Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਜਗ ਜਿਉਂਦਿਆਂ ਦੇ ਮੇਲੇ

January 25, 2019 07:56 AM

-ਜੋਗਿੰਦਰ ਭਟੀਆ
ਜਦੋਂ ਲੋਕਾਂ ਨੂੰ ਸੜਕਾਂ ਅਤੇ ਬਾਜ਼ਾਰਾਂ ਵਿੱਚ ਆਉਂਦੇ ਜਾਂਦੇ ਵੇਖੀਦਾ ਹੈ ਤਾਂ ਸਾਡਾ ਆਪਾ ਵੀ ਗਤੀ ਫੜ ਲੈਂਦਾ ਹੈ। ਇਸੇ ਨੂੰ ਧੜਕਦੀ ਜ਼ਿੰਦਗੀ ਆਖਦੇ ਹਨ। ਇਸੇ ਤਰ੍ਹਾਂ ਸਵੇਰ ਵੇਲੇ ਸੂਰਜ ਦੀ ਪਹਿਲੀ ਸੁਨਹਿਰੀ ਕਿਰਨ ਸਾਰੇ ਜੀਵਾਂ ਅਤੇ ਬਨਸਪਤੀ ਨੂੰ ਨਵੀਂ ਤਾਜ਼ਗੀ ਤੇ ਉਤਸ਼ਾਹ ਦਿੰਦੀ ਹੈ। ਇਸ ਦੇ ਨਿੱਘ ਨਾਲ ਫੁੱਲ ਬੂਟੇ ਉਸਰਦੇ ਹਨ। ਹੋਰ ਤਾਂ ਹੋਰ, ਇਸ ਨਾਲ ਮਨੁੱਖ ਦੀ ਜਿਊਣ ਦੀ ਚਾਹਤ ਵਧਦੀ ਹੈ। ਆਲੇ ਦੁਆਲੇ ਖੇੜੇ ਤੇ ਹੁਲਾਸ ਦਾ ਮਾਹੌਲ ਅੱਖਾਂ ਨੂੰ ਤਰਾਵਟ ਦਿੰਦਾ ਹੈ। ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ। ਬਚਪਨ ਤੇ ਜਵਾਨੀ ਇਸ ਦੀਆਂ ਦੋ ਅਵਸਥਾਵਾਂ ਬੜੀ ਤੇਜ਼ੀ ਨਾਲ ਅੱਖ ਦੇ ਫੋਰ ਵਿੱਚ ਲੰਘ ਜਾਂਦੀਆਂ ਹਨ। ਬਚਪਨ ਦਾ ਭੋਲਾਪਣ ਖੇਡਦੇ ਉਛਲਦੇ ਆਪਣੇ ਮਾਂ ਬਾਪ ਦੀ ਬੁੱਕਲ ਵਿੱਚ ਰਹਿ ਕੇ ਅਤੇ ਉਨ੍ਹਾਂ ਦੀ ਉਂਗਲ ਫੜ ਕੇ ਬੀਤਦਾ ਹੈ, ਪਰ ਜਵਾਨੀ ਆਪਹੁਦਰੀ ਤੇ ਮਸਤਾਨੀ ਹੈ। ਉਸ ਵਿੱਚ ਜੋਸ਼ ਹੈ, ਹੋਸ਼ ਨਹੀਂ। ਇਸ ਅਵਸਥਾ ਵਿੱਚ ਉਹ ਹਉਮੈ, ਹੰਕਾਰ ਅਤੇ ਨਫਰਤ ਦੀ ਅੱਗ ਵਿੱਚ ਸੜਦਾ ਭੱਜਾ ਫਿਰਦਾ ਹੈ। ਅਮੀਰ ਗਰੀਬ ਬੰਦੇ ਦਾ ਨਿਰਾਦਰ ਕਰਦੇ ਹਨ। ਉਨ੍ਹਾਂ ਦੀ ਚਾਲ ਢਾਲ ਤੇ ਬੋਲ ਬਾਣੀ ਵਿੱਚ ਫਰਕ ਪੈ ਜਾਂਦਾ ਹੈ। ਆਪਣੇ ਲਹੂ ਦੇ ਰਿਸ਼ਤਿਆਂ ਵਿੱਚ ਤ੍ਰੇੜਾਂ ਆ ਜਾਂਦੀਆਂ ਹਨ। ਹਮਸਾਏ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ। ਹਲੀਮੀ ਅਤੇ ਪਿਆਰ ਦੇ ਸਬਕ ਤੋਂ ਕੋਰੇ ਹੁੰਦੇ ਹਨ। ਉਹ ਜੀਵਨ ਮਰਿਆਦਾ ਵੀ ਭੁੱਲ ਜਾਂਦੇ ਹਨ। ਮਨੁੱਖ ਇਹ ਨਹੀਂ ਜਾਣਦਾ ਕਿ ਉਸ ਦੀ ਹੋਂਦ ਸਿਸ਼੍ਰਟੀ ਵਿੱਚ ਇਕ ਬਿੰਦੂ ਦੇ ਸਮਾਨ ਹੈ।
ਮੋਹਨ ਮੇਰਾ ਬਚਪਨ ਦਾ ਪਿਆਰਾ ਮਿੱਤਰ ਹੈ। ਉਹ ਬੜਾ ਸਾਊ ਤੇ ਨੇਕ ਇਨਸਾਨ ਹੈ। ਉਹ ਮੇਰੇ ਵਾਂਗ ਸੇਵਾਮੁਕਤ ਹੋਇਆ ਹੈ। ਅਸੀਂ ਦੋਵੇਂ ਨੇੜੇ ਤੇੜੇ ਰਹਿੰਦੇ ਹਾਂ। ਉਹ ਮੇਰਾ ਸਹਿ ਕਰਮੀ ਹੈ। ਸਾਡੇ ਖਿਆਲਾਤ ਇਕ ਦੂਜੇ ਨਾਲ ਮਿਲਦੇ ਹਨ। ਉਹ ਹਰੇਕ ਦੇ ਦੁੱਖ ਨੂੰ ਵੇਖ ਕੇ ਪਸੀਜ ਜਾਂਦਾ ਹੈ। ਕਦੇ-ਕਦੇ ਉਹ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਉਸ ਦੀਆਂ ਅੱਖਾਂ 'ਚੋਂ ਅੱਥਰੂ ਆਪ ਮੁਹਾਰੇ ਸਿੰਮ ਆਉਂਦੇ ਹਨ। ਉਸ ਨੂੰ ਕਿਸੇ ਦੇ ਬਿਮਾਰ ਹੋਣ ਦਾ ਪਤਾ ਲੱਗੇ ਸਹੀ, ਉਸ ਦੇ ਘਰ ਉਸੇ ਵੇਲੇ ਜਾਵੇਗਾ। ਉਸ ਦੀ ਸੁੱਖ ਸਾਂਦ ਪੁੱਛੇਗਾ। ਜੇ ਕੋਈ ਹਸਪਤਾਲ ਦਾਖਲ ਹੈ ਤਾਂ ਉਹ ਉਥੇ ਅੱਪੜ ਜਾਂਦਾ ਹੈ। ਭਾਵੇਂ ਉਹ ਉਸ ਨੂੰ ਜਾਣਦਾ ਹੋਵੇ, ਭਾਵੇਂ ਨਾ। ਇਸ ਤੋਂ ਵੱਧ ਉਹ ਹਰੇਕ ਦੀ ਅਰਥੀ ਨੂੰ ਮੋਢਾ ਦੇਵੇਗਾ ਤੇ ਸ਼ਮਸ਼ਾਨ ਭੂਮੀ ਤੱਕ ਉਸ ਨੂੰ ਛੱਡਣ ਜਾਵੇਗਾ। ਉਹ ਅਗਲੇ ਦੀ ਕਿਰਿਆ ਤੇ ਭੋਗ ਵਿੱਚ ਵੀ ਸ਼ਾਮਲ ਹੁੰਦਾ ਹੈ, ਪਰ ਕਦੀ ਵੀ ਟੈਂਟ ਵਿੱਚ ਲੱਗੇ ਹੋਏ ਖਾਣੇ ਤੇ ਚਾਹ ਪੀਣ ਵੱਲ ਮੂੰਹ ਨਹੀਂ ਕੀਤਾ।
ਇਕ ਦਿਨ ਦਾ ਵਾਕਿਆ ਹੈ। ਉਹ ਕਿਸੇ ਘਰ ਬੈਠੇ ਲੋਕਾਂ ਨੂੰ ਵੇਖ ਕੇ ਵਿਛੀ ਹੋਈ ਦਰੀ ਉਤੇ ਬਹਿ ਗਿਆ। ਉਨ੍ਹਾਂ ਦੇ ਕਿਸੇ ਘਰ ਦੇ ਜੀਅ ਦੀ ਮੌਤ ਹੋ ਗਈ ਸੀ। ਉਸ ਦੀ ਜਾਣ ਪਛਾਣ ਨਾ ਹੋਣ ਕਰਕੇ ਵੀ ਅਫਸੋਸ ਕਰਨ ਲਈ ਕਿੰਨਾ ਚਿਰ ਬੈਠਾ ਰਿਹਾ। ਦੂਜੇ ਪਾਸੇ ਘਰ ਵਾਲਿਆਂ ਨੇ ਉਸ ਨਾਲ ਕੋਈ ਗੱਲ ਨਾ ਕੀਤੀ। ਉਸ ਨੂੰ ਇਹ ਅਜੀਬ ਜਿਹਾ ਲੱਗਾ। ਆਖੀਰ ਜਾਂਦੀ ਵਾਰ ਉਹ ਆਪ ਉਠ ਕੇ ਉਨ੍ਹਾਂ ਨੂੰ ਮਿਲਿਆ ਤੇ ਦੱਸਿਆ ਕਿ ਮੇਰਾ ਨਾਂ ਮੋਹਨ ਹੈ ਤੇ ਮੈਂ ਤੁਹਾਡੇ ਲਾਗੇ ਮੰਦਰ ਵਾਲੀ ਗਲੀ ਵਿੱਚ ਰਹਿੰਦਾ ਹਾਂ। ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸਣਾ। ਮੈਂ ਹਰ ਵਕਤ ਹਾਜ਼ਰ ਹਾਂ। ਫਿਰ ਮੋਹਨ ਆਪ ਬਿਮਾਰ ਪੈ ਗਿਆ। ਉਸ ਦੇ ਗੋਡੇ ਦੁਖਣ ਲੱਗ ਪਏ। ਬਾਹਰ ਆਉਣਾ ਜਾਣਾ ਮੁਸ਼ਕਲ ਹੋ ਗਿਆ। ਭੰਬੀਰੀ ਵਾਂਗ ਘੁੰਮਣ ਵਾਲਾ ਬੰਦਾ ਅਪਾਹਜ ਜਿਹਾ ਹੋ ਕੇ ਰਹਿ ਗਿਆ। ਉਸ ਨੇ ਬਥੇਰਾ ਇਲਾਜ ਕਰਾਇਆ, ਪਰ ਆਰਾਮ ਕਿਤੋਂ ਨਾ ਆਇਆ।
