Welcome to Canadian Punjabi Post
Follow us on

29

March 2024
 
ਨਜਰਰੀਆ

ਨੇੜਿਓਂ ਤੱਕਿਆ ਦੀਦਾਰ

February 06, 2019 09:01 AM

-ਸੁਖਵਿੰਦਰ ਸਿੰਘ ਮੁੱਲਾਂਪੁਰ
ਦੀਦਾਰ ਸੰਧੂ ਜਿੰਨਾ ਵਧੀਆ ਗੀਤਕਾਰ ਸੀ, ਓਨਾ ਹੀ ਵਧੀਆ ਗਾਇਕ ਵੀ। ਉਹ ਆਲੇ ਦੁਆਲੇ ਦੇ ਹਾਲਾਤ ਦੇਖ ਕੇ ਗੀਤ ਰਚ ਲੈਂਦਾ ਸੀ। ਗੀਤ ਲਿਖਣ ਉਹ ਸਕੂਲ ਸਮੇਂ ਹੀ ਲੱਗ ਗਿਆ ਸੀ, ਪਰ ਇਨ੍ਹਾਂ ਨੂੰ ਪਛਾਣ ਮੁਹੰਮਦ ਸਦੀਕ ਨੇ ਦਿੱਤੀ। ਦਸਵੀਂ ਕਰਨ ਪਿੱਛੋਂ ਉਸ ਨੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ। ਮੁਹੰਮਦ ਸਦੀਕ ਵੀ ਉਥੇ ਹੀ ਕੰਮ ਕਰਦਾ ਹੋਣ ਕਾਰਨ 1962 ਵਿੱਚ ਜਦੋਂ ਦੋਵਾਂ ਦੀ ਮੁਲਾਕਾਤ ਹੋਈ ਤਾਂ ਦੀਦਾਰ ਨੇ ਸਦੀਕ ਨੂੰ ਆਪਣੇ ਲਿਖੇ ਗੀਤ ਦਿਖਾਏ ਜਿਨ੍ਹਾਂ ਨੂੰ ਪੜ੍ਹ ਕੇ ਸਦੀਕ ਹੈਰਾਨ ਰਹਿ ਗਿਆ ਕਿ ਅੱਲ੍ਹੜ ਜਿਹੇ ਮੁੰਡੇ ਨੇ ਇੰਨੇ ਵਧੀਆ ਗੀਤ ਲਿਖੇ ਹਨ। ਇਹ ਗੀਤ ਸਨ:
*ਜਿਹੀ ਤੇਰੀ ਗੁੱਤ ਦੇਖ ਲੀ
ਜਿਹਾ ਦੇਖਿਆ ਜਰਗ ਦਾ ਮੇਲਾ
*ਇਕ ਤੇਰਾ ਰੰਗ ਮੁਸ਼ਕੀ
ਦੂਜਾ ਚਰਖਾ ਗਲੀ ਦੇ ਵਿੱਚ ਡਾਹਿਆ
*ਗੋਰੇ ਰੰਗ ਤੇ ਵਾਸਕਟ ਕਾਲੀ
ਵੇਖ ਜੱਟਾ ਬੜੀ ਸੱਜਦੀ
ਇਹੀ ਉਹ ਘੜੀ ਸੀ, ਜਦੋਂ ਮੁਹੰਮਦ ਸਦੀਕ ਤੇ ਦੀਦਾਰ ਸੰਧੂ ਦੇ ਜੀਵਨ ਨੇ ਨਵਾਂ ਮੋੜ ਕੱਟਿਆ। ਇਹ ਉਹ ਗੀਤ ਸਨ, ਜਿਹੜੇ ਮੁਹੰਮਦ ਸਦੀਕ ਦੇ ਗਾਏ ਅਤੇ ਦੀਦਾਰ ਸੰਧੂ ਦੇ ਲਿਖੇ ਗੀਤਾਂ ਦੀ ਪਹਿਲੀ ਰਿਕਾਡਿੰਗ ਬਣੇ। 1965-66 ਵਿੱਚ ਉਪਰ ਵਾਲੇ ਦੋ ਗੀਤ ਇਕੱਲੇ ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਹੇਠਲਾ ਗੀਤ ਮੁਹੰਮਦ ਸਦੀਕ ਤੇ ਸਵਰਨ ਲਤਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਹ ਗੀਤ ਮਾਰਕੀਟ ਵਿੱਚ ਆਏ ਤਾਂ ਇਨ੍ਹਾਂ ਦੋਵਾਂ ਦੀ ਗਾਇਕੀ ਤੇ ਗੀਤਕਾਰੀ ਵਿੱਚ ਪਛਾਣ ਬਣ ਗਈ। ‘ਮੇਰੀ ਐਸੀ ਝਾਂਜਰ ਛਣਕੇ' ਗੀਤ ਆਉਣ ਨਾਲ ਤਾਂ ਉਨ੍ਹਾਂ ਦੇ ਸੁਪਨੇ ਸਾਕਾਰ ਹੋ ਗਏ। ਦੀਦਾਰ ਸੰਧੂ ਦੇ ਲਿਖੇ ਕਈ ਗੀਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਵੱਲੋਂ ਰਿਕਾਰਡ ਹੋਏ। ਇਨ੍ਹਾਂ ਵਿੱਚ ਹਨ:
*ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਲੱਡੂ ਵੰਡਦੀ ਕਚਹਿਰੀ ਵਿੱਚੋਂ ਆਵਾਂ
*ਸੁਰਮਾ ਪੰਜ ਰੱਤੀਆਂ
ਪਾ ਕੇ ਮੋੜ `ਤੇ ਖੜ੍ਹਗੀ
*ਇਕ ਛੱਡ ਜਾ ਮਹੀਨਾ ਹੋਰ ਮੁੰਡਿਆ
ਇਹ ਗੀਤ ਵੀ ਮਾਰਕੀਟ ਵਿੱਚ ਇੰਨੇ ਚੱਲੇ ਕਿ ਸਦੀਕ ਅਤੇ ਦੀਦਾਰ ਦਾ ਕੱਦ ਹੋਰ ਉਚਾ ਹੋ ਗਿਆ। ਸਦੀਕ ਨੇ ਦੀਦਾਰ ਸੰਧੂ ਵਿੱਚ ਗੀਤਕਾਰੀ ਦੇ ਨਾਲ-ਨਾਲ ਗਾਇਕੀ ਦੇ ਗੁਣ ਵੀ ਦੇਖ ਲਏ। ਫਿਰ ਦੀਦਾਰ ਨੇ ਮੁਹੰਮਦ ਸਦੀਕ ਨੂੰ ਗੁਰੂ ਧਾਰ ਲਿਆ ਤੇ ਉਨ੍ਹਾਂ ਕੋਲੋਂ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਉਸ ਨੇ ਬਹੁਤ ਹੀ ਪੱਛੜੇ ਪਿੰਡ ਤੋਂ ਆ ਕੇ ਆਪਣਾ ਤੇ ਆਪਣੇ ਪਿੰਡ ਦਾ ਨਾਂ ਚਮਕਾ ਦਿੱਤਾ। ਪਹਿਲਾਂ ਪਹਿਲ ਭਰੋਵਾਲ ਪਿੰਡ ਦੇ ਦੁਆਲੇ ਰੇਤੇ ਦੇ ਟਿੱਬੇ ਸਨ। ਪਿੰਡ ਜਾਣ ਨੂੰ ਕੋਈ ਰਾਹ ਵੀ ਨਹੀਂ ਸੀ। ਲੋਕ ਤੁਰ ਕੇ ਪਗਡੰਡੀ ਰਾਹੀਂ ਪਿੰਡ ਪਹੁੰਚਦੇ ਸਨ। ਆਪਣੇ ਪਿੰਡ ਦਾ ਵਰਣਨ ਇਕ ਗੀਤ ਰਾਹੀਂ ਉਸ ਨੇ ਇੰਜ ਕੀਤਾ, ਜਿਸ ਨੂੰ ਰਮੇਸ਼ ਰੰਗੀਲਾ ਅਤੇ ਸਦੇਸ਼ ਕਪੂਰ ਨੇ ਆਵਾਜ਼ ਦਿੱਤੀ:
ਅੱਗੇ ਵੇਖ ਦੀਦਾਰ ਸਾਡੇ ਨਾਲ ਕਰ ਗਿਆ ਹੇਰਾਫੇਰੀ
ਜਾਂ ਏ ਮੇਰੀ ਭੈਣ ਵਿਚੋਲਣ ਡੋਬੀ ਕਿਸਮਤ ਮੇਰੀ
ਭਰੋਵਾਲ ਨੂੰ ਮੋਟਰ ਗੱਡੀ
ਨਾ ਕੋਈ ਲੱਗਦਾ ਯੱਕਾ
ਧੜੂਕਾ ਕੌਣ ਸੁਣੇ, ਖੂਹ ਵਿੱਚ ਦੇ ਕੇ ਧੱਕਾ।
ਦੀਦਾਰ ਸੰਧੂ ਨੂੰ ਮੈਂ ਬਹੁਤ ਨੇੜਿਓਂ ਤੱਕਿਆ ਹੈ ਅਤੇ ਉਸ ਨਾਲ ਵਿਚਰਿਆ ਹਾਂ। ਗੀਤਕਾਰੀ ਦੇ ਨਾਲ-ਨਾਲ ਉਹ ਮੁਹੰਮਦ ਸਦੀਕ ਦੀ ਹੱਲਾਸ਼ੇਰੀ ਨਾਲ ਗਾਇਕੀ ਦੇ ਪਿੜ ਵਿੱਚ ਵੀ ਆ ਗਿਆ। ਉਸ ਦਾ ਪਹਿਲਾਂ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਹੋਇਆ:
ਜੱਟ ਬੜਾ ਬੇਦਰਦੀ, ਮੈ ਕਿੱਥੇ ਜਾਵਾਂ
ਫਿਰ ਉਸ ਦੀ ਜੋੜੀ ਸਨੇਹ ਲਤਾ ਨਾਲ ਬਣ ਗਈ, ਜੋ ਅੱਠ ਸਾਲ ਤੱਕ ਚੱਲੀ। ਇਹ ਜੋੜੀ ਬਹੁਤ ਮਕਬੂਲ ਹੋਈ। 1975 ਵਿੱਚ ਦੀਦਾਰ ਸੰਧੂ ਦੇ ਲਿਖੇ ਅਤੇ ਗਾਏ ਗੀਤਾਂ ਦਾ ਤਵਾ ਆਇਆ, ਜੋ ਇਨ੍ਹਾਂ ਦੋਵਾਂ ਦੀ ਆਵਾਜ਼ ਵਿੱਚ ਰਿਕਾਰਡ ਸੀ। ਇਸ ਵਿੱਚ ਛੇ ਗੀਤ ਸਨ:
*ਜੋੜੀ ਜਦੋਂ ਚੁਬਾਰੇ ਚੜ੍ਹਦੀ
*ਬਣ ਕੇ ਪ੍ਰਾਹੁਣਾ ਆਵੇ
*ਮੁੰਡਾ ਪੀ ਕੇ ਵਲੈਤੀ ਦਾਰੂ
*ਲੈ ਚੱਲ ਮੁੰਡਿਆ ਵੇ ਨਾਲ
*ਜੇ ਬਣ ਜੇ ਵਿਚੋਲਣ
*ਹਾਲ ਵੇ ਰੱਬਾ
ਇਸ ਤਵੇ ਵਿਚਲਾ ਗੀਤ ‘ਜੋੜੀ ਜਦੋਂ ਚੁਬਾਰੇ ਚੜ੍ਹਦੀ' ਇੰਨਾ ਹਿੱਟ ਹੋਇਆ ਕਿ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ। ਹਰ ਇਕ ਦੇ ਮੂੰਹ 'ਤੇ ਇਹ ਗੀਤ ਚੜ੍ਹ ਗਿਆ। ਸਪੀਕਰਾਂ ਵਿੱਚ ਵਾਰ-ਵਾਰ ਇਹੀ ਗੀਤ ਵੱਜਦਾ ਸੀ। ਹਰ ਪਾਸੇ ਦੀਦਾਰ ਹੀ ਦੀਦਾਰ ਹੋਣ ਲੱਗ ਪਈ ਸੀ। ਉਹ ਅਜਿਹਾ ਗੀਤਕਾਰ ਸੀ ਜੋ ਆਲੇ ਦੁਆਲੇ ਦੇ ਹਾਲਾਤ ਦੇਖ ਕੇ ਹੀ ਗੀਤ ਰਚ ਲੈਂਦਾ ਸੀ। ਇਕ ਵਾਰ ਮੁੱਲਾਂਪੁਰ ਦਾਖਾ ਬਾਜ਼ਾਰ ਵਿੱਚ ਇਕ ਜੋਗੀ ਬੀਨ ਵਜਾ ਕੇ ਸੱਪ ਦਿਖਾ ਰਿਹਾ ਸੀ। ਮੈਂ ਵੀ ਉਥੇ ਬੈਠਾ ਦੇਖ ਰਿਹਾ ਸੀ। ਉਥੇ ਦੀਦਾਰ ਸੰਧੂ ਆ ਗਿਆ। ਜਦੋਂ ਜੋਗੀ ਸੱਪ ਦਿਖਾ ਹਟਿਆ ਤਾਂ ਦੀਦਾਰ ਸੰਧੂ ਨੇ ਕਿਹਾ ਕਿ ਫਿਰ ਬੀਨ ਵਜਾ। ਉਹ ਬੀਨ ਵਜਾ ਰਿਹਾ ਸੀ। ਦੀਦਾਰ ਸੰਧੂ ਬਹੁਤ ਧਿਆਨ ਨਾਲ ਸੁਣ ਰਿਹਾ ਸੀ। ਇਹ ਉਹੀ ਜਾਣਦਾ ਸੀ ਕਿ ਉਸ ਨੇ ਕੀ ਸੁਣਿਆ? ਬਾਅਦ ਵਿੱਚ ਉਹ ਇਹ ਕਹਿ ਕੇ ਚਲਾ ਗਿਆ ਕਿ ਉਸ ਦਾ ਵੀ ਇਕ ਗੀਤ ਇਸ ਤਰਜ਼ 'ਤੇ ਆਵੇਗਾ। ਥੋੜ੍ਹੇ ਸਮੇ ਬਾਅਦ ਗੀਤ ਆ ਗਿਆ:
ਤੂੰ ਗੋਰੀ ਤੇ ਮੈਂ ਕਾਲਾ ਨੀਂ
ਜਿਵੇ ਨਾਗ ਕੌਡੀਆਂ ਵਾਲਾ ਨੀਂ
ਹੋ ਗਈ ਪਿੰਡ ਵਿੱਚ ਲਾ-ਲਾ-ਲਾ-ਲਾ ਨੀਂ
ਮੱਚ ਗਈ ਦੁਹਾਈ ਆ
ਲੋਕ ਪੁੱਛਣ ਪਏ ਮੈਨੂੰ
ਬੀਬੀ ਕਿਵੇਂ ਟਿਕਾਈ ਆ
ਉਸ ਸਮੇਂ ਸਕੂਟਰ ਹੀ ਪ੍ਰਧਾਨ ਹੁੰਦਾ ਸੀ, ਉਹ ਵੀ ਕਿਸੇ-ਕਿਸੇ ਕੋਲ ਹੁੰਦਾ ਸੀ। ਉਹ ਜਿੱਥੇ ਮਰਜ਼ੀ ਚਲਿਆ ਜਾਵੇ, ਪਰ ਸ਼ਾਮ ਨੂੰ ਪਿੰਡ ਪਹੁੰਚਦਾ ਸੀ। ਕਈ ਵਾਰ ਪਿੰਡ ਤੋਂ ਸਕੂਟਰ 'ਤੇ ਹੀ ਨਹਿਰੇ ਨਹਿਰ ਲੁਧਿਆਣਾ ਦਫਤਰ ਚਲੇ ਜਾਣਾ। ਰਸਤੇ ਵਿੱਚ ਗੀਤ ਰਚ ਲੈਣੇ। ਉਸ ਨੂੰ ਖੇਤੀਬਾੜੀ ਦਾ ਵੀ ਸ਼ੌਕ ਸੀ। ਇਕ ਦਿਨ ਫਸਲ ਨੂੰ ਪਾਣੀ ਦੇ ਰਿਹਾ ਸੀ। ਸਿਰੇ ਵਾਲੇ ਕਿਆਰੇ ਵਿੱਚ ਪਾਣੀ ਨਾ ਚੜ੍ਹਿਆ ਤਾਂ ਲਿਖਣ ਬੈਠ ਗਿਆ:
ਸੁੱਕਾ ਕੰਨੀ ਦੇ ਕਿਆਰੇ ਵਾਂਗੂ ਜੇਠ ਰਹਿ ਗਿਆ
ਇਕ ਵਾਰ ਉਹ ਬਲਜੀਤ ਬੱਲੀ ਨਾਲ ਕਿਸੇ ਪ੍ਰੋਗਰਾਮ 'ਤੇ ਅਖਾੜਾ ਲਾਉਣ ਜਾ ਰਿਹਾ ਸੀ। ਨੇੜੇ ਜਾ ਕੇ ਜਿਸ ਘਰ ਅਖਾੜਾ ਲਾਉਣਾ ਸੀ, ਉਨ੍ਹਾਂ ਦਾ ਘਰ ਪੁੱਛਣ ਲੱਗੇ। ਕਿਸੇ ਨੇ ਦੱਸਿਆ ਕਿ ਸਿੱਧੇ ਚਲੇ ਜਾਵੋ, ਫਿਰ ਇਕ ਮੋੜ ਮੁੜ ਜਾਣਾ। ਅੱਗੇ ਜਾ ਕੇ ਮੋੜ 'ਤੇ ਦੁਕਾਨ ਦਾ ਨਾਂ ਲਿਖਿਆ ਹੋਵੇਗਾ, ਉਥੋਂ ਮੁੜ ਜਾਣਾ। ਅੱਗੇ ਪ੍ਰੋਗਰਾਮ ਵਾਲਿਆਂ ਦਾ ਘਰ ਆ ਜਾਵੇਗਾ। ਉਹ ਗਲਤ ਰਾਹ ਪੈ ਗਏ। ਦੀਦਾਰ ਸੰਧੂ ਨੇ ਡਰਾਈਵਰ ਨੂੰ ਪੁੱਛਿਆ, ‘ਔਹ ਸਾਹਮਣੇ ਮੋੜ 'ਤੇ ਕੀ ਲਿਖਿਆ?' ਉਸ ਨੇ ਕਹਿ ਦਿੱਤਾ, ‘ਠੇਕਾ ਦੇਸੀ ਦਾਰੂ।' ਬਲਜੀਤ ਬੱਲੀ ਨੇ ਕਹਿ ਦਿਤਾ, ਚਲੋ ਫਿਰ ਮੁੜ ਚਲੋ। ਰਾਹ ਸਾਰਾ ਦਾਰੂ ਪੀਣ ਵਾਲਿਆਂ ਨਾਲ ਭਰਿਆ ਪਿਆ ਹੈ। ਫਿਰ ਇਹ ਗੀਤ ਦੀਦਾਰ ਸੰਧੂ ਨੇ ਬਲਜੀਤ ਬੱਲੀ ਨਾਲ ਰਿਕਾਰਡ ਕਰਵਾ ਦਿੱਤਾ:
ਔਹ ਸਾਹਮਣੇ ਮੋੜ 'ਤੇ ਕੀ ਲਿਖਿਆ
ਠੇਕਾ ਦੇਸੀ ਦਾਰੂ
ਚੱਲ ਮੁੜ ਚੱਲ
ਮੁੱਲਾਂਪੁਰ ਬਾਜ਼ਾਰ ਥਾਣੇ ਵਿੱਚ ਇਕ ਥਾਣੇਦਾਰ ਡਿਊਟੀ 'ਤੇ ਆ ਗਿਆ। ਉਸ ਦਾ ਨਾਂ ਵੀ ਦੀਦਾਰ ਸਿੰਘ ਸੀ। ਉਹ ਦੀਦਾਰ ਸੰਧੂ ਦਾ ਪੱਕਾ ਯਾਰ ਬਣ ਗਿਆ। ਦੀਦਾਰ ਸੰਧੂ ਨੂੰ ਉਸ ਨੇ ਕਿਹਾ, ‘ਯਾਰ ਮੇਰੇ 'ਤੇ ਵੀ ਕੋਈ ਗੀਤ ਲਿਖਦੇ।' ਉਸ ਨੇ ਯਾਰੀ ਨਿਭਾਉਣ ਖਾਤਰ ਉਸ 'ਤੇ ਗੀਤ ਲਿਖ ਦਿੱਤਾ। ਥਾਣੇਦਾਰ ਦੀਦਾਰ ਸਿੰਘ ਦੇ ਘਰ ਮੁੰਡੇ ਨੇ ਜਨਮ ਲੈ ਲਿਆ। ਉਸ ਨੇ 1983 ਵਿੱਚ ਮੁੰਡੇ ਦੀ ਲੋਹੜੀ ਮੌਕੇ ਦੀਦਾਰ ਸੰਧੂ ਦਾ ਅਖਾੜਾ ਥਾਣੇ ਵਿੱਚ ਲਵਾ ਦਿੱਤਾ। ਮੈਂ ਵੀ ਸੁਣਨ ਚੱਲਿਆ ਗਿਆ। ਦੀਦਾਰ ਸੰਧੂ ਨਾਲ ਅਮਰ ਨੂਰੀ ਸੀ। ਉਥੇ ਉਸ ਨੇ ਥਾਣੇਦਾਰ ਦੀਦਾਰ ਸਿੰਘ 'ਤੇ ਲਿਖਿਆ ਗੀਤ ਲਾ ਦਿੱਤਾ:
ਹੁਣ ਤਾਂ ਥਾਣੇਦਾਰ ਵੀ ਦਫਤਰ ਦੇ ਵਿੱਚ
ਧੂਫ ਧੁਖਾ ਕੇ ਬਹਿੰਦੇ ਨੇ
ਸਾਰੇ ਪਾਸੇ ਹਾਸਾ ਫੈਲ ਗਿਆ। ਥਾਣੇਦਾਰ ਨੇ ਸਟੇਜ 'ਤੇ ਜਾ ਕੇ ਦੀਦਾਰ ਸੰਧੂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਹੀ ਉਸ ਨੂੰ ਜੱਫੀ ਪਾ ਕੇ ਹੱਸ ਕੇ ਕਹਿੰਦਾ, ‘ਇਹੋ ਜਿਹੇ ਯਾਰ ਹੋਣੇ ਚਾਹੀਦੇ ਹਨ।'
ਮੁੱਲਾਂਪੁਰ ਨਾਲ ਦੀਦਾਰ ਸੰਧੂ ਦੀਆਂ ਹੋਰ ਵੀ ਯਾਦਾਂ ਜੁੜੀਆਂ ਹਨ। ਮੁੱਲਾਂਪੁਰ ਘੋਲੂ ਹੋਟਲ ਵਾਲਾ ਉਸ ਦਾ ਪੱਕਾ ਯਾਰ ਸੀ। ਉਸ ਨੇ ਆਥਣ ਸਵੇਰ ਉਸ ਕੋਲ ਹੋ ਕੇ ਜਾਣਾ। ਯਾਰੀ ਨਿਭਾਉਦਿਆਂ ਉਸ ਦਾ ਨਾਮ ਗੀਤ ਵਿੱਚ ਪਾ ਦਿੱਤਾ ਸੀ:
ਕਰਦਾ ਕਿਉਂ ਨੁਕਤਾਚੀਨੀ
ਸਤਿਗੁਰ ਦੇ ਟੋਟਲ ਉਤੇ
ਮੁੱਲਾਂਪੁਰ ਰੋਟੀ ਖਾ ਲਿਆ ਕਰ
ਘੋਲੂ ਦੇ ਹੋਟਲ ਉਤੇ
ਇਸ ਤਰ੍ਹਾਂ ਰਚੇ ਗੀਤਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਹਨ। ਉਸ ਨੇ ਬਹੁਤ ਕਾਲਪਨਿਕ ਉਡਾਰੀਆਂ ਵੀ ਮਾਰੀਆਂ। ਇਕ ਗੂੜ੍ਹੇ ਰਿਸ਼ਤੇ ਦੀ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ:
*ਚੰਨ ਹੋ ਬੱਦਲਾਂ ਦੇ ਉਹਲੇ
ਕੰਨੀਆਂ ਨੂੰ ਇੰਜ ਰੁਸ਼ਨਾਵੇ
ਕੋਈ ਗੋਟੇ ਵਾਲੀ ਚੁੰਨੀ
