Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਸਾਥ ਬਿਨਾਂ ਜੱਗ ਸੁੰਨਾ

January 30, 2019 08:36 AM

-ਲਾਲ ਸਿੰਘ ਕਲਸੀ
ਕਹਿੰਦੇ ਹਨ, ‘ਇਕੱਲਾ ਰੁੱਖ ਨਾ ਰੋਹੀ ਵਿੱਚ ਹੋਵੇ, ਬੁਰਿਆਂ ਦੀ ਸੰਗਤ ਬੁਰੀ' ਕੀ ਮਨੁੱਖ, ਕੀ ਪਸ਼ੂ ਪੰਛੀ, ਇਸ ਧਰਤ ਉਤੇ ਜੀਣ ਥੀਣ ਲਈ ਸਾਥ ਲੋੜਦਾ ਹੈ। ਇਹ ਮਨੁੱਖੀ ਸੁਭਾਅ ਹੈ, ਕੁਦਰਤੀ ਭੁੱਖ ਹੈ। ਇਕ ਲੋੜ, ਇਕ ਅਹਿਸਾਸ ਹੈ। ਸਾਥੀ ਜਾਂ ਸਾਥ ਤੋਂ ਬੇਸ਼ੱਕ ਸਾਨੂੰ ਕੁਝ ਲੋੜੀਂਦਾ ਹੋਵੇ ਜਾਂ ਨਾ, ਕੁਝ ਮਤਲਬ ਜਾਂ ਗਰਜ਼ ਹੋਵੇ ਜਾਂ ਨਾ, ਕੁਝ ਮਿਲੇ ਜਾਂ ਨਾ, ਪਰ ਇਹ ਇਕ ਮਨੁੱਖੀ ਅਹਿਸਾਸ ਹੈ, ਦਿਲ ਅੰਦਰਲੀ ਚਾਹਤ ਹੈ ਕਿ ਕੋਈ ਨੇੜੇ ਹੋਵੇ, ਕੋਈ ਸਾਥੀ ਬਣੇ, ਸਾਥ 'ਚ ਤੁਰੇ, ਸਾਥ 'ਚ ਰਹੇ ਤਾਂ ਕਿ ਮਨ 'ਚ ਉਠਿਆ ਖਿਆਲ, ਕੋਈ ਗੱਲ ਕੋਈ ਅਹਿਸਾਸ ਸਾਂਝਾ ਕੀਤਾ ਜਾ ਸਕੇ, ਕਿਉਂਕਿ ਇਕਾਂਤ, ਇਕੱਲਾਪਣ, ਸੁੰਨਾਪਣ ਤਾਂ ਚਾਨਣ ਹੁੰਦਿਆਂ ਵੀ ਹਨੇਰੇ ਵਾਂਗ ਹੈ। ਮਨ 'ਚ ਕਈ ਵਾਰ ਉਬਾਲ ਉਠਦੇ, ਵਿਚਾਰ ਪਨਪਦੇ ਹਨ, ਖਿਆਲ ਆਉਂਦੇ ਹਨ, ਚੰਗੇ ਹੋਣ ਜਾਂ ਮਾੜੇ, ਪਰ ਅੰਦਰਲੇ ਉਬਾਲ ਜਾਂ ਗੁਬਾਰ ਨੂੰ ਹਰ ਇਨਸਾਨ ਅੰਦਰ ਦਬਾਉਣ ਦੀ ਥਾਂ ਉਗਲਣਾ ਚਾਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਸ ਦੇ ਖਿਆਲ, ਉਸ ਦੇ ਵਿਚਾਰ, ਉਸ ਦੇ ਮਨ ਦੇ ਹਾਵ ਭਾਵ ਕਿਸੇ ਨੂੰ ਚੰਗੇ ਲੱਗਦੇ ਹਨ ਜਾਂ ਮੰਦੇ। ਜਿਵੇਂ ਕਹਿੰਦੇ ਹਨ, ‘ਢਕੀ ਰਿੱਝੇ ਕੋਈ ਨਾ ਬੁੱਝੇ' ਕਿਸੇ ਨੂੰ ਕੀ ਪਤਾ ਹੇ ਕਿ ਕਿਸੇ ਦੇ ਮਨ ਅੰਦਰ ਕੀ ਉਥਲ ਪੁਥਲ ਹੋ ਰਹੀ ਹੈ। ਜ਼ਾਹਿਰ ਹੋਇਆ ਖਿਆਲ ਜਾਂ ਵਿਚਾਰ ਇਨਸਾਨ ਬਾਰੇ ਪਹਿਲੀ ਜਾਣਕਾਰੀ ਅਤੇ ਪ੍ਰਭਾਵ ਦਿੰਦਾ ਹੈ ਕਿ ਕੌਣ ਕਿੱਦਾਂ ਦਾ ਹੈ। ਇਹ ਜਦੋਂ ਸਮਾਜਿਕ ਤੌਰ 'ਤੇ ਬਾਹਰ ਆਵੇ ਤਾਂ ਉਸ ਦੀਆਂ ਆਦਤਾਂ, ਬੋਲ ਚਾਲ, ਵਰਤਾਰਾ, ਪਹਿਨਣ ਖਾਣ ਅਤੇ ਵਿਚਰਨ ਮੁਤਾਬਕ ਉਸ ਦੇ ਨਾਂ ਪੈਂਦੇ ਹਨ ਤੇ ਲੋਕਾਂ ਵਿੱਚ ਚਰਚਿਤ ਹੋ ਜਾਂਦਾ ਹੈ।
ਜਦੋਂ ਸਾਡੇ ਵਿਚਾਰ ਪ੍ਰਗਟ ਹੁੰਦੇ ਹਨ, ਸਾਡੀ ਫਿਤਰਤ, ਸਾਡੇ ਵਿਹਾਰ, ਖਿਆਲ, ਸੋਚ, ਸੁਭਾਅ, ਨੀਅਤ ਆਦਿ ਦਾ ਪ੍ਰਗਟਾਵਾ ਹੁੰਦਾ ਹੈ। ਉਪਰੋਕਤ ਗੱਲਾਂ ਨੂੰ ਪਸੰਦ ਕਰਨ ਵਾਲੇ ਸਾਥੀ ਬਣ ਜਾਂਦੇ ਹਨ ਤੇ ਬੇ-ਪਸੰਦ ਦੂਰ ਹੋ ਜਾਂਦੇ ਹਨ। ਇਹ ਆਪਸੀ ਖਿਆਲ, ਵਿਚਾਰ, ਸੁਭਾਅ, ਆਦਤਾਂ ਦੀ ਇਕਸਾਰਤਾ ਦੀ ਖਿੱਚ ਦੋਹੀਂ ਪਾਸੀ ਬਰਾਬਰ ਹੋਣਾ ਮੇਲ ਹੁੰਦਾ ਹੈ ਨਾ ਕਿ ਇਕ ਪਾਸੜ। ਇਸ ਤਰ੍ਹਾਂ ਦੁਨੀਆ ਵਿੱਚ ਸੰਜੋਗ, ਸਹਿਯੋਗ, ਯੋਗ ਤੇ ਅਯੋਗ ਸ਼ਬਦਾਂ ਅਨੁਸਾਰ ਸਾਡੀ ਫਿਤਰਤ ਦੀ ਕਾਂਟ ਛਾਂਟ ਤੇ ਨਾਪ ਤੋਲ ਸ਼ੁਰੂ ਹੋ ਜਾਂਦੀ ਹੈ। ਲੋੜ ਹੁੰਦੀ ਹੈ ਸੁਖਾਵੇਂ, ਸੁਸ਼ੀਲ, ਸਾਂਤਯੋਗ ਹਮਰਾਹੀਂ ਜਾਂ ਸਾਥੀ ਦੀ ਜੋ ਸਾਡੇ ਸਾਥ ਨੂੰ ਆਪਣੇ ਵਿਚਾਰਾਂ, ਖਿਆਲਾਂ, ਹਮਦਰਦੀ ਤੇ ਪਿਆਰ ਦੀ ਰੰਗਤ ਚਾੜ੍ਹ ਕੇ ਸਾਡੇ ਸਮੇ ਨੂੰ ਸੁਹਾਵਣਾ ਤੇ ਯਾਦਗਾਰੀ ਪਲਾਂ ਦੀ ਅਭੁੱਲ ਦਾਸਤਾਨ ਬਣਾ ਦੇਵੇ, ਨਾ ਕਿ ਅਕੇਵੇਂ ਭਰਿਆ। ਸਾਥੀ ਦਾ ਸਾਥ ਬਰਫੀਲੀ ਧੁੱਪ ਮਾਨਣ ਜਿਹਾ ਨਿੱਖਰਿਆ ਹੋਵੇ। ਅਜਿਹੀ ਭਾਵਨਾ, ਇਹ ਲਾਲਸਾ, ਇਹ ਖਾਹਿਸ਼, ਜਨਮ ਤੋਂ ਅੰਤ ਤੱਕ ਹਰ ਇਨਸਾਨ ਦੇ ਮਨ ਵਿੱਚ ਵਿਗਸਦੀ ਰਹਿੰਦੀ ਹੈ। ਇਸ ਚਾਹਤ ਨੂੰ ਉਹ ਮਨ 'ਚ ਵਸਾ ਕੇ ਕਈ ਵਾਰ ਉਡੀਕ ਵਿੱਚ ਜ਼ਿੰਦਗੀ ਗੁਜ਼ਾਰ ਦਿੰਦ ਹੈ। ਇਨ੍ਹਾਂ ਚਾਹਤਾਂ ਦੇ ਵਲੇਵਿਆਂ ਵਿੱਚ ਰਲਣ ਵਾਲੇ ਸਾਥੀਆਂ ਨਾਲ ਕਦੀ-ਕਦੀ ਕੁਝ ਰਮਜ਼ਾਂ, ਕੁਝ ਭੇਦ ਜੋ ਸਾਂਝਾ ਵਿੱਚ ਵਟ ਜਾਂਦੇ ਹਨ ਉਹ ਜੀਵਨ ਯਾਦਾਂ ਬਣ ਕੇ ਬਿਖੜੇ ਪੰਧ ਦੇ ਸਾਥ ਵਿੱਚ ਸਹਾਰਾ ਬਣ ਕੇ ਆਖਰ ਤੱਕ ਨਿਭਦੇ ਹਨ। ਐਵੇਂ ਨਹੀਂ ਅਸੀਂ ਇਨ੍ਹਾਂ ਰੀਝਾਂ ਤੇ ਖਾਹਿਸ਼ਾਂ ਦੇ ਪਲਾਂ ਨੂੰ ਮਨ ਦੇ ਹਮਲ ਵਿੱਚ ਰੱਖ ਕੇ ਉਡੀਕਾਂ ਦੇ ਲਾਰਿਆਂ ਨਾਲ ਪਾਲਦੇ ਰਹਿੰਦੇ। ਬਹੁਤੇ ਤਾਂ ਅਜਿਹੇ ਅਰਮਾਨਾਂ ਜਾਂ ਭਾਵਨਾਵਾਂ ਨੂੰ ਜਜ਼ਬਾਤ ਦਾ ਨਾਂ ਦਿੰਦੇ ਹਨ। ਮੈਂ ਕਿਸੇ ਹੱਦ ਤੱਕ ਸਹਿਮਤ ਹਾਂ, ਅਰਮਾਨਾਂ ਤੇ ਜਜ਼ਬਾਤਾਂ ਵਿਹੂਣਾ ਜੀਵਨ ਵੀ ਕੀ ਜੀਵਨ ਹੈ। ਜਿਸ ਦੇ ਮਨ ਅੰਦਰ ਅਰਮਾਨ ਤੇ ਜਜ਼ਬਾਤ ਨਹੀਂ ਉਹ ਚਹਿਕਦੀ ਜ਼ਿੰਦਗੀ ਨਾ ਹੋ ਕੇ ਇਕ ਸਥੂਲ ਜੀਵਨ ਜਿਉਂਦਾ ਹੈ। ਥਿਰਕਣ ਦਾ ਨਾਂ ਜ਼ਿੰਦਗੀ ਹੈ। ਵਿਚਰਨ ਦਾ ਨਾਂ ਚਾਲ ਤੋਰ ਹੈ। ਇਕ ਥਾਂ ਖੜ੍ਹੀ ਇਕੱਲੀ ਸਾਥ ਵਿਹੂਣੀ ਜ਼ਿੰਦਗੀ ਇਕ ਖੰਭੇ ਜਾਂ ਥੰਮ੍ਹ ਵਾਂਗ ਹੈ, ਇਕ ਸ਼ਿਲਾਲੇਖ ਤੋਂ ਵੱਧ ਕੁਝ ਨਹੀਂ। ਦੂਜੇ ਪਾਸੇ ਅਰਮਾਨਾਂ ਤੇ ਜਜ਼ਬਾਤਾਂ ਭਰਿਆ ਮਨ, ਉਤਸ਼ਾਹ ਭਰਪੂਰ ਦਿਲ ਤਾਂ ਅਜਿਹੇ ਇਕਲੌਤੇ ਸਤੰਭ ਵਿੱਚੋਂ ਵੀ ਕੁਝ ਲੱਭਣ ਲਈ ਉਸ ਦੀ ਸੇਧ ਤੁਰ ਪੈਂਦਾ ਹੈ।
ਕੋਈ ਵੀ ਇਨਸਾਨ ਜ਼ਿਆਦਾ ਇਕੱਲਾਪਣ ਨਹੀਂ ਹੰਢਾਅ ਸਕਦਾ। ਉਸ ਦੇ ਸਾਥ ਵਿੱਚ ਉਸ ਦੇ ਵਿਚਾਰ, ਉਸ ਦੀ ਸੋਚ, ਉਸ ਦੇ ਸੁਪਨੇ ਨਾਲ-ਨਾਲ ਵਿਚਰਦੇ ਹਨ। ਉਸ ਦੀਆਂ ਖਾਹਿਸ਼ਾਂ ਹਰ ਵੇਲੇ ਨਾਲ-ਨਾਲ ਪਨਪਦੀਆਂ ਤੇ ਪਸਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਤਰਕੀਬਾਂ ਤੇ ਤਰਕੀਬਾਂ ਬਣਾਉਂਦਾ, ਵਿਉਂਤਾਂ ਘੜਦਾ ਰਹਿੰਦਾ ਹੈ। ਇਨ੍ਹਾਂ ਵਿਉਂਤਾਂ ਤੇ ਤਰਕੀਬਾਂ ਵਿੱਚ ਵੀ ਸਾਥ ਤੇ ਸਾਥੀ ਦੀ ਲੋੜ ਮਹਿਸੂਸ ਹੁੰਦੀ ਰਹਿੰਦੀ ਹੈ। ਐਵੇਂ ਨਹੀਂ ਕਹਿੰਦੇ ‘ਇਕ ਇਕੱਲਾ ਤੇ ਦੋ ਗਿਆਰਾਂ'। ਇਕ ਨਾਲ ਇਕ ਦੇ ਸਾਥ ਜੁੜ ਜਾਣ ਨਾਲ ਸਾਥ ਵਿੱਚ ਦਸ ਗੁਣਾ ਵਾਧਾ ਹੋ ਜਾਂਦਾ ਹੈ। ਵਧਣਾ ਫੂਲਣਾ ਹੀ ਜੀਵਨ ਦਾ ਫਲਸਫਾ ਹੈ, ਕੁਦਰਤ ਦਾ ਦੈਵੀ ਗੁਣ। ਸ੍ਰਿਸ਼ਟੀ ਦਾ ਵਤੀਰਾ ਹੈ ਜੋ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ।
ਜੀਵਨ ਹੈ ਚਲਨੇ ਕਾ ਨਾਮ, ਚਲਤੇ ਰਹੋ ਸੁਬ੍ਹਾ ਸ਼ਾਮ।

Have something to say? Post your comment