Welcome to Canadian Punjabi Post
Follow us on

18

April 2019
ਨਜਰਰੀਆ

ਕੁੜੀਆਂ ਨੂੰ ਲਾਈ ਸਾਹਿਤ ਦੀ ਚੇਟਕ

February 07, 2019 07:50 AM

-ਗੁਰਦੀਪ ਸਿੰਘ ਢੁੱਡੀ
ਫਰਵਰੀ 2011 ਵਿੱਚ ਮੈਂ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਹਾਜ਼ਰ ਹੋਇਆ। ਵਿਦੇਸ਼ ਰਹਿੰਦੇ ਇਕ ਸੱਜਣ ਵੱਲੋਂ ਸਕੂਲ ਲਈ ਦਾਨ ਵਿੱਚ ਲਾਇਬ੍ਰੇਰੀ ਬਣਾ ਕੇ ਦੇਣ ਦੀ ਗੱਲ ਪਹਿਲਾਂ ਹੀ ਚੱਲ ਰਹੀ ਸੀ, ਪਰ ਬੜੀ ਸੁਸਤ ਚਾਲ ਵਿੱਚ ਸੀ। ਗੱਲ ਮੇਰੇ ਧਿਆਨ ਵਿੱਚ ਆਈ ਤਾਂ ਮੈਨੂੰ ਚਾਅ ਚੜ੍ਹ ਗਿਆ। ਸਕੂਲ ਵਿੱਚ ਲਾਇਬ੍ਰੇਰੀ ਮੇਰੇ ਵਾਸਤੇ ਸਬ ਤੋਂ ਵੱਧ ਦਿਲਖਿੱਚਵਾਂ ਸਥਾਨ ਹੈ। ਘਰ ਵਿੱਚ ਕੰਪਿਊਟਰ ਹੋਣ ਕਰਕੇ ਮੈਂ ਲਾਇਬ੍ਰੇਰੀ ਲਈ ਲੋੜੀਂਦਾ ਚਿੱਠੀ ਪੱਤਰ ਘਰੋਂ ਤਿਆਰ ਕਰ ਲਿਆਉਂਦਾ। ਛੇਤੀ ਹੀ ਕੱਛੂਕੁੰਮੇ ਦੀ ਚਾਲ ਚੱਲਦਾ ਇਕਰਾਰਨਾਮਾ ਖਰਗੋਸ਼ ਦੀ ਚਾਲ ਹੋ ਗਿਆ। ਦਸੰਬਰ ਮਹੀਨੇ ਤੱਕ ਸਰਕਾਰ ਅਤੇ ਦਾਨੀ ਸੱਜਣਾਂ ਵੱਲੋਂ ਕੀਤਾ ਜਾਣ ਵਾਲਾ ਇਕਰਾਰਨਾਮਾ ਸਿਰੇ ਚੜ੍ਹ ਗਿਆ।
ਚੰਡੀਗੜ੍ਹ ਰਹਿੰਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਮ ਐਲ ਸਰੀਨ ਨੇ ਦਾਨੀ ਸੱਜਣਾਂ ਦੀ ਤਰਫੋਂ ਸਾਰਾ ਕੰਮ ਕਰਨਾ ਸੀ। ਪ੍ਰੋਗਰਾਮ ਨੂੰ ਅੰਤਿਮ ਛੋਹ ਦੇਣ ਲਈ ਸਾਨੂੰ ਚੰਡੀਗੜ੍ਹ ਵਿਖੇ ਸਰੀਨ ਕੋਲ ਜਾਣਾ ਪੈਣਾ ਸੀ। ਦਸੰਬਰ ਦੀਆਂ ਛੁੱਟੀਆਂ ਦੇ ਦਿਨਾਂ ਵਿੱਚ ਮੈਂ ਆਪਣੇ ਸਹਿ-ਕਰਮੀ, ਪੀ ਟੀ ਏ ਪ੍ਰਧਾਨ ਅਤੇ ਇਮਾਰਤ ਬਣਾਉਣ ਵਾਲੇ ਠੇਕੇਦਾਰ ਨੂੰ ਲੈ ਕੇ ਵਕੀਲ ਸਾਹਿਬ ਕੋਲ ਚੰਡੀਗੜ੍ਹ ਚਲਾ ਗਿਆ। ਅੰਤਾਂ ਦੀ ਧੁੰਦ ਭਾਵੇਂ ਕਾਰ ਚੱਲਣ ਵਿੱਚ ਮੁਸ਼ਕਿਲ ਪੈਦਾ ਕਰ ਰਹੀ ਸੀ, ਪਰ ਇਹ ਮੁਸ਼ਕਿਲ ਲਾਇਬ੍ਰੇਰੀ ਦੇ ਕੰਮ ਦੇ ਸਿਰੇ ਚੜ੍ਹਨ ਦੇ ਚਾਅ ਅੱਗੇ ਫਿੱਕੀ ਪੈ ਰਹੀ ਸੀ।
ਚੰਡੀਗੜ੍ਹ ਅਸੀਂ ਮਿੱਥੇ ਸਮੇਂ ਤੋਂ ਥੋੜ੍ਹਾ ਜਿਹਾ ਦੇਰੀ ਨਾਲ ਪਹੁੰਚੇ। ਵਕੀਲ ਸਰੀਨ ਨੇ ਆਪਣੇ ਨਿਵਾਸ ਸਥਾਨ 'ਤੇ ਸਾਡਾ ਸਵਾਗਤ ਕੀਤਾ ਤੇ ਲਾਇਬ੍ਰੇਰੀ ਦੇ ਬਣਾਏ ਜਾਣ ਸਬੰਧੀ ਆਪਣੇ ਵੱਲੋਂ ਸਾਰੇ ਸੁਝਾਅ ਸਾਨੂੰ ਦੇ ਦਿੱਤੇ। ਇਸੇ ਦੌਰਾਨ ਉਨ੍ਹਾਂ ਵੱਲੋਂ ਬੁਲਾਏ ਨਕਸ਼ਾ ਨਵੀਸ ਨੇ ਆ ਕੇ ਇਮਾਰਤ ਬਾਰੇ ਪੂਰਾ ਨਕਸ਼ਾ ਵੀ ਸਾਨੂੰ ਸਮਝਾ ਦਿੱਤਾ ਤੇ ਠੇਕੇਦਾਰ ਨੂੰ ਇਹ ਬਣਾਏ ਜਾਣ ਸਬੰਧੀ ਜ਼ਰੂਰੀ ਹਦਾਇਤਾਂ ਵੀ ਦੇ ਦਿੱਤੀਆਂ।
ਗੱਲਾਂ-ਗੱਲਾਂ ਵਿੱਚ ਨਕਸ਼ਾ ਨਵੀਸ ਨੇ ਇਮਾਰਤ ਨੂੰ ਕੇਵਲ ਨਕਸ਼ੇ ਅਨੁਸਾਰ ਹੀ ਬਣਾਏ ਜਾਣ ਦੀਆਂ ਗੱਲਾਂ ਸਖਤ ਹਦਾਇਤਾਂ ਵਾਂਗ ਕੀਤੀਆਂ। ਗੱਲ ਸਿਰੇ ਲੱਗਣ ਤੋਂ ਬਾਅਦ ਬੜੀ ਖੁਸ਼ੀ ਵਾਲੇ ਰੌਂਅ ਵਿੱਚ ਐਮ ਐਲ ਸਰੀਨ ਨੇ ਸਾਡਾ ਮੂੰਹ ਮਿੱਠਾ ਕਰਵਾਇਆ ਤੇ ਆਪਣੇ ਵੱਲੋਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਲਾਇਬ੍ਰੇਰੀ ਦੀ ਇਮਾਰਤ ਦੇ ਨੀਂਹ ਪੱਥਰ ਸਬੰਧੀ ਸਾਰੀ ਰੂਪ ਰੇਖਾ ਉਲੀਕੇ ਜਾਣ ਤੋਂ ਬਾਅਦ ਉਸ ਦਿਨ ਦੇ ਪ੍ਰੋਗਰਾਮ ਵਿੱਚ ਮੈਂ ਸਕੂਲ ਦੇ ਇਨਾਮ ਵੰਡ ਸਮਾਗਮ ਕੀਤੇ ਜਾਣ ਦਾ ਪ੍ਰੋਗਰਾਮ ਵੀ ਦੱਸ ਦਿੱਤਾ। ਥੋੜ੍ਹੀ ਜਿਹੀ ਨਾਂਹ ਨੁੱਕਰ ਤੋਂ ਬਾਅਦ ਵਕੀਲ ਸਾਬ੍ਹ ਨੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਪਿੱਛੋਂ ਸਾਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਹਾਂ ਕਰ ਦਿੱਤੀ। ਪ੍ਰੋਗਰਾਮ 21 ਜਨਵਰੀ ਨੂੰ ਕੀਤੇ ਜਾਣਾ ਤੈਅ ਹੋਇਆ ਸੀ। ਇਹ ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਸਕੂਲ ਵਿੱਚ ਇਸ ਤੋਂ ਪਹਿਲਾਂ ਕਦੇ ਇਨਾਮ ਵੰਡ ਸਮਾਗਮ ਹੋਇਆ ਹੀ ਨਹੀਂ। ਇਸ ਲਈ ਸਾਰਾ ਪ੍ਰੋਗਰਾਮ ਮੈਨੂੰ ਉਲੀਕਣਾ ਪਿਆ ਤੇ ਦਿਸ਼ਾ ਨਿਰਦੇਸ਼ ਦੇਣੇ ਪਏ। ਜਿਉਂ ਹੀ ਪ੍ਰੋਗਰਾਮ ਦੀ ਤਿਆਰੀ ਕਰਨ ਲੱਗੇ ਤਾਂ ਸਟਾਫ ਤੇ ਬੱਚਿਆਂ ਦੇ ਧਰਤੀ 'ਤੇ ਪੱਬ ਨਹੀਂ ਸੀ ਲੱਗ ਰਹੇ। ਵਿਦਿਆਰਥੀਆਂ ਦੇ ਮਾਪਿਆਂ, ਲਾਗਲੇ ਸਕੂਲਾਂ ਦੇ ਅਧਿਆਪਕਾਂ ਤੋਂ ਬਿਨਾ ਮੈਂ ਕੁਝ ਦੋਸਤਾਂ ਨੂੰ ਵੀ ਪ੍ਰੋਗਰਾਮ 'ਤੇ ਆਉਣ ਲਈ ਬੇਨਤੀ ਕੀਤੀ।
ਨਿਰਧਾਰਤ ਦਿਨ ਤੋਂ ਪਹਿਲਾਂ ਅਸੀਂ ਵਿਦਿਆਰਥੀਆਂ ਦੀ ਰਿਹਰਸਲ ਰੱਖ ਲਈ। 21 ਜਨਵਰੀ ਨੂੰ ਸਵੇਰ ਵੇਲੇ ਸਕੂਲ ਵਿੱਚ ਸ੍ਰੀ ਸੁਖਮਨੀ ਸਹਿਬ ਦੇ ਪਾਠ ਮਗਰੋਂ ਮਿੱਥੇ ਸਮੇਂ 'ਤੇ ਲਾਇਬ੍ਰੇਰੀ ਬਣਾਏ ਜਾਣ ਵਾਲੀ ਥਾਂ ਉਤੇ ਨੀਂਹ ਪੱਥਰ ਰੱਖਿਆ ਗਿਆ। ਇਨਾਮ ਵੰਡ ਸਮਾਗਮ ਸਮੇਤ ਪੇਸ਼ ਕੀਤੇ ਗਏ ਸਾਰੇ ਪ੍ਰੋਗਰਾਮ ਨੂੰ ਵੇਖਣ ਪਿੱਛੋਂ ਐਮ ਐਲ ਸਰੀਨ ਨੇ ਉਸ ਦਿਨ ਦੇ ਸਾਰੇ ਪ੍ਰੋਗਰਾਮ ਦਾ ਖਰਚਾ ਆਪਣੇ ਵੱਲੋਂ ਕੀਤੇ ਜਾਣ ਦਾ ਐਲਾਨ ਕਰ ਦਿੱਤਾ।