ਅੰਬਰ 'ਤੇ ਸੁੱਟ ਸੁਕਾਵੇ
ਇਹ ਚਾਨਣ ਵਰਗਾ ਰਿਸ਼ਤਾ
ਜੱਗ ਤੋਂ ਕਿਵੇਂ ਲੁਕੋਵੇਂਗਾ
*ਮੈਂ ਤੇਰੇ ਮਾਨ ਸਰੋਵਰ ਝੀਲ ਜਿਹੇ
ਨੈਣਾਂ ਦੇ ਨਜ਼ਰੀਂ ਚੜ੍ਹ ਜਾਵਾਂ
*ਜੋੜਾ ਚਿੱਟਿਆਂ ਕਬੂਤਰਾਂ ਦਾ ਉਡ ਕੇ
ਬੱਦਲਾਂ 'ਚ ਲੁਕ ਛਿਪ ਜਾਊਗਾ
*ਇਹ ਤਾਂ ਦੀਦਾਰ ਤੈਥੋਂ ਪੁੱਛਦਾ ਸੀ ਗੱਲ ਨੀਂ
ਚੱਲ ਤੈਨੂੰ ਮੱਸਿਆ ਨਹਾ ਕੇ ਦੇਊ ਘੱਲ ਨੀਂ
ਰੱਬ ਨੂੰ ਕੀ ਅਸੀਂ ਦੇਵਾਂਗੇ ਜਵਾਬ
ਜਦੋਂ ਪੁੱਛੂਗਾ ਸ਼ਰੀਕੇ ਵਿੱਚ ਬਹਿ ਕੇ
ਨੀਂ ਇਕ ਗੱਲ ਤੂੰ ਦੱਸ ਦੇ
ਕਿਹੜੀ ਖੱਟੀ ਆ ਭੈਣ ਜੀ ਕਹਿ ਕੇ
ਸਮਾਜਿਕ ਰਿਸ਼ਤਿਆਂ ਵਿੱਚ ਵਿਚਰਨ ਬਾਰੇ ਵੀ ਉਸ ਨੇ ਗੀਤ ਲਿਖੇ ਤੇ ਗਾਏ ਹਨ:
ਲੈ ਦੇਊਂ ਤੈਨੂੰ ਚਾਬੀ ਘਰ ਦੀ
ਜਿੱਦਣ ਗਈ ਪੈਲੀ ਵੰਡੀ
ਐਵੇਂ ਵੇਖੇ ਨੇ ਤਮਾਸ਼ਾ ਸਾਰਾ ਪਿੰਡ ਬੱਲੀਏ
ਮੈਨੂੰ ਬੁੜ੍ਹੀ ਹੋਈ ਲੱਗਦੀ ਤੜਿੰਗ ਬੱਲੀਏ
ਦੀਦਾਰ ਸੰਧੂ ਵਿੱਚ ਇਹ ਕਲਾ ਸੀ ਕਿ ਉਹ ਗੀਤਾਂ ਵਿੱਚ ਮੁਹਾਵਰੇ ਫਿੱਟ ਕਰ ਦਿੰਦਾ ਸੀ। ਗੀਤ ਲਿਖਦਾ ਲਿਖਦਾ ਹੀ ਬਾਤਾਂ ਪਾ ਜਾਂਦਾ ਸੀ।
‘ਕਿੱਥੇ ਰਾਜਾ ਭੋਜ, ਕਿੱਥੋ ਗੰਗੂ ਤੇਲੀ ਜਾਤ ਦਾ
ਪੈ ਗਿਆ ਫਰਕ ਬਿੱਲੋ, ਦਿਨ ਅਤੇ ਰਾਤ ਦਾ
*ਇਕ ਕੁੜੀ ਦੀ ਚੀਜ਼ ਗੁਆਚੀ? ਕਿਹਾ ਮੈਂ ਗਲੀ ਮੁਹੱਲੇ
ਅੱਜ ਲੈ ਲੋ, ਭਲਕੇ ਲੈ ਲੋ, ਪਰਸੋਂ ਖੂਹ ਦੇ ਥੱਲੇ
ਉਸ ਨੇ ਮੁਟਿਆਰਾਂ ਦਾ ਦੁੱਖ ਲਿਖ ਕੇ ਇਕੱਲੇ ਨੇ ਪੇਸ਼ ਕੀਤਾ, ਜੋ ਉਹ ਹਰ ਸਟੇਜ 'ਤੇ ਜ਼ਰੂਰ ਗਾਉਂਦਾ ਸੀ:
ਤੜਕੇ ਉਠ ਚੱਕੀ ਝੋ ਲੈਂਦੀ
ਦੁੱਧ ਰਿੜਕ ਕੇ ਧਾਰਾਂ ਚੋ ਲੈਂਦੀ
ਮੱਥੇ ਵੱਟ ਪਾਏ ਬਿਨਾਂ ਮੈਂ
ਸਿਰ 'ਤੇ ਕੂੜਾ ਢੋਅ ਲੈਂਦੀ
ਥੱਕ ਟੁੱਟ ਹੋਈ ਚੂਰ
ਵੇ ਨਾ ਮਾਰ ਜ਼ਾਲਮਾਂ ਵੇ
ਪੇਕੇ ਤੱਤੜੀ ਦੇ ਦੂਰ
*ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈ
ਮੇਰੀ ਮਾਹੀ-ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ
ਉਸਦੀ ਯਾਰੀ ਫੋਟੋ ਵਿੱਚ ਗੱਡੇ ਕਿੱਲ ਵਰਗੀ ਸੀ। ਉਂਜ ਤਾਂ ਭਾਵੇਂ ਉਸ ਦੇ ਹੋਰ ਵੀ ਬਹੁਤ ਯਾਰ ਸਨ, ਪਰ ਉਹ ਕੁੰਦਨ ਨਾਲ ਯਾਰੀ ਉਮਰ ਭਰ ਲਈ ਨਿਭਾ ਗਿਆ। ਕੰੁਦਨ ਸਾਡੇ ਪਿੰਡ ਮੁੱਲਾਂਪੁਰ ਦਾ ਸੀ। ਉਹ ਕੱਬਡੀ ਦਾ ਖਿਡਾਰੀ ਸੀ। ਭਰੋਵਾਲ ਨੂੰ ਜਾਣ ਵੇਲੇ ਰਸਤੇ ਵਿੱਚ ਪਿੰਡ ਮੁੱਲਾਂਪੁਰ ਸੜਕ 'ਤੇ ਕੁੰਦਨ ਦਾ ਘਰ ਸੀ। ਰੋਜ਼ ਦੀਦਾਰ ਸੰਧੂ ਨੇ ਆਉਂਦੇ ਜਾਂਦੇ ਉਸ ਨੂੰ ਮਿਲ ਕੇ ਜਾਣਾ। ਕੁੰਦਨ ਦੇ ਪਿਤਾ ਦਾ ਨਾਮ ਕਪੂਰਾ ਸੀ। ਦੋਵਾਂ ਦਾ ਨਾਮ ਗੀਤਾਂ ਵਿੱਚ ਪਾ ਦਿੱਤਾ:
ਕੰਧ ਉਤੋਂ ਦੀ ਤਾੜਦਾ ਤੈਨੂੰ
ਕੁੰਦਨ ਕਪੂਰੇ ਦਾ ਹੱਸ ਕੇ
ਦੀਦਾਰ ਸੰਧੂ ਦੇ ਲਿਖੇ ਗੀਤ ਮੁਹੰਮਦ ਸਦੀਕ, ਰਣਜੀਤ ਕੌਰ, ਰਮੇਸ਼ ਰੰਗੀਲਾ, ਸਦੇਸ਼ ਕਪੂਰ, ਬੀਰ ਚੰਦ ਗੋਪੀ, ਨਰਿੰਦਰ ਬੀਬਾ, ਪ੍ਰੋਮਿਲਾ ਪੰਮੀ, ਕਰਨੈਲ ਗਿੱਲ, ਸਵਰਨ ਲਤਾ, ਪ੍ਰੀਤੀ ਬਾਲਾ ਆਦਿ ਨੇ ਗਾਏ। ਉਸ ਨੇ ਕਈ ਗਾਇਕਾਵਾਂ ਨਾਲ ਗਾਇਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਗੀਤ ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ ਅਤੇ ਅਮਰ ਨੂਰੀ ਨਾਲ ਰਿਕਾਰਡ ਕਰਵਾਏ। ਪਰਮਿੰਦਰ ਸੰਧੂ, ਬਲਜੀਤ ਬੱਲੀ, ਸੁਖਵੰਤ ਕੌਰ ਤੇ ਸੁਸ਼ਮਾ ਆਦਿ ਨਾਲ ਵੀ ਗਾਇਆ। ਇਨ੍ਹਾਂ ਨਾਲ ਬਾਕੀਆਂ ਨਾਲੋਂ ਘੱਟ ਗੀਤ ਰਿਕਾਰਡ ਕਰਵਾਏ। ਉਹ ਦੁਨੀਆ ਤੋਂ ਰੁਖਸਤ ਹੁੰਦਾ ਹੋਇਆ ਗੀਤਾਂ ਦੀ ਇਕ ਕੈਸਿਟ ਅਧੂਰੀ ਛੱਡ ਗਿਆ। ਉਸ ਦੇ ਚਾਰ ਗੀਤ ਰਿਕਾਰਡ ਕਰਵਾ ਦਿੱਤੇ ਸਨ ਤੇ ਚਾਰ ਬਾਕੀ ਸਨ। ਬਾਅਦ ਵਿੱਚ ਕੰਪਨੀ ਨੇ ਉਹ ਕੈਸਿਟ ਪੂਰੀ ਕਰਨ ਦੀ ਡਿਊਟੀ ਮੁਹੰਮਦ ਸਦੀਕ ਦੀ ਲਾਈ, ਪਰ ਸਦੀਕ ਲਈ ਇਹ ਬਹੁਤ ਔਖਾ ਸੀ, ਕਿਉਂਕਿ ਗਾਇਕੀ ਦੀ ਪਿੜ ਵਿੱਚ ਉਸ ਦੇ ਹੱਥੀਂ ਲਾਇਆ ਬੂਟਾ ਸੁੱਕ ਗਿਆ ਸੀ।
