ਕਪੂਰਥਲਾ, 13 ਫਰਵਰੀ (ਪੋਸਟ ਬਿਊਰੋ)- ਇੱਕ ਬਜ਼ੁਰਗ ਮਹਿਲਾ ਦਾ ਚਾਲਾਨ ਕੋਰਟ ਵਿੱਚ ਪੇਸ਼ ਕਰਨ ਦੇ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣਾ ਐਨ ਆਰ ਆਈ ਕਪੂਰਥਲਾ ਦੇ ਥਾਣੇਦਾਰ ਨੂੰ ਵਿਜੀਲੈਂਸ ਕਪੂਰਥਲਾ ਦੀ ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਅਤੇ ਹਿਰਾਸਤ ਵਿੱਚ ਲੈ ਕੇ ਪੁਲਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਐਸ ਐਸ ਪੀ ਵਿਜੀਲੈਂਸ ਜਲੰਧਰ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਿੰਕੂ ਪਿੰਡ ਖਲਵਾੜਾ ਕਾਲੋਨੀ ਥਾਣਾ ਸਦਰ ਫਗਵਾੜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਮਜ਼ਦੂਰ ਹੈ ਤੇ ਉਸ ਦੀ ਦਾਦੀ ਸਵਰਣ ਕੌਰ ਵਾਸੀ ਮੁਹੱਲਾ ਭਗਤਪੁਰਾ, ਗਲੀ ਨੰਬਰ ਤਿੰਨ ਫਗਵਾੜਾ ਅਤੇ ਦੋ ਹੋਰ ਲੋਕਾਂ ਦੇ ਖਿਲਾਫ ਥਾਣਾ ਐਨ ਆਰ ਆਈ ਵਿੱਚ ਕੇਸ ਬਣਿਆ ਸੀ। ਇਸ ਵਿੱਚ ਉਸ ਦੀ ਦਾਦੀ ਸਵਰਣ ਕੌਰ ਦੀ ਜ਼ਮਾਨਤ ਹੋ ਗਈ ਸੀ। ਕੇਸ ਦੀ ਜਾਂਚ ਥਾਣਾ ਐਨ ਆਰ ਆਈ ਦਾ ਥਾਣੇਦਾਰ ਮਨਜਿੰਦਰ ਸਿੰਘ ਕਰ ਰਿਹਾ ਸੀ। ਇਸ ਦਾ ਚਾਲਾਨ ਅਦਾਲਤ ਵਿੱਚ ਪੇਸ਼ ਹੋਣਾ ਹੈ। ਇਸ ਬਾਰੇ ਦੋ ਕਰਮਚਾਰੀ ਕੁਝ ਦਿਨ ਪਹਿਲਾ ਉਸ ਦੀ ਦਾਦੀ ਦੇ ਦਸਖਤ ਲੈਣ ਆਏ, ਪਰ ਉਸ ਦੀ ਦਾਦੀ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਉਤੇ ਉਸ ਉਸ ਨੂੰ ਥਾਣੇਦਾਰ ਮਨਜਿੰਦਰ ਸਿੰਘ ਦਾ ਮੋਬਾਈਲ ਨੰਬਰ ਦੇ ਗਏ। ਫਿਰ ਉਸ ਦੇ ਵਿਦੇਸ਼ ਵਿੱਚ ਰਹਿੰਦੇ ਚਾਚਾ ਰਾਜਿੰਦਰ ਕੁਮਾਰ ਨੇ ਉਸ ਨੂੰ ਥਾਣੇਦਾਰ ਮਨਜਿੰਦਰ ਸਿੰਘ ਦਾ ਫੋਨ ਨੰਬਰ ਦੇ ਕੇ ਉਸ (ਰਿੰਕੂ) ਨੂੰ ਕੇਸ ਦੀ ਪੈਰਵੀ ਲਈ ਤਫਤੀਸ਼ੀ ਅਧਿਕਾਰੀ ਨਾਲ ਸੰਪਰਕ ਕਰਨ ਲਈ ਕਿਹਾ। ਮਨਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਕਤ ਕੇਸ ਦਾ ਚਾਲਾਨ ਅਦਾਲਤ ਵਿੱਚ ਪੇਸ਼ ਕਰਨਾ ਹੈ ਅਤੇ ਉਸ ਦੀ ਦਾਦੀ ਸਵਰਣ ਕੌਰ ਦਾ ਅਦਾਲਤ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਇਸ ਉਤੇ ਉਸ ਨੇ ਕਿਹਾ ਕਿ ਉਸ ਦੀ ਦਾਦੀ ਬਜ਼ੁਰਗ ਹੈ ਅਤੇ ਅਦਾਲਤ ਨਹੀਂ ਆ ਸਕੇਗੀ। ਥਾਣੇਦਾਰ ਮਨਜਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਅਦਾਲਤ ਵਿੱਚ ਕਾਫੀ ਪਛਾਣ ਹੈ, ਉਹ ਉਸ ਦੀ ਦਾਦੀ ਦੇ ਅਦਾਲਤ ਵਿੱਚ ਹਾਜ਼ਰ ਹੋਏ ਬਿਨਾ ਹੀ ਚਾਲਾਨ ਕੋਰਟ ਵਿੱਚ ਦੇ ਦੇਵੇਗਾ, ਪਰ ਇਸ ਕੰਮ ਦੇ 10 ਹਜ਼ਾਰ ਰੁਪਏ ਦੇਣੇ ਪੈਣਗੇ।