Welcome to Canadian Punjabi Post
Follow us on

23

March 2019
ਸੰਪਾਦਕੀ

ਔਟਿਜ਼ਮ: ਲੀਸਾ ਮੈਕਲਾਇਡ ਲਈ ਪਰਖ ਦੀਆਂ ਘੜੀਆਂ

February 15, 2019 09:04 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਸਰਕਾਰ ਵੱਲੋਂ ਔਟਿਜ਼ਮ (Autism)ਤੋਂ ਪੀੜਤ ਬੱਚਿਆਂ ਲਈ ਐਲਾਨੇ ਗਏ ਨਵੇਂ ਪ੍ਰੋਗਰਾਮ ਦਾ ਪ੍ਰੋਵਿੰਸ ਭਰ ਵਿੱਚ ਵਿਰੋਧ ਹੋ ਰਿਹਾ ਹੈ। ਔਟਿਜ਼ਮ ਇੱਕ ਅਜਿਹਾ ਮੁੱਦਾ ਹੈ ਜਿਸ ਉੱਤੇ ਕਿਸੇ ਵੀ ਸਰਕਾਰ ਨੂੰ ਪੂਰਾ ਸਮਰੱਥਨ ਨਹੀਂ ਮਿਲਦਾ ਰਿਹਾ ਕਿਉਂਕਿ ਇਸ ਦੀਆਂ ਲੋੜਾਂ ਅਤੇ ਖਰਚੇ ਅਜਿਹੇ ਹਨ ਕਿ ਸਰਕਾਰੀ ਫੰਡ ਇਸਦੀ ਭਰਪਾਈ ਕਰਨ ਦੇ ਸਮਰੱਥ ਹੋ ਨਹੀਂ ਸਕਦੇ। ਇਹੀ ਕਾਰਣ ਹੈ ਕਿ ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਉੱਤੇ ਵੀ ਸਮੇਂ 2 ਉੱਤੇ ਵਾਅਦਾ ਖਿਲਾਫ਼ੀ ਅਤੇ ਬਣਦੇ ਡਾਲਰ ਨਿਰਧਾਰਤ ਨਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਪਰ ਜਿਸ ਕਿਸਮ ਨਾਲ ਚਿਲਡਰਨ, ਕਮਿਉਨਿਟੀ ਅਤੇ ਸੋਸ਼ਲ ਸਰਵਿਸਜ਼ ਮਹਿਕਮੇ ਦੀ ਮੰਤਰੀ ਲੀਸਾ ਮੈਕਲਾਇਡ ਵੱਲੋਂ ਇਸ ਵਿਵਾਦ ਨਾਲ ਸਿੱਝਿਆ ਜਾ ਰਿਹਾ ਹੈ, ਉਸ ਦਰੁਸਤ ਨਹੀਂ ਹੈ।

ਇਹ ਇੱਕ ਜਾਣਿਆ ਪਹਿਚਾਣਿਆ ਤੱਥ ਹੈ ਕਿ ਉਂਟੇਰੀਓ ਵਿੱਚ 23 ਹਜ਼ਾਰ ਦੇ ਕਰੀਬ ਉਹ ਬੱਚੇ ਹਨ ਜੋ ਔਟਿਜ਼ਮ ਦਾ ਇਲਾਜ ਆਰੰਭ ਹੋਣ ਦੀ ਉਡੀਕ ਵਿੱਚ ਹਨ। ਡੱਗ ਫੋਰਡ ਸਰਕਾਰ ਨੇ ਬੀਤੇ ਦਿਨੀਂ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਤਹਿਤ ਔਟਿਜ਼ਮ ਤੋਂ ਪੀੜਤ ਬੱਚਿਆਂ ਦੇ ਪਰਿਵਾਰਾਂ ਨੂੰ ਪੈਸੇ ਸਿੱਧੇ ਜਾਰੀ ਕੀਤੇ ਜਾਣੇ ਸਨ। ਬੱਚਿਆਂ ਦੇ 6 ਸਾਲ ਦੇ ਹੋਣ ਤੱਕ ਹਰ ਸਾਲ 20 ਹਜ਼ਾਰ ਡਾਲਰ ਸਾਲਾਨਾ ਦਿੱਤੇ ਜਾਣੇ ਹਨ ਅਤੇ ਉਸਤੋਂ ਬਾਅਦ 18 ਸਾਲ ਦੀ ਉਮਰ ਤੱਕ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਵੱਧ ਤੋਂ ਵੱਧ ਇੱਕ ਬੱਚੇ ਲਈ 1 ਲੱਖ 40 ਹਜ਼ਾਰ ਡਾਲਰ ਮਿਲ ਸਕਦੇ ਹਨ ਪਰ ਜਿਹਨਾਂ ਮਾਪਿਆਂ ਦੀ ਉਮਰ ਸਾਲਾਨਾ ਢਾਈ ਲੱਖ ਤੋਂ ਵੱਧ ਹੈ, ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ। ਸਰਕਾਰ ਦਾ ਆਖਣਾ ਹੈ ਕਿ ਅਜਿਹਾ ਕਰਨ ਨਾਲ ਉਡੀਕ ਸੂਚੀ ਖਤਮ ਹੋ ਜਾਵੇਗੀ ਜਦੋਂ ਕਿ ਮਾਪਿਆਂ ਦਾ ਇਤਰਾਜ਼ ਹੈ ਕਿ ਔਟਿਜ਼ਮ ਦੇ ਇਲਾਜ ਉੱਤੇ ਜਿੰਨਾ ਖਰਚ ਆਉਂਦਾ ਹੈ, ਉਸਦੇ ਮੁਕਾਬਲੇ ਐਲਾਨ ਕੀਤੇ ਗਏ ਫੰਡ ਆਟੇ ਵਿੱਚ ਲੂਣ ਬਰਾਬਰ ਹਨ।

