Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਨਿਊਜ਼ ਚੈਨਲਾਂ ਨੂੰ ‘ਤਮਾਸ਼ਾ' ਨਾ ਬਣਾਓ

February 19, 2019 09:02 AM

-ਐਨ ਕੇ ਸਿੰਘ
ਪਿਛਲੇ ਹਫਤੇ ਫਿਰ ਇਕ ਨਿਊਜ਼ ਚੈਨਲ ਦੇ ਐਡੀਟਰ-ਐਂਕਰ ਨੂੰ ਇਕ ਸਿਆਸੀ ਪਾਰਟੀ ਦੇ ਬੁਲਾਰੇ ਨੇ ਲਾਈਵ ਸਟੂਡੀਓ ਬਹਿਸ ਦੌਰਾਨ ਭੱਦੀਆਂ ਗਾਲ੍ਹਾਂ ਕੱਢੀਆਂ। ਪੂਰਾ ਸਮਾਜ ਇਸ ਸਮੇਂ ਨਿਊਜ਼ ਚੈਨਲਾਂ ਨੂੰ ਅਸਿੱਧੀ ਨਫਰਤ ਅਤੇ ਪ੍ਰਤੱਖ ਨਫਰਤ ਦੀ ਭਾਵਨਾ ਨਾਲ ਦੇਖ ਰਿਹਾ ਹੈ। ਉਂਝ ਦੇਸ਼ ਦੀ ਹਰ ਰਸਮੀ ਜਾਂ ਗੈਰ ਰਸਮੀ, ਸੰਵਿਧਾਨਿਕ ਜਾਂ ਸਮਾਜਿਕ, ਧਾਰਮਿਕ ਜਾਂ ਨਿੱਜੀ ਸੰਸਥਾ ਉਤੋਂ ਲੋਕਾਂ ਦਾ ਭਰੋਸਾ ਘਟਿਆ ਹੈ, ਪਰ ਜਿੰਨੀ ਬੇਯਕੀਨੀ ਮੀਡੀਆ, ਖਾਸ ਕਰਕੇ ਨਿਊਜ਼ ਚੈਨਲਾਂ ਬਾਰੇ ਹੈ, ਉਹ ਸ਼ਾਇਦ ਪਿਛਲੇ ਦਹਾਕਿਆਂ ਵਿੱਚ ਕਦੇ ਨਹੀਂ ਰਹੀ।
ਪਿਛਲੇ ਕੁਝ ਸਾਲਾਂ ਵਿੱਚ ਜਿੰਨਾ ਦੇਸ਼ ਦੇ ਲੋਕ ਦੋ ਧੜਿਆਂ 'ਚ ਵੰਡੇ ਗਏ ਹਨ, ਓਹੀ ਇਹ ਬੇਯਕੀਨੀ ਲੋਕ ਰੋਹ 'ਚ ਬਦਲਦੀ ਜਾਂਦੀ ਹੈ। ਜੇ ਇਹੋ ਸਥਿਤੀ ਰਹੀ ਤਾਂ ਟੀ ਵੀ ਰਿਪੋਰਟਰ ਨੂੰ ਕਿਸੇ ਘਟਨਾ ਦੀ ਕਵਰੇਜ ਵੇਲੇ ‘ਪੀਸ-ਟੂ-ਕੈਮਰਾ' (ਪੀ ਟੀ ਸੀ) ਵੀ ਬੰਦ ਗੱਡੀ ਵਿੱਚ ਕਰਨਾ ਪਵੇਗਾ। ਇਸ ਬੇਯਕੀਨੀ ਲਈ ਜ਼ਿੰਮੇਵਾਰ ਕੌਣ ਹੈ? ਬਾਜ਼ਾਰ 