ਮੈਂ ਕਦੀ-ਕਦੀ ਉਸ ਦਾ ਹਾਲ ਪੁੱਛਣ ਜਾਂਦਾ ਸਾਂ। ਉਹ ਮੇਰੇ ਅੱਗੇ ਡੁੱਲ੍ਹ-ਡੁੱਲ੍ਹ ਪੈਂਦਾ। ਕਹਿੰਦਾ, ‘ਦੇਖੋ! ਮੈਂ ਹਰੇਕ ਦਾ ਦੁੱਖ ਸੁੱਖ ਪੁੱਛਣ ਜਾਂਦਾ ਸਾਂ, ਪਰ ਅੱਜ ਕੱਲ੍ਹ ਤੇਰੇ ਬਿਨਾਂ ਮੇਰੇ ਕੋਲ ਕੋਈ ਨਹੀਂ ਆਉਂਦਾ।' ਮੈਂ ਉਸ ਨੂੰ ਸਮਝਾਉਂਦਾ ਕਿ ਤੂੰ ਫਿਕਰ ਕਿਉਂ ਕਰਦੈਂ? ਬਹੁਤੀ ਭੀੜ ਵਿੱਚ ਸਾਰੇ ਮਿੱਤਰ ਨਹੀਂ ਹੁੰਦੇ। ਉਨ੍ਹਾਂ 'ਚੋਂ ਸਿਰਫ ਦੋ ਚਾਰ ਹੀ ਹੁੰਦੇ ਹਨ। ਉਹ ਸਮਝ ਗਿਆ, ਪਰ ਫਿਰ ਵੀ ਹਰ ਮਿਲਣੀ 'ਤੇ ਇਹ ਸ਼ਿਕਵਾ ਜ਼ਰੂਰ ਕਰਦਾ। ਅੱਜ ਕੱਲ੍ਹ ਉਹ ਨਾ ਬਾਹਰ ਤੁਰਦਾ ਫਿਰਦਾ ਅਤੇ ਨਾ ਕਿਸੇ ਨਾਲ ਬਹੁਤੀ ਗੱਲ ਕਰਦਾ। ਉਸ ਨੂੰ ਜ਼ਿੰਦਗੀ ਦੀ ਹਕੀਕਤ ਦਾ ਪਤਾ ਲੱਗ ਗਿਆ ਸੀ। ਦੁੱਖ ਦੀ ਘੜੀ ਵਿੱਚ ਆਪਣੇ ਵੀ ਬੇਗਾਨੇ ਹੋ ਜਾਂਦੇ ਹਨ। ਇਹ ਦੁਨੀਆ ਮਤਲਬ ਪ੍ਰਸਤ ਹੈ। ਮਤਲਬ ਹੋਇਆ ਤਾਂ ਕੋਲ-ਕੋਲ ਆ ਜਾਣਗੇ, ਨਹੀਂ ਤਾਂ ਦੂਰ ਰਹਿਣਗੇ। ਦੁਨੀਆ ਵਿੱਚ ਕਿਹੜਾ ਮਨੁੱਖ ਹੈ, ਜਿਸ ਨੂੰ ਕਦੇ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਦੁੱਖ ਹਮੇਸ਼ਾ ਨਹੀਂ ਰਹਿੰਦੇ। ਜ਼ਿੰਦਗੀ ਧੁੱਪ ਛਾਂ ਹੈ। ਮੈਨੂੰ ਚੰਗੇ ਤੁਰਦੇ ਫਿਰਦੇ ਨੂੰ ਸਾਹ ਚੜ੍ਹਨ ਲੱਗ ਪਿਆ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਜਦੋਂ ਡਾਕਟਰ ਕੋਲ ਗਿਆ ਤਾਂ ਉਸ ਨੇ ਦਾਖਲ ਕਰ ਲਿਆ। ਤਿੰਨ ਦਿਨ ਪਿੱਛੋਂ ਆਰਾਮ ਨਾ ਆਇਆ ਤਾਂ ਇਕ ਨਿੱਜੀ ਹਸਪਤਾਲ ਦਾ ਮੂੰਹ ਕੀਤਾ। ਮੇਰੇ ਸਾਰੇ ਨਜ਼ਦੀਕੀ ਯਾਰ ਮਿੱਤਰਾਂ ਨੂੰ ਪਤਾ ਲੱਗ ਗਿਆ, ਪਰ ਨਾ ਕਿਸੇ ਦਾ ਫੋਨ ਆਇਆ ਅਤੇ ਨਾ ਮੇਰੀ ਸਿਹਤ ਬਾਰੇ ਪੁੱਛਣ ਆਇਆ। ਅੱਜ ਮੈਂ ਘਰ ਆ ਗਿਆ ਹਾਂ, ਪਰ ਮੰਜੇ ਨਾਲ ਜੁੜਿਆ ਹੋਇਆ ਹਾਂ। ਜਿਹੜੀਆਂ ਹਸਪਤਾਲ ਵਿੱਚ ਛੇ ਦਿਨ ਤੇ ਛੇ ਰਾਤਾਂ ਗੁਜ਼ਾਰੀਆਂ, ਉਹ ਮੈਨੂੰ ਹੀ ਪਤਾ ਹਨ। ਮਨੁੱਖ ਹਸਪਤਾਲ ਦੇ ਬੈਡ ਉਤੇ ਲੇਟਿਆ ਹੋਵੇ ਤਾਂ ਬੇਚੈਨੀ ਤਾਂ ਹੁੰਦੀ ਹੈ। ਬਾਹਰ ਕੀ ਹੁੰਦਾ ਹੈ, ਕੁਝ ਪਤਾ ਨਹੀਂ ਲੱਗਦਾ। ਕਮਜ਼ੋਰੀ ਇੰਨੀ ਕਿ ਦੋ ਕਦਮ ਨਹੀਂ ਜਾ ਸਕਦਾ। ਇਹ ਜੀਵਨ ਦੀ ਤੀਜੀ ਅਵਸਥਾ ਹੈ। ਜਦੋਂ ਸਰੀਰ ਵੀ ਸਾਥ ਦੇਣੋਂ ਅਸਮਰੱਥ ਹੋ ਜਾਂਦਾ ਹੈ ਤਾਂ ਸਾਰੇ ਸਾਥ ਛੱਡ ਦਿੰਦੇ ਹਨ। ਇਹ ਉਸ ਦੀ ਬਣਾਈ ਖੇਡ ਹੈ। ਪਹਿਲਾਂ ਜਨਮ ਲੈਣਾ ਤੇ ਫਿਰ ਜੀਵਨ ਦਾ ਅੰਤ! ਇਨਸਾਨ ਬੱਚਿਆਂ ਨੂੰ ਕੰਧੇੜੀ ਚੁੱਕਦਾ ਹੈ ਤੇ ਫਿਰ ਉਨ੍ਹਾਂ ਦਾ ਸਹਾਰਾ ਲੱਭਦਾ ਹੈ। ਬੁਢਾਪੇ ਵਿੱਚ ਰੋਗ ਤੇ ਇਕਲਾਪਾ ਨਾਲੋ-ਨਾਲ ਚੱਲਦੇ ਹਨ। ਜੇ ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਹੈ ਤਾਂ ਅੱਗੋਂ ਸ੍ਰੀਮਤੀ ਜੀ ਮੇਰੇ ਬਾਰੇ ਬਸ ਇਹੋ ਕਹਿੰਦੇ ਹਨ ਕਿ ਉਹ ਠੀਕ ਹਨ। ਮੈਨੂੰ ਆਪਣੇ ਦੋਸਤਾਂ ਮਿੱਤਰਾਂ ਦਾ ਖਿਆਲ ਆਉਂਦਾ ਹੈ ਤਾਂ ਉਨ੍ਹਾਂ 'ਚੋਂ ਕੋਈ ਨਹੀਂ ਬਹੁੜਿਆ, ਪਰ ਮੇਰਾ ਲੰਗੋਟੀਆ ਯਾਰ ਜ਼ਰੂਰ ਔਖਾ ਸੌਖਾ ਹੋ ਕੇ ਮੇਰਾ ਪਤਾ ਲੈਣ ਆ ਜਾਂਦਾ ਹੈ।
