ਬਰਨਾਲਾ, 17 ਫਰਵਰੀ (ਪੋਸਟ ਬਿਊਰੋ)- ਸਥਾਨਕ ਸਿਵਲ ਹਸਪਤਾਲ ਦੇ ਇਕ ਸਰਕਾਰੀ ਡਾਕਟਰ ਦੀ ਏਅਰਫੋਰਸ ਬਰਨਾਲਾ ਵਿਖੇ ਤਾਇਨਾਤ ਡਾਕਟਰ ਪਤਨੀ ਨੇ ਸਥਾਨਕ ਕੇ ਸੀ ਰੋਡ ਉਤੇ ਇਕ ਜਿੰਮ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਸਿਟੀ ਇਕ ਦੇ ਏ ਐਸ ਆਈ ਸੁਰਿੰਦਰਪਾਲ ਸਿੰਘ ਦੇ ਮੁਤਾਬਕ ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਨਵਦੀਪ ਸਿੰਘ ਦੀ ਪਤਨੀ ਡਾ. ਚਾਰੂ ਸਿੰਘ ਜੋ ਏਅਰ ਫੋਰਸ ਸਟੇਸ਼ਨ ਦੇ ਹਸਪਤਾਲ ਵਿੱਚ ਤਾਇਨਾਤ ਸੀ ਅਤੇ ਉਹ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ। ਉਹ ਕੱਚਾ ਕਾਲਜ ਰੋਡ ਦੇ ਐਫ ਐਕਸ ਜਿੰਮ ਵਿੱਚ ਅਕਸਰ ਵਰਜਿਸ਼ ਕਰਨ ਜਾਂਦੀ ਸੀ, ਪਰ ਪਿਛਲੇ 7-8 ਦਿਨਾਂ ਤੋਂ ਜਿੰਮ ਵਿੱਚ ਨਹੀਂ ਆਈ। ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਡਾ. ਚਾਰੂ ਸਿੰਘ ਉਕਤ ਜਿੰਮ ਦੀ ਛੱਤ 'ਤੇ ਚੜ੍ਹ ਗਈ ਤੇ ਬਨੇਰੇ 'ਤੇ ਕਾਫੀ ਸਮਾਂ ਬੈਠੀ ਰਹੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਲਡਿੰਗ ਦੀ ਗਰਾਉਂਡ ਮੰਜ਼ਿਲ ਉੱਤੇ ਬੈਂਕ ਦੇ ਸਕਿਓਰਿਟੀ ਗਾਰਡ ਅਤੇ ਮੈਨੇਜਰ ਨੂੰ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਇਕ ਔਰਤ ਛੱਤ 'ਤੇ ਗਲੀ ਵਾਲੇ ਪਾਸੇ ਪੈਰ ਲਮਕਾਈ ਬੈਠੀ ਹੈ, ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਡਾ. ਚਾਰੂ ਸਿੰਘ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।