Welcome to Canadian Punjabi Post
Follow us on

18

April 2019
ਨਜਰਰੀਆ

ਜਦੋਂ ਘਰ ਕੱਚੇ ਸਨ..

February 12, 2019 08:46 AM

-ਮਨਮੋਹਨ ਸਿੰਘ ਦਾਊਂ
ਗੱਲ 1970 ਤੋਂ ਪਹਿਲਾਂ ਦੀ ਹੈ। ਪਿੰਡ ਦਾਊਂ 'ਚ ਉਦੋਂ ਸਾਡੇ ਤਿੰਨ ਮਕਾਨ ਸਨ। ਅੰਦਰਲਾ ਗਲੀ ਵਾਲਾ ਘਰ ਵਾਸੂ ਸੀ, ਜਿਥੇ ਸਾਰਾ ਪਰਵਾਰ ਰਹਿੰਦਾ ਸੀ। ਦੂਜਾ ਬਾਹਰਲਾ ਘਰ ਪਸ਼ੂਆਂ ਵਾਲਾ। ਤੀਜਾ ਵਾੜੇ ਵਾਲਾ ਘਰ, ਜਿਹੜਾ ਲੱਕੜਾਂ, ਬਾਲਣ, ਪਾਥੀਆਂ ਤੇ ਪਸ਼ੂਆਂ ਦੇ ਚਾਰੇ ਲਈ ਹੁੰਦਾ ਸੀ। ਤਿੰਨੇ ਮਕਾਨਾਂ ਦੀਆਂ ਛੱਤਾਂ ਕੱਚੀਆਂ ਸਨ। ਬਾਲੇ, ਸ਼ਤੀਰ, ਕੜੀਆਂ, ਫੱਟੀਆਂ, ਲੱਕੜ, ਸਰਕੜੇ ਦੀਆਂ ਬੱਤੀਆਂ ਅਤੇ ਗਾਡਰ ਛੱਤਾਂ ਦਾ ਭਾਰ ਚੁੱਕਣ ਲਈ ਵਰਤੇ ਜਾਂਦੇ ਸਨ। ਛੱਤਾਂ ਦੀ ਉਸਾਰੀ ਵੱਖ-ਵੱਖ ਮਾਹਰ ਮਿਸਤਰੀ/ ਰਾਜ ਮਿਸਤਰੀ ਕਰਦੇ ਸਨ। ਮੈਨੂੰ ਯਾਦ ਹੈ, ਮੁਸਲਮਾਨ ਕਾਬਲ ਪੀਂਜਾ ਸਰਕੜੇ ਦੀਆਂ ਬੱਤੀਆਂ ਬਣਾਉਣ ਵਿੱਚ ਮੰਨਿਆ ਹੋਇਆ ਸੀ। ਦਿਆਲੇ (ਦੌਲਾ) ਤਰਖਾਣ ਵਰਗਾ ਬਾਲੇ/ ਸ਼ਤੀਰਾਂ ਦੀ ਛੱਤ ਪਾਉਣ ਵਾਲਾ ਨੇੜੇ ਤੇੜੇ ਦੇ ਪਿੰਡਾਂ 'ਚ ਨਹੀਂ ਸੀ। ਗਾਡਰ, ਬਾਲੇ ਤੇ ਇੱਟਾਂ ਦੀ ਚਿਣਾਈ ਨੂੰ ਪ੍ਰਭੂ ਝਿਊਰ ਦੀ ਕਾਰੀਗਰੀ ਮੰਨੀ ਜਾਂਦੀ ਸੀ।
