ਸਿਡਨੀ, 14 ਫਰਵਰੀ (ਪੋਸਟ ਬਿਊਰੋ)- ਆਸਟ੍ਰੇਲੀਅਨ ਪਾਰਲੀਮੈਂਟ ਭਵਨ ਕੰਪਲੈਕਸ ਵਿਚ ਇਕ ਸੈਨੇਟਰ ਦਾ ਦੂਜੇ ਸੈਨੇਟਰ ਦੇ ਇਕ ਕਰਮਚਾਰੀ ਨਾਲ ਝਗੜਾ ਹੋ ਗਿਆ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਸ ਅਤੇ ਪਾਰਲੀਮੈਂਟਰੀ ਅਧਿਕਾਰੀ ਮੰਗਲਵਾਰ ਰਾਤ ਹੋਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਵਰਨਣ ਯੋਗ ਹੈ ਕਿ ਇਸ ਘਟਨਾ ਦੌਰਾਨ 70 ਸਾਲਾ ਸੈਨੇਟਰ ਬ੍ਰਿਆਨ ਬਰਸਟਨ ਤੇ ਸੈਨੇਟਰ ਪੌਲਿਨ ਹਾਨਸਨ ਦੇ ਇਕ ਕਰਮਚਾਰੀ ਵਿਚਾਲੇ ਝਗੜਾ ਹੋ ਗਿਆ ਸੀ। ਬਰਸਟਨ ਨੇ ਇਸ ਝਗੜੇ ਪਿੱਛੋਂ ਆਪਣੇ ਅੰਗੂਠੇ ਉੱਤੇ ਸੱਟ ਦਾ ਨਿਸ਼ਾਨ ਦਿਖਾਇਆ। ਉਨ੍ਹਾਂ ਨੇ ਹਾਨਸਨ ਦੇ ਪਾਰਲੀਮੈਂਟਰੀ ਦਫਤਰ ਦੇ ਦਰਵਾਜੇ ਉੱਤੇ ਆਪਣਾ ਖੂਨ ਲਾਉਣ ਦੀ ਵੀ ਗੱਲ ਮੰਨੀ ਹੈ। ਸ਼ੁਰੂ ਵਿਚ ਉਹ ਇਸ ਗੱਲ ਤੋਂ ਇਨਕਾਰ ਕਰਦੇ ਸਨ। ਬਰਸਟਨ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਆਸਟ੍ਰੇਲੀਅਨ ਪੁਲਸ ਨੂੰ ਦੇ ਦਿੱਤੀ ਹੈ ਤੇ ਉਹ ਪੁਲਸ ਤੋਂ ਉਸ ਇਸ ਕਰਮਚਾਰੀ ਉੱਤੇ ਪਾਬੰਦੀ ਆਦੇਸ਼ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਹਾਨਸਨ ਦੇ ਸਾਥੀ ਜੇਮਜ਼ ਐਸ਼ਬੇ ਦੇ ਪਾਰਲੀਮੈਂਟ ਵਿਚ ਦਾਖਲ ਹੋਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਝਗੜਾ ਉਦੋਂ ਹੋਇਆ ਸੀ, ਜਦੋਂ ਬਰਸਟਨ ਨੇ ਹਾਨਸਨ ਉੱਤੇ ਕਈ ਸਾਲਾਂ ਤੋਂ ਯੌਨ ਇੱਛਾ ਪ੍ਰਗਟ ਕਰਦੇ ਰਹਿਣ ਦਾ ਦੋਸ਼ ਲਾਇਆ ਸੀ। ਹਾਨਸਨ ਨੇ ਇਕ ਅਣਜਾਣ ਪਾਰਲੀਮੈਂਟ ਮੈਂਬਰ, ਜਿਸ ਨੂੰ ਬਰਸਟਨ ਸਮਝਿਆ ਜਾਂਦਾ ਹੈ, ਉੱਤੇ ਜਿਨਸੀ ਬਦਸਲੂਕੀ ਦਾ ਦੋਸ਼ ਲਾਇਆ ਸੀ।