ਸਾਰਾ ਅਲੀ ਖਾਨ ਦੇ ਬਿੰਦਾਸ ਗੱਲ ਕਰਨ ਦੇ ਢੰਗ ਨੇ ਕਈਆਂ ਨੂੰ ਇੰਪ੍ਰੈੱਸ ਕੀਤਾ ਹੈ। ਉਹ ਜਿੰਨੇ ਵੀ ਇੰਟਰਵਿਊ ਦਿੰਦੀ ਹੈ, ਸਾਰਿਆਂ 'ਚ ਦਿਲ ਖੋਲ੍ਹ ਕੇ ਬੋਲਦੀ ਹੈ। ਫਿਰ ਭਾਵੇਂ ਉਹ ਕਾਰਤਿਕ ਆਰੀਅਨ ਬਾਰੇ ਆਪਣੇ ਦਿਲ ਦੀ ਗੱਲ ਹੋਵੇ ਜਾਂ ਆਪਣੀ ਮਤਰੇਈ ਮਾਂ ਕਰੀਨਾ ਬਾਰੇ ਕੁਝ ਕਹਿਣਾ ਚਾਹੁੰਦੀ ਹੋਵੇ। ਜਦੋਂ ਪੁੱਛਿਆ ਗਿਆ ਕਿ ਉਸ ਦੀ ਦਾਦੀ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਉਹ ਹੈਰਾਨ ਹੈ ਕਿ ਇੰਨੀ ਘੱਟ ਉਮਰ ਵਿੱਚ ਸਾਰਾ ਆਤਮ ਵਿਸ਼ਵਾਸ ਕਿੱਥੋਂ ਲਿਆਉਂਦੀ ਹੈ ਤਾਂ ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਈਮਾਨਦਾਰ ਹੋਣ ਨਾਲ ਆਉਂਦਾ ਹੈ ਤੇ ਇਹੀ ਇੱਕੋ-ਇੱਕ ਤਰੀਕਾ ਹੈ, ਜਿਸ ਨਾਲ ਮੈਂ ਅਜਿਹੀ ਬਣ ਸਕੀ ਹਾਂ। ਜੋ ਲੋਕ ਚੰਗੀ ਤਰ੍ਹਾਂ ਝੂਠ ਬੋਲ ਲੈਂਦੇ ਹਨ, ਉਨ੍ਹਾਂ ਨੂੰ ਇਹ ਕਰਨ ਦਿਓ। ਮੈਂ ਏਦਾਂ ਨਹੀਂ ਕਰ ਸਕਦੀ। ਝੂਠ ਬੋਲਦਿਆਂ ਹੀ ਮੇਰੀ ਜ਼ੁਬਾਨ ਲੜਖੜਾਉਣ ਲੱਗਦੀ ਹੈ। ਸੱਚਾ ਹੋਣਾ ਮੈਨੂੰ ਸੂਟ ਕਰਦਾ ਹੈ।’
ਪਹਿਲੀ ਫਿਲਮ ‘ਕੇਦਾਰਨਾਥ’ ਤੋਂ ਸਾਰਾ ਨੇ ਦਰਸ਼ਕਾਂ 'ਤੇ ਆਪਣੀ ਛਾਪ ਛੱਡੀ ਸੀ। ਇਸ ਤੋਂ ਛੇਤੀ ਬਾਅਦ ਰਿਲੀਜ਼ ਉਸ ਦੀ ਫਿਲਮ ‘ਸਿੰਬਾ’ ਵੀ ਸੁਪਰਹਿੱਟ ਰਹੀ। ਘੱਟ ਸਮੇਂ 'ਚ ਉਸ ਦਾ ਇੱਕ ਵੱਖਰਾ ਪ੍ਰਸ਼ੰਸਕ ਵਰਗ ਤਿਆਰ ਹੋ ਚੁੱਕਾ ਹੈ, ਪਰ ਉਸ ਦਾ ਕਹਿਣਾ ਹੈ ਕਿ ਨਾ ਉਸ ਕੋਲ ਸਟਾਰ ਵਰਗਾ ਮਹਿਸੂਸ ਕਰਨ ਲਈ ਸਮਾਂ ਹੈ ਅਤੇ ਨਾ ਉਸ ਨੂੰ ਲੱਗਦਾ ਹੈ ਕਿ ਭਵਿੱਖ 'ਚ ਉਹ ਕਦੇ ਖੁਦ ਨੂੰ ਸਟਾਰ ਵਰਗਾ ਮਹਿਸੂਸ ਹੋਣ ਦੇਵੇਗੀ।
