Welcome to Canadian Punjabi Post
Follow us on

28

March 2024
 
ਨਜਰਰੀਆ

ਕੀ ਪ੍ਰਿਅੰਕਾ ਕਾਂਗਰਸ ਲਈ ਮਜਬੂਰੀ ਹੈ ਜਾਂ ਫਿਰ ਤਾਰਨਹਾਰ

February 15, 2019 08:05 AM

-ਕਲਿਆਣੀ ਸ਼ੰਕਰ
ਪ੍ਰਿਅੰਕਾ ਗਾਂਧੀ ਵਾਡਰਾ ਨੇ ਕਾਂਗਰਸ ਦੀ ਜਨਰਲ ਸਕੱਤਰ (ਪੂਰਬੀ ਯੂ ਪੀ ਲਈ) ਦਾ ਜ਼ਿੰਮਾ ਸੰਭਾਲ ਲਿਆ ਹੈ। ਇਹ ਜ਼ਿੰਮੇਵਾਰੀ ਪ੍ਰਿਅੰਕਾ ਨੂੰ ਪਿਛਲੇ ਦਿਨੀਂ ਸੌਂਪੀ ਗਈ ਹੈ। ਇਹ ਸੂਬਾ ਉਨ੍ਹਾਂ ਲਈ ਨਵਾਂ ਨਹੀਂ, ਸਗੋਂ ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਚੋਣ ਹਲਕੇ ਰਾਇਬਰੇਲੀ ਅਤੇ ਭਰਾ ਰਾਹੁਲ ਗਾਂਧੀ ਦੇ ਚੋਣ ਹਲਕੇ ਅਮੇਠੀ ਨੂੰ ਵੀ ਚਿਰਾਂ ਤੋਂ ਦੇਖਣ ਦੇ ਨਾਲ ਇਸ ਸੂਬੇ ਦੇ ਕੁਝ ਹਿੱਸਿਆਂ ਵਿੱਚ ਚੋਣ ਮੁਹਿੰਮ ਵਿੱਚ ਹਿੱਸਾ ਲੈ ਚੁੱਕੀ ਹੈ। ਅੱਸੀ ਲੋਕ ਸਭਾ ਸੀਟਾਂ ਵਾਲੇ ਯੂ ਪੀ ਸੂਬੇ ਨੇ ਪਾਰਲੀਮੈਂਟ 'ਚ ਸਭ ਤੋਂ ਜ਼ਿਆਦਾ ਕਾਨੂੰਨ ਘਾੜਿਆਂ ਨੂੰ ਭੇਜਿਆ ਹੈ ਤੇ ਇਹ ਬੇਹੱਦ ਅਹਿਮ ਚੋਣ ਜੰਗ ਦਾ ਮੈਦਾਨ ਹੈ। ਕਿਉਂਕਿ ਪ੍ਰਿਅੰਕਾ ਇੱਕ ਸਿਆਸੀ ਪਰਵਾਰ ਵਿੱਚੋਂ ਹੈ, ਇਸ ਲਈ ਬਚਪਨ ਤੋਂ ਹੀ ਸਿਆਸਤ ਉਤੇ ਵਾਦ-ਵਿਵਾਦ ਸੁਣਦੀ ਆਈ ਹੈ। ਕਾਂਗਰਸ ਲਈ ਇਹ ਯਕੀਨੀ ਤੌਰ 'ਤੇ ਇੱਕ ਵੱਡਾ ਜੂਆ ਹੈ ਅਤੇ ਪਾਰਟੀ ਦਾ ਆਖਰੀ ‘ਤਰੁੱਪ ਦਾ ਪੱਤਾ’ ਵੀ। ਸਵਾਲ ਇਹ ਉਠਦਾ ਹੈ ਕਿ ਕੀ ਉਹ ਕਾਂਗਰਸ ਦੀ ਮਜਬੂਰੀ ਹੈ ਜਾਂ ਫਿਰ ਪਾਰਟੀ ਦੀ ਸੂਤਰਧਾਰ? ਯੂ ਪੀ 'ਚ ਪਾਰਟੀ ਨੂੰ ਸੰਗਠਿਤ ਕਰਨ ਲਈ ਕੀ ਪ੍ਰਿਅੰਕਾ ਕੋਲ ਤਿੰਨ ਮਹੀਨਿਆਂ ਦਾ ਸਮਾਂ ਕਾਫੀ ਹੋਵੇਗਾ?
