Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਸਿੱਖਾਂ ਦੀ ਅਣਗੌਲੀ ਵਿਰਾਸਤ: ਭਾਈ ਸੰਤੋਖ ਸਿੰਘ ਦੀ ਹਵੇਲੀ

February 06, 2019 09:01 AM

-ਸੰਦੀਪ ਸਿੰਘ
ਸਿੱਖ ਕੌਮ ਬਾਰੇ ਇਹ ਕਥਨ ਆਮ ਹੀ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਹੈ, ਪਰ ਲਿਖਿਆ ਜਾਂ ਸੰਭਾਲਿਆ ਨਹੀਂ। ਇਸ ਕਥਨ ਦੇ ਨਾਲ ਸਾਡੀ ਕੌਮ ਦਾ ਇਕ ਹੋਰ ਨਕਾਰਾਤਮਕ ਪੱਖ ਇਹ ਵੀ ਹੈ ਕਿ ਅਸੀਂ ਇਤਿਹਾਸ ਲਿਖਣ ਵਾਲੇ ਵਿਦਵਾਨਾਂ (ਜੋ ਗਿਣਵੇਂ ਚੁਣਵੇਂ ਹੀ ਹਨ) ਤੇ ਉਨ੍ਹਾਂ ਦੀ ਵਿਰਾਸਤੀ ਨਿਸ਼ਾਨੀਆਂ ਨੂੰ ਅਣਗੌਲਿਆਂ ਰੱਖਿਆ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਉਸ ਸਮੇਂ ਪ੍ਰਾਪਤ ਹੋਇਆ ਜਦੋਂ ਆਪਣੀ ਪੀ ਐਚ ਡੀ ਦੇ ਖੋਜ ਕਾਰਜ ਬਾਰੇ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਦੀ ਰਿਹਾਇਸ਼ੀ ਹਵੇਲੀ ਵੇਖਣ ਦਾ ਮੌਕਾ ਮਿਲਿਆ, ਜਿਥੇ ਰਹਿ ਕੇ ਭਾਈ ਸਾਹਿਬ ਨੇ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦੀ ਰਚਨਾ ਕੀਤੀ ਸੀ।
ਹਵੇਲੀ ਦੀ ਲਗਭਗ ਖੰਡਰ ਹੋ ਚੁੱਕੀ ਹਾਲਤ ਵੇਖ ਕੇ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਗੁਰੂ ਬਖਸ਼ਿਸ਼ ਨਾਲ ਅਥਾਹ ਧਨ ਸੰਪਦਾ ਦੀ ਮਾਲਕ ਸਿੱਖ ਕੌਮ ਸਿਰਫ ਕੁਝ ਪੈਸਿਆਂ ਲਈ ਆਪਣੇ ਗੁਰੂ ਸਾਹਿਬਾਨ ਦਾ ਇਤਿਹਾਸ ਲਿਖਣ ਵਾਲਿਆਂ ਦੀ ਵਿਰਾਸਤ ਨੂੰ ਇਸ ਤਰ੍ਹਾਂ ਅਣਗੌਲਿਆਂ ਕਰ ਸਕਦੀ ਹੈ। ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਸੇਠਾਂ ਵਾਲੇ ਮੁਹੱਲੇ ਵਿੱਚ ਇਸ ਹਵੇਲੀ ਦਾ ਪਿਛਲਾ ਪਾਸਾ ਕਿਸੇ ਲਾਵਾਰਿਸ ਥਾਂ ਵਾਂਗ ਜਾਪਦਾ ਸੀ, ਜਿਥੇ ਆਵਾਰਾ ਪਸ਼ੂਆਂ ਦਾ ਗੋਹਾ ਤੇ ਇਧਰ ਉਧਰ ਖਿਲਰਿਆ ਕੂੜਾ ਇਸ ਹਵੇਲੀ ਦੀ ਦੁਰਦਸ਼ਾ ਬਿਆਨ ਕਰਦਾ ਸੀ। ਹਵੇਲੀ ਦੀਆਂ ਟੁੱਟੀਆਂ ਉਖੜੀਆਂ ਇੱਟਾਂ ਤੇ ਇਸ ਦੇ ਅੰਦਰ ਜੰਮੀ ਮੂੰਹਾਂ ਮਣੀ ਧੂੜ ਮਿੱਟੀ ਵੇਖ ਕੇ ਭਾਈ ਵੀਰ ਸਿੰਘ ਦੁਆਰਾ ਇਸ ਹਵੇਲੀ ਦੀ ਸ਼ਾਨੋ ਸ਼ੌਕਤ ਬਾਰੇ ਪੇਸ਼ ਕੀਤੇ ਤੱਥ ਅਸੰਭਵ ਜਿਹੇ ਜਾਪ ਰਹੇ ਸਨ।
ਇਹ ਹਵੇਲੀ ਕੈਥਲ ਰਿਆਸਤ ਦੇ ਸਿੱਖ ਰਾਜੇ ਭਾਈ ਉਦੈ ਸਿੰਘ ਦੁਆਰਾ ਚਾਰ ਵਿਦਵਾਨ ਲਿਖਾਰੀਆਂ ਨੂੰ ਪ੍ਰਦਾਨ ਕੀਤੀਆਂ ਹਵੇਲੀਆਂ ਵਿੱਚੋਂ ਇਕ ਹੈ। ਭਾਈ ਵੀਰ ਸਿੰਘ ਅਨੁਸਾਰ 1930-35 ਦੇ ਆਸ ਪਾਸ ਭਾਈ ਸੰਤੋਖ ਸਿੰਘ ਦੇ ਚਾਰ ਪੁੱਤਰਾਂ ਨੇ ਇਹ ਹਵੇਲੀ ਹਜ਼ਾਰ ਕੁ ਰੁਪਏ ਵਿੱਚ ਕਿਸੇ ਮਹਾਜਨ ਸ਼ਾਹੂਕਾਰ ਨੂੰ ਵੇਚ ਦਿੱਤੀ ਸੀ। ਇਸ ਸਮੇਂ ਵਿੱਚ ਇਸ ਦੀ ਰਜਿਸਟਰੀ ਪੰਜ ਹਿੱਸੇਦਾਰਾਂ ਦੇ ਨਾਮ ਹੈ, ਜਿਨ੍ਹਾਂ ਵਿੱਚੋਂ ਕੇਵਲ ਇਕ ਪਰਵਾਰ ਆਪਣੇ ਹਿੱਸੇ ਵਿੱਚ ਰਹਿ ਰਿਹਾ ਹੈ।
ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਪਰਵਾਰ ਆਪਣੀਆਂ ਪਰਵਾਰਕ ਲੋੜਾਂ ਦੀ ਪੂਰਤੀ ਲਈ ਕਿਸੇ ਸਮੇਂ ਵੀ ਆਪਣੇ ਵਾਲੇ ਹਿੱਸੇ ਨੂੰ ਢਾਹ ਕੇ ਇਸ ਦੀ ਆਪਣੀ ਸੁਵਿਧਾ ਅਨੁਸਾਰ ਪੁਨਰ ਉਸਾਰੀ ਕਰ ਸਕਦਾ ਹੈ। ਇਸ ਪਰਵਾਰ ਨਾਲ ਗੱਲ ਕਰਨ 'ਤੇ ਇਕ ਹੋਰ ਤ੍ਰਾਸਦੀ ਵਾਲਾ ਪੱਖ ਉਭਰ ਕੇ ਸਾਹਮਣੇ ਆਇਆ, ਜਦੋਂ ਉਨ੍ਹਾਂ ਨੇ ਰੁੱਖੇ ਲਹਿਜੇ ਨਾਲ ਸਾਡੀਆਂ ਸੰਸਥਾਵਾਂ ਤੇ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਅਤੇ ਵਿਦਵਾਨਾਂ ਦੇ ਇਸ ਹਵੇਲੀ ਵਾਲੀ ਥਾਂ ਪਹੁੰਚ ਕੇ ਇਸ ਨੂੰ ਖਰੀਦਣ ਸਬੰਧੀ ਕੋਈ ਠੋਸ ਕਾਰਵਾਈ ਨਾ ਕਰਨ ਦੀ ਥਾਂ ਸਿਰਫ ਖਾਨਾਪੂਰਤੀ ਕਰਨ ਵਾਲੀ ਗੱਲ ਸਾਹਮਣੇ ਰੱਖੀ। ਇਸ ਹਵੇਲੀ ਦੇ ਮਾਲਕ ਬਣਦੀ ਕੀਮਤ ਅਤੇ ਆਪਣੇ ਰਿਹਾਇਸ਼ੀ ਪ੍ਰਬੰਧ ਬਦਲੇ ਇਸ ਹਵੇਲੀ ਨੂੰ ਵੇਚਣ ਲਈ ਤਿਆਰ ਹਨ। ਸਿੱਖ ਪੰਥ ਦੀਆਂ ਸੰਸਥਾਵਾਂ, ਸਰਦੇ ਪੁੱਜਦੇ ਸਿੱਖ ਘਰਾਣਿਆਂ, ਭਾਈ ਸੰਤੋਖ ਸਿੰਘ ਦੀ ਯਾਦ ਵਿੱਚ ਬਣੀਆਂ ਸੁਸਾਇਟੀਆਂ, ਕਮੇਟੀਆਂ ਅਤੇ ਮਹਾਂਕਵੀ ਦੇ ਕਦਰਦਾਨਾਂ ਨੂੰ ਅਪੀਲ ਹੈ ਕਿ ਗੁਰੂ ਸਾਹਿਬ ਦੇ ਬਖਸ਼ੇ ਖਜ਼ਾਨਿਆਂ ਨਾਲ ਇਸ ਯਾਦਗਾਰੀ ਸਿੱਖ ਵਿਰਾਸਤ ਨੂੰ ਖਰੀਦ ਕੇ ਸੰਭਾਲਣ ਦਾ ਉਦਮ ਕੀਤਾ ਜਾਵੇ ਕਿਉਂਕਿ ਸਮਾਂ ਨਿਕਲ ਜਾਣ ਤੋਂ ਬਾਅਦ ਸਾਡੇ ਹੱਥ ਸਿਰਫ ਪਛਤਾਵਾ ਹੀ ਰਹਿ ਜਾਵੇਗਾ।

Have something to say? Post your comment