Welcome to Canadian Punjabi Post
Follow us on

29

March 2024
 
ਨਜਰਰੀਆ

ਸਿਰੜੀ ਮਨੁੱਖ ਦੀ ਸੱਚੀ-ਸੁੱਚੀ ਕਿਰਤ ਦਾ ਫਲ

February 13, 2019 08:33 AM

-ਸੀ ਕੇ ਸਿੰਘ ਧਾਲੀਵਾਲ
ਸਤੰਬਰ 1960 ਵਿੱਚ ਦਾਦਾ ਜੀ ਤਿੰਨ-ਚਾਰ ਦਿਨ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ। ਉਸ ਸਮੇਂ ਮੈਂ ਪਹਿਲੀ ਵਿੱਚ ਪੜ੍ਹਦਾ ਸੀ। ਮੇਰੇ ਬਾਪੂ ਜੀ ਹੋਰੀਂ ਚਾਰ ਭਰਾ ਤੇ ਦੋ ਭੈਣਾਂ ਸਨ। ਸਾਰੇ ਵਿਆਹੇ ਹੋਏ ਸਨ। ਬਾਪੂ ਜੀ ਸਭ ਤੋਂ ਛੋਟੇ ਸਨ। ਇੱਕ ਵੱਡਾ ਭਰਾ ਪਿਛਲੇ ਪਿੰਡ ਰਹਿੰਦਾ ਸੀ ਅਤੇ ਬਾਕੀ ਤਿੰਨ ਇਸੇ ਪਿੰਡ ਰਹਿੰਦੇ ਸਨ। ਇਸ ਪਿੰਡ ਵਾਲੀ ਜ਼ਮੀਨ ਦਾ ਸਕਿਆਂ ਨਾਲ ਲੰਮਾ ਮੁਕੱਦਮਾ ਚੱਲਿਆ ਤੇ ਸਾਲ ਕੁ ਪਹਿਲਾਂ ਉਸ ਦਾ ਫੈਸਲਾ ਹੋਇਆ ਸੀ। ਪਰਵਾਰ ਮੁਕੱਦਮੇ ਕਾਰਨ ਟੁੱਟਿਆ ਹੋਇਆ ਸੀ ਤੇ ਦੋ ਖੇਤ ਜ਼ਮੀਨ ਗਿਰਵੀ ਰੱਖੀ ਹੋਈ ਸੀ।
ਦਾਦਾ ਜੀ ਦੀ ਅਚਾਨਕ ਹੋਈ ਮੌਤ ਨਾਲ ਪਰਵਾਰ ਵਿੱਚ ਵੰਡੀਆਂ ਪੈ ਗਈਆਂ। ਭੋਗ ਤੋਂ ਬਾਅਦ ਉਨ੍ਹਾਂ ਨੇ ਰੋਟੀ ਅਲੱਗ ਕਰ ਲਈ ਅਤੇ ਹਾੜ੍ਹੀ ਦੀ ਫਸਲ ਆਉਣ ਮਗਰੋਂ ਖੇਤੀ ਵੀ ਅੱਡ ਕਰ ਲਈ। ਇਸ ਦਾ ਇੱਕੋ ਕਾਰਨ ਸੀ ਕਿ ਦੋਵਾਂ ਨੂੰ ਰਿਸ਼ਤੇਦਾਰੀ ਵਿੱਚੋਂ ਹੋਰ ਜ਼ਮੀਨ ਆਉਂਦੀ ਸੀ। ਵੱਡੇ ਭਰਾਵਾਂ ਨੇ ਆਪਣੇ ਹਿਸਾਬ ਨਾਲ ਘਰ ਵੰਡ ਲਿਆ ਤੇ ਜ਼ਮੀਨ ਵੀ। ਸਭ ਤੋਂ ਛੋਟੇ ਹੋਣ ਕਾਰਨ ਮੇਰੇ ਪਿਤਾ ਜੀ ਨੂੰ ਜਿਹੜਾ ਹਿੱਸਾ ਦਿੱਤਾ, ਉਨ੍ਹਾਂ ਨੇ ਬਗੈਰ ਕਿਸੇ ਉਜਰ ਦੇ ਸਵੀਕਾਰ ਕਰ ਲਿਆ। ਸੱਤ ਏਕੜ ਜ਼ਮੀਨ (ਜਿਸ ਵਿੱਚ ਇੱਕ ਖੇਤ ਗਹਿਣੇ ਸੀ), ਇੱਕ ਬਲਦ ਤੇ ਇੱਕ ਮੱਝ ਉਨ੍ਹਾਂ ਦੇ ਹਿੱਸੇ ਆਈ। ਘਰ ਦੇ ਨਾਂਅ 'ਤੇ ਰਹਿਣ ਵਾਸਤੇ ਇੱਕ ਵੱਡੀ ਸਬ੍ਹਾਤ ਹੀ ਸੀ, ਪਸ਼ੂਆਂ ਵਾਲੀ ਥਾਂ ਬਿਲਕੁਲ ਖਾਲੀ ਸੀ ਅਤੇ ਨਾ ਹੀ ਤੂੜੀ ਵਗੈਰਾ ਪਾਉਣ ਵਾਸਤੇ ਕੋਈ ਕਮਰਾ ਸੀ। ਪਿਤਾ ਜੀ ਨੇ ਖੇਤਾਂ ਵਿੱਚ ਹੀ ਕੰਮ ਕੀਤਾ ਸੀ, ਬਾਹਰਲਾ ਲੈਣ-ਦੇਣ ਦਾ ਕੰਮ ਭਾਈ ਜਾਂ ਦਾਦਾ ਜੀ ਕਰਦੇ ਸਨ। ਭਾਈਆਂ ਵੱਲੋਂ ਅਲੱਗ ਕਰ ਦੇਣ ਕਾਰਨ ਬਾਪੂ ਜੀ ਨੂੰ ਇੱਕ ਤਰ੍ਹਾਂ ਸਦਮਾ ਲੱਗਾ। ਦੋ ਦਿਨ ਘਰ ਤੋਂ ਬਾਹਰ ਹੀ ਨਾ ਗਏ ਤਾਂ ਤੀਜੇ ਦਿਨ ਦਾਦੀ ਜੀ, ਜੋ ਸਾਡੇ ਨਾਲ ਸਨ, ਤੇ ਮਾਤਾ ਜੀ ਨੇ ਬਾਪੂ ਜੀ ਨੂੰ ਕਿਹਾ, ‘ਸਾਰਾ ਜੱਗ ਅੱਡ ਹੁੰਦਾ ਹੈ, ਆਪਾਂ ਕਿਹੜੇ 'ਕੱਲੇ ਅੱਡ ਹੋਏ ਹਾਂ।’
ਬਾਪੂ ਜੀ ਨੇ ਕਿਹਾ, ‘‘ਮੈਨੂੰ ਅੱਡ ਹੋਣ ਦਾ ਦੁੱਖ ਨਹੀਂ, ਇੱਕ ਬਲਦ ਨਾਲ ਖੇਤੀ ਕਿਵੇਂ ਹੋਵੇਗੀ ਤੇ ਪਸ਼ੂਆਂ ਨੂੰ ਕਿੱਥੇ ਬੰਨ੍ਹਾਂਗੇ?” ਉਸੇ ਵਕਤ ਮਾਤਾ ਜੀ ਅੰਦਰ ਗਏ ਅਤੇ ਸੰਦੂਕ ਵਿੱਚ ਰੱਖੇ ਹੋਏ ਆਪਣੇ ਗਹਿਣੇ ਬਾਹਰ ਲਿਆ ਕੇ, ਇਥੋਂ ਤੱਕ ਕਿ ਕੰਨਾਂ ਵਿੱਚ ਪਾਈਆਂ ਵਾਲੀਆਂ ਵੀ ਲਾਹ ਕੇ ਬਾਪੂ ਜੀ ਨੂੰ ਫੜਾ ਦਿੱਤੀਆਂ ਅਤੇ ਕਿਹਾ, ‘‘ਇਹ ਕੀ ਘਰ ਪਏ ਵਧਣਗੇ! ਜਾਹ ਇਨ੍ਹਾਂ ਨੂੰ ਵੇਚ ਕੇ ਪਹਿਲਾਂ ਇੱਕ ਬਲਦ ਲੈ ਅਤੇ ਨਾਲ ਜਿਹੜਾ ਖੇਤ ਗਹਿਣੇ ਪਿਆ ਹੈ, ਉਸ ਨੂੰ ਛੁਡਾ। ਜੇ ਪੈਸੇ ਬਚ ਗਏ ਤਾਂ ਪਸ਼ੂਆਂ ਨੂੰ ਇੱਕ ਵਰਾਂਡਾ ਛੱਤ ਲਈਏ ਅਤੇ ਸਬਾਤ ਵਿੱਚ ਕੰਧ ਕੱਢ ਕੇ ਤੂੜੀ ਪਾ ਲਵਾਂਗੇ।” ਪਿਤਾ ਜੀ ਨੂੰ ਇਸ ਨਾਲ ਹੌਸਲਾ ਮਿਲਿਆ, ਉਨ੍ਹਾਂ ਪਿੰਡ ਵਿੱਚੋਂ ਆਪਣੇ ਇੱਕ ਦੋਸਤ ਨੂੰ ਨਾਲ ਲਿਜਾ ਕੇ ਸ਼ਹਿਰ ਗਹਿਣੇ ਵੇਚ ਦਿੱਤੇ। ਪਹਿਲਾਂ ਗਹਿਣੇ ਰੱਖਿਆ ਖੇਤ ਛੁਡਾਇਆ ਤੇ ਇੱਕ ਊਠ ਖਰੀਦ ਲਿਆ, ਜਿਸ ਨਾਲ ਖੇਤੀ ਦੇ ਦੋ ਕੰਮ ਹੋਣ ਲੱਗੇ, ਖੂਹ ਵਿੱਚੋਂ ਪਾਣੀ ਕੱਢਣ ਤੇ ਹਲ ਚਲਾਉਣ ਦਾ। ਬਾਕੀ ਬਚੇ ਪੈਸਿਆਂ ਨਾਲ ਪਸ਼ੂਆਂ ਵਾਸਤੇ ਵਰਾਂਡਾ ਬਣਾ ਲਿਆ ਅਤੇ ਰਹਿਣ ਵਾਲੀ ਸਬ੍ਹਾਤ ਵਿਚਕਾਰ ਕੰਧ ਕੱਢ ਕੇ ਅੱਧੀ ਸਬ੍ਹਾਤ ਤੂੜੀ ਪਾਉਣ ਵਾਸਤੇ ਬਣਾ ਲਈ।
ਗੁਆਂਢੀ ਪਿੰਡ ਸਰਦਾਰ ਸੀ, ਜਿਨ੍ਹਾਂ ਕੋਲ ਜ਼ਮੀਨ ਵਾਧ ਸੀ। ਉਹ ਵੰਡਾਈ (ਤੀਜੇ ਹਿੱਸੇ) 'ਚ ਖੇਤੀ ਵਾਸਤੇ ਲੋਕਾਂ ਨੂੰ ਵਾਹੁਣ ਵਾਸਤੇ ਦਿੰਦੇ ਸਨ। ਉਨ੍ਹਾਂ ਤੋਂ ਅੱਠ ਏਕੜ ਜ਼ਮੀਨ ਖੂਹ ਵਾਲੀ ਲੈ ਕੇ ਅਤੇ ਆਪਣੇ ਹਾਣ ਦਾ ਇੱਕ ਸੀਰੀ ਨਾਲ ਰਲਾ ਕੇ (ਜਿਸ ਨੂੰ ਉਪਜ ਵਿੱਚੋਂ ਪੰਜਵਾਂ ਹਿੱਸਾ ਦੇਣਾ ਸੀ) 15 ਏਕੜ ਦੀ ਖੇਤੀ ਕਰਨ ਲੱਗੇ। ਪਿੱਛੇ ਮੁੜ ਕੇ ਨਹੀਂ ਵੇਖਿਆ। ਸਬਰ ਸੰਤੋਖ ਨਾਲ ਹੱਡ ਭੰਨਵੀਂ ਮਿਹਨਤ ਕੀਤੀ ਤੇ ਮਿਹਨਤ ਨੂੰ ਫਲ ਪੈਣਾ ਸ਼ੁਰੂ ਹੋਇਆ। ਚਾਰ ਪੰਜ ਸਾਲਾਂ ਵਿੱਚ ਰਹਿਣ ਵਾਲੇ ਦੋ ਕਮਰੇ ਪੱਕੇ ਬਣਾ ਲਏ ਤੇ ਫਿਰ ਬਾਹਰਲੇ ਘਰ ਤੂੜੀ ਤੇ ਪਸ਼ੂਆਂ ਲਈ ਅਲੱਗ ਮਕਾਨ ਬਣਾ ਲਿਆ। ਇਸ ਤੋਂ ਦੋ ਤਿੰਨ ਸਾਲਾਂ ਬਾਅਦ ਤਿੰਨ ਚਾਰ ਖੇਤ ਗਹਿਣੇ ਲੈ ਲਏ, ਜਿਸ ਨਾਲ ਘਰ ਵਿੱਚ ਵੱਧ ਫਸਲ ਆਉਣਲੱਗੀ।
ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਦੋ ਹੋਰ ਜ਼ਿਮੀਂਦਾਰ ਭਰਾਵਾਂ ਨਾਲ ਦਸ ਸਾਲ ਸਾਂਝੀ ਖੇਤੀ ਕੀਤੀ। ਸਰਦਾਰਾਂ ਦੀ 20 ਏਕੜ ਜ਼ਮੀਨ ਇਕੱਠੀ ਲੈਣੀ ਅਤੇ ਉਸ ਵਿੱਚ ਤੇ ਘਰ ਵਾਲੀ ਜ਼ਮੀਨ ਵਿੱਚ ਇਕੱਠੀ ਫਸਲ ਬੀਜਣੀ, ਵਾਹੁਣੀ ਅਤੇ ਕੱਢਣੀ ਅਤੇ ਲਾਭ ਹਿੱਸੇ ਮੁਤਾਬਕ ਵੰਡ ਲੈਣਾ। ਮੇਰਾ ਛੋਟਾ ਭਰਾ ਪੜ੍ਹਨੋਂ ਹਟ ਗਿਆ। ਉਹ ਵੀ ਖੇਤੀ ਵਿੱਚ ਉਨ੍ਹਾਂ ਨਾਲ ਕੰਮ ਕਰਨ ਲੱਗਾ ਤਾਂ 1977 ਵਿੱਚ ਅੱਠ ਏਕੜ ਜ਼ਮੀਨ ਸਰਦਾਰਾਂ ਤੋਂ ਖਰੀਦ ਲਈ। ਵੱਡੀ ਭੈਣ ਦਾ ਵਿਆਹ ਕੀਤਾ ਅਤੇ ਛੋਟਾ ਭਰਾ ਵੀ ਵਿਆਹ ਲਿਆ। 1978 ਵਿੱਚ ਮੇਰੀ ਪੜ੍ਹਾਈ ਪੂਰੀ ਹੋਈ ਤਾਂ ਮੈਨੂੰ ਸਿਖਿਆ ਮਹਿਕਮੇ ਦੀ ਨੌਕਰੀ ਮਿਲ ਗਈ ਤੇ ਘਰ ਵਿੱਚ ਹੋਰ ਪੈਸੇ ਆਉਣ ਨਾਲ ਘਰ ਦਾ ਗੁਜ਼ਾਰਾ ਹੋਰ ਸੁਖਾਲਾ ਹੋ ਗਿਆ।