ਉਦੋਂ ਲੋਕੀਂ ਗਰਮੀਆਂ 'ਚ ਗਲੀਆਂ 'ਚ ਮੰਜੇ ਡਾਹ ਕੇ ਸੌਂਦੇ ਸਨ, ਕੋਈ ਚਿੰਤਾ ਜਾਂ ਡਰ ਨਹੀਂ ਸੀ ਹੁੰਦਾ। ਬਹੁਤੀ ਗਰਮੀ ਸਮੇਂ ਕੋਠਿਆਂ 'ਤੇ ਮੰਜੇ/ ਮੰਜੀਆਂ ਡਾਹ ਕੇ ਸੌਂਦੇ ਸਨ। ਕੋਠੇ ਇਕ ਦੂਜੇ ਗੁਆਂਢੀ ਨਾਲ ਜੁੜੇ ਹੁੰਦੇ ਸਨ ਤੇ ਆਪਸ 'ਚ ਰਾਤੀਂ ਗੱਲਾਂ ਬਾਤਾਂ ਕਰਦੇ-ਕਰਦੇ ਨੀਂਦ 'ਚ ਗੜੁੱਤ ਹੋ ਜਾਂਦੇ। ਕਿਸੇ ਧੀ/ ਭੈਣ ਨੂੰ ਕੋਈ ਖਤਰਾ ਨਹੀਂ ਹੁੰਦਾ ਸੀ। ਕਈ ਪਰਵਾਰ ਖੁੱਲ੍ਹੇ ਵਿਹੜਿਆਂ 'ਚ ਪੈਣ ਦਾ ਹੀਲਾ ਕਰ ਲੈਂਦੇ ਸਨ। ਚੌਕੀਦਾਰ ਦਾ ਪਹਿਰਾ ਵੀ ਲੱਗਾ ਹੁੰਦਾ। ਮੰਜੇ ਮੁੰਜ (ਬੱਗੜ੍ਹ) ਸਣ, ਸੂਤ ਜਾਂ ਨਵਾਰ ਦੇ ਹੁੰਦੇ ਸਨ। ਕੋਠਿਆਂ ਉਤੇ ਮੰਜੇ ਬਿਸਤਰੇ ਡਾਹੁਣੇ, ਵਿਛਾਉਣੇ, ਇਕੱਠੇ ਕਰਨੇ ਤੇ ਥੱਲ੍ਹੇ ਉਤਾਰਨੇ ਇਕ ਵੱਖਰਾ ਕੰਮ ਬਣਿਆ ਰਹਿੰਦਾ। ਹਰ ਕੋਈ ਆਪਣੇ ਸੌਣ ਦੀ ਤਿਆਰੀ ਦੀ ਜ਼ਿੰਮੇਵਾਰੀ ਮਹਿਸੂਸ ਕਰਦਾ। ਚਾਨਣੀਆਂ ਰਾਤਾਂ ਨੂੰ ਕੋਠਿਆਂ 'ਤੇ ਸੌਂ ਰਿਹਾ ਪਿੰਡ ਜਿਵੇਂ ਇਕ ਪਰਵਾਰ ਹੀ ਲੱਗਦਾ। ਹਨੇਰੀਆਂ ਰਾਤਾਂ ਨੂੰ ਅੰਬਰੀਂ ਟਿਮਕਦੇ ਤਾਰਿਆਂ ਦੀ ਝਿਲ ਮਿਲ ਅਤੀ ਲੁਭਾਉਣੀ ਲੱਗਦੀ।
ਢਿੱਲੇ ਹੋਏ ਮੰਜਿਆਂ ਨੂੰ ਦੌਣ ਖਿੱਚ-ਖਿੱਚ ਕੇ ਕੱਸ ਲਿਆ ਜਾਂਦਾ। ਗਰਮੀਆਂ 'ਚ ਇਨ੍ਹਾਂ ਮੰਜਿਆਂ ਦੀ ਛਾਂ ਕਰਕੇ ਔਰਤਾਂ ਸੇਵੀਆਂ ਵੱਟਣ ਦਾ ਕੰਮ ਕਰਦੀਆਂ ਤੇ ਮੰਜਿਆਂ 'ਤੇ ਸੇਵੀਆਂ ਨੂੰ ਧੁੱਪੇ ਸੁਕਾਇਆ ਜਾਂਦਾ। ਇਹ ਕੰਮ ਔਰਤਾਂ ਰਲ ਮਿਲ ਕੇ ਕਰਦੀਆਂ। ਬਰਸਾਤ ਦੀ ਰੁੱਤੇ ਜਦੋਂ ਰਾਤੀਂ ਬਾਰਸ਼ ਪੈਣ ਵਾਲੀ ਹੁੰਦੀ ਤਾਂ ਮੰਜੇ ਬਿਸਤਰਿਆਂ ਨੂੰ ਥੱਲ੍ਹੇ ਉਤਾਰਨ ਲਈ ਦਗੜ-ਦਗੜ ਹੋ ਜਾਂਦੀ। ਥੱਲੇ ਹੁਮਸ ਤੰਗ ਕਰਦੀ। ਉਦੋਂ ਬਹੁਤੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ। ਘੁੱਪ ਹਨੇਰੇ ਸੌਣਾ ਪੈਂਦਾ। ਕਈ ਵਾਰ ਮੰਜੇ ਬਿਸਤਰੇ ਮੀਂਹ ਨਾਲ ਭਿੱਜ ਜਾਣੇ। ਸੁੱਤ ਉਣੀਂਦੇ ਨਿਆਣਿਆਂ ਨੇ ਬਿਸਤਰਿਆਂ 'ਤੇ ਪਿਸ਼ਾਬ ਕਰ ਦੇਣਾ, ਮਾਵਾਂ ਨੇ ਝਿੜਕਾਂ ਦੀ ਛਹਿਬਰ ਲਾ ਦੇਣੀ। ਕੋਠਿਆਂ 'ਤੇ ਸੁੱਤਾ ਪਿੰਡ ਆਪੋ-ਆਪਣੇ ਘਰੀਂ ਘੁਸੜ ਜਾਂਦਾ।
ਬਰਸਾਤ ਦੀ ਰੁੱਤ ਸ਼ੁਰੂ ਹੋ ਜਾਂਦੀ। ਕੱਚਿਆਂ ਕੋਠਿਆਂ ਤੇ ਕੰਧਾਂ ਦੀ ਆਫਤ ਆ ਜਾਂਦੀ। ਕਈ-ਕਈ ਦਿਨਾਂ ਦੀ ਝੜੀ ਲੱਗ ਜਾਂਦੀ। ਪਰਨਾਲਿਆਂ ਦੀ ਆਵਾਜ਼ ਰਾਗ ਗਾਉਂਦੀ ਲੱਗਦੀ। ਕੰਧਾਂ ਦੇ ਖਲੇਪੜ ਡਿੱਗਣ ਲੱਗਦੇ। ਕਈ ਖੋਲਿਆਂ ਦੀਆਂ ਕੰਧਾਂ ਡਿੱਗਣ ਲੱਗਦੀਆਂ। ਛੱਪਰ ਚੋਣ ਲੱਗਦੇ। ਕਈ ਥੰਮ੍ਹੀਆਂ ਡਿੱਗਣ-ਡਿੱਗਣ ਕਰਦੀਆਂ। ਗਲੀਆਂ ਕੱਚੀਆਂ ਹੋਣ ਕਾਰਨ ਚਿੱਕੜ ਨਾਲ ਭਰ ਜਾਂਦੀਆਂ। ਲੱਕੜ ਦੀਆਂ ਪੌੜੀਆਂ ਦੇ ਕਈ ਡੰਡੇ ਟੁੱਟ ਜਾਂਦੇ। ਕੋਠੀਂ ਚੜ੍ਹ ਕੇ ਖੱਡਾਂ ਬੰਦ ਕਰਨੀਆਂ ਪੈ ਜਾਂਦੀਆਂ। ਬਨੇਰੇ 'ਚ ਪਈ ਤ੍ਰੇੜ ਨੂੰ ਬੋਰੀਆਂ ਨਾਲ ਢੱਕਣ ਦਾ ਹੀਲਾ ਕਰਨਾ ਪੈਂਦਾ। ਸੁੱਕੀ ਮਿੱਟੀ ਨਾਲ ਚੋਣ ਵਾਲੀ ਥਾਂ ਨੂੰ ਭਰਿਆ ਜਾਂਦਾ। ਫਿਕਰ ਹੁੰਦਾ ਕਿ ਕਿਤੇ ਖਣ ਦੀ ਛੱਤ ਤਿਪਕਣ ਨਾਲ ਵਸਤਾਂ ਭਿੱਜ ਨਾ ਜਾਣ। ਘਰ ਦੀਆਂ ਚੀਜ਼ਾਂ ਨੂੰ ਸਾਂਭਣ ਦਾ ਫਿਕਰ ਹੋ ਜਾਂਦਾ। ਪੱਕੇ ਘਰਾਂ ਵਾਲੇ ਨਿਸ਼ਚਿਤ ਰਹਿੰਦੇ। ਮੈਨੂੰ ਆਪਣੇ ਘਰਾਂ ਦੀਆਂ ਛੱਤਾਂ ਚੋਣ ਤੋਂ ਕਈ ਉਪਰਾਲੇ ਕਰਨੇ ਪੈਂਦੇ। ਖੇਸੀ ਦੀ ਝੁੰਮੀ ਮਾਰ ਕੇ ਮਾਤਾ ਮੈਨੂੰ ਕੋਠੇ 'ਤੇ ਚੜ੍ਹ ਕੇ ਵੇਖਣ ਨੂੰ ਕਹਿੰਦੀ। ਕਦੇ ਛੱਤਰੀ ਲੈ ਕੇ ਖੱਡਾਂ ਬੰਦ ਕਰਨ ਲਈ ਮੀਂਹ 'ਚ ਭਿੱਜਦਾ ਭਿਜਾਉਂਦਾ ਇਸ ਕੰਮ ਲੱਗਿਆ ਰਹਿੰਦਾ। ਬਾਲ ਮਨ ਡਰਿਆ ਰਹਿੰਦਾ। ਅਰਜ਼ੋਈ ਕੀਤੀ ਜਾਂਦੀ ਕਿ ਮੀਂਹ ਨੂੰ ਠੱਲ੍ਹ ਪਵੇ। ਬਾਰਸ਼ ਹਟੇ ਤੇ ਸੁੱਖ ਦਾ ਸਾਹ ਆਵੇ। ਵਾਛੜ ਤੋਂ ਖਿੜਕੀਆਂ ਬੰਦ ਕਰਨੀਆਂ ਪੈਂਦੀਆਂ। ਚੁੱਲੇ੍ਹ ਦੇ ਸੁੱਕੇ ਇੰਨਣ ਨੂੰ ਸਾਂਭਣਾ ਪੈਂਦਾ। ਬਰਸਾਤ ਖਤਮ ਹੁੰਦੀ। ਕੱਚੇ ਕੋਠਿਆਂ ਨੂੰ ਸਾਹ ਆਉਂਦਾ। ਧੁੱਪ ਚੰਗੀ ਲੱਗਦੀ। ਕੋਠੇ ਉਪਰੋਂ ਸੁੱਕ ਜਾਂਦੇ। ਉਨ੍ਹਾਂ 'ਤੇ ਘਾਹ ਉਗ ਆਉਂਦਾ। ਡੀਲਾ ਤੇ ਹੋਰ ਬੂਟੀਆਂ ਉਗ ਆਉਂਦੀਆਂ। ਕੋਠਿਆਂ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਂਦਾ। ਉਪਰੋਂ ਕੱਚੇ ਕੋਠੇ ਖੇਤ ਲੱਗਣ ਲੱਗਦੇ। ਘਾਹ ਖੋਤਣ ਦਾ ਕੰਮ ਛਿੜ ਜਾਂਦਾ।
ਖੁਰਪਿਆਂ ਨਾਲ ਉਪਰ ਜੰਮਿਆ ਘਾਟ ਬੂਟ ਦੂਰ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ। ਖੁਰਪੇ ਨੂੰ ਤਿੱਖਾ ਕਰਕੇ ਮੈਂ ਕੋਠੇ ਜਾ ਚੜ੍ਹਦਾ। ਇਕ ਸਿਰੇ ਤੋਂ ਘਾਹ ਖੋਤਣਾ ਸ਼ੁਰੂ ਕਰ ਦਿੰਦਾ। ਇਕੱਲੇ-ਇਕੱਲੇ ਕਮਰੇ ਦੀ ਵਾਰੀ ਆਉਂਦੀ। ਬੈਠਕ, ਦਲ੍ਹਾਨ, ਸੰਦੂਕਾਂ ਵਾਲੀ ਕੋਠੜੀ, ਰਸੋਈ ਤੇ ਡਿਊਢੀ। ਡੀਲੇ ਤੇ ਹੋਰ ਜੜ੍ਹੀਆਂ ਬੂਟੀਆਂ ਦੀਆਂ ਜੜ੍ਹਾਂ 'ਚੋਂ ਮਿੱਟੀ ਝਾੜ ਕੇ ਉਪਰੋਂ ਕੋਠੇ ਨੂੰ ਥਾਪੜਦਾ ਤਾਂ ਜੋ ਪੱਧਰਾ ਹੋਵੇ। ਕਈ ਵਾਰ ਮੋਗਰੀ ਨਾਲ ਛੱਤ ਥਾਪੜਦਾ। ਕਈ ਹੋਰ ਜਣੇ ਆਪਣੇ-ਆਪਣੇ ਕੋਠਿਆਂ ਦੀ ਸਫਾਈ ਕਰਦੇ। ਘਾਹ ਫੂਸ ਖੋਤਦੇ। ਖੋਤਿਆ ਹੋਇਆ ਘਾਹ ਬੂਟਾ ਡੰਗਰਾਂ ਨੂੰ ਖਾਣ ਲਈ ਖੁਰਲੀਆਂ 'ਚ ਸੁੱਟ ਦਿੱਤਾ ਜਾਂਦਾ, ਪਰ ਪਸ਼ੂ ਉਸ ਨੂੰ ਘੱਟ ਹੀ ਖਾਂਦੇ। ਇਹ ਕੰਮ ਕਈ ਦਿਨ ਚੱਲਦਾ ਰਹਿੰਦਾ। ਬਾਰਸ਼ ਨਾਲ ਬਨੇਰੇ ਤੇ ਕੋਠਿਆਂ ਦੀ ਮਿੱਟੀ ਹੜ੍ਹ ਜਾਂਦੀ। ਮਲਵੇਂ ਗਾਰੇ ਨਾਲ ਕੋਠੇ ਲਿੱਪਣ ਦਾ ਕੰਮ ਕਰਨਾ ਪੈਂਦਾ। ਟੋਭੇ ਵਿੱਚ ਘਾਣ ਕਰਕੇ ਗਾਰਾ ਤਿਆਰ ਕਰਨਾ ਪੈਂਦਾ। ਟੋਭੇ 'ਚੋਂ ਗਾਰਾ ਢੋਣਾ ਇਕ ਹੋਰ ਕੰਮ ਛਿੜ ਜਾਂਦਾ। ਦੀਵਾਲੀ ਤੋਂ ਪਹਿਲਾਂ ਕੋਠੇ ਲਿੱਪਣਾ ਜ਼ਰੂਰੀ ਹੁੰਦਾ। ਅੱਠਵੀਂ 'ਚ ਪੜ੍ਹਦਿਆਂ, ਮੈਨੂੰ ਇਹ ਕੰਮ ਵੀ ਕਰਨਾ ਪਿਆ ਤੇ ਉਸ ਤੋਂ ਬਾਅਦ ਵੀ। ਇਹ ਮੁਸ਼ੱਕਤੀ ਕੰਮ ਕਰਕੇ ਮੈਂ ਮਾਣ ਮਹਿਸੂਸ ਕਰਦਾ। ਇਹ ਜ਼ਿੰਮੇਵਾਰੀਆਂ ਬਚਪਨ ਟੱਪਦਿਆਂ ਹੀ ਮੇਰੇ ਮੋਢੇ 'ਤੇ ਆ ਪਈਆਂ, ਪਰ ਮੈਂ ਆਪਣੇ ਕੰਮ ਤੋਂ ਪਿੱਠ ਨਹੀਂ ਮੋੜੀ। ਮੈਂ ਕਈ ਵਾਰ ਸੋਚਦਾ ਕਿ ਕਦੇ ਸਾਡੇ ਮਕਾਨ ਵੀ ਪੱਕੇ ਹੋ ਜਾਣਗੇ। ਕੋਠਿਆਂ ਤੋਂ ਘਾਹ ਬੂਟ ਖੋਤਣ ਤੋਂ ਰਾਹਤ ਮਿਲੇਗੀ। ਜਦੋਂ ਵੀ ਬਰਸਾਤ ਪੈਂਦੀ, ਮੈਨੂੰ ਮਕਾਨਾਂ ਦੇ ਤਿਪਕਣ ਦੀ ਚਿੰਤਾ ਲੱਗ ਜਾਂਦੀ।
