ਫਿਲਮ ‘ਸਟੂਡੈਂਟ ਆਫ ਦੀ ਯੀਅਰ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਹੈਂਡਸਮ ਸਿਧਾਰਥ ਮਲਹੋਤਰਾ ਉਹ ਸਟਾਰ ਹਨ, ਜਿਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦੇ ਫਿਲਮੀ ਸਫਰ ਨੂੰ ਜੋ ਗੱਲ ਖਾਸ ਬਣਾਉਂਦੀ ਹੈ, ਉਹ ਇਹ ਹੈ ਕਿ ਉਹ ਬਾਹਰੋਂ ਆਏ ਹਨ ਤੇ ਫਿਲਮ ਇੰਡਸਟਰੀ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ ਰਿਹਾ। ‘ਸਟੂਡੈਂਟ ਆਫ ਦਿ ਯੀਅਰ’ ਤੋਂ ਬਾਅਦ ਲੋਕਾਂ ਨੂੰ ਇੰਝ ਲੱਗ ਰਿਹਾ ਸੀ ਕਿ ਸਿਧਾਰਥ ਬਾਲੀਵੁੱਡ ਦੇ ਇੱਕ ਹੋਰ ਰੋਮਾਂਟਿਕ ਹੀਰੋ ਬਣਨਗੇ, ਪਰ ‘ਏਕ ਵਿਲੇਨ’, ‘ਬ੍ਰਦਰਸ’, ‘ਜੈਂਟਲਮੈਨ’, ‘ਬਾਰ ਬਾਰ ਦੇਖੋ’, ‘ਅੱਯਾਰੀ’ ਆਦਿ ਫਿਲਮਾਂ ਨਾਲ ਉਨ੍ਹਾਂ ਨੇ ਸਾਬਤ ਕੀਤਾ ਕਿ ਉਹ ਸਿਰਫ ਰੋਮਾਂਟਿਕ ਹੀਰੋ ਬਣਨ ਨਹੀਂ ਆਏ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼ :
* ਆਪਣੀ ਫਿਲਮ ‘ਜਬਰੀਆ ਜੋੜੀ’ ਬਾਰੇ ਕੁਝ ਦੱਸੋ।
- ਪ੍ਰਸ਼ਾਂਤ ਸਿੰਘ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ‘ਜਬਰੀਆ ਜੋੜੀ’ ਪਟਨਾ ਦੀ ਬੈਕਗਰਾਊਂਡ 'ਤੇ ਆਧਾਰਤ ਹੈ। ਇਸ 'ਚ ਪਰਿਣੀਤੀ ਚੋਪੜਾ ਨਾਲ ਮੇਰੀ ਮੁੱਖ ਭੂਮਿਕਾ ਹੈ। ਮੇਰਾ ਕਿਰਦਾਰ ਬਿਹਾਰੀ ਲੜਕੇ ਦਾ ਹੈ, ਇਸ ਲਈ ‘ਜਬਰੀਆ ਜੋੜੀ’ 'ਚ ਕੰਮ ਕਰਨਾ ਮੇਰੇ ਲਈ ਵੱਖਰਾ ਤਜਰਬਾ ਹੈ ਕਿਉਂਕਿ ਇਸ ਲਈ ਖਾਸ ਬਿਹਾਰੀ ਅੰਦਾਜ਼ 'ਚ ਢਲਣਾ ਪਿਆ ਹੈ।
* ਵੱਖਰੇ ਤਜਰਬੇ ਤੋਂ ਤੁਹਾਡਾ ਕੀ ਮਤਲਬ ਹੈ?
- ਇਹੀ ਕਿ ਪਰਦੇ 'ਤੇ ਵੱਖਰੇ-ਵੱਖਰੇ ਕਿਰਦਾਰ ਨਿਭਾ ਕੇ ਹਮੇਸ਼ਾ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਵਾਰ ‘ਜਬਰੀਆ ਜੋੜੀ’ ਤੋਂ ਵੀ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹ ਇੱਕ ਦੇਸੀ ਅਵਤਾਰ ਹੈ। ਬਿਹਾਰੀ ਲੜਕੇ ਦਾ ਰੋਲ ਪਲੇਅ ਕਰਨਾ ਬਹੁਤ ਵੱਖਰਾ ਹੈ, ਕਿਉਂਕਿ ਇਸ ਲਈ ਨਿਸ਼ਚਿਤ ਹਾਵ-ਭਾਵ ਅਤੇ ਬੋਲਣ ਦਾ ਲਹਿਜ਼ਾ ਸਿੱਖਣਾ ਪਿਆ ਹੈ। ਮੈਂ ਪਰਿਣੀਤੀ ਨਾਲ ਕੰਮ ਕਰ ਕੇ ਵੀ ਐਕਸਾਈਟਿਡ ਹਾਂ ਕਿਉਂਕਿ ਸਾਡੇ ਵਿਚਕਾਰ ਕਾਫੀ ਡੂੰਘੀ ਦੋਸਤੀ ਹੈ। ਸਾਡੇ ਦੋਵਾਂ ਲਈ ਇਹ ਇੱਕ ਧਮਾਕੇਦਾਰ ਫਿਲਮ ਹੋਵੇਗੀ।
*‘ਜਬਰੀਆ ਜੋੜੀ’ ਦੀ ਕਹਾਣੀ ਕੀ ਹੈ?
