Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ..

January 30, 2019 08:35 AM

-ਪਰਮਜੀਤ ਕੌਰ ਸਰਹਿੰਦ
ਪੰਜਾਬੀ ਔਰਤਾਂ ਜਿਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ, ਉਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖੁਸ਼ ਹੁੰਦੀਆਂ ਸਨ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਹੁੰਦੇ। ਨੱਕ ਵਿੱਚ ਪਾਉਣ ਵਾਲੇ ਗਹਿਣਿਆਂ ਵਿੱਚ ਲੌਂਗ, ਤੀਲ੍ਹੀ, ਰੇਖ ਅਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਅਤੇ ਕੰਨ ਆਮ ਤੌਰ 'ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ' ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਅਤੇ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿੱਚ ਛੇਕ ਵਿੱਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿੱਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿੱਚ ਪਾ ਲੈਂਦੀਆਂ।
ਆਮ ਤੌਰ 'ਤੇ ਪੇਂਡੂ ਸਮਾਜ ਵਿੱਚ ਕੁਆਰੀਆਂ ਕੁੜੀਆਂ ਗਹਿਣਾ ਗੱਟਾ ਨਹੀਂ ਸਨ ਪਾਉਂਦੀਆਂ, ਪਰ ਉਨ੍ਹਾਂ ਦੇ ਨੱਕ ਕੰਨ ਇਸ ਲਈ ਵਿੰਨ੍ਹਾ ਦਿੱਤੇ ਜਾਂਦੇ ਕਿ ਵੱਡੀ ਉਮਰੇ ਨੱਕ ਕੰਨ ਦੀ ਪੇਪੜੀ ਸਖਤ ਤੇ ਮੋਟੀ ਹੋ ਜਾਣ ਕਾਰਨ ਔਖੀ ਵਿੰਨ੍ਹੀਂ ਜਾਂਦੀ ਹੈ ਤੇ ਉਸ ਦੇ ਪੱਕ ਜਾਣ ਦਾ ਡਰ ਰਹਿੰਦਾ। ਪੰਜਾਬਣਾਂ ਜ਼ਿਆਦਾਤਰ ਖੱਬੇ ਪਾਸੇ ਨੱਕ ਵਿੰਨ੍ਹਾਉਂਦੀਆਂ ਹਨ, ਜਦੋਂ ਕਿ ਕਈ ਰਾਜਾਂ ਵਿੱਚ ਖੱਬੇ ਸੱਜੇ ਦੋਵੇਂ ਪਾਸੇ ਨੱਕ ਵਿੰਨ੍ਹੇ ਜਾਂਦੇ। ਕਈ ਔਰਤਾਂ ਸੱਜੇ ਪਾਸੇ ਵੀ ਛੇਕ ਕਰਾ ਲੈਂਦੀਆਂ। ਗਹਿਣਿਆਂ ਦੀ ਗੱਲ ਕਰਦਿਆਂ ਇਹ ਜ਼ਿਕਰ ਯੋਗ ਹੈ ਕਿ ਗਹਿਣੇ ਔਰਤ ਦੇ ਸੁਹਾਗਣ ਹੋਣ ਦੇ ਪ੍ਰਤੀਕ ਮੰਨੇ ਜਾਂਦੇ ਹਨ। ਕਿਸੇ ਦੇ ਪਤੀ ਦੀ ਮੌਤ ਹੋ ਜਾਣ 'ਤੇ ਚੂੜੀਆਂ ਤੋੜ ਦੇਣ ਵਾਂਗੂੰ ਨੱਕ ਵਿੱਚੋਂ ਕੋਕਾ ਜਾਂ ਤੀਲ੍ਹੀ ਆਦਿ ਕੱਢ ਦਿੱਤੀ ਜਾਂਦੀ ਹੈ। ਅਜੋਕੇ ਸਮੇਂ ਇਨ੍ਹਾਂ ਬੇਅਰਥ ਰੀਤੀ ਰਿਵਾਜਾਂ ਨੂੰ ਬਹੁਤ ਹੱਦ ਤੱਕ ਨਕਾਰਿਆ ਗਿਆ ਹੈ, ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਏ। ਦਲੀਪ ਕੌਰ ਟਿਵਾਣਾ ਨੇ ਤਾਂ ‘ਤੀਲ੍ਹੀ ਦਾ ਨਿਸ਼ਾਨ' ਨਾਵਲ ਵਿੱਚ ਨਾਇਕਾ ਕਿਰਨਜੀਤ ਦੀ ਜੋ ਹਾਲਤ ਬਿਆਨ ਕੀਤੀ ਹੈ ਉਸ ਨੇ ਸਾਡੇ ਖੋਖਲੇ ਰੀਤੀ ਰਿਵਾਜਾਂ 'ਤੇ ਕਿੰਤੂ ਵੀ ਕੀਤਾ ਹੈ ਅਤੇ ਔਰਤ ਦੀ ਮਾਨਸਿਕ ਟੁੱਟ ਭੱਜ ਅਤੇ ਸਦਾ ਤੋਂ ਆਪਣੀਆਂ ਰੀਝਾਂ ਦਾ ਬਲੀਦਾਨ ਦੇਣ ਦੀ ਔਰਤ ਦੀ ਫਿਤਰਤ ਵੀ ਸਪੱਸ਼ਟ ਕੀਤੀ ਹੈ। ਗਹਿਣੇ ਔਰਤ ਨੂੰ ਖੁਸ਼ੀ ਵੀ ਦਿੰਦੇ ਹਨ ਤੇ ਦਰਦ ਵੀ।
ਨੱਥ ਤੇ ਲੌਂਗ ਜਿਥੇ ਮੁਟਿਆਰਾਂ ਦੇ ਨੱਕ ਦਾ ਸ਼ਿੰਗਾਰ ਬਣੇ ਉਥੇ ਇਹ ਲੋਕ ਗੀਤਾਂ ਤੇ ਪੰਜਾਬੀ ਗੀਤਾਂ ਦਾ ਸ਼ਿੰਗਾਰ ਵੀ ਬਣੇ। ਕਦੇ ਕੋਈ ਮੁਟਿਆਰ ਆਪਣੇ ਜੁਆਨ ਸਾਥੀ ਨੂੰ ਕਹਿੰਦੀ ਹੈ:
ਐਥੇ ਮੇਰੀ ਨੱਥ ਡਿੱਗ ਪਈ
ਨਿਉਂ ਕੇ ਫੜੀਂ ਜੁਆਨਾ
ਕੋਈ ਹੋਰ ਕਹਿੰਦੀ ਹੈ:
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗੁਆਚਾ
ਲੌਂਗ ਨੂੰ ਸਭ ਤੋਂ ਵੱਧ ਮਸ਼ਹੂਰ ਕੀਤਾ ਲੋਕ ਕਾਵਿ ਦੀ ਇਕ ਤੁਕੀ ਬੋਲੀ ਨੇ। ਉਸ ਦੇ ਬੋਲ ਹਨ:
