ਨਨੈਮੋ, ਬੀਸੀ, 31 ਜਨਵਰੀ (ਪੋਸਟ ਬਿਊਰੋ) : ਐਨਡੀਪੀ ਨੇ ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਜਿ਼ਮਨੀ ਚੋਣ ਜਿੱਤ ਲਈ ਹੈ। ਹੁਣ ਪ੍ਰੀਮੀਅਰ ਜੌਹਨ ਹੌਰਗਨ ਦੀ ਘੱਟਗਿਣਤੀ ਸਰਕਾਰ ਦੀ ਸੱਤਾ ਉੱਤੇ ਪਕੜ ਹੋਰ ਮਜ਼ਬੂਤ ਹੋ ਜਾਵੇਗੀ। ਜਿ਼ਕਰਯੋਗ ਹੈ ਕਿ ਵਿਰੋਧੀ ਧਿਰ ਲਿਬਰਲਾਂ ਵੱਲੋਂ ਉਨ੍ਹਾਂ ਨੂੰ ਕਾਂਟੇ ਦੀ ਟੱਕਰ ਦਿੱਤੀ ਗਈ।
ਇਸ ਜਿੱਤ ਨਾਲ ਹੁਣ ਵਿਧਾਨਸਭਾ ਵਿੱਚ ਐਨਡੀਪੀ ਕੋਲ 41 ਸੀਟਾਂ ਹੋ ਗਈਆਂ ਹਨ ਤੇ ਹਾਊਸ ਵਿੱਚ ਗ੍ਰੀਨ ਪਾਰਟੀ ਦੇ ਤਿੰਨ ਮੈਂਬਰਾਂ ਦੇ ਸਮਰਥਨ ਨਾਲ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਸੱਤਾ ਉੱਤੇ ਕਾਬਜ ਰਹਿਣ ਦੀ ਸੰਭਾਵਨਾ ਹੈ। ਲਿਬਰਲਾਂ ਕੋਲ 42 ਸੀਟਾਂ ਹਨ ਤੇ ਇੱਕ ਆਜ਼ਾਦ ਮੈਂਬਰ ਹੈ ਤੇ ਉਹ ਵਿਧਾਨਸਭਾ ਦਾ ਸਪੀਕਰ ਹੈ। ਹੌਰਗਨ ਨੇ ਮੰਨਿਆ ਕਿ ਇਹ ਜਿ਼ਮਨੀ ਚੋਣਾਂ ਉਨ੍ਹਾਂ ਦੀ ਸਰਕਾਰ ਲਈ ਪ੍ਰੋਵਿੰਸ਼ੀਅਲ ਤੇ ਲੋਕਲ ਟੈਸਟ ਸੀ। ਉਨ੍ਹਾਂ ਆਖਿਆ ਕਿ ਇਸ ਜਿੱਤ ਦਾ ਭਾਵ ਇਹ ਹੈ ਕਿ ਅਸੀਂ ਜਿਨ੍ਹਾਂ ਮੁੱਦਿਆਂ ਉੱਤੇ ਚੋਣ ਮੁਹਿੰਮ ਚਲਾਈ ਉਹ ਬਿਲਕੁਲ ਸਹੀ ਹੈ। ਹੈਲਥ ਕੇਅਰ, ਸਿੱਖਿਆ, ਹਾਊਸਿੰਗ ਆਦਿ ਉਹ ਮਸਲੇ ਹਨ ਜਿਨ੍ਹਾਂ ਬਾਰੇ ਲੋਕ ਗੱਲਾਂ ਕਰਦੇ ਹਨ।
ਐਨਡੀਪੀ ਉਮੀਦਵਾਰ ਸ਼ੀਲਾ ਮੈਲਕੌਮਸਨ ਨੇ ਬੀਸੀ ਦੇ ਲਿਬਰਲ ਉਮੀਦਵਾਰ ਟੋਨੀ ਹੈਰਿਸ ਨੂੰ 1900 ਵੋਟਾਂ ਨਾਲ ਹਰਾਇਆ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਦੀ ਇਸ ਵਾਰੀ ਹੋਣ ਵਾਲੀ ਜਿੱਤ ਨਾਲ ਵਿਧਾਨ ਸਭਾ ਵਿੱਚ ਸੱਤਾ ਦਾ ਸੰਤੁਲਨ ਵਿਗੜ ਜਾਣਾ ਸੀ ਤੇ ਹੌਰਗਨ ਦੀ ਸਰਕਾਰ ਨੂੰ ਨਵੀਂ ਦਿੱਕਤ ਖੜ੍ਹੀ ਹੋ ਜਾਣੀ ਸੀ।