ਔਟਜਿ਼ਮ ਬੱਚਿਆਂ ਦੇ ਵਿਕਸਤ ਹੋਣ ਵਿੱਚ ਰੁਕਾਵਟ ਵਾਲੀ ਉਹ ਸਥਿਤੀ ਹੈ ਜਿਸ ਵਿੱਚ ਸਬੰਧਿਤ ਬੱਚੇ ਨੂੰ ਗੱਲਬਾਤ ਕਰਨ ਅਤੇ ਲੋੜੀਂਦੀਆਂ ਹਦਾਇਤਾਂ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਪੀੜਤ ਬੱਚੇ ਦੇ ਮਾਪਿਆਂ ਨੂੰ ਆਮ ਕਰਕੇ ਬੱਚੇ ਦੀ ਉਮਰ ਦੇ ਦੂਜੇ ਜਾਂ ਤੀਜੇ ਸਾਲ ਤੱਕ ਬਿਮਾਰੀ ਦੇ ਹੋਣ ਦਾ ਅਹਿਸਾਸ ਹੋ ਜਾਂਦਾ ਹੈ। ਇਹ ਇੱਕ ਗੁੰਝਲਦਾਰ ਮੈਡੀਕਲ ਸਥਿਤੀ ਹੈ ਜਿਸ ਬਾਰੇ ਆਮ ਭਾਸ਼ਾ ਵਿੱਚ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਪੀੜਤ ਬੱਚੇ ਦਾ ਦਿਮਾਗ ਜਾਣਕਾਰੀ ਨੂੰ ਸਹੀ ਢੰਗ ਨਾਲ ਪ੍ਰਾਪਤ ਕਰਕੇ ਸਹੀ ਫੈਸਲੇ ਕਰਨ ਤੋਂ ਅਮਸਰੱਥ ਹੁੰਦਾ ਹੈ। ਕੈਨੇਡਾ ਵਿੱਚ ਹਰ 66 ਬੱਚਿਆਂ ਪਿੱਛੇ ਇੱਕ ਬੱਚੇ ਨੂੰ ਔਟਿਜ਼ਮ ਦੀ ਬਿਮਾਰੀ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਜੌਰਨਲ ਮੁਤਾਬਕ ਕੈਨੇਡਾ ਦੀ 1% ਜਨਸੰਖਿਆ ਔਟਿਜ਼ਮ ਤੋਂ ਪੀੜਤ ਹੈ ਜਿਸਦਾ ਅਰਥ ਹੈ ਕਿ ਉਂਟੇਰੀਓ ਵਿੱਚ 1 ਲੱਖ ਦੇ ਕਰੀਬ ਲੋਕ ਔਟਿਜ਼ਮ ਤੋਂ ਪ੍ਰਭਾਵਿਤ ਹਨ। ਕੁੜੀਆਂ ਦੇ ਮੁਕਾਬਲੇ ਮੁੰਡਿਆਂ ਨੂੰ ਔਟਿਜ਼ਮ ਹੋਣ ਦੇ 4 ਤੋਂ 5 ਗੁਣਾ ਵੱਧ ਆਸਾਰ ਹੁੰਦੇ ਹਨ।

