Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਬੀਹੜ ਦੇ ਨਾਲ ਰਿਸ਼ਤਾ ਬਣ ਗਿਆ ਹੈ : ਰਣਵੀਰ ਸ਼ੌਰੀ

February 06, 2019 09:05 AM

ਰਣਵੀਰ ਸ਼ੌਰੀ ਮੁੱਖਧਾਰਾ ਵਾਲੇ ਸਿਨੇਮਾ ਤੋਂ ਇਲਾਵਾ ਫਿਲਮਾਂ ਵਿੱਚ ਜ਼ਿਆਦਾ ਨਜ਼ਰ ਆਉਂਦੇ ਹਨ। ‘ਕੜਵੀ ਹਵਾ’ ‘ਗਲੀ ਗੁਲੀਆਂ’, ‘ਏ ਡੈੱਥ ਇਨ ਦ ਗੰਜ’ ਵਰਗੀਆਂ ਫਿਲਮਾਂ ਵਿੱਚ ਆਪਣੀ ਐਕਟਿੰਗ ਦੇ ਲਈ ਵਾਹ-ਵਾਹੀ ਖੱਟ ਚੁੱਕੀ ਰਣਵੀਰ ਸ਼ੌਰੀ ਹੁਣ ‘ਸੋਨ ਚਿਰੱਈਆ’ ਵਿੱਚ ਚੰਬਲ ਦੇ ਡਕੈਤ ਬਣੇ ਹਨ। ਕਿਰਦਾਰ ਦੀ ਤਿਆਰੀ, ਚੰਬਲ ਵਿੱਚ ਸ਼ੂਟਿੰਗ ਦੇ ਤਜਰਬਿਆਂ, ਫਿਲਮਾਂ ਦੀ ਚੋਣ ਤੇ ਹੋਰ ਮੁੱਦਿਆਂ 'ਤੇ ਉਨ੍ਹਾਂ ਨਾਲ ਗੱਲਬਾਤ ਹੋਈ। ਪੇਸ਼ ਹਨ ਉਸੇ ਦੇ ਕੁਝ ਅੰਸ਼ :
* ਫਿਲਮ ਵਿੱਚ ਡਕੈਤ ਬਣਨ ਦਾ ਅਨੁਭਵ ਕਿਹੋ ਜਿਹਾ ਰਿਹਾ?
- ਇਹ ਅਜਿਹਾ ਕਿਰਦਾਰ ਸੀ, ਜਿਸ ਦਾ ਮੈਨੂੰ ਨਸ਼ਾ ਹੋ ਗਿਆ ਸੀ। ਕੇਵਲ ਭਾਰਤ ਵਿੱਚ ਡਕੈਤਾਂ ਦੇ ਜਾਨਰ 'ਤੇ ਫਿਲਮਾਂ ਬਣਦੀਆਂ ਹਨ। ‘ਮੇਰਾ ਗਾਂਵ ਮੇਰਾ ਦੇਸ਼’, ਵਰਗੀਆਂ ਡਾਕੂਆਂ 'ਤੇ ਆਧਾਰਤ ਕਈ ਫਿਲਮਾਂ ਬਚਪਨ ਵਿੱਚ ਦੇਖੀਆਂ ਹਨ। ਧਰਮਿੰਦਰ ਅਤੇ ਵਿਨੋਦ ਖੰਨਾ ਵਰਗੇ ਜ਼ਿਆਦਾਤਰ ਕਲਾਕਾਰਾਂ ਨੇ ਆਪਣੇ ਦੌਰ ਵਿੱਚ ਡਾਕੂਆਂ ਦੇ ਕਿਰਦਾਰ ਨਿਭਾਏ ਹਨ। ਇਸ ਜਾਨਰ ਵਿੱਚ ਰੋਲ ਮਿਲਣਾ ਹੀ ਮੇਰੇ ਲਈ ਵੱਡੀ ਗੱਲ ਸੀ। ਮੈਂ ਇਸ ਕਿਰਦਾਰ ਨੂੰ ਬਹੁਤ ਸ਼ੌਕ ਨਾਲ ਨਿਭਾਇਆ ਹੈ।
* ਕਿਰਦਾਰ ਦੀ ਤਿਆਰੀ ਕਿਸ ਤਰ੍ਹਾਂ ਨਾਲ ਕੀਤੀ?
- ਫਿਲਮ ਵਿੱਚ ਅਸੀਂ ਬੁੰਦੇਲਖੰਡੀ ਭਾਸ਼ਾ ਬੋਲੀ ਹੈ। ਉਸ ਦੇ ਉਚਾਰਣ 'ਤੇ ਧਿਆਨ ਦੇਣਾ ਪਿਆ। ਡਕੈਤਾਂ ਦੀ ਬੋਲ-ਚਾਲ ਲਹਿਜ਼ੇ ਨੂੰ ਫੜਨ ਲਈ ਮਿਹਨਤ ਕਰਨੀ ਪਈ। ਜਦ ਤੁਸੀਂ ਭਾਸ਼ਾ ਚੰਗੀ ਤਰ੍ਹਾਂ ਨਹੀਂ ਜਾਣਦੇ ਤਾਂ ਦਬਾਅ ਵੱਧ ਬਣ ਜਾਂਦਾ ਹੈ। ਫਿਲਮ ਦਾ ਕਿਰਦਾਰ ਨਿਭਾਉਣ ਵਿੱਚ ਦਿੱਕਤ ਨਹੀਂ ਹੋਈ। ਸਾਡੀ ਟਰੇਨਿੰਗ ਅਸਲੀ ਬੰਦੂਕਾਂ ਨਾਲ ਹੋਈ ਸੀ। ਗੋਲੀਆਂ ਨਕਲੀ ਸਨ। ਡਕੈਤ ਦੇ ਕਿਰਦਾਰ ਵਿੱਚ ਜਦ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹਨ ਤਾਂ ਲੱਗਣਾ ਚਾਹੀਦਾ ਹੈ ਕਿ ਉਹ ਹਥਿਆਰ ਤੁਹਾਡੇ ਨਾਲ ਸਾਲਾਂ ਤੋਂ ਹਨ। ਡਕੈਤ ਦੇ ਲਈ ਬੰਦੂਕ ਉਨ੍ਹਾਂ ਦੇ ਸਰੀਰ ਦਾ ਇੱਕ ਹਿੱਸਾ ਬਣ ਜਾਂਦੀ ਹੈ।
* ਚੰਬਲ ਦੇ ਬੀਹੜ ਵਿੱਚ ਸ਼ੂਟਿੰਗ ਦਾ ਤਜਰਬਾ ਕਿਹੋ ਜਿਹਾ ਰਿਹਾ?
- ਚੰਬਲ ਵਿੱਚ ਇਨਸਾਨ ਤਾਂ ਕੀ, ਦੂਰ ਦੂਰ ਤੱਕ ਤੁਹਾਨੂੰ ਛੋਟੇ ਜਾਨਵਰ ਵੀ ਨਹੀਂ ਦਿਖਾਈ ਦੇਣਗੇ। ਉਸ ਮਾਹੌਲ ਵਿੱਚ ਸ਼ੂਟਿੰਗ ਕਰਨਾ ਚੁਣੌਤੀ ਪੂਰਨ ਸੀ। ਬੀਹੜ ਵਿੱਚ ਅਸੀਂ ਰੋਜ਼ ਨਵੀਂ ਲੋਕੇਸ਼ਨ 'ਤੇ ਪੂਰਾ ਦਿਨ ਬਿਤਾਉਂਦੇ ਸਾਂ। ਫਿਲਮ ਦੀ ਸਟਾਰ ਕਾਸਟ ਵੱਡੀ ਹੈ। ਸਾਡੇ ਸਾਰੇ ਸੀਨਜ਼ ਇਕੱਠੇ ਹੁੰਦੇ ਸਨ ਤਾਂ ਕਾਸਟ ਨੂੰ ਇਕੱਠੇ ਰਹਿਣਾ ਪੈਂਦਾ ਸੀ। ਇਸ ਫਿਲਮ ਤੋਂ ਪਹਿਲਾਂ ਮੈਂ ਆਪਣੀ ਫਿਲਮ ‘ਕੜਵੀ ਹਵਾ’ ਦੀ ਸ਼ੂਟਿੰਗ ਉਥੇ ਕੀਤੀ ਸੀ। ਬੀਹੜ ਦੇ ਨਾਲ ਮੇਰਾ ਰਿਸ਼ਤਾ ਬਣਾ ਗਿਆ ਹੈ।
* ਤੁਸੀਂ ਬਚਪਨ ਵਿੱਚ ਡਕੈਤਾਂ ਦੀਆਂ ਫਿਲਮਾਂ ਦੇਖੀਆਂ ਹਨ। ਆਪਣੇ ਕਿਰਦਾਰ ਦੇ ਲਈ ਕੀ ਕਿਸੇ ਤੋਂ ਪ੍ਰੇਰਨਾ ਲਈ?
- ਮੈਂ ਕਦੇ ਕਿਸੇ ਦੂਸਰੇ ਦੀ ਪ੍ਰਫਾਰਮੈਂਸ ਨੂੰ ਦੇਖ ਕੇ ਕੋਈ ਕਿਰਦਾਰ ਨਹੀਂ ਨਿਭਾਇਆ, ਕੇਵਲ ਸਕ੍ਰਿਪਟ ਤੇ ਡਾਇਰੈਕਟਰ ਦੇ ਅਨੁਸਾਰ ਆਪਣੀ ਰਿਸਰਚ ਨੂੰ ਦਿਸ਼ਾ ਦਿੰਦਾ ਹਾਂ ਅਤੇ ਕਿਰਦਾਰ ਦੀ ਤਿਆਰੀ ਕਰਦਾ ਹਾਂ। ਜਦ ਤੁਸੀਂ ਦੂਸਰੇ ਦਾ ਕੰਮ ਦੇਖਦੇ ਹੋ ਤਾਂ ਉਹ ਤੁਹਾਡੇ ਕੰਮ ਵਿੱਚ ਝਲਕਣ ਲੱਗ ਜਾਂਦਾ ਹੈ।
* ਫਿਲਮ ਵਿੱਚ ਕਈ ਸਿਤਾਰੇ ਹਨ। ਸੈੱਟ 'ਤੇ ਕਿਸ ਤਰ੍ਹਾਂ ਦਾ ਮਾਹੌਲ ਸੀ?
