Welcome to Canadian Punjabi Post
Follow us on

18

April 2019
ਮਨੋਰੰਜਨ

ਇਹ ਦੌਰ ਵਧੀਆ : ਤਾਪਸੀ ਪੰਨੂ

February 06, 2019 09:04 AM

ਤਾਪਸੀ ਪੰਨੂ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਾਲ 2010 ਵਿੱਚ ਤੇਲਗੂ ਫਿਲਮ ‘ਝੁਮੰਦੀ ਨਾਦਮ’ ਨਾਲ ਕੀਤੀ ਸੀ। ਉਸ ਤੋਂ ਬਾਅਦ ਉਹ ਸਾਊਥ ਦੀਆਂ ਕਾਫੀ ਫਿਲਮਾਂ ਵਿੱਚ ਨਜ਼ਰ ਆਈ। ਡੇਵਿਡ ਧਵਨ ਦੀ ਕਾਮੇਡੀ ਫਿਲਮ ‘ਚਸ਼ਮੇ ਬੱਦੂਰ’ ਨਾਲ ਉਸ ਨੇ ਬਾਲੀਵੁੱਡ 'ਚ ਕਦਮ ਰੱਖਿਆ ਤਾਂ ‘ਬੇਬੀ’ ਵਿੱਚ ਜ਼ਬਰਦਸਤ ਐਕਸ਼ਨ ਕਰ ਕੇ ਸਿੱਧ ਕਰ ਦਿੱਤਾ ਕਿ ਇਸ ਫਨ 'ਚ ਉਸ ਦਾ ਕੋਈ ਸਾਨੀ ਨਹੀਂ। ਉਸ ਤੋਂ ਬਾਅਦ ‘ਪਿੰਕ’, ‘ਨਾਮ ਸ਼ਬਾਨਾ’, ‘ਜੁੜਨਾ 2’, ‘ਮੁਲਕ’, ‘ਮਨਮਰਜ਼ੀਆਂ’ ਵਰਗੀਆਂ ਕਈ ਹਿੱਟ ਫਿਲਮਾਂ ਦੇ ਚੁੱਕੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*ਤੁਸੀਂ ਆਪਣੇ ਅੱਜ ਤੱਕ ਦੇ ਕਰੀਅਰ ਨੂੰ ਲੈ ਕੇ ਕਿੰਨਾ ਖੁਸ਼ ਹੋ?
- ਕਾਫੀ ਖੁਸ਼ ਹਾਂ। ਮੈਂ ਆਪਣੇ ਕਰੀਅਰ ਬਾਰੇ ਜੋ ਸੋਚਿਆ ਸੀ, ਉਸੇ ਤਰ੍ਹਾਂ ਦੀ ਸਫਲਤਾ ਮਿਲ ਰਹੀ ਹੈ। ਫਿਲਮ ‘ਪਿੰਕ’ ਦੇ ਆਉਂਦੇ ਹੀ ਲੋਕਾਂ ਨੂੰ ਅਚਾਨਕ ਲੱਗਾ ਕਿ ਤਾਪਸੀ ਚੰਗੀ ਐਕਟਿੰਗ ਕਰ ਸਕਦੀ ਹੈ। ਇਹ ਮੇਰੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ, ਪਰ ਮੇਰੇ ਕਰੀਅਰ ਦਾ ਸਭ ਤੋਂ ਬਿਹਤਰ ਸਾਲ 2018 ਸਿੱਧ ਹੋਇਆ। ਫਿਲਮ ‘ਮੁਲਕ’ ਤੋਂ ਬਾਅਦ ਮੇਰੇ 'ਤੇ ਦਰਸ਼ਕਾਂ ਦਾ ਯਕੀਨ ਕੁਝ ਜ਼ਿਆਦਾ ਵਧ ਗਿਆ ਤਾਂ ‘ਜੁੜਵਾ 2’ ਦੀ ਸੁਪਰ ਸਫਲਤਾ ਨੇ ਮੈਨੂੰ ਵੀ ਸੌ ਕਰੋੜ ਦੇ ਕਲੱਬ 'ਚ ਪਹੁੰਚਾ ਦਿੱਤਾ। ਅੱਜ ਕੱਲ੍ਹ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਤਾਪਸੀ ਹਰ ਕਿਰਦਾਰ ਨੂੰ ਕੁਝ ਵੱਖਰੇ ਢੰਗ ਨਾਲ ਪਰਦੇ 'ਤੇ ਨਿਭਾਉਣਾ ਜਾਣਦੀ ਹੈ।
* ਬਾਲੀਵੁੱਡ ਦੀਆਂ ਦੂਸਰੀਆਂ ਕਿਹੜੀਆਂ ਫਿਲਮਾਂ ਕਰ ਰਹੇ ਹੋ?
-ਇੱਕ ਫਿਲਮ ‘ਤੜਕਾ’ ਹੈ ਤੇ ਦੂਜੀ ‘ਬਦਲਾ’ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਫਿਲਮ ਵਿੱਚ ਅਮਿਤਾਭ ਬੱਚਨ ਵੀ ਹਨ। ਇਹ ਫਿਲਮ ਅੱਠ ਮਾਰਚ 2019 ਨੂੰ ਰਿਲੀਜ਼ ਹੋਵੇਗੀ। ਇਸੇ ਤੋਂ ਇਲਾਵਾ ਇੱਕ ਫਿਲਮ ਭੂਮੀ ਪੇਡਨੇਕਰ ਨਾਲ ਸਾਈਨ ਕੀਤੀ ਹੈ, ਜਿਸਦੀ ਸ਼ੂਟਿੰਗ ਛੇਤੀ ਸ਼ੁਰੂ ਹੋਵੇਗੀ।
