Welcome to Canadian Punjabi Post
Follow us on

19

April 2019
ਸੰਪਾਦਕੀ

ਮਨੁੱਖੀ ਤਸਕਰੀ ਦਾ ਦੈਂਤ ਪੀਲ ਰੀਜਨ ਦੀਆਂ ਬਰੂਹਾਂ ਉੱਤੇ!

February 12, 2019 08:18 AM

ਪੰਜਾਬੀ ਪੋਸਟ ਸੰਪਾਦਕੀ

“ਸੱਭ ਤੋਂ ਵੱਧ ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਹੁੰਦੇ ਕੁੱਲ ਮਨੁੱਖੀ ਤਸਕਰੀ ਦੇ ਕੇਸਾਂ ਵਿੱਚੋਂ 50% ਤੋਂ ਵੱਧ ਦੀ ਤਫ਼ਤੀਸ਼ ਪੀਲ ਰੀਜਨਲ ਪੁਲੀਸ ਵੱਲੋਂ ਕੀਤੀ ਜਾਂਦੀ ਹੈ, ਅਤੇ ਕੈਨੇਡਾ ਵਿੱਚ ਵਾਪਰਦੇ ਕੁੱਲ ਕੇਸਾਂ ਵਿੱਚੋਂ 62.5% ਦੀ ਜੜ ਗਰੇਟਰ ਟੋਰਾਂਟੋ ਏਰੀਆ ਵਿੱਚ ਪਾਈ ਜਾਂਦੀ ਹੈ। ਹਾਲ ਵਿੱਚ ਕੀਤੀਆਂ ਗਈਆਂ ਸਟੱਡੀ ਦੱਸਦੀਆਂ ਹਨ ਕਿ ਬੱਚਿਆਂ ਦੇ ਜਿਣਸੀ ਸੋਸ਼ਣ ਦੇ ਵਿਉਪਾਰ ਵਿੱਚ ਦਾਖ਼ਲ ਹੋਣ ਦੀ ਔਸਤ ਉਮਰ ਸਾਢੇ 13 ਸਾਲ ਹੈ ਅਤੇ ਉਹਨਾਂ ਦੇ ਇਸ ਧੰਦੇ ਵਿੱਚ ਪੂਰੀ ਤਰਾਂ ਖੁਭ ਜਾਣ ਦੀ ਉਮਰ 17 ਸਾਲ ਹੈ। ਮਨੁੱਖੀ ਤਸਕਰੀ ਤੋਂ ਬਚ ਕੇ ਨਿਕਲੇ ਪੀੜਤਾਂ ਨੂੰ ਸੁਰੱਖਿਅਤ ਰਹਿਣ ਲਈ ਥਾਂ ਅਤੇ ਅਜਿਹੀਆਂ ਸੇਵਾਵਾਂ ਚਾਹੀਦੀਆਂ ਹੁੰਦੀਆਂ ਹਨ ਜੋ ਪੀੜਤਾਂ ਨੂੰ ਸੁਰੱਖਿਆ, ਸਹਾਰਾ ਅਤੇ ਸਨਮਾਨ ਪ੍ਰਦਾਨ ਕਰਨ ਦੇ ਨਾਲ 2 ਉਹਨਾਂ ਵਾਸਤੇ ਢੁੱਕਵੀਆਂ ਵੀ ਹੋਣ।” ਇਹ ਸ਼ਬਦ ਜੈਨਿਸ ਸ਼ੀਹੀ, ਪੀਲ ਰੀਜਨ ਦੀ ਮਨੁੱਖੀ ਸੇਵਾਵਾਂ ਬਾਰੇ ਕਮਿਸ਼ਨਰ ਦੇ ਹਨ ਜੋ ਉਸਨੇ ਜੂਨ 2018 ਵਿੱਚ ਉਸ ਵੇਲੇ ਆਖੇ ਸਨ ਜਦੋਂ ਪੀਲ ਰੀਜਨ ਨੇ ਮਨੁੱਖੀ ਤਸਕਰੀ ਨੂੰ ਨਕੇਲ ਪਾਉਣ ਲਈ ਤਿੰਨ ਸਾਲਾਂ ਦੀ ਰਣਨੀਤੀ ਐਲਾਨ ਕੀਤੀ ਸੀ।

 

ਅੱਜ ਕੱਲ ਪੀਲ ਪੁਲੀਸ ਵੱਲੋਂ ਇੱਕ ਵਾਰ ਫੇਰ ਪੀਲ ਰੀਜਨ ਦੇ ਵਾਸੀਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਵਾਸਤੇ ਮਨੁੱਖੀ ਤਸਕਰਾਂ ਤੋਂ ਬਚਾਅ ਲਈ ਤਿਆਰੀ ਰੱਖਣੀ ਚਾਹੀਦੀ ਹੈ। ਪੀਲ ਪੁਲੀਸ ਮੁਤਾਬਕ ‘ਮਨੁੱਖੀ ਤਸਕਰੀ (Human Trafficking) ਉਹ ਵਰਤਾਰਾ ਹੈ ਜਿਸ ਵਿੱਚ ਇਨਸਾਨਾਂ ਨੂੰ ਸੋਸ਼ਣ ਕਰਨ ਦੇ ਇਰਾਦੇ ਨਾਲ ਗੈਰਕਨੂੰਨੀ ਢੰਗ ਨਾਲ ਵਰਗਲਾ ਕੇ ਲਿਜਾਇਆ ਜਾਂਦਾ ਜਾਂ ਛੁਪਾ ਲਿਆ ਜਾਂਦਾ ਹੈ। ਗਲੀਆਂ ਉੱਤੇ ਹੁੰਦੀ ਵੇਸਵਾਗਿਰੀ ਨੂੰ ‘ਗੇਮ’ ਆਖਿਆ ਜਾਂਦਾ ਹੈ’। ਪੀਲ ਪੁਲੀਸ ਦਾ ਇਹ ਵੀ ਆਖਣਾ ਹੈ ਕਿ 13 ਤੋਂ 21 ਸਾਲ ਦੇ ਬੱਚਿਆਂ/ਯੂਥ ਵੱਲ ਵਿਸ਼ੇਸ਼ ਕਰਕੇ ਧਿਆਨ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਉਮਰ ਵਰਗ ਦੇ ਮਨੁੱਖੀ ਤਸਕਰਾਂ ਦੇ ਧੱਕੇ ਚੜਨ ਦੇ ਆਸਾਰ ਸੱਭ ਤੋਂ ਵੱਧ ਹੁੰਦੇ ਹਨ।

 

ਮਨੁੱਖੀ ਤਸਕਰੀ ਨੂੰ ਲੈ ਕੇ ਪੈਦਾ ਹੋਈ ਸੰਵੇਦਨਸ਼ੀਲ ਸਥਿਤੀ ਦਾ ਹੀ ਨਤੀਜਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਤਕਰੀਬਨ ਸਾਰੇ ਹਾਈ ਸਕੂਲਾਂ ਵਿੱਚ ਪੋਸਟਰ ਲੱਗੇ ਹੋਏ ਹਨ ਜਿਹਨਾਂ ਦੀ ਇਬਾਰਤ ਕੁੱਝ ਇਸ ਤਰਾਂ ਹੁੰਦੀ ਹੈ, ‘ਕੀ ਕੋਈ ਤੁਹਾਨੂੰ ਧਮਕੀ, ਧੋਖੇ ਜਾਂ ਧੱਕੇ ਨਾਲ ਕੰਟਰੋਲ ਕਰ ਰਿਹਾ ਹੈ? ਕੀ ਤੁਹਾਨੂੰ ਪੈਸੇ ਬਦਲੇ ਸੈਕਸ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ? ਜੇ ਹਾਂ ਤੁਸੀਂ ਮਨੁੱਖੀ ਤਸਕਰੀ ਦੇ ਪੀੜਤ ਹੋ।’ ਇਹਨਾਂ ਪੋਸਟਰਾਂ ਦੀ ਇਬਾਰਤ ਇੱਕ ਗੱਲ ਸਾਫ਼ ਜ਼ਾਹਰ ਕਰਦੀ ਹੈ ਕਿ ਬਹੁਤ ਸਾਰੇ ਬੱਚੇ/ਯੂਥ ਅਜਿਹੇ ਹਨ ਜਿਹੜੇ ਖੁਦ ਦੇ ਸੋਸ਼ਣ ਬਾਰੇ ਜਾਣੂੰ ਨਹੀਂ ਵੀ ਹੋ ਸਕਦੇ। ਜਿਹਨਾਂ ਕੋਲ ਕੈਨੇਡਾ ਦੀ ਸਿਟੀਜ਼ਨ ਨਹੀਂ ਹੁੰਦੀ, ਉਹ ਕਈ ਵਾਰ ਪੁਲੀਸ ਦੇ ਬੇਵਜਹ ਪੈਦਾ ਹੋਏ ਡਰ ਕਾਰਣ ਪੀੜਤ ਹੋਣ ਦੇ ਬਾਵਜੂਦ ਕਿਸੇ ਕੋਲ ਗੱਲ ਹੀ ਨਹੀਂ ਕਰਦੇ। ਸੰਭਵ ਹੈ ਕਿ ਇਹ ਚਿੰਤਾਜਨਕ ਵਰਤਾਰਾ ਅੰਤਰਰਾਸ਼ਟਰੀ ਵਿੱਦਿਆਰਥੀਆਂ ਵਿੱਚ ਵੀ ਪਾਇਆ ਜਾਂਦਾ ਹੋਵੇ, ਖਾਸ ਕਰਕੇ ਉਹ ਵਿੱਦਿਆਰਥੀ ਜੋ ਛੋਟੀ ਉਮਰੇ ਪੜਨ ਆ ਜਾਂਦੇ ਹਨ। ਉਹਨਾਂ ਵਿੱਚੋਂ ਕਈਆਂ ਨੂੰ ਨਿੱਕੀਆਂ ਮੋਟੀਆਂ ਜੌਬਾਂ ਜਾਂ ਰਿਹਾਇਸ਼ ਲਈ ਕਿਵੇਂ ਤਰਲੋਮੱਛੀ ਹੋਣਾ ਪੈਂਦਾ ਹੈ, ਇਹ ਕਹਾਣੀ ਕੋਈ ਗੁੱਝੀ ਨਹੀਂ ਜਿਸ ਵਿੱਚੋਂ ਖਤਰਨਾਕ ਅਨੁਭਵ ਉਪਜ ਸਕਦੇ ਹਨ।

