੱਚ ਬੈਠ ਕੇ ਉਥੇ ਪਹੁੰਚੇ ਤੇ ਉਨ੍ਹਾਂ ਦੇ ਨਾਲ ਜੁੜੀ ਭੀੜ ਦੇ ਮਗਰ ਜਾਂਦਾ ਕਮੀਜ਼ ਪਜਾਮਾ ਪਾ ਕੇ ਮੈਂ ਵੀ ਸਾਈਕਲ ਉੱਤੇ ਆ ਕੇ ਸਭ ਤੋਂ ਪਿੱਛੇ ਲੱਗੀਆਂ ਕੁਰਸੀਆਂ ਵਿੱਚੋਂ ਇਕ ਕੁਰਸੀ 'ਤੇ ਬੈਠ ਗਿਆ। ਨੇਤਾ ਜੀ ਦੇ ਨਾਲ ਚਾਰ ਪੰਜ ਹੋਰ ਉਹਦੇ ਕਰੀਬੀ ਤੇ ਜੂਨੀਅਰ ਨੇਤਾ ਸਟੇਜ 'ਤੇ ਜਾ ਚੜ੍ਹੇ। ਸਟੇਜ 'ਤੇ ਕੁਰਸੀਆਂ ਘੱਟ ਸਨ। ਇਨ੍ਹਾਂ ਵਿੱਚੋਂ ਦੋ ਤਿੰਨ ਜਣੇ ਸੀਨੀਅਰ ਨੇਤਾ ਦੀ ਕੁਰਸੀ ਦੀਆਂ ਬਾਹਾਂ 'ਤੇ ਬੈਠ ਕੇ ਨੇਤਾ ਜੀ ਨਾਲ ਫੋਟੋਆਂ ਖਿਚਵਾਉਣ ਲੱਗ ਪਏ। ਫਿਰ ਕਿਤੇ ਸਮਾਗਮ ਸੰਚਾਲਕਾਂ ਵਿੱਚੋਂ ਕਿਸੇ ਦੀ ਝਾਤ ਮੇਰੇ 'ਤੇ ਪਈ ਤੇ ਮਾਇਕ ਤੋਂ ਕਿਹਾ - ‘ਮਹਿੰਦਰ ਸਿੰਘ ਦੋਸਾਂਝ ਸਾਡੇ ਸਮਾਗਮ ਵਿੱਚ ਆਏ ਹਨ, ਉਨ੍ਹਾਂ ਦਾ ਸਵਾਗਤ ਹੈ, ਉਨ੍ਹਾਂ ਨੂੰ ਪਿੱਛਿਓਂ ਕੁਰਸੀ ਤੋਂ ਉਠਾਲ ਕੇ ਸਟੇਜ 'ਤੇ ਲਿਆਂਦਾ ਜਾਵੇ।’
ਸਮਾਗਮ ਵਿੱਚ ਸਬੰਧਤ ਵਿਸ਼ੇ 'ਤੇ ਨੇਤਾ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ, ਅਤੇ ਮੈਂ ਵੀ। ਸਟੇਜ ਤੋਂ ਉਤਰੇ ਤਾਂ ਸਮਾਗਮ ਵਿੱਚ ਸ਼ਾਮਲ ਅਨੇਕਾਂ ਸੂਝਵਾਨ ਲੋਕ ਮੈਨੂੰ ਜੱਫੀਆਂ ਪਾ ਕੇ ਮਿਲੇ ਤੇ ਮੇਰੇ ਦਸਖਤ ਲੈਣ ਲਈ ਵਿਦਿਆਰਥੀਆਂ ਦੀ ਭੀੜ ਮੇਰੇ ਦੁਆਲੇ ਜੁੜ ਗਈ।

Have something to say? Post your comment