'ਚ ਬਣੇ ਰਹਿਣ ਲਈ ਇਲੈਕਟ੍ਰਾਨਿਕ ਮੀਡੀਆ ਬਿਹਤਰ ਅਤੇ ਲੋਕ ਹਿੱਤ ਦੀਆਂ ਖਬਰਾਂ ਦੇਣ ਦੀ ਥਾਂ ਚਟਖਾਰੇ ਵਾਲੀਆਂ ਖਬਰਾਂ ਦੇਣ ਦਾ ਆਦੀ ਹੋ ਗਿਆ ਹੈ। ਇਸ 'ਚ ਨਾ ਗਿਆਨ ਦੀ ਲੋੜ ਹੈ, ਨਾ ਖਬਰ ਇਕੱਠੀ ਕਰਨ ਲਈ ਲੋੜੀਂਦੀ ਮਿਹਨਤ ਦੀ ਤੇ ਨਾਲ ਵਿਜ਼ੁਅਲਸ ਵੀ ਮੁਫਤ ਮਿਲ ਜਾਂਦੇ ਹਨ। ਹੌਲੀ-ਹੌਲੀ ਨਿਊਜ਼ ਰੂਮ ਇਕ ਮੱਛੀ ਬਾਜ਼ਾਰ ਦੇ ਰੌਲੇ ਵਿੱਚ ਬਦਲ ਗਿਆ ਹੈ, ਜੋ ਇਕ ਜ਼ਮਾਨੇ 'ਚ ਗਿਆਨ ਆਧਾਰਿਤ ਖਬਰਾਂ ਦੀ ਅਹਿਮੀਅਤ 'ਤੇ ਚਰਚਾ ਕਰਕੇ ਫੈਸਲਾ ਲੈਂਦਾ ਸੀ। ਦੋ ਸਾਨ੍ਹਾਂ ਦੀ ਲੜਾਈ ਦਾ ਇਕ ਵਿਜ਼ੁਅਲ ਸੋਸ਼ਲ ਮੀਡੀਆ ਤੋਂ ਚੁੱਕ ਲਿਆ ਤੇ ਉਸ ਨੂੰ ਇਕ ਘੰਟਾ ਚਲਾ ਦਿੱਤਾ; ਇਹ ਨਿਊਜ਼ ਰੂਮ ਦੀ ਆਮ ਭਾਸ਼ਾ ਹੈ। ਅਜਿਹੀਆਂ ਚੀਜ਼ਾਂ ਜਿੰਨੀ ਜ਼ਿਆਦਾ ਦੇਰ ਚਲਾਉਣ ਦੀ ਸਮਰੱਥਾ, ਓਨੀ ਹੀ ਜ਼ਿਆਦਾ ਉਸ ਦੇ ਟੀ ਵੀ ਪੱਤਰਕਾਰ ਹੋਣ 'ਤੇ ਮੋਹਰ, ਭਾਵ ਓਨੀ ਹੀ ਜ਼ਿਆਦਾ ਮਾਰਕੀਟ ਵੈਲਿਊ ਅਤੇ ਤਨਖਾਹ।
‘ਕਸ਼ਮੀਰ 'ਚ ਪੁਲਸ ਅਤੇ ਅੱਤਵਾਦੀਆਂ ਦੇ ਮੁਕਾਬਲੇ ਦੌਰਾਨ ਫਲਾਣੇ ਐਂਕਰ ਦੀ ਆਵਾਜ਼ ਤਿੱਖੀ ਅਤੇ ਬੋਲਣ 'ਚ ਡਰਾਮੇਬਾਜ਼ੀ ਵੀ ਕਰਦਾ/ਕਰਦੀ ਹੈ, ਉਸ ਨੂੰ ਐਂਕਰਿੰਗ ਕਰਨ ਲਈ ਕਹੋ,’ ਇਹ ਹੁਕਮ ਕੋਈ ਹੋਰ ਨਹੀਂ, ਸਗੋਂ ਸੰਪਾਦਕ ਦਿੰਦਾ ਹੈ ਅਤੇ ਜੇ ਐਂਕਰ ਖੁਦ ਸੰਪਾਦਕ ਹੈ ਤਾਂ ਉਸ ਨੂੰ ਭੁਲੇਖਾ ਹੁੰਦਾ ਹੈ ਕਿ ਇਹ ਦੇਸ਼ ਉਸੇ ਦੇ ਭਰੋਸੇ ਹੀ ਬਚ ਸਕੇਗਾ। ਇਸ ਲਈ ਦੇਸ਼ ਪ੍ਰੇਮ ਦੀ ‘ਹੈਵੀ ਡੋਜ਼' ਬਹਿਸ ਦੇ ਸ਼ੁਰੂ 'ਚ ਦਰਸ਼ਕਾਂ ਨੂੰ ਪਿਆਏਗਾ ਅਤੇ ਫਿਰ ਖਾ ਜਾਣ ਵਾਲੀ ਭਾਵਨਾ 'ਚ ਵਿਰੋਧੀ ਧਿਰ ਵਾਲਿਆਂ 'ਤੇ ਸਵਾਲ ਦਾਗੇਗਾ। ਅਜਿਹੀ ਆਵਾਜ਼ ਅਤੇ ਡਰਾਮਾ ਪੈਦਾ ਕਰਨਾ ਮੌਜੂਦਾ ਐਂਕਰ-ਐਡੀਟਰ ਦੀ ਬੌਧਿਕ ਸਮਰੱਥਾ ਦਾ ਸਮ-ਅਰਥਕ ਬਣ ਗਿਆ ਹੈ। ਐਂਕਰ ਨੇ ਕਿਉਂਕਿ ਇਕ ਘੰਟਾ ਇਸ ਵਿਜ਼ੁਅਲ ਉੱਤੇ ਰਹਿਣਾ ਹੁੰਦਾ ਹੈ, ਇਸ ਲਈ ਰਿਪੋਰਟਰ ਨੂੰ ਕਿਹਾ ਜਾਂਦਾ ਹੈ ਕਿ ਦੋ ਸਾਨ੍ਹਾਂ ਦੀ ਲੜਾਈ ਦਾ ਵਿਜ਼ੁਅਲ ਸੋਸ਼ਲ ਮੀਡੀਆ ਤੋਂ ਮਿਲ ਗਿਆ ਹੈ, ਤੂੰ ਕਿਸੇ ਗਊਆਂ ਮੱਝਾਂ ਦੇ ਝੁੰਡ ਨੇੜੇ ਖੜਾ ਹੋ ਜਾ। ਫਿਰ ਐਂਕਰ ਉਸ ਨੂੰ ਸੁਆਲ ਕਰਦੀ ਹੈ, ‘ਇਹ ਦੱਸੋ ਕਿ ਦੋਵਾਂ ਸਾਨ੍ਹਾਂ ਦਾ ਝਗੜਾ ਕਿਸ ਗੱਲ ਬਾਰੇ ਹੋਇਆ ਸੀ?' ਰਿਪੋਰਟਰ ਆਪਣੀ ਕਲਪਨਾ ਦੀ ਉਡਾਰੀ ਨੂੰ ਰਫਤਾਰ ਦਿੰਦਾ ਹੋਇਆ ਵਜ੍ਹਾ ਦੱਸਦਾ ਹੈ, ਆਪਣੀ ਸੱਭਿਅਤਾ ਅਤੇ ਗਿਆਨ ਦੇ ਮੁਤਾਬਕ। ਖੈਰ, ਗੱਲ ਇਥੋਂ ਤੱਕ ਹੁੰਦੀ ਤਾਂ ਦਰਸ਼ਕਾਂ ਨੂੰ ਸ਼ਾਇਦ ਕੁਝ ਮਜ਼ਾ ਆਉਂਦਾ। ਘੱਟੋ-ਘੱਟ ਰਿਪੋਰਟਰ-ਐਂਕਰ ਸੰਵਾਦ ਦੇ ਇਸ ਹੋਛੇਪਣ ਬਾਰੇ ਜਾਂ ਫਿਰ ਆਪਣੇ ਆਮ ਗਿਆਨ ਅਤੇ ਬਚਪਨ 'ਚ ਉਸ ਨੇ ਮਾਂ ਬਾਪ ਤੋਂ ਨਜ਼ਰਾਂ ਚੁਰਾ ਕੇ ਜੋ ਜਾਣਕਾਰੀ ਹਾਸਲ ਕੀਤੀ ਸੀ, ਉਸ ਨੂੰ ਵਰਤ ਕੇ ਖੁਦ ਸਾਨ੍ਹਾਂ ਦੇ ਲੜਨ ਦੀ ‘ਅਸਲੀ ਵਜ੍ਹ' ਦੱਸ ਕੇ ਕੁਝ ਮਨੋਰੰਜਨ ਕਰ ਲੈਂਦਾ ਹੈ।
ਪਿਛਲੇ ਦੌਰ 'ਚ ਪੱਤਰਕਾਰੀ ਦੇ ਪੈਮਾਨਿਆਂ ਤੇ ਵਿਹਾਰਿਕ ਸੁੱਘੜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਇਕ ਨਵੇਂ ਚੈਨਲ ਦੇ ਸੰਪਾਦਕ ਐਂਕਰ ਨੇ ਸ਼ਾਮ ਦੀ ਸਟੂਡੀਓ ਬਹਿਸ 'ਚ ਦੱਸਿਆ, ‘ਸਾਡੇ ਸੱਜੇ ਪਾਸੇ ਜਿਹੜੇ ਚਾਰ ਸੱਜਣ ਬੈਠੇ ਹਨ, ਉਹ ਅੱਜ ਦੇ ਮੁੱਦੇ 'ਤੇ ਸਾਡੇ ਨਾਲ ਹਨ ਅਤੇ ਜੋ ਖੱਬੇ ਪਾਸੇ ਬੈਠੇ ਹਨ, ਉਹ ਸਾਡੇ ਵਿਰੁੱਧ ਹਨ।’ ਥੋੜ੍ਹੀ ਦੇਰ 'ਚ ਸਕ੍ਰੀਨ 'ਤੇ ਵੀ ਇਹ ਲਿਖ ਕੇ ਆਉਣ ਲੱਗਾ, ਜੋ ਪੂਰਾ ਅੱਧਾ ਘੰਟਾ ਚੱਲੀ ਬਹਿਸ 'ਚ ਲਗਾਤਾਰ ਦਿਖਾਇਆ ਗਿਆ। ਯਕੀਨ ਨਹੀਂ ਸੀ ਹੁੰਦਾ ਕਿ ਪਤਨ ਦੀ ਕਿਹੜੀ ਹੱਦ ਹੈ, ਜਿੱਥੇ ਇਹ ਸਭ ਕੁਝ ਜਾ ਕੇ ਰੁਕੇਗਾ, ਜੇ ਕਿਤੇ ਰੁਕਿਆ ਤਾਂ। ਪੂਰੀ ਦੁਨੀਆ ਵਿੱਚ ਪੱਤਰਕਾਰੀ ਨੂੰ ਲੋਕਤੰਤਰ ਦਾ ਲਾਜ਼ਮੀ ਤੱਤ ਮੰਨਿਆ ਜਾਂਦਾ ਹੈ, ਪਰ ਜੇ ਇਕ ਐਂਕਰ ਐਡੀਟਰ ਇਹ ਦੱਸ ਕੇ ਮੁੱਦਾ ਸ਼ੁਰੂ ਕਰੇ ਕਿ ਉਹ ਕਿਸ ਪੱਖ ਦਾ ਹੈ ਤਾਂ ਉਹ ਚੈਨਲ ਵੀ ਲੋਕਾਂ ਦਾ ਭਰੋਸਾ ਗੁਆਉਣ ਲੱਗਦਾ ਹੈ।