ਦੀਦਾਰ ਸੰਧੂ ਦਾ ਜਨਮ ਤਿੰਨ ਜੁਲਾਈ 1942 ਨੂੰ ਅਣਵੰਡੇ ਪੰਜਾਬ ਦੇ ਸਰਗੋਧਾ ਜ਼ਿਲੇ ਦੇ ਚੱਕ ਨੰਬਰ 133 ਵਿਖੇ ਹੋਇਆ। ਦੋਵਾਂ ਦੇਸ਼ਾਂ ਦੀ ਵੰਡ ਹੋਣ ਸਮੇਂ ਇਹ ਪਰਵਾਰ ਚੜ੍ਹਦੇ ਪੰਜਾਬ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਬੋਤਲ ਵਾਲਾ ਆ ਵਸਿਆ, ਪਰ ਇਸ ਤੋਂ ਬਾਅਦ 1956 ਵਿੱਚ ਇਸੇ ਜ਼ਿਲੇ ਦੇ ਪਿੰਡ ਭਰੋਵਾਲ ਖੁਰਦ ਵਿਖੇ ਪੱਕੇ ਤੌਰ ਉੱਤੇ ਵੱਸ ਗਿਆ। ਦੀਦਾਰ ਨੇ ਸੱਤਵੀਂ ਤੱਕ ਦੀ ਪੜ੍ਹਾਈ ਜਗਰਾਉਂ ਸਕੂਲ ਤੋਂ ਅਤੇ ਬਾਕੀ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਬਰਸਾਲ ਤੋਂ ਕੀਤੀ। ਉਸ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ (ਜਗਰਾਉਂ ਨੇੜੇ) ਬੀਬੀ ਅਮਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਬੇਟਾ ਜਗਮੋਹਨ ਸਿੰਘ ਤੇ ਬੇਟੀ ਦੀਪਾ। ਜਗਮੋਹਨ ਸਿੰਘ ਗਾਇਕੀ ਦੇ ਪਿੜ ਵਿੱਚ ਵਧੀਆ ਮੱਲਾਂ ਮਾਰ ਰਿਹਾ ਹੈ। ਉਹ ਤਿੰਨ ਵਾਰ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਬਣਿਆ। ਉਸ ਨੇ ਸਰਪੰਚ ਹੁੰਦਿਆਂ ਪਿੰਡ ਦਾ ਬਹੁਤ ਵਿਕਾਸ ਕਰਵਾਇਆ। ਜਦੋਂ ਉਸ ਦਾ ਦੇਹਾਂਤ ਹੋਇਆ ਤਾਂ ਉਸ ਸਮੇਂ ਵੀ ਉਹ ਪਿੰਡ ਦਾ ਸਰਪੰਚ ਸੀ। 16 ਫਰਵਰੀ 1991 ਨੂੰ ਉਹ 48 ਸਾਲ ਦੀ ਉਮਰ ਵਿੱਚ ਆਪਣੇ ਸਰੋਤਿਆਂ ਨਾਲੋਂ ਸਾਂਝ ਤੋੜ ਗਿਆ।
ਉਸ ਨੂੰ ਯਾਦ ਕਰਦਿਆਂ ਹਰ ਸਾਲ ਦੀਦਾਰ ਸੰਧੂ ਯਾਦਗਾਰੀ ਸੱਭਿਆਚਾਰਕ ਮੇਲਾ 21 ਨਵੰਬਰ ਨੂੰ ਕਰਵਾਇਆ ਜਾਂਦਾ ਹੈ। ਇਸ ਮੇਲੇ ਵਿੱਚ ਦੀਦਾਰ ਸੰਧੂ ਨੂੰ ਚਾਹੁਣ ਵਾਲੇ ਅਤੇ ਨਾਮਵਰ ਕਲਾਕਾਰ ਪਹੁੰਚਦੇ ਹਨ। ਭਰੋਵਾਲ ਖੁਰਦ ਵਿੱਚ ਦੀਦਾਰ ਸੰਧੂ ਯਾਦਗਾਰੀ ਲਾਇਬ੍ਰੇਰੀ ਵੀ ਬਣਾਈ ਹੋਈ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