Welcome to Canadian Punjabi Post
Follow us on

18

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸ਼ੀਸ਼ੇ ਵਿੱਚੋਂ ਝਾਕਦੀ ਆਤਮ ਗਿਲਾਨੀ

February 06, 2019 09:00 AM

-ਕੇ ਐੱਲ ਗਰਗ
ਮਹਾਂ ਲੇਖਕ ਸ਼ਟੱਲੀ ਨਾਥ ਅੱਜਕੱਲ੍ਹ ਘੋਰ ਆਤਮ-ਪੀੜਾ ਥਾਣੀਂ ਗੁਜ਼ਰ ਰਹੇ ਹਨ। ਕੋਈ ਵੀ ਮਾਣ ਮਿਲੇ, ਕਿਸੇ ਵੀ ਸਨਮਾਨ ਨੂੰ ਹੱਥ ਪਵੇ, ਉਨ੍ਹਾਂ ਦਾ ਆਤਮ ਮੰਥਨ ਸ਼ੁਰੂ ਹੋ ਜਾਂਦਾ ਹੈ। ਸਨਮਾਨ ਮਿਲਣ ਵੇਲੇ, ਮਿਲੀ ਰਾਸ਼ੀ ਮਿਲਣ ਵੇਲੇ ਕੁਝ ਨਹੀਂ ਹੁੰਦਾ। ਉਸ ਵੇਲੇ ਵੱਜ ਰਹੀਆਂ ਤਾੜੀਆਂ ਆਤਮ ਵਿਭੋਰ ਕਰ ਦੇਂਦੀਆਂ ਹਨ। ਲੋਕਾਂ ਦੀ ਪ੍ਰਸ਼ੰਸਾ ਸੁਣ-ਸੁਣ ਕੰਨਾਂ ਦੇ ਵਿੱਚ ਮਧੁਰ ਘੰਟੀਆਂ ਗੁੂੰਜਣ ਲੱਗਦੀਆਂ ਹਨ। ਲੱਗਦਾ ਹੈ ਜਿਵੇਂ ਆਰਤੀ ਦਾ ਸੰਗੀਤ ਲਹਿਰਾ ਰਿਹਾ ਹੋਵੇ। ਉਸ ਵੇਲੇ ਸਿਰ ਵੀ ਥੋੜ੍ਹਾ-ਥੋੜ੍ਹਾ ਉਚਾ ਹੋ ਕੇ ਤਣਨ ਲੱਗਦਾ ਹੈ। ਲੋਕ ਲੱਖ ਕਹਿੰਦੇ ਫਿਰਨ ਕਿ ਉਨ੍ਹਾਂ ਇਹ ਸਨਮਾਨ ਤਿਕੜਮਬਾਜ਼ੀ ਨਾਲ ਹਾਸਲ ਕੀਤਾ ਹੈ, ਆਲੋਚਕ ਭਾਵੇਂ ਕਰੋੜ ਵਾਰੀ ਆਖਣ ਕਿ ਇਹੋ ਜਿਹੇ ਸਨਮਾਨ ਜੋੜ-ਤੋੜ ਰਾਹੀਂ ਹੀ ਪ੍ਰਾਪਤ ਹੁੰਦੇ ਹਨ ਤੇ ਬਾਬੂ ਸ਼ਟੱਲੀ ਨਾਥ ਇਸ ਗੱਲ ਵਿੱਚ ਇਨਾਮ ਐਕਸਪਰਟ ਹਨ। ਇੱਕ ਵਾਰ ਜਿਸ ਇਨਾਮ ਜਾਂ ਸਨਮਾਨ 'ਤੇ ਅੱਖ ਟਿਕ ਜਾਵੇ ਜਾਂ ਦਿਲ ਆ ਜਾਵੇ, ਲੈ ਕੇ ਰਹਿੰਦੇ ਹਨ। ਆਲੋਚਕ/ ਨਿੰਦਕ ਤਾਂ ਇਉਂ ਵੀ ਆਖਦੇ ਹਨ ਕਿ ਲੇਖਕ ਭੋਰਾ ਕੁ ਜ਼ਮੀਰ ਨੂੰ ਮਾਰ ਲਵੇ, ਹਰੇਕ ਮਾਣ-ਸਨਮਾਨ ਕੌਡੀਆਂ ਦੇ ਭਾਅ ਮਿਲ ਜਾਂਦਾ ਹੈ।
ਬਾਬੂ ਸ਼ਟੱਲੀ ਨਾਥ ਸਨਮਾਨ ਲੈ ਲੈਂਦੇ ਹਨ, ਪਰ ਫੇਰ ਉਨ੍ਹਾਂ ਨੂੰ ਉਦੋਂ ਹੀ ਆਤਮ-ਪੀੜ ਸ਼ੁਰੂ ਹੋ ਜਾਂਦੀ ਹੈ। ਸਨਮਾਨ ਪ੍ਰਾਪਤ ਕਰਨ ਪਿੱਛੋਂ ਘਰ ਆਉਂਦਿਆਂ ਪਤਨੀ ਸਾਹਿਬਾ ਪੁੱਛਦੇ ਹਨ: ‘ਲੈ ਆਏ? ਬੱਸ ਏਨਾ ਸੀ? ਇਸੇ ਲਈ ਦਿਨ ਰਾਤ ਤਰਲੋ-ਮੱਛੀ ਹੋਏ ਫਿਰਦੇ ਸੀ? ਇਸ ਟਊਏ ਜਿਹੇ ਪਿੱਛੇ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਹਰਾਮ ਕੀਤਾ ਹੋਇਆ ਸੀ? ਅਗਲੇ ਢੇਰਾਂ ਟਹੂਆਂ ਤੋਂ ਗਰਦ ਨੀਂ ਪੂੰਝੀ ਜਾਂਦੀ, ਇਸ ਦੇ ਆਉਣ ਨਾਲ ਕਿਹੜਾ ਮੱਛੀ ਦੀ ਅੱਖ 'ਚ ਤੀਰ ਮਾਰ ਲਿਆ।’
ਇਨ੍ਹਾਂ ਸਵਾਲਾਂ ਦਾ ਬਾਬੂ ਸ਼ਟੱਲੀ ਨਾਥ ਕੋਲ ਇੱਕੋ ਜਵਾਬ ਹੁੰਦਾ ਸੀ, ‘‘ਰਹਿਣ ਦੇ, ਰਹਿਣ ਦੇ, ਐਵੇਂ ਆਪਣੀਆਂ ਹੀ ਛੱਡੀ ਜਾਂਦੀ ਐ। ਉਥੇ ਹੋਈ ਪ੍ਰਸ਼ੰਸਾ ਸੁਣਦੀ, ਤਾੜੀਆਂ ਦੀ ਗੜਗੜਾਹਟ, ਮਾਈਕ ਦਾ ਸ਼ੋਰ, ਸਰੋਤਿਆਂ 'ਚੋਂ ਆਈਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਸੁਣਦੀ ਤਾਂ ਪਤਾ ਚੱਲਦਾ ਕਿ ਸਨਮਾਨ ਮਿਲਣਾ ਕੀ ਹੁੰਦਾ ਐ।” ਕਹਿਣ ਨੂੰ ਸ਼ਟੱਲੀ ਨਾਥ ਜੀ ਕਹਿ ਗਏ ਸਨ, ਪਰ ਅੰਦਰਲੀਆਂ ਆਵਾਜ਼ਾਂ ਦਾ ਕੀ ਕਰਦੇ? ਅੰਦਰੋਂ ਧਾਅ-ਧਾਅ ਕੇ ਆਵਾਜ਼ਾਂ ਆ ਰਹੀਆਂ ਸਨ: ‘ਬੱਸ ਨਾਥ ਜੀ, ਇਸੇ ਸਨਮਾਨ ਲਈ ਜ਼ਮੀਰ ਵੇਚੀ ਸੀ? ਨਾ ਮਿਲਦਾ ਤਾਂ ਕਿਹੜੀ ਹਨੇਰੀ ਆਉਣੀ ਸੀ? ਜ਼ਮੀਰ ਵੇਚੀ ਹੋਵੇ ਜਾਂ ਮਰੀ ਹੋਵੇ, ਇੱਕੋ ਗੱਲ ਹੁੰਦੀ ਹੈ। ਜਿਸ ਦੀ ਜ਼ਮੀਰ ਈ ਮਰ ਜਾਵੇ, ਉਹ ਤਾਂ ਬੰਦਾ ਬੰਦਾ ਹੀ ਨਹੀਂ ਰਹਿੰਦਾ, ਕੁਝ ਹੋਰ ਈ ਬਣ ਜਾਂਦੈ। ਲੋਕ ਸਭ ਸਮਝਦੇ ਹਨ, ਮੂੰਹ 'ਤੇ ਤਾਰੀਫਾਂ ਕਰਦੇ ਨੇ ਤੇ ਪਿੱਠੇ ਪਿੱਛੇ ਸੱਚ ਬੋਲਦੇ ਨੇ।’
...ਤੇ ਫੇਰ ਇੱਕ ਇੱਕ ਜੋੜ-ਤੋੜ ਉਨ੍ਹਾਂ ਦੀਆਂ ਅੱਖਾਂ ਅੱਗੋਂ ਰੀਲ ਵਾਂਗ ਲੰਘਣ ਲੱਗਦਾ ਹੈ। ਇੱਕ ਇੱਕ ਤਰਕੀਬ ਉਨ੍ਹਾਂ ਨੂੰ ਚੁੱਭਣ ਲੱਗਦੀ ਹੈ। ਰਾਤ ਨੂੰ ਭੈੜੇ ਸੁਫਨੇ ਆਉਣ ਲੱਗਦੇ ਹਨ। ਜਿਵੇਂ ਮੂੰਹ 'ਤੇ ਪਿਆ ਥੁੱਕ ਪੂੰਝਣ ਲੱਗਦੇ ਹੋਣ। ਭੈੜਾ ਹਾਸਾ ਉਨ੍ਹਾਂ ਦੀ ਛਾਤੀ 'ਚ ਵੱਜਣ ਲੱਗਦਾ ਹੈ। ਠੰਢੀ ਰਾਤ 'ਚ ਵੀ ਬਦਨ ਮੁੜ੍ਹਕੇ ਨਾਲ ਤਰ-ਬਤਰ ਹੋਣ ਲੱਗਦਾ ਹੈ। ਸ਼ੀਸ਼ਾ ਦੇਖਣ ਲੱਗਿਆਂ ਉਨ੍ਹਾਂ ਦੀ ਰੂਹ ਤੜਫਣ ਲੱਗਦੀ ਹੈ। ਸ਼ੀਸ਼ੇ 'ਚ ਖਲੋਤਾ ਬੰੇਦਾ ਉਨ੍ਹਾਂ ਨੂੰ ਓਪਰਾ ਓਪਰਾ ਲੱਗਣ ਲੱਗਦਾ ਹੈ। ਸ਼ੀਸ਼ੇ ਵਾਲਾ ਸ਼ਟੱਲੀ ਅੱਖਾਂ ਤਰੇਰ ਕੇ ਪੁੱਛਦਾ ਹੈ: ‘ਹੈਲੋ ਸ਼ਟੱਲੀ ਨਾਥ! ਤੂੰ ਸੱਚਮੁੱਚ ਸ਼ਟੱਲੀ ਨਾਥ ਨਿਕਲਿਆ। ਯਾਰ, ਕਿਸ ਸਫਾਈ ਨਾਲ ਸਨਮਾਨ ਹਥਿਆਇਆ ਹੈ, ਕਿਆ ਹੱਥ ਦੀ ਸਫਾਈ ਦਿਖਾਈ, ਕਿਆ ਕਰਾਮਾਤ ਕਰ ਦਿਖਾਈ ਹੈ।’