ਦਾਨੀ ਸੱਜਣਾਂ ਨੇ ਲਾਇਬ੍ਰੇਰੀ ਸਮੇਤ ਸਕੂਲ ਲਈ ਦੋ ਕਮਰੇ ਤੇ ਕੁਝ ਹੋਰ ਸਹੂਲਤਾਂ ਦੇਣ 'ਤੇ ਕੁੱਲ 58 ਲੱਖ ਰੁਪਏ ਦੇ ਕਰੀਬ ਖਰਚ ਕਰ ਦਿੱਤੇ। ਇਸ ਵਿੱਚ ਚਾਰ ਲੱਖ ਰੁਪਏ ਦੀਆਂ ਦੋ ਐਫ ਡੀ ਬਣਾਈਆਂ ਗਈਆਂ, ਜਿਨ੍ਹਾਂ ਦੇ ਵਿਆਜ਼ ਨਾਲ ਲਾਇਬ੍ਰੇਰੀ ਦੀ ਸਾਂਭ ਸੰਭਾਲ ਕਰਨੀ ਸੀ ਅਤੇ ਪੜ੍ਹਨ ਵਿੱਚ ਹੁਸ਼ਿਆਰ ਵਿਦਿਆਰਥਣਾਂ ਨੂੰ ਵਜ਼ੀਫੇ ਦੇਣੇ ਸਨ। ਕੇਵਲ ਇਕ ਸਾਲ ਦੇ ਸੀਮਤ ਸਮੇਂ ਵਿੱਚ ਪੂਰੀ ਭੱਜ ਨੱਠ ਕਰਕੇ ਸਾਰੇ ਕੰਮ ਮੁਕੰਮਲ ਕੀਤੇ ਗਏ। ਅਗਲੇ ਸਾਲ ਤਿਆਰ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ ਤੇ ਸਾਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆ ਗਿਆ।
ਲਾਇਬ੍ਰੇਰੀ 'ਚੋਂ ਕਿਤਾਬਾਂ ਲੈ ਕੇ ਪੜ੍ਹਨ ਲਈ ਵਿਦਿਆਰਥਣਾਂ ਨੂੰ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਉਤਸ਼ਾਹਤ ਕਰਦਾ ਰਿਹਾ ਹਾਂ। ਇਸ ਗੱਲ ਦੀ ਤਸੱਲੀ ਹੈ ਕਿ ਬਹੁਤ ਸਾਰੀਆਂ ਵਿਦਿਆਰਥਣਾਂ ਸਮਾਂ ਮਿਲਣ 'ਤੇ ਅਕਸਰ ਲਾਇਬ੍ਰੇਰੀ ਵਿੱਚ ਚਲੀਆਂ ਜਾਂਦੀਆਂ ਸਨ। ਲਾਇਬ੍ਰੇਰੀ ਵਿੱਚ ਸੱਤ ਅਖਾਰਾਂ ਅਤੇ ਕੁਝ ਰਸਾਲੇ ਲਗਵਾਏ ਹੋਏ ਸਨ। ਕੁਝ ਪੁਸਤਕਾਂ ਐਮ ਐਲ ਸਰੀਨ ਨੇ ਆਪਣੇ ਵੱਲੋਂ ਖਰੀਦ ਕੇ ਦਿੱਤੀਆਂ ਤੇ ਕੁਝ ਮੇਰੇ ਬੇਟੇ ਨੇ ਆਪਣੀ ਤਨਖਾਹ 'ਚੋਂ ਖਰੀਦ ਕੇ ਦਿੱਤੀਆਂ।
ਇਹ ਵੀ ਇਤਫਾਕ ਹੋਇਆ ਕਿ ਇਨ੍ਹਾਂ ਸਾਲਾਂ ਵਿੱਚ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਲਾਇਬ੍ਰੇਰੀ ਲਈ ਦਸ ਹਜ਼ਾਰ ਰੁਪਏ ਦੀ ਸਾਲਾਨਾ ਗਰਾਂਟ ਆਉਂਦੀ ਰਹੀ। ਇਸ ਤੋਂ ਇਲਾਵ ਸਤੰਬਰ ਮਹੀਨੇ ਵਿੱਚ ਫਰੀਦਕੋਟ ਵਿਖੇ ਲੱਗਣ ਵਾਲੇ ਬਾਬਾ ਫਰੀਦ ਮੇਲੇ 'ਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਦੇਸ਼ ਭਰ ਦੇ ਪ੍ਰਕਾਸ਼ਕਾਂ ਦੇ ਸਹਿਯੋਗ ਨਾਲ ਪੁਸਤਕ ਮੇਲਾ ਕਰਵਾਇਆ ਜਾਂਦਾ ਹੈ। ਇਸ ਮੇਲੇ 'ਤੇ ਅਸੀਂ ਸਕੂਲ ਦੇ ਅਮਲਗਾਮੇਟਡ ਫੰਡ 'ਚੋਂ ਚੋਖੀਆਂ ਪੁਸਤਕਾਂ ਖਰੀਦ ਲੈਂਦੇ ਸਾਂ। ਇਸ ਤਰ੍ਹਾਂ ਲਾਇਬ੍ਰੇਰੀ ਦਾ ਕੰਮ ਚੰਗਾ ਰੇੜ੍ਹੇ ਪੈ ਗਿਆ ਸੀ। ਵਿਦਿਆਰਥਣਾਂ ਵਿੱਚ ਅਖਬਾਰ, ਰਸਾਲੇ, ਪੁਸਤਕਾਂ ਪੜ੍ਹਨ ਦੀ ਚੰਗੀ ਰੁਚੀ ਪੈਦਾ ਹੋ ਗਈ।
ਸਾਲਾਨਾ ਇਨਾਮ ਵੰਡ ਸਮਾਗਮ ਸਮੇਂ ਲਾਇਬ੍ਰੇਰੀ 'ਚੋਂ ਸਭ ਤੋਂ ਵੱਧ ਕਿਤਾਬਾਂ ਕਢਵਾ ਕੇ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕਰਦੇ ਰਹੇ ਹਾਂ। ਆਪਣੇ ਸੱਤ ਸਾਲ ਦੇ ਇਸ ਸਕੂਲ ਦੇ ਠਹਿਰ ਵਾਲੇ ਸਮੇਂ ਵਿੱਚ ਹਰ ਸਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਏ ਜਾਣ ਦਾ ਅਹਿਦ ਪੂਰਾ ਕੀਤਾ। ਲਾਇਬ੍ਰੇਰੀ ਲਈ ਵੱਧ ਤੋਂ ਵੱਧ ਪੁਸਤਕਾਂ ਖਰੀਦੀਆਂ ਵੀ ਤੇ ਵਿਦਿਆਰਥਣਾਂ ਨੂੰ ਪੜ੍ਹਨ ਦੀ ਚੇਟਕ ਵੀ ਲਾਈ। ਸਾਰੇ ਵਿੱਦਿਅਕ ਅਦਾਰਿਆਂ 'ਚ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਅੱਜ ਕੱਲ੍ਹ ਦੇਖਣ 'ਚ ਆ ਰਿਹਾ ਹੈ ਕਿ ਅਜੋਕੀ ਪੀੜ੍ਹੀ ਸਾਹਿਤ ਤੋਂ ਦੂਰ ਜਾ ਰਹੀ ਹੈ। ਬਿਹਤਰੀਨ ਸਮਾਜ ਉਸਾਰਨ ਲਈ ਉਸਾਰੂ ਸਾਹਿਤ ਨਾਲ ਨਵੀਂ ਪੀੜ੍ਹੀ ਨੂੰ ਜੋੜਨਾ ਬਹੁਤ ਜ਼ਰੂਰੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਵਿਦਿਆਰਥਣਾਂ ਨੂੰ ਸਾਹਿਤ ਦੀ ਚੇਟਕ ਲਾਉਣ 'ਚ ਕਾਮਯਾਬ ਹੋਇਆ।

Have something to say? Post your comment