Welcome to Canadian Punjabi Post
Follow us on

29

March 2024
 
ਨਜਰਰੀਆ

ਇਮਾਨਦਾਰੀ ਅਜੇ ਜ਼ਿੰਦਾ ਹੈ

February 11, 2019 08:59 AM

-ਪ੍ਰੋ. ਬਸੰਤ ਸਿੰਘ ਬਰਾੜ
ਕਿਹਾ ਜਾਂਦਾ ਹੈ ਕਿ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਮੀਡੀਆ ਵਿੱਚ ਇਮਾਨਦਾਰੀ ਦੀਆਂ ਇੱਕਾ ਦੁੱਕਾ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਕੁੱਲ ਮਿਲਾ ਕੇ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਹਰ ਪਾਸੇ ਲਾਲਚ ਅਤੇ ਹੇਰਾਫੇਰੀ ਦਾ ਬੋਲਬਾਲਾ ਜਾਪਦਾ ਹੈ। ਭਿ੍ਰਸ਼ਟਾਚਾਰ, ਚੋਰੀਆਂ, ਠੱਗੀਆਂ, ਝਪਟਮਾਰੀ, ਦਾਜ ਦਾ ਲੋਭ, ਏ ਟੀ ਐਮਾਂ 'ਤੇ ਲੁੱਟਾਂ ਆਦਿ ਬਾਰੇ ਪੜ੍ਹ ਸੁਣ ਕੇ ਮਨ ਉਚਾਟ ਹੋ ਜਾਂਦਾ ਹੈ, ਪਰ ਦਸੰਬਰ 2018 'ਚ ਵਾਪਰੀ ਇਕ ਘਟਨਾ ਨੇ ਮੇਰਾ ਇਹ ਵਿਸ਼ਵਾਸ ਬਹਾਲ ਕਰ ਦਿੱਤਾ ਕਿ ਇਮਾਨਦਾਰੀ ਅਜੇ ਪੂਰੀ ਤਰ੍ਹਾਂ ਲੋਪ ਨਹੀਂ ਹੋਈ। ਇਸ ਘਟਨਾ ਤੋਂ ਪਹਿਲਾਂ ਜਿਥੇ ਵੀ ਇਮਾਨਦਾਰੀ ਦੀ ਗੱਲ ਚੱਲਦੀ ਤਾਂ ਮੇਰੇ ਦਿਮਾਗ 'ਚ ਕੁਝ ਪੁਰਾਣੀਆਂ ਘਟਨਾਵਾਂ ਹੀ ਆਉਂਦੀਆਂ ਸਨ।
ਉਨ੍ਹਾਂ ਵਿੱਚੋਂ ਮੈਂ ਕੁਝ ਘਟਨਾਵਾਂ ਦਾ ਖਾਸ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ। ਪਹਿਲੀ ਘਟਨਾ ਮੈਨੂੰ ਮੁਕਤਸਰ ਦੇ ਇਕ ਦੁਕਾਨਦਾਰ ਨੇ ਸੁਣਾਈ ਸੀ। ਉਸ ਦੀ ਦਰਬਾਰ ਸਾਹਿਬ ਕੋਲ ਸ਼ੀਸ਼ੇ, ਚੀਨੀ ਆਦਿ ਦੇ ਭਾਂਡਿਆਂ ਦੀ ਕਾਫੀ ਵੱਡੀ ਦੁਕਾਨ ਸੀ। ਉਸ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਅਤੇ ਕੁਝ ਹੋਰ ਦੁਕਾਨਦਾਰ ਮਿਲ ਕੇ ਕਰਾਚੀ ਦੀ ਇਕ ਮਸ਼ਹੂਰ ਫਰਮ ਤੋਂ ਰੇਲਵੇ ਰਾਹੀਂ ਇਕੱਠਾ ਸਾਮਾਨ ਮੰਗਾਉਂਦੇ ਸਨ। ਪੈਸੇ ਭੇਜ ਦਿੰਦੇ ਅਤੇ ਬਿਲਟੀ ਛੁਡਵਾ ਲੈਂਦੇ। ਜੁਲਾਈ 1947 'ਚ ਉਹ ਪੈਸੇ ਤਾਂ ਭੇਜ ਚੁੱਕੇ ਸਨ, ਪਰ ਸਾਮਾਨ ਨਹੀਂ ਆਇਆ ਸੀ। ਸਭ ਉਥਲ ਪੁਥਲ ਹੋ ਗਿਆ ਅਤੇ ਸਾਮਾਨ ਜਾਂ ਪੈਸੇ ਮਿਲਣ ਦੀ ਕੋਈ ਆਸ ਨਾ ਰਹੀ। ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਉਹ ਫਰਮ ਦਿੱਲੀ ਆ ਗਈ ਹੈ। ਚਿੱਠੀ ਲਿਖੀ ਤਾਂ ਜਵਾਬ ਆਇਆ ਕਿ ਤੁਹਾਡਾ ਰਿਕਾਰਡ ਸਾਡੇ ਕੋਲ ਹੈ ਤੇ ਜਲਦੀ ਹੀ ਸਾਰਾ ਸਾਮਾਨ ਭੇਜ ਦਿੱਤਾ ਜਾਵੇਗਾ। ਥੋੜ੍ਹੇ ਦਿਨਾਂ 'ਚ ਵਾਅਦਾ ਪੂਰਾ ਹੋ ਗਿਆ। ਦੂਸਰੀ ਘਟਨਾ ਵੀ ਮੁਕਤਸਰ ਨਾਲ ਸਬੰਧਤ ਹੈ ਜੋ ਮੈਂ ਮਹਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਆਪ ਬੀਤੀ' ਵਿੱਚ ਪੜ੍ਹੀ ਸੀ। ਰੰਧਾਵਾ ਸਾਹਿਬ ਦੇ ਪਿਤਾ ਜੀ ਉਥੇ ਤਹਿਸੀਲਦਾਰ ਸਨ। ਅਕਸਰ ਦੌਰਿਆਂ 'ਤੇ ਬਾਹਰ ਜਾਣਾ ਪੈਂਦਾ ਸੀ। ਇਸ ਲਈ ਪਰਵਾਰ ਦੇ ਸਾਰੇ ਗਹਿਣੇ ਇਕ ਮਹਾਜਨ ਨੂੰ ਸੰਭਲੇ ਹੋਏ ਸਨ। ਘਰ 'ਚ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਕੋਲ ਹਨ। ਉਹ ਅਚਾਨਕ ਬਿਮਾਰ ਹੋਏ ਅਤੇ ਲੈਣ ਦੇਣ ਦੱਸੇ ਬਿਨਾਂ ਸਵਰਗਵਾਸ ਹੋ ਗਏ। ਕੁਝ ਦਿਨਾਂ ਬਾਅਦ ਉਸ ਮਹਾਜਨ ਨੇ ਉਹ ਸਾਰੇ ਗਹਿਣੇ ਪਰਵਾਰ ਨੂੰ ਵਾਪਸ ਕਰ ਦਿੱਤੇ। ਜਦ ਮੈਂ ਉਸ ਮਹਾਜਨ ਦੇ ਪਰਵਾਰ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਤਾਂ ਇਸ ਬਾਰੇ ਕਦੇ ਗੱਲ ਹੀ ਨਹੀਂ ਕੀਤੀ ਸੀ। ਉਸ ਵੇਲੇ ਇਮਾਨਦਾਰੀ ਇਕ ਨੀਤੀ ਨਹੀਂ, ਸੁਭਾਵਕ ਅਸੂਲ ਸੀ। ਤੀਜੀ ਘਟਨਾ ਚੰਡੀਗੜ੍ਹ ਦੀ ਹੈ। ਮੇਰੇ ਇਕ ਦੋਸਤ ਦਾ ਲੜਕਾ ਕੰਪਿਊਟਰ ਸਾਇੰਸ ਦਾ ਮਾਹਰ ਹੈ ਤੇ ਇਕ ਅਮਰੀਕਨ ਕੰਪਨੀ ਲਈ ਰਾਤ ਦੀ ਸ਼ਿਫਟ 'ਚ ਕੰਮ ਕਰਦਾ ਹੈ। ਮਿਹਨਤੀ ਹੈ ਅਤੇ ਚੰਗੀ ਕਮਾਈ ਕਰਦਾ ਹੈ। ਜਨਵਰੀ ਦੀ ਠੰਢ 'ਚ ਇਕ ਸਵੇਰ ਉਹ ਆਟੋ ਰਿਕਸ਼ਾ 'ਚ ਘਰ ਆਇਆ। ਕਿਣਮਿਣ ਹੋ ਰਹੀ ਸੀ। ਕੁਝ ਦੇਰ ਬਾਅਦ ਆਟੋ ਵਾਲੇ ਨੇ ਘੰਟੀ ਵਜਾਈ। ਮੇਰਾ ਦੋਸਤ ਬਾਹਰ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਲੜਕਾ ਹਿਸਾਬ ਕੀਤੇ ਬਿਨਾ ਪੰਜ ਸੌ ਦਾ ਨੋਟ ਦੇ ਕੇ ਚਲਾ ਗਿਆ ਸੀ ਅਤੇ ਵਾਪਸ ਨਹੀਂ ਸੀ ਆਇਆ। ਕਾਫੀ ਬਕਾਇਆ ਦੇਣ ਵਾਲਾ ਸੀ। ਉਸ ਨੂੰ ਫੋਨ ਤੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਬਾਕੀ ਪੈਸੇ ਉਸ ਨੇ ਜਾਣਬੁੱਝ ਕੇ ਉਸ ਗਰੀਬ ਆਦਮੀ ਨੂੰ ਛੱਡ ਦਿੱਤੇ ਸਨ। ਉਸ ਨੂੰ ਕਹਿ ਵੀ ਆਇਆ ਸੀ, ਪਰ ਸ਼ਾਇਦ ਉਸ ਨੇ ਸੁਣਿਆ ਨਹੀਂ। ਮੇਰੇ ਦੋਸਤ ਨੇ ਵੀ ਆਟੋ ਵਾਲੇ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਇਨਾਮ ਵਜੋਂ ਬਕਾਇਆ ਉਸ ਨੂੰ ਛੱਡ ਦਿੱਤਾ।
ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਯਾਤਰਾ ਸਮੇਂ ਮੈਨੂੰ ਇਮਾਨਦਾਰੀ ਦੇ ਕਈ ਦਿਲ ਛੂਹਣ ਵਾਲੇ ਅਨੁਭਵ ਹੋਏ। ਅਸੀਂ ਕੱਪੜਾ ਖਰੀਦਣ ਲਈ ਅਨਾਰਕਲੀ ਬਾਜ਼ਾਰ ਦੀ ਇਕ ਵੱਡੀ ਦੁਕਾਨ 'ਚ ਚਲੇ ਗਏ। ਦੁਕਾਨਦਾਰ ਨੇ ਸਾਨੂੰ ਸਾਫ ਕਹਿ ਦਿੱਤਾ ਕਿ ਇਥੋਂ ਕੱਪੜਾ ਖਰੀਦਣਾ ਤੁਹਾਨੂੰ ਮਹਿੰਗਾ ਪਵੇਗਾ। ਉਸ ਨੇ ਸਾਨੂੰ ਪੂਰੀ ਜਾਣਕਾਰੀ ਲਿਖਵਾ ਕੇ ਰੰਗ ਮਹਿਲ ਬਾਜ਼ਾਰ 'ਚ ਥੋਕ ਕੱਪੜੇ ਦੀ ਆਜ਼ਮ ਮਾਰਕੀਟ ਵਿੱਚ ਭੇਜ ਦਿੱਤਾ। ਉਸ ਨੇ ਕਿਸੇ ਦੁਕਾਨ ਦੀ ਸਿਫਾਰਸ਼ ਵੀ ਨਹੀਂ ਕੀਤੀ। ਬਾਅਦ 'ਚ ਜਦ ਅਸੀਂ ਡਰਾਈ ਫਰੂਟ ਖਰੀਦਣ ਲਈ ਦਿੱਲੀ ਗੇਟ ਕੋਲ ਅਕਬਰੀ ਮੰਡੀ ਵਿਖੇ ਗਏ ਤਾਂ ਉਥੇ ਵੀ ਏਦਾਂ ਦੀ ਇਮਾਨਦਾਰੀ ਵੇਖੀ। ਹਰ ਤਰ੍ਹਾਂ ਦੇ ਮੇਵੇ ਦੇ ਵੱਡੇ-ਵੱਡੇ ਖੁੱਲ੍ਹੇ ਮੂਹ ਵਾਲੇ ਬੋਰੇ ਭਰੇ ਪਏ ਸਨ। ਇਕ ਯਾਤਰੀ ਨੇ ਖੁਰਮਾਨੀਆਂ ਦੀਆਂ ਗਿਰੀਆਂ ਨੂੰ ਬਦਾਮ ਸਮਝ ਲਿਆ ਤਾਂ ਦੁਕਾਨਦਾਰ ਨੇ ਸਾਫ ਦੱਸ ਦਿੱਤਾ ਕਿ ਇਹ ਬਦਾਮ ਨਹੀਂ ਹਨ। ਜਦ ਅਸੀਂ ਕਾਲੀਆਂ ਮਿਰਚਾਂ ਮੰਗੀਆਂ ਤਾਂ ਉਸ ਨੇ ਦੱਸ ਦਿੱਤਾ ਕਿ ਇਹ ਭਾਰਤ 'ਚ ਸਸਤੀਆਂ ਅਤੇ ਵੱਧ ਅੱਛੀਆਂ ਮਿਲਦੀਆਂ ਹਨ। ਉਸ ਨੇ ਕਾਲੀ ਖਸਖਸ ਦੇਣ ਤੋਂ ਵੀ ਇਨਕਾਰ ਕਰਦੇ ਹੋਏ ਦੱਸਿਆ ਕਿ ਭਾਰਤ 'ਚ ਇਸ ਨੂੰ ਲੈ ਕੇ ਜਾਣ 'ਤੇ ਪਾਬੰਦੀ ਹੈ।