ਬਾਬੂ ਸ਼ਟੱਲੀ ਨਾਥ ਆਪਣੇ ਹੀ ਅਕਸ ਨੂੰ ਘੂਰਦੇ ਹੋਏ ਆਖਦੇ ਹਨ : ‘ਮੈਂ, ਮੈਂ ਕੀ ਕੀਤਾ? ਇਹ ਸਨਮਾਨ ਮੈਂ ਨਾ ਲੈਂਦਾ ਤਾਂ ਕਿਸੇ ਹੋਰ ਨੇ ਹਥਿਆ ਲੈਣਾ ਸੀ। ਇਸ ਨਾਲੋਂ ਚੰਗਾ ਇਹੋ ਸੀ ਕਿ ਮੈਂ ਹਥਿਆ ਲੈਂਦਾ। ਲੇਖਕ ਲੋਕ ਹਾਬੜੇ ਫਿਰਦੇ ਨੇ ਇਨ੍ਹਾਂ ਲਈ। ਸਨਮਾਨਾਂ ਦੀ ਮੰਡੀ 'ਚ ਜਾ ਕੇ ਦੇਖੋ। ਲੇਖਕ ਤਾਂ ਪਤਾ ਨਹੀਂ ਕਿਹੜੇ ਕਿਹੜੇ ਢਕਵੰਜ ਕਰਦੇ ਐ ਸਨਮਾਨ ਲੈਣ ਲਈ। ਮੈਂ ਤਾਂ ਕੀਤਾ ਈ ਕੁਸ਼ ਨੀ। ਐਵੇਂ ਦੋ ਚਾਰ ਵਾਰੀ ਹੱਥ ਪੈਰ ਈ ਮਾਰੇ ਸੀ। ਬੱਸ ਮੇਰਾ ਵੀ ਦਾਅ ਲੱਗ ਗਿਆ। ਸਨਮਾਨ 'ਚ ਵੀ ਕਈ ਵਾਰੀ ਦਾਅ ਲੱਗ ਜਾਂਦਾ ਹੁੰਦਾ। ਚਲੋ ਮੇਰਾ ਵੀ ਲੱਗ ਗਿਆ।’ ਸ਼ੀਸ਼ੇ 'ਚ ਖਲੋਤਾ ਸ਼ਟੱਲੀ ਨਾਥ ਹੱਸਦਾ ਹੋਇਆ ਉਸ ਨੂੰ ਬੜਾ ਭੈੜਾ ਲੱਗਦਾ ਹੈ। ਸ਼ੀਸ਼ਾ ਹੱਸ ਰਿਹਾ ਤੇ ਉਹ ਘੂਰ ਰਿਹਾ ਹੁੰਦਾ ਹੈ। ਉਸ ਨੂੰ ਸਮਝ ਨਹੀਂ ਲੱਗਦੀ ਕਿ ਸ਼ੀਸ਼ੇ ਵਾਲਾ ਤੇ ਉਹ ਦੋਵੇਂ ਵੱਖ-ਵੱਖ ਕਿਵੇਂ ਹੋ ਸਕਦੇ ਨੇ। ਕਦੇ ਕਦੇ ਉਸ ਨੂੰ ਲੱਗਦਾ ਹੈ ਕਿ ਸ਼ੀਸ਼ੇ ਵਾਲਾ ਭਾਈ ਨਕਲੀ ਹੈ ਤੇ ਉਹ ਅਸਲੀ, ਪਰ ਝੱਟ ਉਸ ਨੂੰ ਸ਼ੀਸ਼ੇ ਵਾਲਾ ਸ਼ਟੱਲੀ ਨਾਥ ਦੇਖ ਕੇ ਆਤਮ-ਗਿਲਾਨੀ ਹੋਣ ਲੱਗਦੀ ਹੈ। ਉਸ ਦਾ ਦਿਲ ਘਿਰਨ ਲੱਗਦਾ ਹੈ। ਖੁਦ ਨਾਲ ਨਫਰਤ ਹੋਣ ਲੱਗਦੀ ਹੈ। ਸਨਮਾਨ ਲੈਣ ਲਈ ਮੈਂ ਇਹ ਸਾਰਾ ਕੁਝ ਕੀਤਾ ਹੀ ਕਿਉਂ? ਵਾਰ ਵਾਰ ਉਸ ਅੰਦਰੋਂ ਲਾਹਨਤਾਂ ਪੈਣ ਲੱਗਦੀਆਂ ਹਨ। ਜੇ ਇਸ ਜੋੜ ਤੋੜ ਦੀ ਭੋਰਾ ਭਿਣਕ ਲੋਕਾਂ ਨੂੰ, ਉਸ ਦੇ ਪਾਠਕਾਂ ਨੂੰ ਪੈ ਗਈ ਤਾਂ ਉਹ ਸਮਝੋ ਮਿੱਟੀ ਹੋ ਜਾਏਗਾ। ਚਾਲੀ ਸਾਲ ਦੀ ਬਣੀ ਬਣਾਈ ਖੂਹ-ਖਾਤੇ ਪੈ ਜਾਏਗੀ। ਉਸ ਦੀ ਲਿਖਤ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੇਹ 'ਚ ਮਿਲ ਜਾਵੇਗੀ। ਸ਼ੀਸ਼ੇ 'ਚੋਂ ਆਤਮ-ਗਿਲਾਨੀ ਝਾਕਣ ਲੱਗੀ ਹੈ। ਉਸ ਨੂੰ ਝੰਜੋੜਨ ਲੱਗੀ ਹੈ। ਉਸ ਨੂੰ ਆਤਮ-ਪ੍ਰਪੰਚੀ ਆਖਣ ਲੱਗੀ ਹੈ, ਪਰ ਤਦੇ ਉਸ ਨੂੰ ਇੱਕ ਆਵਾਜ਼ ਸੁਣਾਈ ਦੇਣ ਲੱਗਦੀ ਹੈ। ਕਿੱਥੋਂ ਆ ਰਹੀ ਸੀ ਇਹ ਆਵਾਜ਼? ਉਸ ਆਲੇ ਦੁਆਲੇ ਝਾਤੀ ਮਾਰੀ। ਕੋਈ ਨਹੀਂ ਸੀ। ਉਸ ਨੂੰ ਲੱਗਾ, ਜਿਵੇਂ ਸ਼ੀਸ਼ੇ ਵਿਚਲਾ ਸ਼ਟੱਲੀ ਕੁਝ ਕਹਿ ਰਿਹਾ ਹੋਵੇ। ਉਸ ਅੱਖਾਂ ਚੌੜੀਆਂ ਕਰ ਕੇ ਸ਼ੀਸ਼ੇ ਵੱਲ ਦੇਖਿਆ। ਸ਼ੀਸ਼ਾ ਵੀ ਚੁੱਪ ਸੀ। ਫੇਰ ਉਸ ਨੂੰ ਲੱਗਾ ਜਿਵੇਂ ਇਹ ਆਵਾਜ਼ ਉਸ ਦੇ ਆਪਣੇ ਅੰਦਰੋਂ ਹੀ ਆ ਰਹੀ ਹੋਵੇ।
‘‘ਤੈਨੂੰ ਇਹੋ ਜਿਹੇ ਸਨਮਾਨ ਲੈਣ ਪਿੱਛੋਂ ਗਿਲਾਨੀ ਮਹਿਸੂਸ ਹੁੰਦੀ ਹੈ?”
‘‘ਹਾਂ, ਹਾਂ, ਹੁੰਦੀ ਹੈ।”
‘‘ਖੁਦ ਤੋਂ ਨਫਰਤ ਹੋਣ ਲੱਗਦੀ ਹੈ?”