ਮੇਰੇ ਬਾਪੂ ਜੀ ਨੇ ਸਾਰੀ ਉਮਰ ਕਰਜ਼ਾ ਨਹੀਂ ਲਿਆ। ਇੰਜਣ, ਟਰੈਕਟਰ ਸਭ ਕੁਝ ਨਕਦ ਪੈਸੇ ਦਾ ਲਿਆ। ਬਾਪੂ ਜੀ ਦਾ ਮੰਨਣਾ ਸੀ ਕਿ ਕਰਜ਼ਾ ਲਿਆ ਤਾਂ ਵਿਆਜ ਘਾਹ ਵਾਂਗੂ ਵਧਦਾ ਹੈ। ਮਸ਼ੀਨਰੀ ਆਉਣ ਅਤੇ ਮੇਰੀ ਤਨਖਾਹ ਆਉਣ ਨਾਲ ਫਸਲ ਦੀ ਆਮਦਨ ਬਚਣ ਲੱਗੀ। ਉਨ੍ਹਾਂ ਨੇ ਹੋਰ 12 ਏਕੜ ਜ਼ਮੀਨ ਖਰੀਦ ਲਈ ਜਿਸ ਨਾਲ ਉਹ 27 ਏਕੜ ਦੇ ਮਾਲਕ ਬਣ ਗਏ। ਛੋਟੀ ਭੈਣ ਨੂੰ ਹੋਸਟਲ ਵਿੱਚ ਰੱਖ ਕੇ ਬੀ ਏ ਕਰਾਈ, ਉਸ ਦਾ ਵਿਆਹ ਕੀਤਾ।
ਉਨ੍ਹਾਂ ਦੇ ਜੀਵਨ ਤੋਂ ਇਹੀ ਸੇਧ ਮਿਲਦੀ ਹੈ ਕਿ ਬਿਨਾਂ ਮਤਲਬ ਕਰਜ਼ੇ ਲੈ ਕੇ ਵਿਆਹਾਂ, ਘਰਾਂ ਤੇ ਫਾਲਤੂ ਮਸ਼ੀਨਰੀ 'ਤੇ ਕੀਤਾ ਖਰਚ ਤੇ ਕਿਰਤ ਤੋਂ ਮੁਨਕਰ ਹੋਣਾ ਠੀਕ ਨਹੀਂ। ਘਰ ਜਾਂ ਖੇਤੀ ਦਾ ਕੰਮ ਬਿਗਾਨੇ ਹੱਥਾਂ ਵਿੱਚ ਛੱਡ ਕੇ ਕਾਰਾਂ ਜਾਂ ਮੋਟਰ ਸਾਈਕਲਾਂ 'ਤੇ ਬਿਨਾਂ ਕੰਮ ਸ਼ਹਿਰਾਂ ਦੇ ਗੇੜੇ ਲਾਉਣੇ ਛੱਡ ਕੇ ਜਿੰਨਾ ਕੰਮ ਹੱਥੀਂ ਹੋ ਸਕਦਾ ਹੈ, ਹੱਥੀਂ ਕੀਤਾ ਜਾਵੇ। ਲੋੜ ਵੇਲੇ ਹੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਪੈਸੇ ਦੀ ਬੱਚਤ ਹੋਣ ਦੇ ਨਾਲ ਨਾਲ ਮਨੁੱਖ ਸਿਹਤਮੰਦ ਰਹਿੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