ਮੈਂ ਸੋਚਦਾ ਹਾਂ ਕਿ ਮੇਰਾ ਹਾਲਚਾਲ ਪੁੱਛਣ ਲਈ ਕੋਈ ਨਾ ਕੋਈ ਜ਼ਰੂਰ ਆਵੇਗਾ। ਇੰਨੇ ਵਿੱਚ ਗੇਟ ਦੀ ਬਾਹਰਲੀ ਘੰਟੀ ਖੜਕਦੀ ਹੈ। ਮੈਂ ਬੜੀ ਮੁਸ਼ਕਲ ਨਾਲ ਉਠ ਕੇ ਜਾਂਦਾ ਹਾਂ, ਮਤਾਂ ਕੋਈ ਮਿੱਤਰ ਪਿਆਰਾ ਨਾ ਹੋਵੇ। ਉਹ ਅਖਬਾਰ ਦਾ ਬਿੱਲ ਲੈਣ ਲਈ ਹਾਕਰ ਆਇਆ ਸੀ। ਮੈਂ ਅੰਦਰ ਆਉਂਦਾ ਹਾਂ। ਫਿਰ ਕੁਝ ਚਿਰ ਪਿੱਛੋਂ ਘੰਟੀ ਵੱਜਦੀ ਹੈ। ਮੈਂ ਬੇਸਬਰੀ ਨਾਲ ਜਾਂਦਾ ਹਾਂ ਤਾਂ ਅੱਗੋਂ ਗੈਸ ਸਿਲੰਡਰ ਦੇਣ ਵਾਲਾ ਖੜਾ ਸੀ। ਕਦੀ ਕੋਈ ਗਲੀ ਦਾ ਬਾਲ ਘੰਟੀ ਵਜਾ ਕੇ ਰਫੂਚੱਕਰ ਹੋ ਜਾਂਦਾ ਹੈ। ਕਦੇ ਕੋਈ ਮੰਗਤਾ ਘੰਟੀ ਦਾ ਬਟਨ ਦੱਬ ਦਿੰਦਾ। ਮੇਰੀ ਨੀਂਦ ਖੁੱਲ੍ਹ ਜਾਂਦੀ। ਜੇ ਭੁੱਲ ਭੁਲੇਖੇ ਨਾਲ ਕਿਸੇ ਦਾ ਫੋਨ ਆਉਂਦਾ ਤਾਂ ਡਿੱਗਦੇ ਢਹਿੰਦੇ ਚੁੱਕ ਲੈਂਦਾ। ਅੱਗੋਂ ਕੋਈ ਗਾਣਾ ਚੱਲ ਰਿਹਾ ਹੁੰਦਾ ਤਾਂ ਬੇਆਰਾਮ ਕਰਨ ਵਾਲੀ ਆਵਾਜ਼ ਬੰਦ ਕਰ ਦਿੰਦਾ ਹਾਂ। ਮੈਂ ਆਪਣੇ ਨੇੜਲੇ ਮਿੱਤਰਾਂ ਨੂੰ ਦੂਜੇ ਤੀਜੇ ਹਫਤੇ ਫੋਨ ਜ਼ਰੂਰ ਕਰਦਾ ਹਾਂ, ਪਰ ਮੈਨੂੰ ਉਨ੍ਹਾਂ ਦਾ ਕੋਈ ਫੋਨ ਨਹੀਂ ਆਇਆ ਤੇ ਨਾ ਕੋਈ ਘਰ ਆ ਕੇ ਮਿਲਿਆ ਹੈ। ਮੈਂ ਸੋਚਦਾ ਹਾਂ ਕਿ ਲੋਕਾਂ ਦਾ ਕਿੱਦਾਂ ਦਾ ਵਰਤਾਰਾ ਹੈ। ਜਿਉਂਦੇ ਜਾਗਦੇ ਕੋਈ ਨਹੀਂ ਮਿਲਣ ਆਇਆ ਤਾਂ ਫਿਰ ਅੱਖਾਂ ਮੀਟਣ 'ਤੇ ਕੌਣ ਆਏਗਾ?

Have something to say? Post your comment