Welcome to Canadian Punjabi Post
Follow us on

19

April 2019
ਸੰਪਾਦਕੀ

ਕੈਨੇਡਾ ਫੂਡ ਗਾਈਡ ਦਾ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਣ ਵੱਲ ਇਸ਼ਾਰਾ?

January 29, 2019 10:32 AM

ਪੰਜਾਬੀ ਪੋਸਟ ਸੰਪਾਦਕੀ

ਤਿੰਨ ਸਾਲ ਦੇ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਗਈ ‘ਫੂਡ ਗਾਈਡ’ ਹਕੀਕਤ ਬਣ ਚੁੱਕੀ ਹੈ। ਇਸ ਗਾਈਡ ਨੇ ਕੈਨੇਡੀਅਨਾਂ ਨੂੰ ਉਹ ਖਾਣਾ ਖਾਣ ਲਈ ਪ੍ਰੇਰਿਤ ਕਰਨ ਦਾ ਬੀੜਾ ਚੁੱਕਿਆ ਹੈ ਜੋ ਸਾਡੇ ਦਾਦੇ ਪੜਦਾਦੇ ਖਾ ਕੇ ਖੁਸ਼ ਅਤੇ ਤੰਦਰੁਸਤ ਰਹਿੰਦੇ ਸਨ। ਖਾਣੇ ਦੇ ਇੰਡਸਟਰੀ ਵਿੱਚ ਤਬਦੀਲ ਹੋਣ ਜਾਣ ਦੀ ਵਿੱਥਿਆ ਨੂੰ ਨੰਗਾ ਕਰਨ ਲਈ ਜਾਣੇ ਜਾਂਦੇ ਲੇਖਕ ਅਤੇ ਪੱਤਰਕਾਰ ਪ੍ਰੋਫੈਸਰ ਮਾਈਕਲ ਪੋਲਨ (Micheal Pollan) ਨੇ 2008 ਵਿੱਚ ਕਿਤਾਬ ਲਿਖੀ ਸੀ ਜਿਸਦਾ ਨਾਮ ਸੀ In Defense of Food: An Eater’s Manifesto(ਖਾਣੇ ਦੇ ਹੱਕ ਵਿੱਚ: ਖਾਣ ਵਾਲੇ ਦਾ ਮੈਨੀਫੈਸਟੋ। ਉਸਦਾ ਆਖਣਾ ਹੈ ਕਿ ਨਵੀਂ ਫੂਡ ਗਾਈਡ ਅਸਲ ਵਿੱਚ ਕਾਫੀ ਸਮੇਂ ਤੋਂ ਬਾਅਦ ਆਈ ਚੰਗੀ ਸਲਾਹ ਹੈ ਜਿਸ ਵਿੱਚ ਕੈਨੇਡੀਅਨਾਂ ਨੂੰ ਘਰ ਖਾਣਾ ਤਿਆਰ ਕਰਨ, ਮੀਟ ਨੂੰ ਛੱਡ ਕੇ ਜਿ਼ਆਦਾ ਸਬਜ਼ੀਆਂ ਫਲ ਖਾਣ ਅਤੇ ਜੂਸ ਵਗੈਰਾ ਦੇ ਝੰਝਟ ਨੂੰ ਤਿਆਗ ਕੇ ਫੋਕਾ ਪਾਣੀ ਪੀਣ ਦੀ ਸਲਾਹ ਉੱਤੇ ਕੇਂਦਰਿਤ ਹੈ। ਗਾਈਡ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਮੱਖਣ, ਮਲਾਈ, ਪਨੀਰ ਆਦਿ ਨੂੰ ਕਾਫੀ ਹੱਦ ਤੱਕ ਘੱਟ ਕਰਨ ਦੀ ਗੱਲ ਕੀਤੀ ਗਈ ਹੈ।

 

ਕੈਨੇਡਾ ਫੂਡ ਗਾਈਡ ਇੱਕ ਅਜਿਹਾ ਦਸਤਾਵੇਜ਼ ਹੈ ਜਿਸਨੂੰ ਫੂਡ ਇੰਡਸਟਰੀ ਵੱਲੋਂ ਬਹੁਤ ਗੰਭੀਰ ਹੋ ਕੇ ਲਿਆ ਜਾਂਦਾ ਹੈ। ਕਾਰਣ ਇਹ ਕਿ ਕੈਨੇਡੀਅਨ ਪਬਲਿਕ ਵੱਲੋਂ ਜਿਸ ਦਸਤਾਵੇਜ਼ ਨੂੰ ਸੱਭ ਤੋਂ ਵੱਧ ਗਿਣਤੀ ਵਿੱਚ ਸਰਕਾਰ ਕੋਲੋਂ ਮੰਗਵਾਇਆ ਜਾਂਦਾ ਹੈ, ਉਹ ਇਨਕਮ ਟੈਕਸ ਫਾਰਮ ਹਨ ਅਤੇ ਉਸਤੋਂ ਬਾਅਦ ਸਿੱਧਾ ਦੂਜਾ ਨੰਬਰ ਫੂਡ ਗਾਈਡ ਦਾ ਹੈ।

 

ਗਾਈਡ ਵਿੱਚ ਸੱਭ ਤੋਂ ਵੱਧ ਗੁਣਗਾਨ ‘ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਹਰ ਕੋਇ’ ਭਾਵ ਪਾਣੀ ਦੇ ਕੀਤੇ ਗਏ ਹਨ। ਗਾਈਡ ਦੱਸਦੀ ਹੈ ਕਿ ਪਾਣੀ ਦੇ ਕੈਲੋਰੀ ਮੁਕਤ, ਫੈਟ ਮੁਕਤ ਅਤੇ ਸ਼ੂਗਰ ਮੁਕਤ ਹੋਣ ਕਾਰਣ ਇਹ ਸਰੀਰ ਦੇ ਮੁੱਢਲੇ ਕਾਰਜਾਂ ਨੂੰ ਦੁਰਸਤ ਰੱਖਣ ਵਿੱਚ ਬਹੁਤ ਸਹਾਈ ਹੈ। ਸ਼ੱਕਰ ਮਿਲਾਵਟ ਵਾਲੇ ਪੇਅ ਪਦਾਰਥਾਂ, ਫਲਾਂ ਦੇ ਰਸਾਂ, ਕੌਫੀ, ਐਨਜਰੀ ਡਰਿੰਕ ਆਦਿ ਨੂੰ ਘੱਟ ਮਾਤਰਾ ਵਿੱਚ ਪੀਣਾ ਚੰਗਾ ਹੈ। ਮੀਟ ਨੂੰ ਘੱਟ ਕਰਕੇ ਸਬਜ਼ੀਆਂ ਭਾਜੀਆਂ ਨੂੰ ਤੰਦਰੁਸਤ ਢੰਗ ਨਾਲ ਤਿਆਰ ਕਰਕੇ (ਸਾਡੇ ਵਾਗੂੰ ਤੜਕੇ ਲਾ ਕੇ ਨਹੀਂ) ਖਾਣ ਦੀ ਸਲਾਹ ਦਿੱਤੀ ਗਈ ਹੈ।

 ਸਮੇਂ ਦੀ ਮਾਰ ਸਹਿ ਕੇ ਸਿਆਣਿਆਂ ਵੱਲੋਂ ਘੜੇ ਗਏ ਮੋਟੇ ਠੁੱਲੇ ਨੇਮ ਜੀਵਨ ਦਾ ਅਣਮੁੱਲਾ ਸਰਮਿਾਇਆ ਹੁੰਦੇ ਹਨ ਅਤੇ ਕੈਨੇਡਾ ਦੀ ਨਵੀਂ ਫੂਡ ਗਾਈਡ ਇਸ ਤੱਥ ਨੂੰ ਸਿੱਧੇ ਅਸਿੱਧੇ ਢੰਗ ਨਾਲ ਸਵੀਕਾਰ ਕਰਦੀ ਹੈ। ਪਿਛਲੀਆਂ ਗਾਈਡਾਂ ਦੱਸਦੀਆਂ ਹੁੰਦੀਆਂ ਸੀ ਕਿ ਵੱਖ 2 ਉਮਰ ਦੇ ਲੋਕ ਕਿੰਨੀ ਮਾਤਰਾ ਵਿੱਚ ਕੀ ਖਾਣ ਜਿਸਦੀ ਪਾਲਣਾ ਕਰਨੀ ਬਹੁਤ ਔਖੀ ਹੁੰਦੀ ਸੀ। ਇਸਦੇ ਉਲਟ ਨਵੀਂ ਗਾਈਡ ਮੁਤਾਬਕ ਆਪਣੇ ਖਾਣੇ ਨੂੰ ਚਾਰ ਹਿੱਸਿਆਂ ਵਿੱਚ ਵੰਡਣ ਦੀ ਕੋਸਿ਼ਸ਼ ਕਰੋ ਜਿਸਦੀਆਂ 50% ਕੈਲੋਰੀਆਂ ਸਬਜ਼ੀਆਂ ਅਤੇ ਫਲਾਂ ਤੋਂ ਆਉਣ, 25% ਹੋਲ ਗਰੇਨ ਬਰੈੱਡ ਜਾਂ ਆਟੇ ਤੋਂ ਅਤੇ 25% ਪਰੋਟੀਨ ਭਰੇ ਖਾਣੇ ਤੋਂ। ਜੇ ਇਸ ਫਾਰਮੂਲੇ ਨੂੰ ਅਪਣਾ ਲਿਆ ਤਾਂ ਤੁਸੀਂ ਸਰੀਰਕ ਸਿਹਤ ਦੇ ਪੱਖ ਤੋਂ ਆਨੰਦ ਵਿੱਚ ਰਹਿ ਸਕੋਗੇ।