ਹਾਲਾਂਕਿ ਚੋਣਾਂ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਬਣਨ ਦੀ ਸੂਰਤ ਵਿੱਚ ਔਟਿਜ਼ਮ ਵਾਸਤੇ ਉਹਨਾਂ ਵੱਲੋਂ ਲਿਬਰਲ ਸਰਕਾਰ ਨਾਲੋਂ ਵੀ 100 ਮਿਲੀਅਨ ਡਾਲਰ ਵੱਧ ਨਿਵੇਸ਼ ਕੀਤੇ ਜਾਣਗੇ। ਹੁਣ ਜਾਪਦਾ ਹੈ ਕਿ ਖਰਚੇ ਘੱਟ ਕਰਨ ਦੇ ਚੱਕਰ ਵਿੱਚ ਕਈ ਉਹਨਾਂ ਸੇਵਾਵਾਂ ਨੂੰ ਕੱਟ ਕੀਤਾ ਜਾ ਰਿਹਾ ਹੈ ਜੋ ਭਾਵਨਾ ਦੇ ਪੱਧਰ ਉੱਤੇ ਬਹੁਤ ਸੰਵੇਦਨਸ਼ੀਲ ਹਨ। ਗੋਂ ਮੰਤਰੀ ਲੀਸਾ ਮੈਕਲਾਇਡ ਦੇ ਸਟਾਫ਼ ਉੱਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹਨਾਂ ਨੇ ਔਟਿਜ਼ਮ ਦੇ ਪੀੜਤਾਂ ਦਾ ਇਲਾਜ ਕਰਨ ਵਾਲੇ ਪ੍ਰੋਫੈਸ਼ਨਲਾਂ ਦੀ ਸੰਸਥਾ Ontario Association for Behaviour Analysis (ONBA) ਉੱਤੇ ਨਵੇਂ ਪ੍ਰੋਗਰਾਮ ਨੂੰ ਸਮਰੱਥਨ ਦੇਣ ਲਈ ਜੋਰ ਪਾਇਆ। ਸੰਸਥਾ ਮੁਤਾਬਕ ਮੰਤਰੀ ਦੇ ਸਟਾਫ ਵੱਲੋਂ ਧਮਕੀ ਦਿੱਤੀ ਗਈ ਕਿ ਸਮਰੱਥਨ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਚਾਰ ਸਾਲ ਤੱਕ ਸਰਕਾਰ ਨਾਲ ਬਿਤਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਜੁੰਮੇਵਾਰ ਸਰਕਾਰਾਂ ਨੂੰ ਭਾਈਵਾਲ ਸੰਸਥਾਵਾਂ ਨਾਲ ਅੱਖੜ ਵਤੀਰਾ ਕਰਨ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਖਾਸ-ਕਰਕੇ ਜੇ ਉਹ ਚੰਗਾ ਕੰਮ ਕਰ ਰਹੀਆਂ ਹੋਣ। ONBA ਨੇ 13 ਫਰਵਰੀ ਨੂੰ ਦੁਬਾਰਾ ਪਰੈੱਸ ਰੀਲੀਜ਼ ਜਾਰੀ ਕਰਕੇ ਆਸ ਪ੍ਰਗਟ ਕੀਤੀ ਹੈ ਕਿ ਸਰਕਾਰ ਪ੍ਰੋਫੈਸ਼ਨਲਾਂ ਨਾਲ ਗੱਲ ਕਰਨ ਲਈ ਤਿਆਰ ਹੋਵੇਗੀ। ਕਿਸੇ ਵੀ ਮਾਮਲੇ ਦਾ ਹੱਲ ਸੰਵਾਦ ਵਿੱਚੋਂ ਹੀ ਹੋ ਕੇ ਨਿਕਲਦਾ ਹੈ, ਇਹ ਗੱਲ ਮੰਤਰੀ ਲੀਸਾ ਮੈਕਲਾਇਡ ਨੂੰ ਪੱਲੇ ਬੰਨਣ ਵਿੱਚ ਹਰਜ਼ ਨਹੀਂ ਹੋਣਾ ਚਾਹੀਦਾ।

Have something to say? Post your comment