Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਮੌਕਾਪ੍ਰਸਤ ਲੋਕ ਤੇ ਲੇਖਕ

February 07, 2019 07:50 AM

-ਸੁਖਮਿੰਦਰ ਸੇਖੋਂ
ਨਿੱਕੀ ਉਮਰ ਤੋਂ ਚੰਗੀਆਂ ਕਿਤਾਬਾਂ ਪੜ੍ਹਨ ਕਰ ਕੇ ਮੈਂ ਲਿਖਣ ਦੇ ਰਾਹ ਪੈ ਤੁਰਿਆ। 21-22 ਵਰ੍ਹਿਆਂ ਦੀ ਉਮਰ ਵਿੱਚ ਦੋ ਤਿੰਨ ਹਮ-ਉਮਰ ਮਿੱਤਰਾਂ ਨਾਲ ਮਿਲ ਕੇ ਆਪਣੇ ਸ਼ਹਿਰ ਵਿੱਚ ਇੱਕ ਸਾਹਤ ਸਭਾ ਬਣਾ ਲਈ। ਇਸ ਨਾਲ ਵੱਡੀ ਉਮਰ ਦੇ ਸ਼ਾਇਰ ਵੀ ਜੁੜਨ ਲੱਗੇ। ਸਭਾ ਦੀਆਂ ਮੀਟਿੰਗਾਂ ਦੀ ਕੋਈ ਪੱਕੀ ਥਾਂ ਨਹੀਂ ਸੀ। ਇਹ ਹੀਰਾ ਸਿੰਘ ਪਾਰਕ, ਕਿਸੇ ਸਕੂਲ ਜਾਂ ਕਾਲਜ ਵਿੱਚ ਹੁੰਦੀਆਂ। ਸਭਾ ਆਪਣੀ ਤੋਰ ਤੁਰਨ ਲੱਗੀ। ਇੱਕ ਸ਼ਾਮ ਦੀ ਇਕੱਤਰਤਾ ਮਗਰੋਂ ਕੁਝ ਸਿਆਣਿਆਂ ਨੇ ਕਿਹਾ ਕਿ ਸਭਾ ਲਈ ਕੋਈ ਪੱਕਾ ਟਿਕਾਣਾ ਲੱਭਿਆ ਜਾਵੇ। ਮੀਟਿੰਗ ਖਤਮ ਹੁੰਦਿਆਂ ਹੀ ਦੋ ਮੈਂਬਰਾਂ ਨੂੰ ਐੱਸ ਡੀ ਐੱਮ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਲੈਣ ਲਈ ਭੇਜਿਆ ਗਿਆ। ਉਨ੍ਹਾਂ ਦੇ ਮੁੜਨ ਤੋਂ ਛੇਤੀ ਬਾਅਦ ਲਗਭਗ ਸਾਰੇ ਮੈਂਬਰ ਐੱਸ ਡੀ ਐੱਮ ਨੂੰ ਕੋਠੀ ਵਿੱਚ ਮਿਲਣ ਲਈ ਤੁਰ ਪਏ। ਸਰਦਾਰ ਸਾਹਿਬ ਬੜੇ ਤਪਾਕ ਨਾਲ ਸਾਰੇ ਮੈਂਬਰਾਂ ਨੂੰ ਮਿਲੇ। ਗਰਮੀਆਂ ਦੇ ਦਿਨ ਹੋਣ ਕਰ ਕੇ ਉਨ੍ਹਾਂ ਨੇ ਕੋਠੀ ਦੇ ਲਾਅਨ ਵਿੱਚ ਹੀ ਕੁਰਸੀਆਂ ਦਾ ਪ੍ਰਬੰਧ ਕਰਵਾ ਦਿੱਤਾ। ਸਾਨੂੰ ਸਾਰਿਆਂ ਨੂੰ ਘੋਖਵਾਂ ਜਿਹਾ ਨਿਹਾਰਦਿਆਂ ਉਨ੍ਹਾਂ ਬੇਪ੍ਰਵਾਹੀ ਜਿਹੀ ਨਾਲ ਪੁੱਛਿਆ, ‘‘ਅੱਛਾ ਬਈ ਗਾਇਕੋ! ਕੋਈ ਗੀਤ ਈ ਸੁਣਾ ਛੱਡੋ। ਮਹਿਫਲਾਂ 'ਚ ਵੀ ਗਾਉਂਦੇ ਈ ਹੋਵੋਗੇ...।”ਸਾਡੇ ਵਿੱਚ ਉਥੇ ਕੋਈ ਗਾਇਕ ਨਹੀਂ ਸੀ ਅਤੇ ਨਾ ਗੀਤਕਾਰ। ਸਾਰੇ ਕਵੀ ਸਨ। ਸਿਰਫ ਇੱਕ ਸ਼ਖਸ ਸੀ, ਜੋ ਆਪ ਤਾਂ ਗੀਤ ਨਹੀਂ ਸੀ ਲਿਖਦਾ, ਪਰ ਕਦੇ ਕਦੇ ਕਿਸੇ ਗਾਇਕ ਦਾ ਗਾਇਆ ਗੀਤ ਇਕੱਤਰਤਾਵਾਂ ਵਿੱਚ ਸੁਣਾ ਦਿਆ ਕਰਦਾ ਸੀ।
ਸਾਡੇ ਵਿੱਚੋਂ ਕਿਸੇ ਨੇ ਗੀਤ ਗਾਉਣ ਲਈ ਹਾਮੀ ਨਾ ਭਰੀ ਤਾਂ ਅਫਸਰ ਸਾਹਿਬ ਹੋਰਨੂੰ ਜਿਹਾ ਮੁਸਕਰਾਏ। ਅਸੀਂ ਵੀ ਅਸਲ ਮੁੱਦੇ ਵੱਲ ਆਏ। ਦੋ ਤਿੰਨ ਵੱਡੀ ਉਮਰ ਦੇ ਲੇਖਕਾਂ ਨੇ ਸਾਹਿਤਕ ਮੀਟਿੰਗਾਂ ਤੇ ਸਮਾਗਮਾਂ ਲਈ ਉਚਿਤ ਥਾਂ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਬੇਨਤੀ ਕੀਤੀ, ਮਸਲਨ ਕੋਈ ਪਲਾਟ ਜਾਂ ਪੁਰਾਣੇ ਕਿਲ੍ਹੇ ਵਿੱਚ ਕੋਈ ਪੁਰਾਣੀ ਇਮਾਰਤ ਹੀ। ਐੱਸ ਡੀ ਐੱਮ ਦਾ ਚਿਹਰਾ ਇਕਦਮ ਗੰਭੀਰ ਹੋ ਗਿਆ ਅਤੇ ਉਹ ਸਾਰਿਆਂ ਦੀ ਗੱਲਬਾਤ ਸੁਣਨ ਉਪਰੰਤ ਕਹਿਣ ਲੱਗੇ, ‘ਦੇਖੋ ਬਈ, ਮੇਰੇ ਕੋਲ ਐਸ ਕੋਈ ਪਾਵਰ ਨਹੀਂ ਕਿ ਮੈਂ ਤੁਹਾਡੇ ਲਈ ਕੋਈ ਪਲਾਟ ਅਲਾਟ ਕਰ ਸਕਾਂ ਜਾਂ ਕੋਈ ਇਮਾਰਤ ਹਾਸਲ ਕਰਵਾ ਸਕਾਂ।” ਸਾਰੇ ਜਣੇ ਉਨ੍ਹਾਂ ਵੱਲ ਹੈਰਾਨ ਤੇ ਕੁਝ ਪ੍ਰੇਸ਼ਾਨ ਜਿਹੇ ਝਾਕਣ ਲੱਗੇ। ਦੋ ਕੁ ਪਲ ਦੀ ਚੁੱਪ ਉਪਰੰਤ ਉਨ੍ਹਾਂ ਸਾਨੂੰ ਥੋੜ੍ਹੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ‘‘ਪਰ ਹਾਂ! ਮੈਂ ਕਿਸੇ ਸਕੂਲ ਦੇ ਪ੍ਰਿੰਸੀਪਲ ਨਾਲ ਜ਼ਰੂਰ ਗੱਲ ਕਰਾਂਗਾ।” ਇੱਕ ਸ਼ਾਇਰ ਬੋਲ ਉਠਿਆ, ‘ਜਨਾਬ! ਅਸੀਂ ਤਾਂ ਸਾਹਿਤ ਸਭਾ ਦੀਆਂ ਮੀਟਿੰਗਾਂ ਲਈ ਪੱਕੀ ਜਗ੍ਹਾ ਅਲਾਟ ਕਰਵਾਉਣ ਵਾਸਤੇ ਬੜੇ ਮਾਣ ਨਾਲ ਤੁਹਾਨੂੰ ਬੇਨਤੀ ਕਰਨ ਆਏ ਸੀ।’ ਐੱਸ ਡੀ ਐੱਮ ਨੇ ਬੇਵੱਸੀ ਜ਼ਾਹਰ ਕਰਦਿਆਂ ਸਾਡੀ ਬੇਨਤੀ 'ਤੇ ਗੌਰ ਕਰਨ ਲਈ ਸਾਡੀ ਦਰਖਾਸਤ ਆਪਣੇ ਕੋਲ ਰੱਖ ਲਈ। ਨਾਲ ਸਾਡੇ ਵੱਲ ਤੱਕਦਿਆਂ ਕਹਿਣ ਲੱਗੇ, ‘‘ਕੋਈ ਨਹੀਂ ਮੈਂ ਤੁਹਾਡਾ ਮੈਮੋਰੰਡਮ ਆਪਣੇ ਕੋਲ ਰੱਖ ਲਿਐ, ਸਰਕਾਰ ਨੂੰ ਭੇਜ ਦਿਆਂਗਾ। ਹੋਰ ਸੇਵਾ ਦੱਸੋ...?”
ਅਸੀਂ ਕੁਝ ਤਸੱਲੀ, ਪਰ ਮਾਯੂਸ ਜਿਹੇ ਚਿਹਰਿਆਂ ਨਾਲ ਉਥੋਂ ਤੁਰਨ ਲੱਗੇ ਤਾਂ ਦੋ ਤਿੰਨ ਕਵੀ ਉਥੇ ਹੀ ਖੜ੍ਹੇ ਰਹੇ। ਅਸੀਂ ਤੱਕਿਆ, ਉਨ੍ਹਾਂ ਵਿੱਚੋਂ ਇੱਕ ਪੱਕੇ ਰੰਗ ਤੇ ਪਕੇਰੀ ਉਮਰ ਦੇ ਸ਼ਾਇਰ ਨੇ ਅੰਗਰੇਜ਼ੀ ਵਿੱਚ ਲਿਖੀ ਇੱਕ ਦਰਖਾਸਤ ਵੀ ਆਪਣੀ ਜੇਬ੍ਹ ਵਿੱਚੋਂ ਕੱਢ ਲਈ, ਜਿਵੇਂ ਉਹ ਕੁਝ ਸੋਚ ਕੇ ਸਾਡੇ ਨਾਲ ਆਇਆ ਹੋਵੇ। ਦਰਅਸਲ, ਸਾਡੇ ਬੈਠਿਆਂ ਵੀ ਉਸ ਨੇ ਜੇਬ੍ਹ ਵਿੱਚੋਂ ਕੱਢ ਕੇ ਉਹ ਦਰਖਾਸਤ ਦੇ ਤਿੰਨ ਵਾਰ ਪੜ੍ਹੀ ਸੀ ਜਿਸ 'ਤੇ ਮੈਂ ਚੋਰੀਓਂ ਸਰਸਰੀ ਜਿਹੀ ਨਿਗਾਹ ਮਾਰ ਲਈ ਸੀ। ਇਸ ਦੇ ਕੁਝ ਸ਼ਬਦ ਮੈਨੂੰ ਯਾਦ ਸਨ, ਹਾਊਸ ਰਿਪੇਅਰ, ਸੀਮਿੰਟ ਵਗੈਰਾ ਵਗੈਰਾ। ਅਸੀਂ ਸਾਰੇ ਵਾਪਸ ਜਾਣ ਲੱਗੇ ਤਾਂ ਸਾਡੇ ਕੰਨਾਂ ਵਿੱਚ ਐੱਸ ਡੀ ਐੱਮ ਦੇ ਬੋਲ ਪਏ, ‘‘ਤੁਸੀਂ ਸੀਮਿੰਟ ਦੇ ਏਨੇ ਥੈਲਿਆਂ ਦੀ ਮੰਗ ਕਰ ਰਹੇ ਹੋ ਜਿਵੇਂ ਇਹ ਆਪਣੇ ਮਕਾਨਾਂ ਦੀ ਮੁਰੰਮਤ ਲਈ ਨਹੀਂ ਵਰਤਣੇ, ਬਲੈਕ ਕਰਨੇ ਹੋਣ।” ਇਨ੍ਹਾਂ ਬੋਲਾਂ ਦੇ ਨਾਲ ਐੱਸ ਡੀ ਐੱਮ ਦਾ ਹਾਸਾ ਵੀ ਸਾਡਾ ਪਿੱਛਾ ਕਰ ਰਿਹਾ ਸੀ, ਜਿਵੇਂ ਉਹ ਕਵੀਆਂ ਤੇ ਲੇਖਕਾਂ ਦਾ ਮਜ਼ਾਕ ਉਡਾ ਰਿਹਾ ਹੋਵੇ।
ਤੁਰੇ ਜਾਂਦਿਆਂ ਮੈਂ ਆਪਣੇ ਹਮ ਉਮਰ ਮਿੱਤਰ ਨੂੰ ਪੁੱਛਿਆ, ‘ਇਹ ਕਵੀ ਲੇਖਕ ਕੀ ਬਲੈਕਮੇਲੀਏ ਹੁੰਦੇ ਨੇ?’ ਮੇਰੇ ਮਿੱਤਰ ਨੇ ਤੁਰੰਤ ਇਸ ਦਾ ਜਵਾਬ ਦਿੱਤਾ, ‘‘ਨਹੀਂ, ਲੇਖਕ ਬਲੈਕਮੇਲੀਏ ਤਾਂ ਨਹੀਂ ਹੁੰਦੇ, ਪਰ ਇਨ੍ਹਾਂ ਵਿੱਚੋਂ ਕਈ ਹੋਰ ਬਹੁਤੇ ਲੋਕਾਂ ਵਾਂਗੂੰ ਮੌਕਾਪ੍ਰਸਤ ਜ਼ਰੂਰ ਹੁੰਦੇ ਨੇ...।”
ਜਦੋਂ ਅਸੀਂ ਕੁਝ ਕੁ ਲੇਖਕਾਂ ਨੂੰ ਇਨਾਮਾਂ ਸਨਮਾਨਾਂ ਨਾਲ ਸਿਫਾਰਸ਼ਾਂ ਕਰਦਿਆਂ ਤੇ ਹੋਰ ਜੁਗਾੜ ਲਾਉਂਦਿਆਂ ਵੇਖਦੇ ਸੁਣਦੇ ਹਾਂ ਤਾਂ ਮੈਨੂੰ ਲੇਖਕਾਂ ਬਾਰੇ ਆਪਣੇ ਮਿੱਤਰ ਦੀ ਇਹ ਟਿੱਪਣੀ ਅੱਜ ਵੀ ਢੁਕਵੀਂ ਜਾਪਦੀ ਹੈ। ਦਰਅਸਲ, ਨੇਕ ਦਿਲ ਵਿਅਕਤੀਆਂ ਵਾਂਗ ਲੇਖਕਾਂ ਨੂੰ ਆਪਣੀ ਕਹਿਣੀ ਤੇ ਕਥਨੀ 'ਤੇ ਪੂਰਾ ਉਤਰਨਾ ਚਾਹੀਦਾ ਹੈ।

Have something to say? Post your comment