Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਪਾਕਿ ਵਿਦੇਸ਼ ਮੰਤਰੀ ਨੇ ਇਸ ਵਾਰ ਗਿਲਾਨੀ ਨਾਲ ਗੱਲਬਾਤ ਕੀਤੀ

February 04, 2019 09:24 PM

* ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਤੋਂ ਵੀ ਇਨਕਾਰ ਕੀਤਾ

ਇਸਲਾਮਾਬਾਦ, 4 ਫਰਵਰੀ (ਪੋਸਟ ਬਿਊਰੋ)- ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਪਾਕਿਸਤਾਨ ਜੰਮੂ ਕਸ਼ਮੀਰ 'ਚ ਦਖਲ ਦੇਣ ਤੋਂ ਨਹੀਂ ਹਟ ਰਿਹਾ। ਇਕ ਵਾਰ ਫਿਰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਵੱਖਵਾਦੀ ਨੇਤਾ ਨਾਲ ਗੱਲਬਾਤ ਸਾਹਮਣੇ ਆਈ ਹੈ। ਪਾਕਿ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਦੇ ਮੁਤਾਬਕ ਪਾਕਿ ਵਿਦੇਸ਼ ਮੰਤਰੀ ਨੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਕਸ਼ਮੀਰ ਮੁੱਦੇ ਬਾਰੇ ਗੱਲਬਾਤ ਕਰਨ ਤੋਂ ਇਲਾਵਾ ਲੰਡਨ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਵੀ ਵਿਚਾਰ ਚਰਚਾ ਕੀਤੀ।
ਵਰਨਣ ਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਕ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਇਸ ਤੋਂ ਬਾਅਦ ਭਾਰਤ ਵਿੱਚ ਪਾਕਿ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ, ਪਰ ਪਾਕਿਸਤਾਨ ਵੱਲੋਂ ਲਗਾਤਾਰ ਇਸ ਤਰ੍ਹਾਂ ਦਾ ਰੁਖ ਜਾਰੀ ਰੱਖਿਆ ਜਾ ਰਿਹਾ ਹੈ।
ਗਿਲਾਨੀ ਨਾਲ ਇਹ ਤਾਜ਼ਾ ਗੱਲਬਾਤ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਲੰਡਨ ਵਿੱਚ ਹੋਣ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ ਲਈ ਰਵਾਨਾ ਹੋਣ ਤੋਂ ਠੀਕ ਪਹਿਲਾਂ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਇਰਾਦਾ ਨਹੀਂ ਅਤੇ ਭਾਰਤ ਨੂੰ ਕਸ਼ਮੀਰੀ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਕ ਨਾਲ ਟੈਲੀਫੋਨ 'ਤੇ ਉਨ੍ਹਾਂ ਵੱਲੋਂ ਕੀਤੀ ਗੱਲਬਾਤ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ।
ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਤਲਬ ਕੀਤਾ ਅਤੇ ਉਸ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਕੁਰੈਸ਼ੀ ਵੱਲੋਂ ਫੋਨ 'ਤੇ ਕੀਤੀ ਗੱਲਬਾਤ ਭਾਰਤ ਦੀ ਏਕਤਾ ਨੂੰ ਤੋੜਨ ਦਾ ‘ਸ਼ਰਮਨਾਕ ਯਤਨ' ਹੈ ਅਤੇ ਉਸ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਮਹਿਮੂਦ ਨੂੰ ਚਿਤਾਵਨੀ ਦਿੱਤੀ ਸੀ ਕਿ ਇਸ ਤਰ੍ਹਾਂ ਦੇ ਵਿਹਾਰ ਦੇ ਗਲਤ ਨਤੀਜੇ ਨਿਕਲਣਗੇ।
‘ਡਾਨ' ਅਖਬਾਰ ਦੇ ਮੁਤਾਬਕ ਮੁਲਤਾਨ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ, ਪਰ ਭਾਰਤ ਨੂੰ ਆਪਣੀਆਂ ਮੁਸ਼ਕਲਾਂ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰਨਾ ਚਾਹੀਦਾ ਹੈ। ਕੁਰੈਸ਼ੀ ਨੇ ਮੰਨਿਆ ਕਿ ਉਸ ਨੇ ਹੁਰੀਅਤ ਨੇਤਾ ਮੀਰਵਾਇਜ਼ ਨਾਲ ਗੱਲ ਕੀਤੀ ਸੀ ਅਤੇ ਕਿਹਾ ਕਿ ਭਾਰਤ ਨੂੰ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