ਸੰਭਵ ਹੈ ਕਿ ਅੱਜ ਜਿਸ ਤਰ੍ਹਾਂ ਪੂਰਾ ਭਾਰਤੀ ਸਮਾਜ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ, ਇਸ ਚੈਨਲ ਨੂੰ ਉਚੀ ਟੀ ਆਰ ਪੀ ਮਿਲ ਜਾਵੇ ਅਤੇ ਉਸ ਦੀ ਮਾਰੀਕਟ ਵੈਲਿਊ ਵਧ ਜਾਵੇ, ਪਰ ਅੱਜ ਤੋਂ ਕੁਝ ਮਹੀਨੇ ਜਾਂ ਕੁਝ ਸਾਲ ਬਾਅਦ ਸ਼ਾਇਦ ਲੋਕ ਨਿਊਜ਼ ਚੈਨਲ ਦੇਖਣੇ ਬੰਦ ਕਰ ਦੇਣਗੇ ਕਿਉਂਕਿ ਉਨ੍ਹਾਂ ਦੀ ਭਰੋਸੇਯੋਗਤਾ ਆਪਣੇ ਆਪ ਖਤਮ ਹੋ ਜਾਵੇਗੀ ਅਤੇ ਦਰਸ਼ਕਾਂ ਨੂੰ ਮਨੋਰੰਜਨ ਚੈਨਲ ਦੇਖ ਕੇ ਵੱਧ ਮਜ਼ਾ ਆਵੇਗਾ। ਫਿਰ ਬੌਧਿਕ ਖੁਰਾਕ ਲਈ ਦਰਸ਼ਕ ਕਿਸੇ ਹੋਰ ਤਰੀਕੇ ਨੂੰ ਲੱਭਣਗੇ। ਸ਼ਾਇਦ ਮੁੜ ਅਖਬਾਰਾਂ ਵੱਲ, ਜਿਥੇ ਉਨ੍ਹਾਂ ਨੂੰ ਘੱਟੋ-ਘੱਟ ਜਨਹਿੱਤ ਦੇ ਵਿਸ਼ੇ ਵਸਤੂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲ ਸਕੇਗੀ। ਦਰਸ਼ਕਾਂ ਨੂੰ ਨਿਊਜ਼ ਚੈਨਲ ਦੇ ਨੀਮ ਭੰਡਪੁਣੇ ਨਾਲੋਂ ਅਸਲੀ ਮਨੋਰੰਜਨ ਚੈਨਲਾਂ ਦੇ ਪ੍ਰੋਗਰਾਮ ਦੇਖਣਾ ਜ਼ਿਆਦਾ ਚੰਗਾ ਲੱਗੇਗਾ।
ਇਸ ਦੌਰ 'ਚ ਚੈਨਲ ਦੇ ਕੁਝ ਸੰਪਾਦਕਾਂ ਨੇ ਆਪਣੇ ਪ੍ਰੋਗਰਾਮ 'ਚ ਇਹ ਵੀ ਸ਼ੁਰੂ ਕੀਤਾ ਹੈ ਕਿ ਦਿੱਲੀ ਦੇ ਖੁਸ਼ਹਾਲ ਸੰਪਾਦਕ ਕਿਵੇਂ ਡ੍ਰਾਇੰਗ ਰੂਮ 'ਚ ਬੈਠੇ ਪੱਤਰਕਾਰੀ ਕਰਦੇ ਹਨ। ਇਨ੍ਹਾਂ ਦਾ ਦਾਅਵਾ ਹੁੰਦਾ ਹੈ ਕਿ ਸਿਰਫ ਉਹੀ ਫੀਲਡ 'ਚ ਜਾ ਕੇ ਲੋਕਾਂ ਦੇ ਦੁੱਖ ਦਰਦ ਜਾਣਦੇ ਹਨ ਅਤੇ ਦਰਸ਼ਕਾਂ ਸਾਹਮਣੇ ਤੱਥਾਂ ਨੂੰ ਪਰੋਸਦੇ ਹਨ। ਕਦੇ ਸਬਜ਼ੀ ਮੰਡੀ ਜਾਓ ਅਤੇ ਠੇਲ੍ਹੇ ਉੱਤੇ ਸਬਜ਼ੀ ਜਾਂ ਕੋਈ ਹੋਰ ਸਾਮਾਨ ਵੇਚਣ ਵਾਲੇ ਕੋਲੋਂ ਲੰਘੇ, ਉਹ ਆਪਣੇ ਮਾਲ ਨੂੰ ਦੁਨੀਆ ਦਾ ਬਿਹਤਰੀਨ ਮਾਲ ਦੱਸੇਗਾ ਅਤੇ ਨਾਲ ਵਾਲੇ ਠੇਲ੍ਹੇ ਦੇ ਮਾਲ ਨੂੰ ਘਟੀਆ ਦੱਸੇਗਾ। ਅਜਿਹਾ ਕਰਨ ਨਾਲ ਉਸ ਦੀ ਆਵਾਜ਼ ਬੁਲੰਦ ਹੋ ਜਾਂਦੀ ਹੈ। ਐਂਕਰ ਵੀ ਕੁਝ ਇਸੇ ਤਰ੍ਹਾਂ ਆਪਣੀ ਆਮ ਆਵਾਜ਼ ਨੂੰ ‘ਹਾਫ ਟੋਨ' ਉਪਰ ਲਿਜਾ ਕੇ ਪ੍ਰੋਗਰਾਮ ਸ਼ੁਰੂ ਕਰਦੇ ਅਤੇ ਮਹਿਲਾ ਐਂਕਰਾਂ ਨੂੰ ਵੀ ਕਹਿੰਦੇ ਹਨ ਉਹ ਸਫਲ ਹੋਣ ਲਈ ਚੀਕਣ ਚਿੱਲਾਉਣ।
ਇਸ ਦੀ ਇਕ ਵੰਨਗੀ ਦੇਖੋ, ਸਭ ਜਾਣਦੇ ਹਨ ਕਿ ਰਾਫੇਲ ਡੀਲ 91 ਕਰੋੜ ਵੋਟਰਾਂ ਵਾਲੇ ਦੇਸ਼ ਦੀਆਂ ਆਮ ਚੋਣਾਂ 'ਚ ਇਕ ਵੱਡਾ ਮੁੱਦਾ ਬਣੇਗੀ। ਪੱਤਰਕਾਰੀ ਦੇ ਮੌਲਿਕ ਤਕਾਜ਼ੇ ਲਈ ਇਹ ਜ਼ਰੂਰੀ ਹੈ ਕਿ ਖਬਰਾਂ ਦੀ ਦੁਨੀਆ ਦਾ ਹਰੇਕ ਆਦਮੀ, ਖਾਸ ਕਰਕੇ ਸੰਪਾਦਕ ਸੁਪਰੀਮ ਕੋਰਟ ਦੇ ਫੈਸਲੇ, ਕੈਗ ਰਿਪੋਰਟ ਹੀ ਨਹੀਂ, ਰੱਖਿਆ ਸੌਦੇ ਦੇ ਹਰ ਪਹਿਲੂ ਨੂੰ ਜਾਂਚੇ, ਪਰ ਜਿਸ ਦਿਨ ਕੈਗ ਦੀ ਰਿਪੋਰਟ ਪਾਰਲੀਮੈਂਟ ਦੇ ਸਦਨਾਂ ਵਿੱਚ ਰੱਖੀ ਜਾ ਰਹੀ ਸੀ, ਕਿਸੇ ਟੀ ਵੀ ਸੰਪਾਦਕ ਨੇ ਸ਼ਾਇਦ ਹੀ ਉਸ ਨੂੰ ਪੜ੍ਹਿਆ ਹੋਵੇ। ਇਸ ਦੀ ਥਾਂ ਉਨ੍ਹਾਂ ਨੇ ਨੇਤਾਵਾਂ ਵੱਲੋਂ ਅਧੂਰੀ ਤੇ ਦਲੀਲ ਰਹਿਤ ਜਾਣਕਾਰੀ 'ਤੇ ਚਰਚਾ ਕੀਤੀ। ਜੇ ਐਡੀਟਰ ਰਾਸ਼ਟਰਵਾਦੀ ਸੀ ਤਾਂ ਉਸ ਨੇ ਵਿਰੋਧੀ ਧਿਰ ਨੂੰ ਦੇਸ਼-ਧੋ੍ਰਹੀ ਕਿਹਾ ਅਤੇ ਜੇ ਦੂਜੇ ਧੜੇ ਦਾ ਸੀ ਤਾਂ ਉਸ ਨੇ ਇਸ ਨੂੰ ਭਿ੍ਰਸ਼ਟਾਚਾਰ ਕਹਿ ਕੇ ਦੇਸ਼ ਦੀ ਸੁਰੱਖਿਆ ਨਾਲ ਮੌਜੂਦਾ ਸਰਕਾਰ ਵੱਲੋਂ ਕੀਤਾ ਖਿਲਵਾੜ ਕਰਾਰ ਦਿੱਤਾ।
ਇਕ ਅਜਿਹੇ ਦੌਰ ਵਿੱਚ, ਜਿਥੇ ਹਰੇਕ ਸੰਸਥਾ ਸਮਾਜਿਕ ਜ਼ਿੰਮੇਵਾਰੀ ਦੇ ਮਾਮਲੇ 'ਚ ਹੇਠਾਂ ਡਿਗੀ ਹੈ, ਇਕ ਅਜਿਹੇ ਸਮੇਂ, ਜਦੋਂ ਦੇਸ਼ ਦੋ ਆਪਾ ਵਿਰੋਧੀ ਵਿਚਾਰਧਾਰਾਵਾਂ 'ਚ ਇਸ ਤਰ੍ਹਾਂ ਵੰਡਿਆ ਗਿਆ ਹੈ ਕਿ ਸਪੱਸ਼ਟ ਸੋਚ ਵਾਲੇ ਲੋਕਾਂ ਲਈ ਕੋਈ ਜਗ੍ਹਾ ਹੀ ਨਹੀਂ ਬਚੀ, ਘਰ-ਘਰ ਤੱਕ ਜਾਣ ਵਾਲੇ ਨਿਊਜ਼ ਚੈਨਲਾਂ 'ਤੇ ਇਕ ਬੋਝ ਸੀ ਸਮਾਜ ਨੂੰ ਨਿਰਪੱਖ ਭਾਵਨਾ ਨਾਲ ਸੱਚ ਦੱਸਣ ਦਾ ਜਾਂ ਘੱਟੋ-ਘੱਟ ਦੋ ਧਿਰਾਂ ਦੇ ਤੱਥਾਂ ਨੂੰ ਬੇਬਾਕੀ ਨਾਲ ਪੇਸ਼ ਕਰਨ ਦਾ ਪਰ ਸੰਪਾਦਕਾਂ ਨੂੰ ਅਧਿਐਨ ਤੋਂ ਜ਼ਿਆਦਾ ਸੌਖਾ ਅਤੇ ਫਾਇਦੇਮੰਦ ਲੱਗਦਾ ਹੈ ਡਰਾਮੇਬਾਜ਼ੀ ਕਰਨਾ ਜਾਂ ਕਿਸੇ ਧਿਰ ਦੇ ਪੱਖ 'ਚ ਬੋਲਣਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”