* ‘ਪਿੰਕ’ ਤੋਂ ਬਾਅਦ ‘ਬਦਲਾ’ ਵਿੱਚ ਅਮਿਤਾਭ ਬੱਚਨ ਨਾਲ ਤੁਸੀਂ ਦੁਬਾਰਾ ਕੰਮ ਕਰ ਰਹੇ ਹੋ। ਕੀ ਫਰਕ ਮਹਿਸੂਸ ਕਰਦੇ ਹੋ?
- ਕੋਈ ਫਰਕ ਮਹਿਸੂਸ ਨਹੀਂ ਕੀਤਾ। ਫਿਲਮ ‘ਪਿੰਕ’ ਵਿੱਚ ਉਹ ਮੇਰੇ ਵਕੀਲ ਬਣੇ ਸਨ। ਫਿਰ ਇਸ ਫਿਲਮ ਵਿੱਚ ਵੀ ਮੇਰੇ ਵਕੀਲ ਬਣੇ ਹਨ, ਪਰ ਇਸ ਵਾਰ ਮੇਰਾ ਕਿਰਦਾਰ ਵੱਖਰਾ ਹੈ। ‘ਪਿੰਕ’ ਵਿੱਚ ਮੈਂ ਯੌਨ ਸ਼ੋਸ਼ਣ ਦੀ ਸ਼ਿਕਾਰ ਇੱਕ ਕੁੜੀ ਦੇ ਕਿਰਦਾਰ 'ਚ ਸੀ, ਜਦ ਕਿ ਫਿਲਮ ‘ਬਦਲਾ’ ਵਿੱਚ ਬਹੁਤ ਤੇਜ਼ ਤਰਾਰ ਬਿਜ਼ਨਸ ਵੂਮੈਨ ਦਾ ਕਿਰਦਾਰ ਨਿਭਾ ਰਹੀ ਹਾਂ।
* ਤੁਹਾਡੀ ਨਿੱਜੀ ਜ਼ਿੰਦਗੀ 'ਤੇ ਤੁਹਾਡੇ ਕਰੀਅਰ ਅਤੇ ਤੁਹਾਡੀਆਂ ਫਿਲਮਾਂ ਦਾ ਕਿੰਨਾ ਅਸਰ ਹੈ?
- ਮੇਰੀ ਲਾਈਫ 'ਚ ਫਿਲਮਾਂ ਤੋਂ ਵੱਧ ਹੋਰ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਸਿਰਫ ਫਿਲਮਾਂ 'ਚ ਹੀ ਮੈਂ ਆਪਣੀ ਪੂਰੀ ਜ਼ਿੰਦਗੀ ਨਹੀਂ ਬਿਤਾਉਣੀ, ਇਸ ਲਈ ਮੈਂ ਚਾਹੁੰਦੀ ਹਾਂ ਕਿ ਮੇਰਾ ਕੰਮ ਸਿਰਫ ਫਿਲਮਾਂ ਤੱਕ ਸੀਮਿਤ ਨਾ ਰਹੇ।
* ਫਿਲਮਾਂ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹੋ?
- ਅਜਿਹੇ ਕਿਰਦਾਰ ਜੋ ਡਿਫਰੈਂਟ ਹੋਣ ਅਤੇ ਖਾਸ ਕਰ ਕੇ ਅਜਿਹੇ ਹੋਣ, ਜਿਨ੍ਹਾਂ ਬਾਰੇ ਆਡੀਐਂਸ ਨੇ ਕਦੇ ਮੇਰੇ ਤੋਂ ਉਮੀਦ ਨਾ ਕੀਤੀ ਹੋਵੇ, ਤਾਂ ਕਿ ਦਰਸ਼ਕਾਂ ਨੂੰ ਮੇਰਾ ਕਿਰਦਾਰ ਸਰਪ੍ਰਾਈਜ਼ਿੰਗ ਲੱਗੇ।
* ਤੁਹਾਡੀ ਦਿਲਚਸਪੀ ਆਫਬੀਟ ਜਾਂ ਕਮਰਸ਼ੀਅਲ, ਕਿਸ ਤਰ੍ਹਾਂ ਦੇ ਸਿਨੇਮਾ ਵਿੱਚ ਜ਼ਿਆਦਾ ਹੈ?
- ਹਰ ਸ਼ਖਸ ਦੀ ਪਸੰਦ ਵੱਖ-ਵੱਖ ਹੁੰਦੀ ਹੈ। ਇਥੇ ਕੁਝ ਹੀਰੋਇਨਾਂ ਉਹ ਹਨ, ਜੋ ਆਫਬੀਟ ਫਿਲਮਾਂ ਕਰਨਾ ਚਾਹੁੰਦੀਆਂ ਹਨ। ਬਹੁਤ ਸਾਰੀਆਂ ਨੂੰ ਸਿਰਫ ਕਮਰਸ਼ਲ ਫਿਲਮਾਂ ਦਾ ਹਿੱਸਾ ਬਣਨਾ ਪਸੰਦ ਹੈ, ਪਰ ਮੈਂ ਕਿਸੇ ਖਾਸ ਜਾਨਰ 'ਚ ਫਸਣਾ ਨਹੀਂ ਚਾਹੁੰਦੀ। ਮੈਂ ਦੋਵੇਂ ਤਰ੍ਹਾਂ ਦੀਆਂ ਫਿਲਮਾਂ 'ਚ ਸੰਤੁਲਨ ਬਣਾ ਕੇ ਚੱਲਣਾ ਚਾਹੁੰਦੀ ਹਾਂ।

Have something to say? Post your comment