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ ਡੱਕ ਲਏ
ਅਜੋਕੇ ਸਮੇਂ ਨਾ ਕੋਈ ਪੰਜਾਬੀ ਬਲਦਾਂ ਦੀ ਜੋਗ ਨਾਲ ਹਲ ਵਾਹੁੰਦਾ ਹੈ ਅਤੇ ਨਾ ਲੌਂਗ ਵਾਲੀ ਹਾਲੀਆਂ ਦੀ ਰੋਟੀ ਲੈ ਕੇ ਜਾਂਦੀ ਹੈ। ਜੇ ਕੋਈ ਲੌਂਗ ਵਾਲੀ ਖੇਤਾਂ ਵੱਲ ਜਾਵੇ ਤਾਂ ਉਸ ਦੇ ਲੌਂਗ ਦੇ ਲਿਸ਼ਕਾਰੇ ਦਾ ਜ਼ਿਕਰ ਮਰਹੂਮ ਕਵੀ ਸ਼ਮਸ਼ੇਰ ਨਿਰਮਲ ਇਨ੍ਹਾਂ ਸਤਰਾਂ ਵਿੱਚ ਬਿਆਨ ਕਰਦਾ ਹੋਇਆ ਬੀਤੇ ਅਤੇ ਵਰਤਮਾਨ ਨੂੰ ਨਿਖੇੜ ਕੇ ਕਹਿੰਦਾ ਹੈ:
ਹੁਣ ਤਾਂ ਅੜੀਏ ਟਰੈਕਟਰ ਦੇ ਪਹੀਏ ਥੱਲੇ
ਆ ਜਾਂਦੈ ਲੌਂਗ ਦਾ ਲਿਸ਼ਕਾਰਾ
ਲੌਂਗ ਅਤੇ ਕੋਕਾ ਤਕਰੀਬਨ ਇਕੋ ਜਿਹੀ ਸ਼ਕਲ ਦੇ ਸਾਦੇ ਗਹਿਣੇ ਹਨ। ਇਹ ਅਜੋਕੇ ਸਮੇਂ ਵੀ ਪਹਿਨੇ ਜਾਂਦੇ ਹਨ। ਆਮ ਤੌਰ 'ਤੇ ਇਹ ਨੱਕ ਦੇ ਖੱਬੇ ਪਾਸੇ ਪਾਇਆ ਜਾਂਦਾ ਹੈ। ਤੀਲ੍ਹੀ ਸੋਨੇ ਦੀ ਬਾਰੀਕ ਡੰਡੀ ਉਤੇ ਨਿੱਕੀ ਜਿਹੀ ਡੋਡੀ ਵਾਲੀ ਜਾਂ ਉਪਰੋਂ ਥੋੜ੍ਹੀ ਮੋਟੀ ਹੁੰਦੀ ਹੈ। ਅੰਦਰਲੇ ਪਾਸੇ ਡੰਡੀ ਵਿੱਚ ਛੋਟੀ ਜਿਹਾ ਵਾਸ਼ਲ ਨੁਮਾ ਪੇਚ ਜਿਹਾ ਹੁੰਦਾ ਹੈ। ਤੀਲ੍ਹੀ ਨੱਕ ਦੇ ਛੇਕ 'ਚੋਂ ਉਪਰੋਂ ਪਾਈ ਜਾਂਦੀ ਤੇ ਅੰਦਰ ਵੱਲ ਉਹ ਪੇਚ ਲਾ ਦਿੱਤਾ ਜਾਂਦਾ। ਇਹ ਨੱਕ ਦੇ ਬਾਹਰ ਬਹੁਤੀ ਨਹੀਂ ਦਿਸਦੀ ਬਸ ਨੱਕ ਦਾ ਛੇਕ ਕਾਇਮ ਰੱਖਣ ਲਈ ਪਾਈ ਜਾਂਦੀ ਹੈ। ਲੌਂਗ, ਨੱਕ ਦੇ ਬਾਹਰ ਦਿਸਦਾ ਹੈ। ਇਸ ਦੇ ਸਿਰੇ ਉਤੇ ਅਸਲੀ ਲੌਂਗ ਵਾਂਗੂੰ ਨਿਕਾ ਜਿਹਾ ਫੁੱਲ ਹੁੰਦਾ ਹੈ। ਸ਼ੌਕ ਨਾਲ ਲੌਂਗ ਵਿੱਚ ਕੋਈ ਨਗ ਮੋਤੀ ਜੜਾ ਲਏ ਜਾਂਦੇ। ਲੌਂਗ ਦੀ ਉਸਤਤ ਵਿੱਚ ਲੋਕ ਗੀਤ ਜਾਂ ਪੰਜਾਬੀ ਗੀਤ ਰਚੇ ਗਏ ਤਾਂ ਦਿਖਾਵੇ ਲਈ ਬਿਗਾਨਾ ਗਹਿਣਾ ਪਾਉਣ ਨੂੰ ਨਿੰਦਿਆ ਵੀ ਗਿਆ, ਬੋਲ ਹਨ:
ਨੱਕ ਦੀ ਜੜ ਪੱਟਤੀ ਪਾ ਕੇ ਲੌਂਗ ਬਗਾਨਾ