- ਫਿਲਮ ‘ਜਬਰੀਆ ਜੋੜੀ’ ਬਿਹਾਰ ਦੇ ‘ਪਕੜਵਾ' ਵਿਆਹ 'ਤੇ ਆਧਾਰਤ ਹੋਵੇਗੀ। ਇਸ ਵਿੱਚ ਲੜਕੀ ਦੇ ਘਰ ਵਾਲੇ ਲੜਕੇ ਦਾ ਕਿਡਨੈਪ ਕਰ ਕੇ ਲੜਕੀ ਨਾਲ ਜ਼ਬਰੀ ਉਸ ਦਾ ਵਿਆਹ ਕਰ ਦਿੰਦੇ ਹਨ। ਇਹ ਬਿਹਾਰ ਦੇ ਕੁਝ ਇਲਾਕਿਆਂ 'ਚ ਰਿਵਾਜ ਦੇ ਤੌਰ 'ਤੇ ਮੰਨਿਆ ਜਾਂਦਾ ਹੈ। ਨਾਂਅ ਤੋਂ ਹੀ ਸਾਫ ਹੁੰਦਾ ਹੈ ਕਿ ਫਿਲਮ 'ਚ ਜ਼ਬਰਦਸਤੀ ਵਿਆਹ ਦੀ ਜੋੜੀ ਬਣਾਈ ਜਾਵੇਗੀ। ਪਹਿਲਾਂ ਫਿਲਮ ਦਾ ਨਾਂਅ ‘ਸ਼ਾਟਗਨ ਸ਼ਾਦੀ’ ਸੀ, ਜਿਸ ਨੂੰ ਬਦਲ ਕੇ ‘ਜਬਰੀਆ ਜੋੜੀ' ਕੀਤਾ ਗਿਆ ਹੈ। ਇਸ ਫਿਲਮ ਨੂੰ ਸ਼ੈਲੇਸ਼ ਆਰ ਸਿੰਘ ਪ੍ਰੋਡਿਊਸ ਕਰ ਰਹੇ ਹਨ।
* ਤੁਹਾਡੀਆਂ ਪਿਛਲੀਆਂ ਫਿਲਮਾਂ ਕੁਝ ਖਾਸ ਨਹੀਂ ਚੱਲੀਆਂ। ਕੀ ਕਹੋਗੇ?
- ਮੇਰੀਆਂ ਕਈ ਫਿਲਮਾਂ ਬਾਕਸ ਆਫਿਸ 'ਤੇ ਚੱਲਦੀਆਂ ਹਨ, ਕਈ ਫਲਾਪ ਵੀ ਹੁੰਦੀਆਂ ਹਨ, ਇਸ 'ਤੇ ਮੇਰਾ ਕੰਟਰੋਲ ਨਹੀਂ। ਫਿਲਮ ਚੱਲਣਾ ਜਾਂ ਨਾ ਚੱਲਣਾ ਸਾਰਾ ਜਨਤਾ ਦੇ ਉਪਰ ਹੈ, ਪਰ ਮੈਂ ਹਰ ਫਿਲਮ ਨਾਲ ਖੁਦ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਕੋਲ ਇੰਨਾ ਤਜਰਬਾ ਹੋ ਗਿਆ ਹੈ ਕਿ ਮੈਨੂੰ ਪਤਾ ਹੁੰਦਾ ਕਿ ਮੈਂ ਫਿਲਮ ਤੋਂ ਕੀ ਚਾਹੁੰਦਾ ਹਾਂ। ਉਂਝ ਹਿੱਟ ਤੇ ਫਲਾਪ ਕੰਮ ਦਾ ਹਿੱਸਾ ਹਨ, ਇਸ ਤੋਂ ਕੀ ਘਬਰਾਉਣਾ। ਕਲਾਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਹਿੱਸੇ ਦਾ ਕੰਮ ਪੂਰੀ ਗੰਭੀਰਤਾ ਤੇ ਈਮਾਨਦਾਰੀ ਨਾਲ ਕਰੇ। ਮੈਂ ਆਪਣੀ ਹਰ ਫਿਲਮ 'ਚ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹਾਂ, ਮੇਰੇ ਲਈ ਇਹੀ ਬਹੁਤ ਹੈ। ਹਿੱਟ-ਫਲਾਪ ਦੀ ਮੈਂ ਚਿੰਤਾ ਨਹੀਂ ਕਰਦਾ। ਮੈਂ ਸੋਚ ਸਮਝ ਕੇ ਹੀ ਕਿਸੇ ਫਿਲਮ ਲਈ ਹਾਂ ਕਰਦਾ ਹਾਂ। ਮੇਰੇ ਲਈ ਚੰਗਾ ਕੰਮ ਅਰਥ ਰੱਖਦਾ ਹੈ, ਨਾ ਕਿ ਬਹੁਤ ਸਾਰਾ ਕੰਮ।
* ‘ਆਸ਼ਿਕੀ-3’ ਬਾਰੇ ਕੀ ਕਹੋਗੇ?
