ਨਵੀਂ ਦਿੱਲੀ, 29 ਜਨਵਰੀ (ਪੋਸਟ ਬਿਊਰੋ)- ਦਿੱਲੀ ਦੇ ਵਿਧਾਇਕ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ, ਡਰਾਉਣ ਤੇ ਲਾਲਚ ਦੇਣ ਲਈ ਉਨ੍ਹਾਂ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ।
ਤਿਲਕ ਨਗਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਉਹ ਫੋਨ ਕਾਲਜ਼ ਰਾਹੀਂ ਉਨ੍ਹਾਂ ਦੇ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਬਦਲੇ ਅਰਵਿੰਦ ਕੇਜਰੀਵਾਲ 'ਤੇ ਕੇਸ ਦਰਜ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵੋਟਰਾਂ ਨੂੰ ਫੋਨ ਕਰ ਕੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਉਨ੍ਹਾਂ ਦੇ ਨਾਂਅ ਵੋਟਰ ਸੂਚੀ ਵਿੱਚੋਂ ਕੱਟਵਾ ਦਿੱਤੇ ਸਨ, ਪਰ ਅਰਵਿੰਦ ਕੇਜਰੀਵਾਲ ਦੇ ਸੰਜੀਦਗੀ ਭਰੇ ਯਤਨਾਂ ਨਾਲ ਉਹ ਮੁੜ ਵੋਟਰ ਸੂਚੀ ਵਿੱਚ ਸ਼ਾਮਲ ਹੋਏ ਹਨ। ਸਿਰਸਾ ਨੇ ਕਿਹਾ ਕਿ ਇਹ ਵੋਟਰਾਂ ਨੂੰ ਗੁੰਮਰਾਹ ਕਰਨ, ਡਰਾਉਣ ਤੇ ਲੁਭਾਉਣ ਦੀ ਫੌਜਦਾਰੀ ਜੁਰਮ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ (ਸਿਰਸਾ) ਨੂੰ ਬਦਨਾਮ ਕਰਨ ਦੀ ਸਾਜ਼ਿਸ ਹੈ, ਜਿਸ ਹੇਠ ਉਨ੍ਹਾਂ ਬਾਰੇ ਵੋਟਰਾਂ ਕੋਲ ਗਲਤ ਪੇਸ਼ਕਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪ੍ਰਤੀਨਿਧਤਾ ਐਕਟ 1951 ਦੀ ਵੀ ਉਲੰਘਣਾ ਹੈ।