ਸਾਰਾ ਨੇ ਕਿਹਾ, ‘ਮੈਂ ਬੱਸ ਭੱਜ ਦੌੜ ਕਰ ਕੇ ਆਪਣੇ ਕੰਮ ਦੇ ਬੋਝ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਕੋਲ ਸਟਾਰ ਵਾਂਗ ਮਹਿਸੂਸ ਕਰਨ ਦਾ ਸਮਾਂ ਨਹੀਂ ਹੈ। ਮੈਂ ਨਹੀਂ ਜਾਣਦੀ ਕਿ ਮੈਂ ਅਜੇ ਸਟਾਰ ਬਣ ਸਕੀ ਹਾਂ, ਪਰ ਉਮੀਦ ਕਰਦੀ ਹਾਂ ਕਿ ਕਿਸੇ ਦਿਨ ਅਜਿਹਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮੈਂ ਕਦੇ ਆਪਣੇ ਆਪ ਨੂੰ ਸਟਾਰ ਵਰਗਾ ਮਹਿਸੂਸ ਨਹੀਂ ਹੋਣ ਦਿਆਂਗੀ, ਕਿਉਂਕਿ ਜਦੋਂ ਤੁਸੀਂ ਅਜਿਹਾ ਮਹਿਸੂਸ ਕਰੋਗੇ, ਹੋਰ ਲੋਕ ਤੁਹਾਨੂੰ ਅਨੁਕੂਲ ਤੇ ਸਾਕਾਰਾਤਮਕ ਪਰਿਪੇਖ 'ਚ ਦੇਖਣਾ ਬੰਦ ਕਰ ਦੇਣਗੇ।’ ਸਾਰਾ ਕਹਿੰਦੀ ਹੈ, ‘‘ਮੈਂ ‘ਕੇਦਾਰਨਾਥ’ ਫਿਲਮ ਕਰਨ ਨੂੰ ਹਾਂ ਤਾਂ ਕਹਿ ਦਿੱਤੀ ਸੀ, ਪਰ ਜਦੋਂ ਸ਼ੂਟਿੰਗ ਕਰਨ ਪਹੁੰਚੀ, ਉਦੋਂ ਪਤਾ ਲੱਗਾ ਕਿ ਕਿੰਨੀ ਮਿਹਨਤ ਕਰਨੀ ਪਵੇਗੀ। ਫਿਲਮ ਵਿੱਚ ਇੱਕ ਸੀਨ ਹੈ ਜਿੱਥੇ ਮੈਂ ਗੰਗਾ 'ਚ ਡੁਬਕੀ ਲਾ ਰਹੀ ਹਾਂ। ਓਦੋਂ ਬਹੁਤ ਠੰਢ ਸੀ, ਪਾਣੀ ਵੀ ਬਹੁਤ ਠੰਢਾ ਸੀ। ਲੱਗ ਰਿਹਾ ਸੀ, ਜਿਵੇਂ ਜਾਨ ਨਿਕਲ ਰਹੀ ਹੋਵੇ, ਪਰ ਸੈਟ 'ਤੇ ਕੰਮ ਦਾ ਕਦੇ ਪਤਾ ਹੀ ਨਹੀਂ ਲੱਗਾ, ਸਭ ਆਸਾਨੀ ਨਾਲ ਹੋ ਗਿਆ। ਸੈਟ ਤੋਂ ਬਾਹਰ ਆ ਕੇ ਪਤਾ ਲੱਗਾ ਕਿ ਤਬੀਅਤ ਖਰਾਬ ਹੈ ਜਾਂ ਪੈਰ 'ਚ ਦਰਦ ਹੈ, ਪਰ ਕੈਮਰੇ ਦੇ ਸਾਹਮਣੇ ਇਹ ਸਭ ਕਦੇ ਮਹਿਸੂਸ ਨਹੀਂ ਹੋਇਆ। ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਰੱਖਣ ਵਾਲੀ ਸਾਰਾ ਨੇ ਸਕੂਲ 'ਚ ਦਾਖਲਾ ਦੇਣ ਵਾਲੇ ਹੈਡਮਾਸਟਰ ਨੂੰ ਫੋਨ 'ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਸੁਣਾਇਆ ਅਤੇ ਮੰਮੀ-ਪਾਪਾ ਦੇ ਮਨਪਸੰਦ ਸਕੂਲ 'ਚ ਆਸਾਨੀ ਨਾਲ ਦਾਖਲਾ ਲੈ ਲਿਆ।