Welcome to Canadian Punjabi Post
Follow us on

25

April 2019
ਸੰਪਾਦਕੀ

ਸਹੀ ਕਦਮ ਹੈ ਮੂਲਵਾਸੀ ਭਾਸ਼ਾਵਾਂ ਦੀ ਰਖਵਾਲੀ ਲਈ ਬਿੱਲ

February 06, 2019 08:25 AM

ਪੰਜਾਬੀ ਪੋਸਟ ਸੰਪਾਦਕੀ

ਜਨਵਰੀ 2008 ਦੀ ਅਲਾਸਕਾ ਤੋਂ ਉਸ ਖ਼ਬਰ ਤੋਂ ਦਰਦਨਾਕ ਹੋਰ ਕੀ ਹੋ ਸਕਦਾ ਹੈ ਕਿ ਐਂਕਰਗੇਟ ਨਾਮਕ ਕਸਬੇ ਵਿੱਚ ਮੌਤ ਇੱਕ 89 ਸਾਲਾ ਬੀਬੀ ਮਰੀ ਸਮਿਥ ਜੋਨਜ਼ ਦੀ ਹੋਈ ਅਤੇ ਅੰਤਮ ਸੰਸਕਾਰ ਦੋ ਕੀਤੇ ਗਏ, ਇੱਕ ਮਰੀ ਸਮਿਥ ਜੋਨਜ਼ ਦਾ ਅਤੇ ਦੂਜਾ ਏਆਕ (Eyak) ਭਾਸ਼ਾ ਦਾ ਜਿਸਨੂੰ ਬੋਲਣ ਵਾਲੀ ਉਹ ਇੱਕੋ ਇੱਕ ਇਨਸਾਨ ਸੀ।

ਕੱਲ ਪਾਰਲੀਮੈਂਟ ਵਿੱਚ ਹੈਰੀਟੇਜ ਮੰਤਰੀ ਪਾਬਲੋ ਰੋਡਰੀਗਜ਼ ਵੱਲੋਂ ਬਿੱਲ ਸੀ 91 ਪੇਸ਼ ਕੀਤਾ ਗਿਆ ਜਿਸਦਾ ਮੰਤਵ ਕੈਨੇਡਾ ਵਿੱਚ ਮੂਲਵਾਸੀ ਭਾਸ਼ਾਵਾਂ ਦੀ ਰਖਵਾਲੀ ਕਰਨਾ ਹੈ। ਇਸ ਬਿੱਲ ਤਹਿਤ ਮੂਲਵਾਸੀ ਭਾਸ਼ਾਵਾਂ ਲਈ ਇੱਕ ਕਮਿਸ਼ਨਰ ਦੇ ਦਫ਼ਤਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਕੈਨੇਡਾ ਦੀਆਂ ਜੱਦੀ ਭਾਸ਼ਾਵਾਂ ਨੂੰ ਨਰੋਆ ਰੱਖਣ ਲਈ ਵਧੇਰੇ ਫੰਡ ਦਿੱਤੇ ਜਾਣਗੇ। ਬਿੱਲ ਇਸ ਗੱਲ ਦੀ ਆਸ ਬੰਨਾਉਂਦਾ ਹੈ ਕਿ ਕਰੀ, ਓਜੀਬਵੇਅ, ਓਜੀ-ਕਰੀ, ਇਨੁਕਟੀਟੁਟ ਅਤੇ ਮੋਅਹਾਕ (Cree, Ojibway, Oji-Cree, Inuktitut & Mohawk) ਵਰਗੀਆਂ ਜੋ ਭਾਸ਼ਾਵਾਂ ਹਾਲੇ ਵੀ ਬੋਲੀਆਂ ਜਾਂਦੀਆਂ ਹਨ, ਉਹਨਾਂ ਨੂੰ ਕਾਇਮ ਦਾਇਮ ਰੱਖਣ ਲਈ ਯਤਨ ਜਾਰੀ ਰਹਿਣਗੇ। ਜੇ ਇਹ ਬਿੱਲ ਸਿਆਸੀ ਵਾਅਦਿਆਂ ਦੀ ਬਲੀ ਨਾ ਚੜੇ ਤਾਂ ਕਿਹਾ ਜਾ ਸਕਦਾ ਹੈ ਕਿ ਸਹੀ ਦਿਸ਼ਾ ਵਿੱਚ ਸਹੀ ਕਦਮ ਹੈ।

ਕੈਨੇਡਾ ਵਿੱਚ 90 ਦੇ ਕਰੀਬ ਮੂਲਵਾਸੀ ਭਾਸ਼ਾਵਾਂ ਹਨ ਜਿਹਨਾਂ ਵਿੱਚੋਂ ਸਿਰਫ਼ 3 (ਕਰੀ, ਇਨੁਕਟੀਟੁਟ ਅਤੇ ਓਜੀਬਵੇਅ) ਹਨ ਜਿਹਨਾਂ ਦੇ ਬਚ ਜਾਣ ਦੀ ਉਮੀਦ ਹੈ। 75% ਦੇ ਕਰੀਬ ਮੂਲਵਾਸੀ ਭਾਸ਼ਾਵਾਂ ਜਾਂ ਤਾਂ ਖਤਮ ਹੋ ਚੁੱਕੀਆਂ ਹਨ ਜਾਂ ਫੇਰ ਖਤਮ ਹੋਣ ਦੇ ਕਿਨਾਰੇ ਹਨ। ਸਥਿਤੀ ਐਨੀ ਨਾਜ਼ੁਕ ਹੈ ਕਿ ਕਈ ਭਾਸ਼ਾਵਾਂ ਨੂੰ ਬੋਲਣ ਵਾਲੇ 5-7 ਲੋਕ ਹੀ ਰਹਿ ਗਏ ਹਨ। ਇਸਦਾ ਇੱਕ ਕਾਰਣ ਸਦੀਆਂ ਤੋਂ ਲਾਗੂ ਨਿਜ਼ਾਮ ਹੈ ਜਿਸ ਵਿੱਚ ਮੂਲਵਾਸੀਆਂ ਦੇ ਰਿਵਾਜਾਂ, ਸੰਸਕਾਰਾਂ ਅਤੇ ਭਾਸ਼ਾ ਨੂੰ ਹੀਣਾ ਸਮਝ ਕੇ ਦਰਕਾਰਿਆ ਗਿਆ।

ਮੂਲਵਾਸੀ ਭਾਸ਼ਾਵਾਂ ਨੂੰ ਥੋੜਾ ਬਹੁਤਾ ਮਾਣ ਸਨਮਾਨ ਦੇਣ ਲਈ ਕਨੂੰਨ ਬਣਾਉਣਾ ਬੇਸ਼ੱਕ ਇੱਕ ਚੰਗਾ ਕਦਮ ਹੈ ਪਰ ਜਦੋਂ ਤੱਕ ਇਹਨਾਂ ਭਾਸ਼ਾਵਾਂ ਦੀ ਪੜਾਈ ਦਾ ਸਹੀ ਇੰਤਜ਼ਾਮ ਨਹੀਂ ਹੋਵੇਗਾ ਤਾਂ ਕੁੱਝ ਬਹੁਤ ਚੰਗਾ ਹੋ ਜਾਣ ਦੀ ਉਮੀਦ ਰੱਖਣਾ ਗਲਤ ਹੋਵੇਗਾ। ਮਿਸਾਲ ਵਜੋਂ ਕੈਨੇਡਾ ਵਿੱਚ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਇੱਕ ਵਿੱਦਿਆਰਥੀ ਉੱਤੇ ਇੱਕ ਸਾਲ ਵਿੱਚ ਔਸਤਨ 4000 ਹਜ਼ਾਰ ਡਾਲਰ ਖਰਚ ਆਉਂਦੇ ਹਨ। ਇਸਦੇ ਉਲਟ ਮੂਲਵਾਸੀ ਭਾਸ਼ਾਵਾਂ ਦੇ ਵਿਕਾਸ ਲਈ ਜੋ ਫੰਡ ਦਿੱਤੇ ਜਾਂਦੇ ਹਨ ਉਹ ਪ੍ਰਤੀ ਮੂਲਵਾਸੀ ਬੱਚਾ 4 ਡਾਲਰ ਬਣਦੇ ਹਨ। ਅਜਿਹੇ ਹਾਲਾਤਾਂ ਵਿੱਚ ਕਰਾਂਤੀਕਾਰੀ ਤਬਦੀਲੀ ਆਉਣੀ ਸੰਭਵ ਹੀ ਨਹੀਂ ਸਗੋਂ ਨਾਮੁਮਕਿਨ ਹੈ। ਖਾਸ ਕਰਕੇ ਜਦੋਂ ਇਸ ਬਿੱਲ ਵਿੱਚ ਮੂਲਵਾਸੀ ਭਾਸ਼ਾਵਾਂ ਨੂੰ ਅੰਗਰੇਜ਼ੀ ਜਾਂ ਫਰੈਂਚ ਦੇ ਬਰਾਬਰ ਦਰਜ਼ਾ ਦੇਣ ਦੀ ਗੱਲ ਨਹੀਂ ਕੀਤੀ ਗਈ ਹੈ।

ਯੂਨੈਸਕੋ ਵੱਲੋਂ ਤਿਆਰ ਕੀਤੇ ਗਏ ਇੱਕ ਦਸਤਾਵੇਜ਼ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਉਹਨਾਂ ਲੋਕਾਂ ਵਿੱਚ ਆਪਣੀ ਮਾਂ ਬੋਲੀ (ਮੂਲਵਾਸੀ ਭਾਸ਼ਾ) ਬੋਲੇ ਜਾਣ ਦੇ 49% ਆਸਾਰ ਹੁੰਦੇ ਹਨ ਜਿਹੜੇ ਰੀਜ਼ਰਵਾਂ ਵਿੱਚ ਰਹਿੰਦੇ ਹਨ ਜਦੋਂ ਕਿ ਰੀਜ਼ਰਵ ਤੋਂ ਬਾਹਰ ਰਹਿਣ ਵਾਲਿਆਂ ਵਿੱਚ ਇਹ ਸੰਭਾਵਨਾ ਘੱਟ ਕੇ 14% ਰਹਿ ਜਾਂਦੀ ਹੈ। ਅੱਜ ਦੀ ਸਥਿਤੀ ਇਹ ਹੈ ਕਿ ਲਗਭੱਗ 50% ਮੂਲਵਾਸੀ ਰੀਜ਼ਰਵਾਂ ਤੋਂ ਬਾਹਰ ਕਸਬਿਆਂ ਸ਼ਹਿਰਾਂ ਵਿੱਚ ਵੱਸਦੇ ਹਨ । ਇਸਦਾ ਅਰਥ ਹੈ ਕਿ ਭਾਸ਼ਾਵਾਂ ਦੀ ਸੁਰੱਖਿਆ ਕਰਨ ਵਿੱਚ ਚੁਣੌਤੀਆਂ ਹੋਰ ਵੀ ਵੱਡੀਆਂ ਹਨ। ਚੰਗੀ ਗੱਲ ਇਹ ਹੈ ਕਿ ਪਿਛਲੇ ਸਾਲਾਂ ਤੋਂ ਮੂਲਵਾਸੀ ਭਾਸ਼ਾਵਾਂ ਵਿੱਚ ਲੋਕਾਂ ਦੀ ਰੁਚੀ ਵਧੀ ਹੈ ਜਿਸ ਕਾਰਣ ਛੋਟੀ ਉਮਰ ਦੇ ਮੂਲਵਾਸੀ ਬੱਚਿਆਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਪਰੇਮ ਵਧਿਆ ਹੈ।

ਭਾਸ਼ਾਵਾਂ ਦੇ ਮਰ ਜਾਣ ਦੀ ਇੱਕ ਦਰਦਨਾਕ ਕਹਾਣੀ ਹੈ ਅਤੇ ਪੰਜਾਬੀ ਭਾਸ਼ਾ ਦਾ ਲਗਾਤਾਰ ਮਰਦੇ ਜਾਣ ਦਾ ਆਪਣਾ ਦੁੱਖ ਹੈ। ਇਸ ਲਈ ਹੋਰਾਂ ਨਾਲੋਂ ਵੱਧ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਮੂਲਵਾਸੀਆਂ ਦੇ ਦਰਦ ਨੂੰ ਦਿਲ ਤੋਂ ਸਮਝਣ। ਸਾਨੂੰ ਆਪਣੇ ਬੱਚਿਆਂ ਨਾਲ ਮੂਲਵਾਸੀ ਭਾਸ਼ਾਵਾਂ ਦੇ ਕੁੱਝ ਸ਼ਬਦ ਸਾਂਝੇ ਕਰਨੇ ਚਾਹੀਦੇ ਹਨ ਅਤੇ ਖੁਦ ਵੀ ਇਹਨਾਂ ਭਾਸ਼ਾਵਾਂ ਬਾਰੇ ਥੋੜਾ ਬਹੁਤਾ ਗਿਆਨ ਹਾਸਲ ਕਰਨਾ ਚਾਹੀਦਾ ਹੈ। ਮਿਸਾਲ ਵਜੋਂ ਹੁਰੋਂਟੇਰੀਓ, ਉਂਟੇਰੀਓ, ਸੈਨੇਕਾ, ਮਿਸੀਸਾਗਾ ਆਦਿ ਸ਼ਬਦ ਸਾਡੀ ਬੋਲੀ ਆਮ ਦਾ ਹਿੱਸਾ ਹਨ ਜੋ ਮੂਲਵਾਸੀ ਸੱਭਿਆਚਾਰ, ਜੀਵਨ ਅਤੇ ਭਾਸ਼ਾ ਦਾ ਅਨਿੱਖੜਵਾਂ ਅੰਗ ਹਨ। ਕੀ ਚੰਗਾ ਨਹੀਂ ਹੋਵੇਗਾ ਕਿ ਅਸੀਂ ਅਜਿਹੇ ਸ਼ਬਦਾਂ ਦੇ ਅਰਥਾਂ ਅਤੇ ਉਹਨਾਂ ਦੇ ਪਿਛੋਕੜ ਨੂੰ ਜਾਨਣ ਦੀ ਕੋਸਿ਼ਸ਼ ਕਰੀਏ? ਸਰਕਾਰ ਆਪਣੀ ਥਾਂ ਬਿੱਲ ਲਿਆਵੇ, ਕਨੂੰਨ ਬਣਾਵੇ ਪਰ ਸਾਨੂੰ ਨਿੱਜੀ ਯਤਨ ਕਰਨ ਤੋਂ ਕੌਣ ਰੋਕਦਾ ਹੈ?

Have something to say? Post your comment