ਕਿਸੇ ਦੇ ਘਰ ਥੰਮ੍ਹੀ ਟੁੱਟ ਜਾਣੀ, ਕੜੀਆਂ ਡਿੱਗ ਜਾਣੀਆਂ, ਕੱਚੀ ਕੰਧ ਦਾ ਢੱਠ ਜਾਣਾ, ਛੱਤਾਂ 'ਚ ਮੋਘੇ ਹੋ ਜਾਣੇ, ਪਰਨਾਲੇ ਦੇ ਪਾਣੀ ਦਾ ਕਮਰੇ 'ਚ ਪੈ ਜਾਣਾ ਵਰਗੀਆਂ ਮੁਸੀਬਤਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ। ਮੈਂ ਇਹ ਸਾਰਾ ਦੁਖਾਂਤ ਆਪਣੇ ਪਿੰਡ ਦੇ ਲੋਕਾਂ ਨਾਲ ਵਰਤਦਾ ਦੇਖਿਆ ਹੈ। ਇਹ ਵੀ ਹੁੰਦਾ ਕਿ ਲੋਕੀਂ ਆਪਣੇ ਨਾਲੋਂ ਆਪਣੇ ਪਸ਼ੂਆਂ ਦੀ ਦੇਖਭਾਲ ਦਾ ਬਹੁਤ ਅਹੁਰ ਪਾਹੁਰ ਕਰਦੇ, ਕਿਤੇ ਬਰਸਾਤ 'ਚ ਪਸ਼ੂ ਬਿਮਾਰ ਨਾ ਹੋਣ ਜਾਵੇ, ਉਸ ਨੂੰ ਚਾਰਾ ਖੁਆਉਣ ਦੇ ਪ੍ਰਬੰਧ 'ਚ ਕੁਤਾਹੀ ਨਾ ਹੋਵੇ। ਪੇਂਡੂ ਲੋਕਾਂ ਲਈ ਪਸ਼ੂ ਜੀਵਨ ਸਾਧਨ ਸਨ। ਉਨ੍ਹਾਂ ਦੇ ਗੁਜ਼ਾਰੇ ਦੇ ਵਸੀਲੇ ਸਨ। ਆਪਣੀ ਸੰਤਾਨ ਵਾਂਗ ਪਸ਼ੂ ਪਾਲੇ ਜਾਂਦੇ ਸਨ।
ਸਮਾਂ ਬਦਲਿਆ ਬਹੁਤ ਕੁਝ ਬਦਲ ਗਿਆ। ਪਿੰਡਾਂ 'ਚ ਬਿਜਲੀ ਆਈ। ਗਲੀਆਂ ਨਾਲੀਆਂ ਪੱਕੀਆਂ ਹੋਈਆਂ। ਲੋਕਾਂ ਦੇ ਮਕਾਨ ਨਵੀਂ ਦਿੱਖ ਵਾਲੇ ਪੱਕੇ ਤੇ ਆਲੀਸ਼ਾਨ ਬਣ ਗਏ। ਸਾਡੇ ਮਕਾਨ ਵੀ ਪੱਕੇ ਹੋ ਗਏ। ਮੈਨੂੰ ਬਹੁਤ ਸਾਧਨ ਜੁਟਾਉਣੇ ਪਏ। ਜੀਵਨ ਵਿੱਚ ਤੰਗੀਆਂ ਤੁਰਸ਼ੀਆਂ ਤੇ ਕਈ ਘਰੋਗੀ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਘਰਾਂ ਦੇ ਹੱਸਦੇ ਰਸਦੇ ਰਹਿਣ ਨਾਲ ਹੀ ਜੀਵਨ ਹੈ। ਬੀਤੇ ਨੂੰ ਯਾਦ ਕਰਕੇ ਮਾਣ ਵੀ ਹੁੰਦਾ ਹੈ ਤੇ ਮਨ ਵੀ ਭਰ ਆਉਂਦਾ ਹੈ।

Have something to say? Post your comment