- ਮਨੋਜ ਵਾਜਪਾਈ ਵੱਡੇ ਭਰਾ ਵਾਂਗ ਹਨ। ਫਿਲਮ ਵਿੱਚ ਅਸੀਂ ਉਨ੍ਹਾਂ ਨੂੰ ਦੱਦਾ ਕਹਿ ਕੇ ਬੁਲਾਉਂਦੇ ਹਾਂ। ਸੈੱਟ 'ਤੇ ਇਸੇ ਨਾਂਅ ਨਾਲ ਅਸੀਂ ਸਾਰੇ ਉਨ੍ਹਾਂ ਨੂੰ ਬੁਲਾਉਂਦੇ ਸੀ। ਜਦ ਮੇਰਾ ਐਕਟਿੰਗ ਕਰੀਅਰ ਸ਼ੁਰੂ ਵੀ ਨਹੀਂ ਹੋਇਆ ਸੀ, ਤਦ ਤੋਂ ਮੈਂ ਉਨ੍ਹਾਂ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਨਾਲ ‘ਗਲੀ ਗੁਲੀਆਂ’ ਵਿੱਚ ਕੰਮ ਕੀਤਾ ਹੈ। ਜਦ ਪਤਾ ਲੱਗਾ ਕਿ ‘ਸੋਨ ਚਿਰੱਈਆ’ ਵਿੱਚ ਮਾਨ ਸਿੰਘ ਦਾ ਰੋਲ ਮਨੋਜ ਵਾਜਪਾਈ ਕਰਨ ਵਾਲੇ ਹਨ, ਤਦ ਤੈਅ ਕਰ ਲਿਆ ਸੀ ਕਿ ਮੈਂ ਇਹ ਫਿਲਮ ਕਰਾਂਗਾ। ਸੁਸ਼ਾਂਤ ਸਿੰਘ ਰਾਜਪੂਤ ਨੌਜਵਾਨਾਂ ਦੇ ਲਈ ਰੋਲ ਮਾਡਲ ਹਨ। ਅਸੀਂ ਦੋਵੇਂ ਇਸ਼ਤਿਹਾਰ ਵਿੱਚ ਰੁਚੀ ਰੱਖਦੇ ਹਾਂ। ਦੇਰ ਤੱਕ ਬੈਠ ਕੇ ਅਸੀਂ ਉਸ 'ਤੇ ਗੱਲਾਂ ਕਰਦੇ ਰਹਿੰਦੇ ਸਨ। ਭੂਮੀ ਪੇਡਨੇਕਰ ਇਸ ਦੌਰ ਦੀ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੀ ਅਭਿਨੈ ਪ੍ਰਤਿਭਾ ਦਾ ਮੈਂ ਕਾਇਲ ਹੋ ਗਿਆ।
* ਅੱਜ ਦੇ ਦੌਰ ਵਿੱਚ ਚੰਬਲ ਅਤੇ ਡਕੈਤਾਂ 'ਤੇ ਬਣੀਆਂ ਫਿਲਮਾਂ ਦਰਸ਼ਕਾਂ ਨੂੰ ਕਿੰਨਾ ਆਕਰਸ਼ਿਤ ਕਰਨਗੀਆਂ?
- ਡਕੈਤਾਂ 'ਤੇ ਬਣੀ ਫਿਲਮ ‘ਪਾਨ ਸਿੰਘ ਤੋਮਰ’ ਡਾਕੂਆਂ ਤੋਂ ਵੱਧ ਖੇਡ 'ਤੇ ਆਧਾਰਤ ਸੀ। ‘ਬੈਂਡਿਟ ਕੁਈਨ’ ਦੇ ਬਾਅਦ ਡਾਕੂਆਂ 'ਤੇ ਕੋਈ ਚੰਗੀ ਫਿਲਮ ਨਹੀਂ ਆਈ। ਇਹ ਫਿਲਮ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੇਗੀ। ਅਭਿਨੇਤਾ ਤੋਂ ਪਹਿਲਾਂ ਮੈਂ ਇੱਕ ਦਰਸ਼ਕ ਵੀ ਹਾਂ। ਇੰਨੇ ਸਾਲਾਂ ਦੇ ਬਾਅਦ ਡਾਇਲਾਗਬਾਜ਼ੀ ਅਤੇ ਸਟਾਈਲ ਨਾਲ ਭਰਪੂਰ ਡਾਕੂਆਂ ਵਾਲੀਆਂ ਫਿਲਮਾਂ ਆ ਰਹੀਆਂ ਹਨ। ਡਾਇਰੈਕਟਰ ਅਭਿਸ਼ੇਕ ਚੌਬੇ ਨੇ ਅਤੀਤ ਦੇ ਇਸ ਵਿਸ਼ੇ ਨੂੰ ਅੱਜ ਦੇ ਦੌਰ ਵਿੱਚ ਢਾਲਿਆ ਹੈ।

Have something to say? Post your comment