‘‘ਹਾਂ, ਹੋਣ ਲੱਗਦੀ ਹੈ ਨਫਰਤ।”
‘‘ਆਪਣੇ ਕੀਤੇ ਕਰਮਾਂ 'ਤੇ ਪਛਤਾਵਾ ਹੋਣ ਲੱਗਦਾ ਹੈ?”
‘‘ਹਾਂ, ਪਛਤਾਵਾ ਹੁੰਦਾ ਹੈ ਬਹੁਤ।”
‘‘ਸਨਮਾਨ ਤੁੱਛ ਲੱਗਣ ਲੱਗਦਾ ਹੈ?”
‘‘ਹਾਂ, ਤੁੱਛ ਕੀ, ਬਹੁਤ ਤੁੱਛ ਲੱਗਦਾ ਹੈ।”
‘‘ਆਪਣੇ ਕਾਰਿਆਂ 'ਤੇ ਕਚਿਆਣ ਆਉਂਦੀ ਹੈ?”
‘‘ਹਾਂ, ਹਾਂ, ਆਉਂਦੀ ਹੈ।”
ਇਨ੍ਹਾਂ ਸਵਾਲਾਂ ਜਵਾਬਾਂ ਤੋਂ ਬਾਅਦ ਉਸ ਅੰਦਰੋਂ ਖਿੜਖਿੜਾ ਕੇ ਹੱਸਣ ਦੀ ਉਚੀ ਆਵਾਜ਼ ਸੁਣਾਈ ਦਿੰਦੀ ਹੈ, ਜਿਵੇਂ ਬਸੰਤ ਆ ਗਈ ਹੋਵੇ, ਆਲੇ ਦੁਆਲੇ ਫੁੱਲ ਖਿੜ ਗਏ ਹੋਣ: ‘‘ਫੇਰ ਹਾਲੇ ਤੇਰਾ ਕੁਝ ਨੀ ਵਿਗੜਿਆ। ਤੇਰੀ ਆਤਮਾ ਅਜੇ ਪੂਰੀ ਤਰ੍ਹਾਂ ਮੁਰਦਾ ਨਹੀਂ ਹੋਈ। ਹਾਲੇ ਵੀ ਆਸ ਬਚੀ ਹੋਈ ਹੈ। ਚੰਗਾ ਲਿਖ, ਮਿਹਨਤ ਕਰ, ਇਹੋ ਜਿਹੇ ਮਾਣ-ਸਨਮਾਨ ਤੇਰੇ ਪੈਰਾਂ 'ਚ ਲੋਟਣੀਆਂ ਖਾਂਦੇ ਫਿਰਨਗੇ। ਜੈ ਕਲਮ, ਜੈ ਸਾਹਿਤ...।”
ਇਸ ਤੋਂ ਬਾਅਦ ਸ਼ਟੱਲੀ ਨਾਥ ਨੂੰ ਸ਼ੀਸ਼ੇ ਵਾਲਾ ਸ਼ਟੱਲੀ ਨਾਥ ਆਪਣਾ ਆਪਣਾ, ਪਿਆਰਾ ਪਿਆਰਾ ਲੱਗਣ ਲੱਗਾ। ਉਸ ਹੱਥ 'ਚ ਫੜੇ ਇਨਾਮ ਨੂੰ ਵਗਾਹ ਕੇ ਕੰਧ ਨਾਲ ਮਾਰਿਆ। ਸਨਮਾਨ ਮੁਰਦਾ ਪਿਆ ਤੇ ਸ਼ਟੱਲੀ ਨਾਥ ਜਿਉਂ ਪਿਆ ਸੀ। ਬਾਜ਼ਮੀਰ ਬੰਦੇ ਹਮੇਸ਼ਾ ਜਿੰਦਾ ਰਹਿੰਦੇ ਹਨ। ਜ਼ਮੀਰ ਜਾਗਦੀ ਰੱਖਣੀ ਹੀ ਇਨਸਾਨ ਦਾ ਅਸਲ ਮਾਣ ਸਨਮਾਨ ਹੁੰਦਾ ਹੈ।

Have something to say? Post your comment