ਓਟਵਾ, 30 ਜਨਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਕੈਨੇਡਾ ਦੇ ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਜਿੱਠਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰਨ ਜਾ ਰਹੀ ਹੈ।
ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਕਰੀਨਾ ਗਾਊਲਡ ਨਾਲ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਹੁਣ ਤੋਂ ਨੌਂ ਮਹੀਨੇ ਬਾਅਦ ਹੋਣ ਜਾ ਰਹੀਆਂ ਅਗਲੀਆਂ ਫੈਡਰਲ ਚੋਣਾਂ ਲਈ ਚੁੱਕੇ ਜਾਣ ਵਾਲੇ ਇਨ੍ਹਾਂ ਕਦਮਾਂ ਦਾ ਖੁਲਾਸਾ ਕਰਨਗੇ। ਗਾਊਲਡ ਨੇ ਮੰਗਲਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਸ ਸੱਭ ਕਾਸੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਉਨ੍ਹਾਂ ਆਖਿਆ ਕਿ ਕੈਨੇਡਾ ਦੇ ਇਲੈਕਟੋਰਲ ਸਿਸਟਮ ਦੀ ਹਿਫਾਜ਼ਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਵਿਦੇਸ਼ ਤੋਂ ਖਰਚੇ ਲਈ ਮਿਲਣ ਵਾਲੀ ਮਦਦ ਨੂੰ ਦੂਰ ਰੱਖਣ ਲਈ ਨਵਾਂ ਕਾਨੂੰਨ ਲਿਆਉਣਾ, ਵੋਟਿੰਗ ਸਬੰਧੀ ਬੁਨਿਆਦੀ ਢਾਂਚੇ ਨੂੰ ਹੈਕ ਹੋਣ ਤੋਂ ਰੋਕਣ ਲਈ ਇਲੈਕਸ਼ਨਜ਼ ਕੈਨੇਡਾ ਨਾਲ ਰਲ ਕੇ ਕੰਮ ਕਰਨਾ, ਜਾਅਲੀ ਖਬਰਾਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾਲ ਲੈ ਕੇ ਚੱਲਣਾ ਤੇ ਕੈਂਪੇਨ ਦੌਰਾਨ ਲੋਕਾਂ ਦੀ ਰਾਇ ਵਿੱਚ ਦਖਲ ਦੇਣ ਸਬੰਧੀ ਕਿਸੇ ਕੋਸਿ਼ਸ਼ ਨੂੰ ਰੋਕਣਾ ਆਦਿ ਸ਼ਾਮਲ ਹਨ।