ਵਾਸ਼ਿੰਗਟਨ, 13 ਫਰਵਰੀ (ਪੋਸਟ ਬਿਊਰੋ)- ਯੂਰਪ ਦੇ ਕਈ ਦੇਸ਼ਾਂ 'ਚ ਵਿਸ਼ਾਲ ਚੱਟਾਨਾਂ ਅਤੇ ਵੱਡੇ ਪੱਥਰਾਂ ਨੂੰ ਵਿਸ਼ੇਸ਼ ਆਕਾਰ ਵਿੱਚ ਖੜਾ ਕਰਕੇ ਬਣਾਏ ਗਏ ਢਾਂਚੇ ਨੂੰ ਸਟੋਨਹੇਂਜ ਆਖਿਆ ਜਾਂਦਾ ਹੈ। ਇਸ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਪੱਥਰ ਕਾਲ ਦੇ ਮਨੁੱਖਾਂ ਨੇ ਬਣਾਇਆ ਸੀ।
ਬ੍ਰਿਟੇਨ ਦੇ ਵਿਲਟਸ਼ਾਇਰ 'ਚ ਮੌਜੂਦ ਅਜਿਹਾ ਇਕ ਢਾਂਚਾ ਯੂਨੈਸਕੋ ਦੀਆਂ ਕੌਮਾਂਤਰੀ ਵਿਰਾਸਤਾਂ ਦੀ ਸੂਚੀ ਵਿੱਚ ਸ਼ਾਮਲ ਹੈ। ਫਰਾਂਸ, ਸਪੇਨ, ਬ੍ਰਿਟੇਨ, ਸਕੈਂਡੇਨੇਵੀਆ ਤੇ ਆਇਰਲੈਂਡ ਦੇ ਤੱਟੀ ਇਲਾਕਿਆਂ 'ਚ ਇਸ ਤਰ੍ਹਾਂ ਦੇ ਛੋਟੇ ਵੱਡੇ 35 ਹਜ਼ਾਰ ਢਾਂਚੇ ਦੱਸੇ ਜਾਂਦੇ ਹਨ। ਭੂਚਾਲ ਵਿੱਚ ਵੀ ਟਸ ਤੋਂ ਮਸ ਨਾ ਹੋਣ ਵਾਲੇ ਇਹ ਸਾਰੇ ਢਾਂਚੇ ਨਾ ਸਿਰਫ ਟੂਰਿਸਟਾਂ ਦੀ ਖਿੱਚ ਦਾ ਕੇਂਦਰ ਹਨ, ਬਲਕਿ ਪੁਰਾਤੱਤਵ ਵਿਗਿਆਨੀਆਂ ਲਈ ਵੀ ਖਾਸ ਹਨ। ਲੰਬੇ ਸਮੇਂ ਤੋਂ ਵਿਗਿਆਨੀ ਇਹ ਪਤਾ ਲਾਉਣ ਦੀ ਕੋਸ਼ਿਸ਼ 'ਚ ਸਨ ਕਿ ਇਸ ਤਰ੍ਹਾਂ ਦਾ ਢਾਂਚਾ ਬਣਾਉਣ ਦਾ ਗਿਆਨ ਕਿਸ ਤਰ੍ਹਾਂ ਇਨ੍ਹਾਂ ਇਲਾਕਿਆਂ 'ਚ ਫੈਲਿਆ ਸੀ? ਆਖਰ ਇਸ ਭੇਦ ਤੋਂ ਪਰਦਾ ਉਠ ਗਿਆ ਹੈ।
ਸਵੀਡਨ ਦੀ ਯੂਨੀਵਰਸਿਟੀ ਆਫ ਗੋਥੇਨਬਰਗ ਦੀ ਵਿਗਿਆਨੀ ਬੇਟਿਨਾ ਸ਼ੁਲਜ ਪਾਲਸਨ ਦੇ ਮੁਤਾਬਕ ਕਰੀਬ 6500 ਸਾਲ ਪਹਿਲਾਂ ਫਰਾਂਸ ਵਿੱਚ ਏਦਾਂ ਦਾ ਪਹਿਲਾ ਢਾਂਚਾ ਬਣਿਆ ਸੀ। ਉਥੋਂ ਇਨ੍ਹਾਂ ਢਾਂਚਿਆਂ ਨੂੰ ਬਣਾਉਣ ਦਾ ਤਰੀਕਾ ਹੋਰ ਦੇਸ਼ਾਂ ਤੱਕ ਪਹੁੰਚਿਆ ਸੀ। ਬੇਟਿਨਾ ਨੇ ਪੱਥਰ ਯੁੱਗ ਦੀਆਂ ਚੱਟਾਨਾਂ ਦੇ 2140 ਰੇਡੀਓ ਕਾਰਬਨ ਡੇਟ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨੀ ਡਾ. ਸ਼ੁਲਜ ਪਾਲਸਨ ਨੇ ਇਸ ਖੋਜ ਨੂੰ ਵੱਡੀ ਸਫਲਤਾ ਦੱਸਿਆ ਹੈ। ਉਨ੍ਹਾਂ ਕਿਹਾ, ਇਸ ਨਾਲ ਨਾ ਸਿਰਫ ਸਟੋਨਹੇਂਜ ਦੀ ਪੈਦਾਇਸ਼ ਦਾ ਪਤਾ ਲੱਗਾ ਹੈ ਬਲਕਿ ਇਹ ਵੀ ਪਤਾ ਲੱਗਾ ਕਿ ਪ੍ਰਾਚੀਨ ਮਨੁੱਖ ਦੇ ਕੋਲ ਕਿਸ਼ਤੀ ਚਲਾਉਣ ਦੀ ਵੀ ਕੁਝ ਜਾਣਕਾਰੀ ਸੀ ਤੇ ਇਸੇ ਦੀ ਮਦਦ ਨਾਲ ਉਹ ਇਸ ਵਿਸ਼ੇਸ਼ ਸ਼ਿਲਪ ਕਲਾ ਨੂੰ ਕਈ ਦੇਸ਼ਾਂ 'ਚ ਫੈਲਾ ਸਕੇ।