ਪਾਕਿਸਤਾਨ 'ਚ ਸਾਨੂੰ ਸਾਰੇ ਦੁਕਾਨਦਾਰ ਇਮਾਨਦਾਰ ਮਿਲੇ। ਪਤਾ ਨਹੀਂ ਉਹ ਆਪਣੇ ਦੇਸ਼ ਦੇ ਗਾਹਕਾਂ ਨਾਲ ਵੀ ਅਜਿਹਾ ਕਰਦੇ ਹਨ ਕਿ ਨਹੀਂ! ਦਸੰਬਰ 2018 ਵਾਲੀ ਘਟਨਾ ਲੁਧਿਆਣਾ ਦੀ ਹੈ। ਉਸ ਤੋਂ ਇਕ ਸਾਲ ਪਹਿਲਾਂ ਮੇਰੀ ਲੁਧਿਆਣੇ ਵਿਆਹੀ ਧੀ ਤੇ ਉਸ ਦੀ ਇਕ ਸਹੇਲੀ ਨੇ ਇਕ ਵੱਡੇ ਬਾਜ਼ਾਰ 'ਚੋਂ ਮਸ਼ਹੂਰ ਕੰਪਨੀ ਦੀ ਦੁਕਾਨ ਤੋਂ ਕੁਝ ਗਰਮ ਕੱਪੜੇ ਖਰੀਦੇ ਜਿਵੇਂ ਕੋਟੀਆਂ, ਸਵੈਟਰ ਤੇ ਇਕ ਮਹਿੰਗੀ ਸਵੈਟ ਸ਼ਰਟ। ਕਾਫੀ ਭੀੜ ਭੜੱਕੇ ਵਾਲੇ ਬਾਜ਼ਾਰਾਂ 'ਚੋਂ ਸਕੂਟਰ 'ਤੇ ਘਰ ਵਾਪਸ ਆ ਕੇ ਉਨ੍ਹਾਂ ਨੇ ਜਦ ਲਿਫਾਫੇ ਸੰਭਾਲੇ ਤਾਂ ਪਤਾ ਲੱਗਾ ਕਿ ਸਵੈਟ-ਸ਼ਰਟ ਵਾਲਾ ਲਿਫਾਫਾ ਕਿਤੇ ਹੱਥੋਂ ਤਿਲ੍ਹਕ ਗਿਆ ਸੀ। ਅਫਸੋਸ ਤਾਂ ਹੋਇਆ ਪਰ ਕੁਰਬਲ-ਕੁਰਬਲ ਕਰਦੇ ਬਾਜ਼ਾਰਾਂ 'ਚ ਉਸ ਨੂੰ ਲੱਭਣ ਜਾਣਾ ਫਜ਼ੂਲ ਸੀ। ਗੱਲ ਆਈ ਗਈ ਹੋ ਗਈ। ਇਕ ਸਾਲ ਬਾਅਦ ਦੁਬਾਰਾ ਗਏ ਤਾਂ ਬੇਟੀ ਨੇ ਮੈਨੇਜਰ ਨੂੰ ਵੈਸੇ ਹੀ ਬੀਤੇ ਸਾਲ ਹੋਏ ਨੁਕਸਾਨ ਬਾਰੇ ਦੱਸਿਆ। ਉਹ ਮੁਸਕਰਾਇਆ ਅਤੇ ਥੋੜ੍ਹੀ ਪੁੱਛਗਿੱਛ ਕੀਤੀ ਤੇ ਤਸੱਲੀ ਕਰਕੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਲਿਫਾਫਾ ਮੰਗਵਾ ਕੇ ਦੇ ਦਿੱਤਾ। ਜਿਸ ਸਕਟੂਰ ਵਾਲੇ ਨੂੰ ਉਹ ਮਿਲਿਆ ਸੀ, ਉਹ ਦੁਕਾਨ ਦਾ ਪਤਾ ਪੜ੍ਹ ਕੇ ਲਿਫਾਫਾ ਦੇ ਗਿਆ ਸੀ। ਉਸ ਦੁਕਾਨਦਾਰ ਅਤੇ ਖਾਸ ਤੌਰ 'ਤੇ ਅਣਜਾਣ ਸਕੂਟਰ ਵਾਲੇ ਦੀ ਇਮਾਨਦਾਰੀ ਬਾਰੇ ਸੁਣ ਕੇ ਮਨੁੱਖੀ ਸੁਭਾਅ 'ਚ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿ ਇਮਾਨਦਾਰੀ ਜ਼ਿੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