ਕੋਕੇ ਦਾ ਜ਼ਿਕਰ ਲੌਂਗ ਦੀ ਬਨਿਸਬਤ ਘੱਟ ਹੈ, ਪਰ ਹੰਸ ਰਾਜ ਹੰਸ ਕੋਕੇ ਲਈ ਹੋਕਾ ਦਿੰਦਿਆਂ ਕਹਿੰਦਾ ਹੈ:
ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ
ਇਕ ਸੋਨੇ ਦਾ ਕੋਕਾ ਦਿਆਂਗੇ
ਨੱਥ ਅਤੇ ਮੱਛਲੀ ਪਿੰਡਾਂ ਵਿੱਚ ਪਿੰਡਾਂ ਦੀਆਂ ਔਰਤਾਂ ਆਮ ਨਹੀਂ ਸਨ ਪਾਉਂਦੀਆਂ। ਇਹ ਵੱਡੇ ਘਰਾਂ ਦੀਆਂ ਨੂੰਹਾਂ ਧੀਆਂ ਨੂੰ ਹੀ ਨਸੀਬ ਹੁੰਦੀ। ਨੱਥਲੀ, ਨੱਥ ਦਾ ਛੋਟਾ ਰੂਪ ਹੁੰਦੀ ਹੈ, ਇਹ ਕੋਈ ਵੀ ਪਾ ਰੱਖਦੀ। ਨੱਥਲੀ ਇਕ ਨਿੱਕੀ ਵਾਲੀ ਵਰਗੀ ਹੁੰਦੀ, ਜੋ ਕੋਕੇ ਆਦਿ ਦੇ ਥਾਂ ਪਾਈ ਜਾਂਦੀ। ਨੱਥ ਦਾ ਆਕਾਰ ਵੱਡਾ ਹੁੰਦਾ, ਇਹ ਵੀ ਪਾਈ ਨੱਥਲੀ ਵਾਂਗੂੰ ਹੀ ਜਾਂਦੀ, ਪਰ ਇਹ ਵੱਡੀ ਹੁੰਦੀ ਤੇ ਇਸ ਨੂੰ ਸੋਨੇ ਦੀਆਂ ਪੱਤੀਆਂ ਜਾਂ ਮੋਤੀ ਵਗੈਰਾ ਲੱਗੇ ਹੁੰਦੇ ਅਤੇ ਇਹ ਨੱਕ 'ਤੇ ਝੂਲਦੀ ਬਹੁਤ ਦਿਲਕਸ਼ ਜਾਪਦੀ। ਨੱਥ ਨਾਲ ਮੋਤੀਆਂ ਦੀ ਜਾਂ ਸੋਨੇ ਦੀ ਲੜੀ ਹੁੰਦੀ ਜੋ ਹੁੱਕ ਵਾਲੀ ਹੁੰਦੀ। ਉਸ ਨੂੰ ਖੱਬੇ ਪਾਸੇ ਦੇ ਕੰਨ ਕੋਲ ਉਪਰ ਕਰਕੇ ਵਾਲਾਂ ਵਿੱਚ ਟੰਗ ਦਿੱਤਾ ਜਾਂਦਾ। ਇਹ ਅਸਲ ਵਿੱਚ ਨੱਥ ਨੂੰ ਸਹਾਰਾ ਦੇਣ ਲਈ ਹੁੰਦੀ ਤਾਂ ਜੋ ਨੱਥ ਦੇ ਬੋਝ ਨਾਲ ਨੱਕ ਨਾ ਦੁਖੇ। ਨੱਥ ਵਿਆਹ ਵਾਲੀ ਕੁੜੀ ਵਿਆਹ ਸਮੇਂ ਪਾਉਂਦੀ। ਪਿੰਡਾਂ ਵਿੱਚ ਇਹ ਗਹਿਣਾ ਵੀ ਘੱਟ ਦਿੱਸਦਾ ਸੀ। ਅੱਜ ਸੋਨੇ ਦੀ ਨੱਥ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਤੇ ਵਿਆਹ ਸਮੇਂ ਕਈ ਕੁੜੀਆਂ ਬਨਾਉਟੀ ਨੱਥ ਜ਼ਰੂਰ ਪਾ ਲੈਂਦੀਆਂ ਹਨ। ਅਣਜੋੜ ਵਰ ਵਾਲੀ ਮੁਟਿਆਰ ਤਾਂ ਨੱਥ ਨੂੰ ਦੇਖ-ਦੇਖ ਝੂਰਦੀ ਹੈ:
ਸੱਸ ਮੇਰੀ ਨੇ ਨੱਥ ਘੜਾਈ ਮੈਨੂੰ ਕਹਿੰਦਾ ਪਾ ਕੁੜੇ
ਮਾਹੀ ਤਾਂ ਮੇਰਾ ਲੂਣ ਘੋਟਣਾ ਪਾਵਾਂ ਕੀਹਦੇ ਚਾਅ ਕੁੜੇ
ਨੱਥ ਮੱਛਲੀ ਭਾਵੇਂ ਅੱਡ-ਅੱਡ ਗਹਿਣੇ ਹਨ, ਫਿਰ ਵੀ ਕਈ ਥਾਂ ਇਕੱਠਾ ਨੱਥ ਮੱਛਲੀ ਸ਼ਬਦ ਵਰਤਿਆ ਜਾਂਦਾ ਹੈ। ਮੱਛਲੀ ਸ਼ਬਦ ‘ਮੰਝਲੀ' ਤੋਂ ਬਣਿਆ ਕਿਹਾ ਜਾਂਦਾ ਹੈ। ਮੰਝਲੀ ਦਾ ਭਾਵ ਵਿਚਕਾਰਲੀ ਤੋਂ ਹੈ। ਇਹ ਗਹਿਣਾ ਕਿਉਂਕਿ ਨੱਕ ਦੇ ਇਕ ਪਾਸੇ ਨਹੀਂ, ਨੱਕ ਦੇ ਵਿਚਕਾਰ ਦੀ ਸਖਤ ਪੇਪੜੀ ਦੇ ਅਗਲੇ ਹਿੱਸੇ ਵਿੱਚ ਛੇਕ ਕਰਕੇ ਪਾਇਆ ਜਾਂਦਾ ਹੈ, ਜਿਸ ਨੂੰ ਨੱਕ ਦੀ ‘ਨਕੋਲੀ' ਕਿਹਾ ਜਾਂਦਾ ਹੈ। ਪਿੰਡਾਂ ਵਿੱਚ ਨੱਕ ਦੀ ਨਕੋਲੀ ਨੂੰ ਵਿੰਨ੍ਹਾਉਣ ਦਾ ਰਿਵਾਜ ਬਹੁਤ ਘੱਟ ਸੀ, ਪਰ ਜੇ ਕਿਸੇ ਨੇ ਮੱਛਲੀ ਪਾਈ ਹੁੰਦੀ ਤਾਂ ਉਸ ਮੁਟਿਆਰ ਦਾ ਰੂਪ ਦੂਣ ਸਵਾਇਆ ਹੋ ਜਾਂਦਾ। ਮੱਛਲੀ ਵੀ ਸੋਨੇ ਦੀ ਗੋਲ ਵਾਲੀ ਵਰਗੀ ਹੁੰਦੀ। ਇਸ ਨੂੰ ਵੀ ਸੋਨੇ ਦੇ ਬੋਰ ਜਾਂ ਬਾਰੀਕ-ਬਾਰੀਕ ਪੱਤੇ ਲੱਗੇ ਹੁੰਦੇ। ਨਕੋਲੀ ਵਿੱਚ ਪਾਈ ਮੱਛਲੀ ਪਹਿਣ ਵਾਲੀ ਦੇ ਬੁੱਲਾਂ ਨੂੰ ਤੇ ਠੋਡੀ ਨੂੰ ਛੂੰਹਦੀ। ਇਹ ਖੂਬਸੂਰਤ ਗਹਿਣਾ ਘੜਾਉਣ ਲਈ ਕੋਈ ਨੱਢੀਂ ਮਜ਼ਾਕ 'ਚ ਕਹਿੰਦੀ:
ਸੁਨਿਆਰੇ ਦਿਆ ਮੁੰਡਿਆ ਵੇ ਮੇਰੀ ਮੱਛਲੀ ਘੜ ਦੇ
ਉਤੇ ਪਾ ਦੇ ਮੋਰਨੀਆਂ, ਨੀਂ ਮੈਂ ਸੱਸ ਮੁਕਲਾਵੇ ਤੋਰਨੀ ਆਂ
ਕਿਸੇ ਸੋਹਣੀ ਸੁਨੱਖੀ ਮੁਟਿਆਰ ਦੀ ਮੱਛਲੀ ਚਰਚਾ ਦਾ ਵਿਸ਼ਾ ਵੀ ਬਣ ਜਾਂਦੀ ਤੇ ਉਸ ਨੂੰ ਸੁਣਨਾ ਪੈਂਦਾ:
ਸੁਣ ਨੀਂ ਕੁੜੀਏ ਮੱਛਲੀ ਵਾਲੀਏ, ਮੱਛਲੀ ਨਾ ਚਮਕਾਈਏ
ਹੱਟੀ ਭੱਠੀ 'ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ

Have something to say? Post your comment