ਯਕੀਨੀ ਤੌਰ 'ਤੇ ਉਹ ਲੋਕਾਂ ਨੂੰ ਆਕਰਸ਼ਿਤ ਕਰਨ ਵਾਲਾ ਚਿਹਰਾ ਹੈ, ਪਰ ਅਜੇ ਇਹ ਤੈਅ ਨਹੀਂ ਹੈ ਕਿ ਕੀ ਉਹ ਕਾਂਗਰਸ ਲਈ ਵੋਟਾਂ ਵੀ ਬਟੋਰੇਗੀ ਜਾਂ ਨਹੀਂ। ਜੇ ਉਹ ਕਾਂਗਰਸ ਲਈ ਵੋਟਾਂ ਬਟੋਰਨ ਵਾਲੀ ਹੋਈ ਤਾਂ ਕੀ ਪ੍ਰਿਅੰਕਾ ਵੱਲ ਭੱਜਣ ਵਾਲੇ ਲੋਕ ਵੋਟਾਂ ਵਿੱਚ ਤਬਦੀਲ ਹੋ ਜਾਣਗੇ? ਇਹ ਕੁਝ ਅਜਿਹੇ ਸਵਾਲ ਹਨ, ਜੋ ਜੁਆਬਾਂ ਦੀ ਉਡੀਕ 'ਚ ਹਨ।
ਪਹਿਲੀ ਵਾਰ ਲੋਕਾਂ ਨੇ ਪ੍ਰਿਅੰਕਾ ਦੀ ਝਲਕ ਉਦੋਂ ਦੇਖੀ ਸੀ, ਜਦੋਂ ਉਹ 11 ਜਨਵਰੀ 1998 ਨੂੰ ਆਪਣੀ ਮਾਂ ਸੋਨੀਆ ਗਾਂਧੀ ਨਾਲ ਆਪਣੇ ਸਵਰਗੀ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ 'ਤੇ ਸ੍ਰੀਪੇਰੰਬਦੂਰ ਵਿੱਚ ਸਾਧਾਰਨ ਲਾਲ ਅਤੇ ਨਾਰੰਗੀ ਸਾੜ੍ਹੀ 'ਚ ਨਜ਼ਰ ਆਈ ਸੀ। ਇਹ ਮੰਨਿਆ ਜਾਂਦਾ ਸੀ ਕਿ ਇਹ ਸੋਨੀਆ ਨੂੰ ਸਿਆਸੀ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਸੀ, ਪਰ ਇਹ ਪ੍ਰਿਅੰਕਾ ਹੀ ਸੀ, ਜਿਸ ਨੇ ਆਪਣੀ ਮਾਂ ਨੂੰ ਪਿੱਛੇ ਛੱਡ ਕੇ ਆਪਣੀ ਪਛਾਣ ਬਣਾਈ। ਲੋਕਾਂ ਨੂੰ ਪ੍ਰਿਅੰਕਾ 'ਚ ਉਸ ਦੀ ਦਾਦੀ ਇੰਦਰਾ ਗਾਂਧੀ ਦਾ ਅਕਸ ਨਜ਼ਰ ਆਇਆ। ਉਦੋਂ ਤੋਂ ਇਹ ਕਿਆਸ ਲਾਏ ਗਏ ਕਿ ਉਹ ਸਿਆਸਤ ਵਿੱਚ ਦਾਖਲ ਹੋਣ ਹੀ ਵਾਲੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਿਆਸਤ ਵਿੱਚ ਆਉਣ ਲਈ ਉਨ੍ਹਾਂ ਨੇ ਦੋ ਦਹਾਕਿਆਂ ਦਾ ਸਮਾਂ ਲਿਆ, ਜਦ ਕਿ ਰਾਹੁਲ ਆਪਣੀ ਭੈਣ ਨਾਲ ਇਸ ਬਾਰੇ ਕਈ ਸਾਲਾਂ ਤੋਂ ਚਰਚਾ ਕਰਦੇ ਰਹੇ ਸਨ। ਇਸ 'ਤੇ ਪ੍ਰਿਅੰਕਾ ਦਾ ਮੰਨਣਾ ਸੀ ਕਿ ਅਜੇ ਉਨ੍ਹਾਂ ਦੇ ਬੱਚੇ ਬਹੁਤ ਛੋਟੇ ਹਨ ਤੇ ਉਨ੍ਹਾਂ ਨੂੰ ਮਾਂ ਦੀ ਲੋੜ ਹੈ। ਅੱਜ ਬੱਚੇ ਵੱਡੇ ਹੋ ਚੁੱਕੇ ਹਨ, ਇੱਕ ਬੱਚਾ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਇਸ ਲਈ ਪ੍ਰਿਅੰਕਾ ਨੇ ਸਿਆਸਤ 'ਚ ਆਉਣ ਦੀ ਇੱਛਾ ਪ੍ਰਗਟਾ ਦਿੱਤੀ।
ਯੂ ਪੀ ਦੇ ਚੋਣ ਦੰਗਲ 'ਚ ਪ੍ਰਿਅੰਕਾ ਗਾਂਧੀ ਵਾਡਰਾ ਸਿੱਧੇ ਤੌਰ ਉੱਤੇ ਭਾਜਪਾ ਦੇ ਦੋ ਵੱਡੇ ਨੇਤਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਵਾਰਾਣਸੀ) ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (ਗੋਰਖਪੁਰ) ਦਾ ਸਾਹਮਣਾ ਕਰੇਗੀ। ਜਦੋਂ ਮੋਦੀ ਨੇ ਇਹ ਕਿਹਾ ਸੀ ਕਿ ਪ੍ਰਿਅੰਕਾ ਉਨ੍ਹਾਂ ਦੀ ਬੇਟੀ ਵਾਂਗ ਹੈ ਤਾਂ ਪ੍ਰਿਅੰਕਾ ਨੇ ਝੱਟ ਕਹਿ ਦਿੱਤਾ ਕਿ ‘ਕਿਸੇ ਨੂੰ ਮੇਰੇ ਪਿਤਾ ਵਾਂਗ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੈਂ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੀ ਹਾਂ।’ ਭਾਜਪਾ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਯੂ ਪੀ ਤੋਂ 71 ਸੀਟਾਂ ਜਿੱਤਣ ਵਾਲੀ ਭਾਜਪਾ ਲਈ ਇਸ ਵਾਰ ਸਮਾਜਵਾਦੀ-ਬਸਪਾ ਗਠਜੋੜ ਹੋਣ ਕਰ ਕੇ ਜਿੱਤ ਦਾ ਰਾਹ ਸੌਖਾ ਨਹੀਂ ਹੋਵੇਗਾ।
ਪ੍ਰਿਅੰਕਾ ਨਿੱਜੀ ਅਤੇ ਸਿਆਸੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦੀ ਹੈ। ਨਿੱਜੀ ਤੌਰ ਉੱਤੇ ਦੇਖਿਆ ਜਾਵੇ ਤਾਂ ਉਹ ਉਸ ਸਮੇਂ ਸਿਆਸਤ ਵਿੱਚ ਆਈ ਹੈ, ਜਦੋਂ ਉਸ ਦੇ ਪਤੀ ਰਾਬਰਟ ਵਾਡਰਾ ਮਨੀ ਲਾਂਡਰਿੰਗ ਅਤੇ ਜ਼ਮੀਨੀ ਘਪਲੇ ਵਿੱਚ ਸਮੂਲੀਅਤ ਦੀ ਵਜ੍ਹਾ ਕਰ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ, ਜਦ ਕਿ ਪ੍ਰਿਅੰਕਾ ਦੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ‘ਨੈਸ਼ਨਲ ਹੇਰਾਲਡ’ ਮਾਮਲੇ ਵਿੱਚ ਜ਼ਮਾਨਤ ਉਤੇ ਹਨ। ਸ਼ਾਇਦ ਉਨ੍ਹਾਂ ਦੇ ਪਰਵਾਰ ਨੇ ਸੋਚਿਆ ਹੋਵੇਗਾ ਕਿ ਸਿਆਸਤ 'ਚ ਸਿੱਧੇ ਤੌਰ 'ਤੇ ਆਉਣ ਨਾਲ ਉਨ੍ਹਾਂ ਦੇ ਪਰਵਾਰ ਨੂੰ ਇਸ ਚੁਣੌਤੀ ਭਰੇ ਸਮੇਂ ਵਿੱਚ ਪ੍ਰਿਅੰਕਾ ਕੁਝ ਰਾਹਤ ਦਿਵਾਏਗੀ। ਜਿਸ ਦਿਨ ਪ੍ਰਿਅੰਕਾ ਨੇ ਜ਼ਿੰਮਾ ਸੰਭਾਲਿਆ, ਉਸੇ ਦਿਨ ਤੋਂ ਆਪਣੇ ਪਤੀ ਰਾਬਰਟ ਨੂੰ ਆਪਣਾ ਸਮਰਥਨ ਅਤੇ ਉਸ ਨਾਲ ਖੜ੍ਹੇ ਹੋਣ ਨੂੰ ਦਰਸਾਉਂਦਿਆਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਤੱਕ ਰਾਬਰਟ ਨਾਲ ਨਜ਼ਰ ਆਈ।
ਅਜਿਹੇ ਸਮੇਂ 'ਤੇ ਸਿਆਸਤ 'ਚ ਆਉਣਾ ਪ੍ਰਿਅੰਕਾ ਲਈ ਵਾਕਈ ਇੱਕ ਬਹੁਤ ਵੱਡੀ ਸਿਆਸੀ ਚੁਣੌਤੀ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਦਰਵਾਜ਼ਿਓਂ ਲਿਆਂਦਾ ਗਿਆ ਹੈ, ਇਸ ਲਈ ਉਨ੍ਹਾਂ ਅੱਗੇ ਅਜਿਹੀ ਸਿਆਸਤ ਇੱਕ ਵੱਖਰੀ ਗੱਲ ਹੋਵੇਗੀ ਅਤੇ ਉਹ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਵਿੱਚ ਰਹੇਗੀ। ਪ੍ਰਿਅੰਕਾ ਨੇ ਸਿਆਸਤ ਵਿੱਚ ਉਦੋਂ ਪੈਰ ਰੱਖਿਆ ਹੈ, ਜਦੋਂ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਕਿਉਂਕਿ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਸੱਤਾ ਵਿੱਚ ਨਹੀਂ ਹੈ। ਇਸ ਲਈ ਪ੍ਰਿਅੰਕਾ ਵਾਸਤੇ ਚੁਣੌਤੀ ਹੋਰ ਵੀ ਵਧ ਗਈ ਹੈ।
ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨਾਲ ਮੋਦੀ ਥੋੜ੍ਹਾ ਰੱਖਿਆਤਮਕ ਹੋ ਗਏ ਹਨ। ਸਾਰੀਆਂ ਵਿਰੋਧੀ ਪਾਰਟੀਆਂ ਵੀ ਭਾਜਪਾ ਦੇ ਵਿਰੁੱਧ ਇੱਕ ਹੋ ਰਹੀਆਂ ਹਨ। ਐਸ ਸੀ, ਐਸ ਟੀ ਬਿੱਲ ਦੀ ਸੋਧ ਉਤੇ ਭਾਜਪਾ ਦਾ ਰੁਖ਼ ਦੇਖਦਿਆਂ ਉਚੀਆਂ ਜਾਤਾਂ ਦਾ ਇੱਕ ਵਰਗ ਭਾਜਪਾ ਤੋਂ ਨਾਰਾਜ਼ ਹੈ ਤੇ ਕਾਂਗਰਸ 'ਚ ਨਵੀਂ ਰੂਹ ਫੂਕਣ ਦੇ ਪਹਿਲੇ ਕਦਮ ਵਜੋਂ ਪ੍ਰਿਅੰਕਾ ਇਨ੍ਹਾਂ ਬ੍ਰਾਹਮਣ ਵੋਟਾਂ ਨੂੰ ਹਥਿਆਉਣਾ ਚਾਹੇਗੀ।
ਪ੍ਰਿਅੰਕਾ ਦੀ ਪਹਿਲੀ ਚੁਣੌਤੀ ਵਰਕਰਾਂ ਵਿੱਚ ਜੋਸ਼ ਭਰਨ ਦੀ ਹੋਵੇਗੀ। ਉਸ ਦੇ ਆਉਣ ਨਾਲ ਪਾਰਟੀ ਵਿੱਚ ਜਿੱਥੇ ਨਵੀਂ ਰੂਹ ਫੂਕੀ ਜਾਵੇਗੀ, ਪਰ ਉਹ ਇਕੱਲਿਆਂ ਆਪਣੇ ਦਮ ਉਤੇ ਨਤੀਜੇ ਹਾਸਲ ਨਹੀਂ ਕਰ ਸਕਦੀ ਕਿਉਂਕਿ ਪਾਰਟੀ ਨੂੰ ਹੇਠਲੇ ਪੱਧਰ ਤੋਂ ਉਪਰ ਚੁੱਕਣਾ ਪਵੇਗਾ, ਜਦ ਕਿ ਪਾਰਟੀ 'ਚ ਅਜੇ ਤੱਕ ਇਹ ਚੀਜ਼ ਨਜ਼ਰ ਨਹੀਂ ਆ ਰਹੀ।
ਦੂਜੀ ਗੱਲ ਇਹ ਹੈ ਕਿ ਨੌਜਵਾਨ ਵਰਗ ਨੂੰ ਨੌਕਰੀਆਂ ਚਾਹੀਦੀਆਂ ਹਨ। ਯੂ ਪੀ ਵਿੱਚ ਜ਼ਿਆਦਾਤਰ ਕਿਸਾਨ ਗੰਨੇ ਦੀ ਖੇਤੀ ਕਰਦੇ ਹਨ, ਪਰ ਉਥੇ ਕਿਸਾਨਾਂ ਦਾ ਸੰਕਟ ਬਰਕਰਾਰ ਹੈ। ਕੀ ਪ੍ਰਿਅੰਕਾ ਨੂੰ ਸਿਰਫ ਨਵੇਂ ਬਿਆਨਾਂ ਦੀ ਲੋੜ ਨਹੀਂ ਹੋਵੇਗੀ, ਸਗੋਂ ਉਨ੍ਹਾਂ ਨੂੰ ਲੋਕਾਂ ਵਿੱਚ ਇੱਕ ਨਵਾਂ ਜਜ਼ਬਾ ਤੇ ਭਰੋਸਾ ਵੀ ਪੈਦਾ ਕਰਨਾ ਪਵੇਗਾ ਕਿ ਉਹ ਲੋਕਾਂ ਦੇ ਵਾਅਦਿਆਂ 'ਤੇ ਖਰੀ ਉਤਰੇਗੀ। ਤੀਜੀ ਗੱਲ ਇਹ ਹੈ ਕਿ ਇਹ ਸਾਰੇ ਕੰਮ ਪੂਰੇ ਕਰਨ ਲਈ ਪਾਰਟੀ ਨੂੰ ਇੱਕ ਚੰਗੀ, ਲਗਨ ਵਾਲੀ ਟੀਮ ਵੀ ਚਾਹੀਦੀ ਹੈ ਤੇ ਇਸ ਕੰਮ ਵਿੱਚ ਕੁਝ ਸਮਾਂ ਲੱਗੇਗਾ। ਦੂਜੇ ਪਾਸੇ ਭਾਜਪਾ ਦੇ ਅਥਾਹ ਫੰਡ ਨੂੰ ਦੇਖਦੇ ਹੋਏ ਪ੍ਰਿਅੰਕਾ ਨੂੰ ਵੀ ਕਾਂਗਰਸ ਨੂੰ ਉਪਰ ਚੁੱਕਣ ਲਈ ਵਿੱਤੀ ਸਹਾਇਤਾ ਦੀ ਲੋੜ ਪਵੇਗੀ।
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਪ੍ਰਿਅੰਕਾ ਇਸ ਸਮੇਂ ਇਨ੍ਹਾਂ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ ਅਤੇ ਸਾਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ, ਜਦੋਂ ਉਹ ਆਪਣੀ ਪਹਿਲੀ ਮੀਟਿੰਗ 'ਚ ਬੋਲਦਿਆਂ ਆਪਣੇ ਝੋਲੇ 'ਚੋਂ ਕੁਝ ਖਾਸ ਕੱਢੇਗੀ। ਪ੍ਰਿਅੰਕਾ ਪਾਰਟੀ ਲਈ ਮਜਬੂਰੀ ਹੈ ਜਾਂ ਤਾਰਨਹਾਰ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