ਕੁਰਾਲੀ, 20 ਫਰਵਰੀ (ਪੋਸਟ ਬਿਊਰੋ)- ਪੰਜਾਬੀ ਗਾਇਕ ਮਨਿੰਦਰ ਮੰਗਾ ਦਾ ਕੱਲ੍ਹ ਪੀ ਜੀ ਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਕਰੀਬ ਡੇਢ ਦਰਜਨ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਮਨਿੰਦਰ ਮੰਗਾ ਦੀ ਮੌਤ ਦੀ ਖਬਰ ਪਿੰਡ ਖਿਜ਼ਰਾਬਾਦ ਪੁੱਜਦਿਆਂ ਹੀ ਲੋਕ ਉਨ੍ਹਾਂ ਦੇ ਘਰ ਇਕੱਠੇ ਹੋ ਗਏ। ਉਸ ਦਾ ਅੰਤਿਮ ਸਸਕਾਰ ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੀ ਵੱਡੀ ਪੁੱਤਰੀ ਤੇ ਭੈਣ ਨੇ ਉਸ ਦੀ ਚਿਖਾ ਨੂੰ ਅਗਨੀ ਦਿੱਤੀ।
ਮੰਗਾ ਵੱਲੋਂ ਗਾਏ ਗੀਤ ‘ਜਿਪਸੀ', ‘ਚਾਦਰਾਂ', ‘ਸਿਰਨਾਵੇਂ ਪਰੀਆਂ ਦੇ', ‘ਲਲਕਾਰਾ', ‘ਪੂਣੀਆਂ', ‘ਪੜ੍ਹਾਈ' ਅਤੇ ‘ਸਹੁਰਿਆਂ ਦੀ ਮੁੰਦੀ' ਖੂਬ ਮਕਬੂਲ ਹੋਏ ਸਨ। ਬੁਲੰਦ ਆਵਾਜ਼ ਦੇ ਮਾਲਕ ਮਨਿੰਦਰ ਮੋਗਾ ਨੇ ਕਰੀਬ ਡੇਢ ਦਹਾਕੇ ਤੱਕ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਅਕਤੂਬਰ 2014 ਵਿੱਚ ਇਕ ਸਾਥੀ ਮਹਿਲਾ ਕਲਾਕਾਰ ਵੱਲੋਂ ਮੁਹਾਲੀ ਪੁਲਸ ਕੋਲ ਦਰਜ ਕਰਵਾਏ ਕੇਸ ਦਾ ਸਾਹਮਣਾ ਕਰਨ ਕਰਕੇ ਗਾਇਕ ਮੰਗਾ ਕੁਝ ਸਮੇਂ ਤੋਂ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਸੀ ਤੇ ਉਸ ਨੂੰ ਅਚਾਨਕ ਜਿਗਰ ਦੇ ਇਨਫੈਕਸ਼ਨ ਨੇ ਘੇਰ ਲਿਆ ਸੀ। ਇਹ ਬਿਮਾਰੀ ਅਖੀਰ ਉਸ ਦੀ ਮੌਤ ਦਾ ਕਾਰਨ ਬਣੀ। ਮਨਿੰਦਰ ਮੰਗਾ ਪਹਿਲਾਂ ਲੁਧਿਆਣਾ ਦੇ ਇਕ ਹਸਪਤਾਲ ਵਿੱਚ ਦਾਖਲ ਰਿਹਾ, ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿਥੇ ਕੱਲ੍ਹ ਉਸ ਨੇ ਆਖਰੀ ਸਾਹ ਲਿਆ। ਮਨਿੰਦਰ ਮੰਗਾ ਦੇ ਪਰਵਾਰ ਵਿੱਚ ਪਤਨੀ, ਮਾਂ, ਭੈਣ ਤੇ ਦੋ ਬੇਟੀਆਂ ਹਨ।