Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਮੰਗੇ ਹੋਏ ਪੈਨ ਦੀ ਹੋਣੀ

February 04, 2019 10:19 PM

-ਕੁਲਦੀਪ ਸਿੰਘ ਧਨੌਲਾ
ਕੋਈ ਸਮਾਂ ਸੀ, ਜਦੋਂ ਪੜ੍ਹੇ ਲਿਖੇ ਦੀ ਨਿਸ਼ਾਨੀ ਪੈਨ ਹੁੰਦਾ ਸੀ ਤੇ ਹਰ ਪੜ੍ਹਿਆ ਲਿਖਿਆ ਸ਼ਖਸ ਆਪਣੀ ਜੇਬ ਵਿੱਚ ਪੈਨ ਰੱਖਦਾ ਸੀ। ਜਦੋਂ ਮੋਬਾਈਲ ਫੋਨ ਦਾ ਯੁੱਗ ਆਇਆ ਹੈ, ਇਸ ਨੇ ਪੈਨ ਦੀ ਕਦਰ ਘਟਾ ਦਿੱਤੀ ਹੈ। ਉਂਝ ਬਹੁਤ ਵਾਰ ਇਸ ਬਿਨਾਂ ਸਰਦਾ ਫਿਰ ਵੀ ਨਹੀਂ। ਦਫਤਰ, ਬੈਂਕ, ਹਸਪਤਾਲ, ਡਾਕਖਾਨੇ, ਪਟਵਾਰਖਾਨੇ, ਬੱਸ ਸਫਰ ਦੌਰਾਨ ਜਾਂ ਕੋਈ ਹੋਰ ਥਾਂ, ਜਿਥੇ ਚਾਰ ਬੰਦੇ ਸਿਰ ਜੋੜ ਜੁੜਦੇ ਖੜੇ ਮਿਲਦੇ ਹਨ, ਉਥੇ ਪੈਨ ਮੰਗਣ ਵਾਲੇ ਸ਼ਖਸ ਜ਼ਰੂਰ ਮਿਲ ਜਾਣਗੇ। ਇਨ੍ਹਾਂ ਥਾਵਾਂ 'ਤੇ ਅਨਪੜ੍ਹ ਬੰਦਾ ਤੁਹਾਨੂੰ ਕਹੇਗਾ; ‘ਬਾਈ ਜੀ, ਮੇਰਾ ਫਾਰਮ ਭਰ ਦਿਓ।’ ਉਹਦੀ ਤਾਂ ਮਜਬੂਰੀ ਹੋਈ, ਪਰ ਉਦੋਂ ਹੈਰਾਨੀ ਹੁੰਦੀ ਹੈ, ਜਦੋਂ ਬਣਦਾ ਫੱਬਦਾ ਪੜ੍ਹਿਆ ਲਿਖਿਆ ਬੰਦਾ ਤੁਹਾਨੂੰ ਆਖੇਗਾ, ‘ਬਾਈ ਜੀ ਪੈਨ ਦਿਓ।’ ਪਿੰਡਾਂ ਦੀਆਂ ਬੈਂਕਾਂ ਵਿੱਚ ਸਪੈਸ਼ਲ ਲੋਕਾਂ ਦੇ ਫਾਰਮ ਵਗੈਰਾ ਭਰਨ ਲਈ ਸਪੈਸ਼ਲ ਮੁਲਾਜ਼ਮ ਰੱਖੇ ਹੋਏ ਹਨ।
ਪੈਨ ਦੀ ਅਹਿਮੀਅਤ ਬਾਰੇ ਇਕ ਦੋਸਤ ਪੱਤਰਕਾਰ ਨੇ ਕਥਾ ਸੁਣਾਈ। ਬੱਸ ਸਫਰ ਦੌਰਾਨ ਜਦੋਂ ਉਹਨੇ ਕੰਡਕਟਰ ਵੱਲੋਂ ਟਿਕਟ ਮੰਗਣ 'ਤੇ ਆਪਣੀ ਸਰਕਾਰੀ ਸਫਰ ਵਾਲੀ ਕਾਪੀ ਅੱਗੇ ਕੀਤੀ ਤਾਂ ਕੰਡਕਟਰ ਕਹਿੰਦਾ: ਬਾਈ ਜੀ, ਆਪ ਹੀ ਭਰ ਦਿਓ। ਜਦੋਂ ਉਹਨੇ ਕਾਪੀ ਭਰਨ ਲਈ ਆਪਣੀ ਜੇਬ ਉਤੇ ਹੱਥ ਮਾਰਿਆ ਤਾਂ ਪੈਨ ਗਾਇਬ ਸੀ। ਕੰਡਕਟਰ ਤੋਂ ਪੈਨ ਮੰਗਣ ਉਤੇ ਕੰਡਕਟਰ ਸਿਰਫ ਤਿੰਨ ਸ਼ਬਦ ਬੋਲੇ, ‘ਤੁਸੀਂ ਪੱਤਰਕਾਰ ਹੋ?' ਮਤਲਬ ਪੈਨ ਤੋਂ ਬਿਨਾ ਕਾਹਦਾ ਪੱਤਰਕਾਰ! ਉਸ ਦਿਨ ਤੋਂ ਬਾਅਦ ਇਹ ਦੋਸਤ ਜੇਬ ਨਾਲ ਪੈਨ ਟੰਗਣਾ ਨਹੀਂ ਭੁੱਲਿਆ।
ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਸਵੇਰੇ-ਸਵੇਰੇ ਪੜ੍ਹਿਆ ਲਿਖਿਆ ਬੰਦਾ ਆਪਣੀ ਘਰ ਵਾਲੀ ਨਾਲ ਅਜੇ ਪਹੁੰਚਿਆ ਹੀ ਸੀ ਕਿ ਉਹਨੇ ਫਾਰਮ ਭਰਨ ਲਈ ਆਉਂਦੇ ਸਾਰ ਪਹਿਲਾਂ ਇਧਰ ਉਧਰ ਦੇਖਿਆ, ਫਿਰ ਕੋਲ ਆ ਕੇ ਕਹਿਣ ਲੱਗਿਆ, ‘ਬਾਈ ਜੀ, ਪੈਨ ਹੈ ਤਾਂ ਪਲੀਜ਼ ਦਿਓ।' ਉਹ ਅਜੇ ਫਾਰਮ ਭਰਨ ਹੀ ਲੱਗਿਆ ਸੀ ਕਿ ਉਹਦੇ ਦੁਆਲੇ ਕਈ ਹੋਰ ਬਗੈਰ ਪੈਨ ਵਾਲੇ ਆਣ ਖੜੇ ਹੋਏ। ਜ਼ਮਾਨੇ-ਜ਼ਮਾਨੇ ਦੀ ਗੱਲ ਹੈ, ਅੱਜ ਦੇ ਨੌਜਵਾਨਾਂ ਕੋਲ ਮਹਿੰਗੇ ਤੋਂ ਮਹਿੰਗੇ ਮੋਬਾਈਲ ਫੋਨ ਹੋਣਗੇ, ਪਰ 5-10 ਰੁਪਏ ਦੇ ਪੈਨ ਤੋਂ ਸੱਖਣੇ ਹੁੰਦੇ ਹਨ।
ਇਸ ਬਾਰੇ ਇਕ ਕਹਾਣੀ ਬੜਾ ਚਿਰ ਪਹਿਲਾਂ ਨਾਨਾ ਜੀ ਸਾਧੂ ਸਿੰਘ ਬੇਦਿਲ ਤੋਂ ਸੁਣੀ ਸੀ। ਗਲੀ ਵਾਲੇ ਪਾਸੇ ਵਾਲੀ ਮੋਰੀ ਵਿੱਚੋਂ ਪੈਨ ਚੋਰੀ ਹੋ ਗਿਆ। ਉਨ੍ਹਾਂ ਇਹ ਗੱਲ ਕਲਾਸ ਇੰਚਾਰਜ ਨੂੰ ਦੱਸੀ। ਉਹ ਕਹਿੰਦਾ, ਪੈਨ ਕਢਾਉਣਾ ਉਹਦੇ ਖੱਬੇ ਹੱਥ ਦੀ ਖੇਡ ਹੈ। ਉਹਨੇ ਕਲਾਸ ਵਿੱਚ ਜਾਂਦਿਆਂ ਹੀ ਕਹਿ ਦਿੱਤਾ, ‘ਸਭ ਤੋਂ ਵਧੀਆ ਪੈਨ ਕਿਸ ਕੋਲ ਹੈ, ਦਿਓ ਜ਼ਰਾ ਹਾਜ਼ਰੀ ਲਾਈਏ।' ਇੰਨਾ ਸੁਣਦਿਆਂ ਹੀ ਇਕ ਮੁੰਡੇ ਨੇ ਚੁੱਕਿਆ ਪੈਨ ਅਧਿਆਪਕ ਦੇ ਹੱਥ ਫੜਾ ਦਿੱਤਾ।
ਪਹਿਲਾਂ ਵਧੀਆ ਲਿਖਾਈ ਲਈ ਅਧਿਆਪਕ ਵਿਦਿਆਰਥੀਆਂ ਨੂੰ ਖੁਦ ਕਲਮ ਘੜ ਕੇ ਦਿੰਦੇ ਸਨ ਤੇ ਦਵਾਤ ਵਿੱਚ ਸਿਆਹੀ ਹੁੰਦੀ ਸੀ। ਨਿਆਣਿਆਂ ਦੇ ਹੱਥਾਂ ਅਤੇ ਮੂੰਹ ਉਤੇ ਸਿਆਹੀ ਲੱਗੀ ਰਹਿੰਦੀ ਸੀ। ਅਧਿਆਪਕ ਜਦੋਂ ਫੱਟੀਆਂ ਉਤੇ ਸੁੰਦਰ ਲਿਖਾਈ ਲਈ ਗੁੱਡ ਦਿੰਦੇ ਤਾਂ ਵਿਦਿਆਰਥੀ ਫੁੱਲੇ ਨਹੀਂ ਸਮਾਉਂਦੇ ਸਨ। ਉਦੋਂ ਵੱਡੀਆਂ ਕਲਾਸਾਂ ਵਿੱਚ ਜਾ ਕੇ ਪੈਨ ਮਿਲਣਾ ਵੱਡੀ ਗੱਲ ਹੁੰਦੀ ਸੀ, ਇਸੇ ਲਈ ਪੈਨ ਨੂੰ ਸਾਂਭ-ਸਾਂਭ ਰੱਖਦੇ ਸੀ। ਉਦੋਂ ਇਕ ਬੋਤਲ ਪੈਨ ਹੁੰਦਾ ਸੀ, ਜਿਸ ਨੂੰ ਪਿੱਛੋਂ ਖੋਲ੍ਹ ਕੇ ਸਿਆਹੀ ਭਰੀ ਜਾਂਦੀ ਸੀ। ਬੋਕੀ ਵਾਲੇ ਪੈਨ ਦੀਆਂ ਵੀ ਧੁੰਮਾਂ ਸਨ। ਇਸ ਤਰ੍ਹਾਂ ਦੀਆਂ ਕਈ ਹੋਰ ਵੰਨਗੀਆਂ ਵੀ ਸਨ। ਸ਼ੁਰੂ-ਸ਼ੁਰੂ ਵਿੱਚ ਕਈ ਵਾਰ ਅਨਜਾਣਪੁਣੇ ਵਿੱਚ ਮਾਮੂਲੀ ਜਿਹੀ ਵਧ ਦਾਬ ਆਉਣ ਕਾਰਨ ਨਿੱਬ ਟੁੱਟ ਜਾਂਦਾ ਸੀ। ਛੁੱਟੀ ਵਾਲਾ ਦਿਨ ਕਈ ਵਾਰ ਪੈਨਾਂ ਦੇ ਲੇਖੇ ਲੱਗ ਜਾਂਦਾ, ਗਰਮ ਪਾਣੀ ਨਾਲ ਪੈਨ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਸੀ।
ਅੱਜ ਕੱਲ੍ਹ ਰੀਫਿਲ ਵਾਲੇ ਬਾਲ ਪੈਨ ਚੱਲ ਪਏ ਹਨ ਅਤੇ ਕਹਾਣੀ ਹੋਰ ਹੀ ਹੋ ਗਈ ਹੈ। ਜਦੋਂ ਬਾਲ ਪੈਨ ਨਵੇਂ-ਨਵੇਂ ਚੱਲੇ ਸਨ, ਤਾਂ ਕਈ ‘ਮਾਡਰਨ' ਵਿਦਿਆਰਥੀਆਂ ਨੂੰ ਕਲਮ ਦੀ ਥਾਂ ਬਾਲ ਪੈਨ ਵਰਤਣ 'ਤੇ ਪੰਜਾਬੀ ਵਾਲੇ ਅਧਿਆਪਕਾਂ ਦੀਆਂ ਝਿੜਕਾਂ ਜਾਂ ਕੁੱਟ ਖਾਣੀ ਪੈ ਜਾਂਦੀ ਸੀ। ਪੰਜਾਬੀ ਵਾਲਿਆਂ ਦਾ ਕਹਿਣਾ ਸੀ ਕਿ ਬਾਲ ਪੈਨ ਨਾਲ ਲਿਖਾਈ ਵਿਗੜਦੀ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਕਾਨੀਆਂ, ਕਲਮਾਂ ਅਤੇ ਦਵਾਤਾਂ ਬਾਰੇ ਪਤਾ ਹੀ ਨਹੀਂ, ਕਿਉਂ ਜੋ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪੈਨ ਨਾਲ ਲਿਖਾਉਣਾ ਸ਼ੁਰੂ ਕਰਾਇਆ ਜਾਂਦਾ ਹੈ। ਅੱਜ ਦੇ ਬੱਚੇ ਓਨੇ ਪੈਨ ਇਕ ਸਾਲ ਵਿੱਚ ਖਤਮ ਕਰ ਦਿੰਦੇ ਹਨ ਜਿੰਨੇ ਪਹਿਲਾਂ ਪੜ੍ਹਾਈ ਪੂਰੀ ਹੋਣ ਤੱਕ ਨਹੀਂ ਸਨ ਲੱਗਦੇ ਹੁੰਦੇ। ਆਪਣੇ ਦਫਤਰ ਦੇ ਪ੍ਰੈਸ ਸੁਪਰਵਾਈਜ਼ਰ ਵੱਲੋਂ ਸਟੋਰ ਇੰਚਾਰਜ ਦੇ ਨਾਂ ਚਿੱਠੀ ਲਿਖ ਕੇ ਪਹਿਲੀ ਵਾਰੀ ਜਾਰੀ ਕਰਵਾਇਆ ਪੈਨ ਅੱਜ ਵੀ ਯਾਦ ਹੈ। ਪਹਿਲੇ ਵੇਲਿਆਂ ਵਿੱਚ ਪੈਨਾਂ ਦੇ ਸ਼ੁਕੀਨਾਂ ਨੂੰ ਮਹਿੰਗੇ ਪੈਨ ਰੱਖਣ ਦਾ ਸ਼ੋਕ ਵੀ ਹੁੰਦਾ ਸੀ ਅਤੇ ਜਨੂਨ ਵੀ।
ਪੈਨ ਨਾਲ ਇਕ ਹੋਰ ਬੜੀ ਦਿਲਚਸਪ ਗੱਲ ਜੁੜੀ ਹੋਈ ਹੈ। ਵੱਖ-ਵੱਖ ਥਾਵਾਂ ਉਤੇ ਮੰਗਣ 'ਤੇ ਦਿੱਤਾ ਪੈਨ ਅਕਸਰ ਘੱਟ ਵੱਧ ਹੀ ਮੁੜਦਾ ਹੈ। ਪੈਨ ਲੈਣ ਵਾਲਾ ਆਪਣਾ ਕੰਮ ਨਿਬੇੜ ਕੇ ਪੈਨ ਸਿੱਧਾ ਆਪਣੀ ਜੇਬ ਵਿੱਚ ਟੰਗਦਾ ਹੈ ਤੇ ਤੁਰਦਾ ਬਣਦਾ ਹੈ। ਮੰਗੇ ਪੈਨ ਦੀ ਵਾਪਸੀ ਨਾ ਹੋਣ ਕਾਰਨ ਜਾਂ ਭੁੱਲਣ ਕਾਰਨ ਭਾਵੇਂ ਮਹਿੰਗੇ ਪੈਨ ਖਰੀਦਣੇ ਬੰਦ ਕਰ ਦਿੱਤੇ ਹਨ, ਪਰ ਪੈਨ ਕੋਲ ਜ਼ਰੂਰ ਰੱਖਦਾ ਹਾਂ।

Have something to say? Post your comment