 

ਪੰਜਾਬੀ ਪੋਸਟ ਵੱਲੋਂ ਬੀਤੇ ਵਿੱਚ ਵੀ 401 ਹਾਈਵੇਅ ਉੱਤੇ ਹੁੰਦੀ ਮਨੁੱਖੀ ਤਸਕਰੀ ਬਾਰੇ ਆਰਟੀਕਲ ਲਿਖੇ ਗਏ ਹਨ। 401 ਨੂੰ ਉਂਟੇਰੀਓ ਵਿੱਚ ਮਨੁੱਖੀ ਤਸਕਰੀ ਦਾ ਗਲਿਆਰਾ (Corridor of human trafficking) ਕਰਕੇ ਜਾਣਿਆ ਜਾਂਦਾ ਹੈ ਜਿਸਦਾ ਧੁਰਾ ਪੀਲ ਵਿੱਚੋਂ ਹੋ ਕੇ ਗੁਜ਼ਰਦਾ ਹੈ। ਪੰਜਾਬੀ ਪੋਸਟ ਵੱਲੋਂ ਕੱਲ ਪੀਲ ਪੁਲੀਸ ਨੂੰ ਇੱਕ ਈਮੇਲ ਭੇਜੀ ਗਈ ਹੈ ਜਿਸ ਵਿੱਚ ਜਾਨਣਾ ਚਾਹਿਆ ਗਿਆ ਹੈ ਕਿ ਪੀਲ ਰੀਜਨ ਵਿੱਚ ਪਿਛਲੇ ਦੋ ਸਾਲਾਂ ਵਿੱਚ ਮਨੁੱਖੀ ਤਸਕਰੀ ਦੇ ਕੁੱਲ ਕਿੰਨੇ ਕੇਸ ਹੋਏ, ਪੀੜਤਾਂ ਦੀ ਉਮਰ ਕਿੰਨੀ ਸੀ ਅਤੇ ਕਿੰਨੇ ਕੇਸਾਂ ਦੀ ਅੱਜ ਕੱਲ ਸਰਗਰਮੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੇ ਫੈਮਲੀ ਸਰਵਿਸਜ਼ ਆਫ ਪੀਲ ਦੀ ਮਿਸਾਲ ਵੇਖੀ ਜਾਵੇ ਤਾਂ ਇਹਨਾਂ ਸੁਆਲਾਂ ਦੇ ਠੋਸ ਜਵਾਬ ਮਿਲਣ ਦੀ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਫੈਮਲੀ ਸਰਵਿਸਜ਼ ਆਫ ਪੀਲ ਵੱਲੋਂ ਪੀਲ ਵਿੱਚ ਹੁੰਦੀ ਮਨੁੱਖੀ ਤਸਕਰੀ ਬਾਰੇ ਪਿਛਲੇ ਸਾਲ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਜਵਾਬਾਂ ਦੀ ਥਾਂ ਸੁਆਲ ਵਧੇਰੇ ਉਠਾਏ ਗਏ ਸਨ।

 

ਖੈਰ, ਆਮ ਸ਼ਹਿਰੀ ਲਈ ਜਰੂਰੀ ਹੈ ਕਿ ਉਹ ਇਰਦ ਗਿਰਦ ਫੈਲੇ ਮਨੁੱਖੀ ਤਸਕਰੀ ਦੇ ਜਾਲ ਤੋਂ ਖੁਦ ਨੂੰ ਸੁਚੇਤ ਰੱਖੇ, ਆਪਣੇ ਬੱਚਿਆਂ, ਪਰਿਵਾਰ ਅਤੇ ਆਸ ਪੜੌਸ ਦੀ ਸਲਾਮਤੀ ਲਈ ਸੁਚੇਤ ਹੋ ਕੇ ਕੰਮ ਕਰੇ।   

 

Have something to say? Post your comment