ਬੈਂਕਾਕ, 11 ਫਰਵਰੀ (ਪੋਸਟ ਬਿਊਰੋ)- ਥਾਈਲੈਂਡ ਦੇ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੀ ਚੋਣ ਲਈ ਰਾਜਕੁਮਾਰੀ ਉਬੋਲਰਤਨਾ ਰਾਜਕੰਨਿਆ ਦੇ ਉਮੀਦਵਾਰੀ ਕਾਗਜ਼ ਰੱਦ ਕਰ ਦਿੱਤੇ ਅਤੇ ਕਿਹਾ ਹੈ ਕਿ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਸਿਆਸਤ ਤੋਂ ਉੱਪਰ ਹਨ ਤੇ ਉਨ੍ਹਾਂ ਨੂੰ ਇਸ ਦੌਰਾਨ ਨਿਰਪੱਖ ਰਹਿਣਾ ਚਾਹੀਦਾ ਹੈ।
ਸਾਲ 1932 ਵਿੱਚ ਸੰਵਿਧਾਨਕ ਰਾਜਤੰਤਰ ਬਣਨ ਪਿੱਛੋਂ ਅੱਜ ਤੱਕ ਥਾਈਲੈਂਡ ਦੇ ਸ਼ਾਹੀ ਪਰਿਵਾਰ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ। ਇਸੇ ਕਾਰਨ ਰਾਜਕੁਮਾਰੀ ਦੇ ਵੱਡੇ ਭਰਾ ਤੇ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਬੀਤੇ ਸ਼ਨਿਚਰਵਾਰ ਸ਼ਾਹੀ ਫੁਰਮਾਨ ਜਾਰੀ ਕਰ ਕੇ 67 ਸਾਲਾ ਉਬੋਲਰਤਨਾ ਦੀ ਉਮੀਦਵਾਰੀ ਉੱਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਆਪਣੀ ਭੈਣ ਦੀ ਉਮੀਦਵਾਰੀ ਨੂੰ ਗ਼ਲਤ ਤੇ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ।
ਅਗਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਆਪਣੇ ਦਾਅਵੇ ਦਾ ਐਲਾਨ ਕਰ ਕੇ ਉਬੋਲਰਤਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਰਾਜਕੁਮਾਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੇ ਸਮਰਥਕਾਂ ਦੀ ਬਣਾਈ ਹੋਈ ਥਾਈ ਰੱਖਿਆ ਚਾਰਟ ਪਾਰਟੀ ਨੇ ਉਮੀਦਵਾਰ ਬਣਾਇਆ ਸੀ। ਚੋਣ ਕਮਿਸ਼ਨ ਨੂੰ ਇਸ ਪਾਰਟੀ ਉੱਤੇ ਪਾਬੰਦੀ ਲਾਉਣ ਦੀ ਅਰਜ਼ੀ ਵੀ ਦਿੱਤੀ ਗਈ ਹੈ। ਕਮਿਸ਼ਨ ਨੇ ਇਸ ਉੱਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ। ਸਾਲ 2014 ਵਿੱਚ ਸ਼ਿਨਾਵਾਤਰਾ ਸਰਕਾਰ ਦੇ ਤਖ਼ਤਾ ਪਲਟਣ ਪਿੱਛੋਂ ਥਾਈਲੈਂਡ `ਚ ਪਹਿਲੀ ਵਾਰ ਚੋਣਾਂ ਹੋਣੀਆਂ ਹਨ। 24 ਮਾਰਚ ਨੂੰ ਹੋ ਰਹੀਆਂ ਚੋਣਾਂ `ਚ ਦੇਸ਼ ਦੇ ਫ਼ੌਜੀ ਸ਼ਾਸਕ ਪ੍ਰਯੁਤ ਚਾਨ ਓਚਾ ਵੀ ਖੜ੍ਹੇ ਹਨ। ਰਾਜਕੁਮਾਰੀ ਦੇ ਚੋਣ ਨਾ ਲੜਨ ਨਾਲ ਉਨ੍ਹਾਂ ਦਾ ਰਾਹ ਆਸਾਨ ਹੋ ਸਕਦਾ ਹੈ।