 ਮੀਟ, ਫਲਾਂ ਦਾ ਰਸ ਅਤੇ ਆਰਟੀਫੀਸ਼ੀਅਲ ਢੰਗ ਨਾਲ ਬਣਾਏ ਗਏ ਖਾਧ ਪਦਾਰਥ ਇੱਕ ਵੱਡੀ ਇੰਡਸਟਰੀ ਹਨ ਜਿਹਨਾਂ ਦਾ ਕਾਫੀ ਦਬਦਬਾ ਵੇਖਿਆ ਜਾ ਸਕਦਾ ਹੈ। ਨਵੀਂ ਗਾਈਡ ਦੀਆਂ ਸਿਫਾਰਸ਼ਾਂ ਉਸ ਦਬਦਬੇ ਤੋਂ ‘ਪਾਸਾ ਬਚਾ ਕੇ’ ਜਨਤਕ ਹੋਈਆਂ ਹਨ, ਇਸ ਗੱਲ ਦਾ ਸੁਆਗਤ ਕਰਨਾ ਬਣਦਾ ਹੈ। ਵਰਨਣਯੋਗ ਹੈ ਕਿ ਖੇਤੀਬਾੜੀ ਇੰਡਸਟਰੀ ਵੱਲੋਂ ਮਹਿਕਮੇ ਨੂੰ ਭੇਜੇ ਕਈ ਗੁਪਤ ਮੀਮੋ ਭੇਜੇ ਗਏ ਲੀਕ ਹੋਏ ਸਨ ਜਿਹਨਾਂ ਵਿੱਚ ਤਾੜਨਾ ਕੀਤੀ ਗਈ ਸੀ ਕਿ ਨਵੀਂ ਗਾਈਡ ਨੂੰ ਮੀਟ, ਪਨੀਰ ਅਤੇ ਬੀਫ ਆਦਿ ਇੰਡਸਟਰੀ ਦੇ ਹਿੱਤਾਂ ਨੂੰ ਖਿਆਲ ਵਿੱਚ ਰੱਖਣਾ ਚਾਹੀਦਾ ਹੈ। ਭਾਵ ਸੀ ਕਿ ਲੋਕ ਹਿੱਤ ਨਾਲੋਂ ਇੰਡਸਟਰੀ ਹਿੱਤ ਮਾਅਨਾ ਰੱਖਦੇ ਹਨ। ਸ਼ੁਕਰ ਹੈ ਕਿ ਉਹਨਾਂ ਤੋਂ ਬਚਾਅ ਕਰਕੇ ਇਹ ਗਾਈਡ ਆਈ ਹੈ।

 ਫੂਡ ਗਾਈਡ ਦੇ ਇੱਕ ਹੋਰ ਸੁਨੇਹੇ ਵੱਲ ਧਿਆਨ ਦਿੱਤੇ ਜਾਣ ਦੀ ਵਿਸ਼ੇਸ਼ ਲੋੜ ਹੈ। ਗਾਈਡ ਮੁਤਾਬਕ ਜਿੱਨਾ ਮਹੱਤਵਪੂਰਣ ਇਹ ਹੈ ਕਿ ਤੁਸੀਂ ਕੀ ਖਾਂਦੇ ਹੋ, ਉੱਨੀ ਹੀ ਅਹਿਮਅਤ ਇਸ ਗੱਲ ਦੀ ਕਿ ਤੁਸੀਂ ਆਪਣੇ ਖਾਣੇ ਨੂੰ ਕਿਵੇਂ ਖਾਂਦੇ ਹੋ। ਜਿੰਨਾ ਹੋ ਸਕੇ ਖਾਣੇ ਨੂੰ ਘਰ ਬਣਾ ਕੇ ਖਾਣਾ, ਹੋਰਾਂ ਨਾਲ ਰਲ ਮਿਲ ਕੇ ਖਾਣਾ, ਖਾਣੇ ਦੀ ਪਲੇਟ ਵਿੱਚ ਕੀ ਹੈ, ਉਸ ਨਾਲੋਂ ਜੋ ਹੈ ਉਸਨੂੰ ਲੁਤਫ਼ ਨਾਲ ਖਾਣਾ ਅਤੇ ਮਾਰਕੀਟਿੰਗ ਸਟੰਟਾਂ ਤੋਂ ਸਾਵਧਾਨ ਰਹਿਣਾ ਸਾਡੇ ਸਾਰਿਆਂ ਦੇ ਹਿੱਤ ਵਿੱਚ ਹੈ। ਇਸ ਸਾਰੇ ਕੁੱਝ ਦੀ ‘ਲੰਗਰ’ ਤੋਂ ਵੱਡੀ ਕੀ ਮਿਸਾਲ ਹੋ ਸਕਦੀ ਹੈ।

 

Have something to say? Post your comment