-‘ਆਸ਼ਿਕੀ-3’ ਵਿੱਚ ਆਲੀਆ ਭੱਟ ਨਾਲ ਕੰਮ ਕਰ ਰਿਹਾ ਹਾਂ। ‘ਆਸ਼ਿਕੀ-3’ ਵਿਸ਼ੇਸ਼ ਫਿਲਮਜ਼ ਅਤੇ ਟੀ-ਸੀਰੀਜ਼ ਦੀ ਮਹੱਤਵ ਪੂਰਨ ਤੇ ਕਾਮਯਾਬ ਫਰੈਂਚਾਈਜ਼ੀ ਹੈ। ਫਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਕਰਨਗੇ। ਮਹੇਸ਼ ਭੱਟ ਸਾਹਿਬ ਨੇ ਖੁਦ ਆਲੀਆ ਤੇ ਮੈਨੂੰ ਫਿਲਮ ਵਿੱਚ ਕੰਮ ਕਰਨ ਨੂੰ ਕਿਹਾ। ਰਾਹੁਲ ਰਾਏ ਅਤੇ ਅਨੂ ਅਗਰਵਾਲ ਦੀ ਪਹਿਲੀ ‘ਆਸ਼ਿਕੀ’ 1990 'ਚ ਆਈ ਸੀ, ਜੋ ਬਹੁਤ ਮਿਊਜ਼ੀਕਲ ਹਿੱਟ ਹੋਈ ਸੀ। ਉਸ ਤੋਂ ਬਾਅਦ 2013 'ਚ ‘ਆਸ਼ਿਕੀ-2’ ਆਈ ਅਤੇ ਇਹ ਵੀ ਬਹੁਤ ਹਿੱਟ ਹੋਈ। ਅਜਿਹੇ 'ਚ ‘ਆਸ਼ਿਕੀ-3’ ਦੀ ਵੀ ਕਾਮਯਾਬੀ ਨੂੰ ਲੈ ਕੇ ਸਾਨੂੰ ਕੋਈ ਸ਼ੱਕ ਨਹੀਂ ਹੈ।
* ਕਿਸ ਤਰ੍ਹਾਂ ਦਾ ਰੋਲ ਕਰਨ ਦੀ ਇੱਛਾ ਹੈ?
- ਉਸ ਭੂਮਿਕਾ ਨੂੰ ਪਰਦੇ 'ਤੇ ਸਾਕਾਰ ਕਰਨ ਦੀ ਤਮੰਨਾ ਹੈ, ਜੋ ਸ਼ਾਹਰੁਖ ਨੇ ਫਿਲਮ ‘ਡਰ’ ਵਿੱਚ ਨਿਭਾਈ ਸੀ। ਇਹ ਅਜਿਹਾ ਕਿਰਦਾਰ ਸੀ, ਜਿਸ ਨੇ ਸ਼ਾਹਰੁਖ ਦੇ ਸਟਾਰਡਮ ਨੂੰ ਉਪਰ ਚੁੱਕਿਆ ਤੇ ਵਿਲੇਨ ਹੁੰਦੇ ਹੋਏ ਵੀ ਸ਼ਾਹਰੁਖ ਫਿਲਮ ਦੇ ਹੀਰੋ ਬਣ ਗਏ ਸਨ। ਮੇਰੀ ਇੱਛਾ ਨੈਗੇਟਿਵ ਰੋਲ ਤੇ ਡਬਲ ਰੋਲ ਦੀ ਵੀ ਹੈ। ਇਸ ਲਈ ਚਾਹੁੰਦਾ ਹਾਂ ਕਿ ਸ਼ਾਹਰੁਖ ਵਰਗੀ ਭੂਮਿਕਾ ਵਾਲੀ ਫਿਲਮ ਕਰਾਂ ਤਾਂ ਕਿ ਉਹ ਕਿਰਦਾਰ ਮੈਨੂੰ ਦੂਜੇ ਸਿਤਾਰਿਆਂ ਤੋਂ ਵੱਖ ਹੋਰ ਉਪਰ ਲਿਆ ਕੇ ਖੜ੍ਹਾ ਕਰ ਦੇਵੇ।