Welcome to Canadian Punjabi Post
Follow us on

28

March 2024
 
ਸੰਪਾਦਕੀ

ਟਰੂਡੋ ਸਰਕਾਰ ਦੇ ਰਿਕਾਰਡਤੋੜ ਖਰਚਿਆਂ ਦਾ ਬੋਝ

January 25, 2019 07:48 AM

ਪੰਜਾਬੀ ਪੋਸਟ ਸੰਪਾਦਕੀ
ਫਰੇਜ਼ਰ ਇਨਸਟੀਚਿਉਟ ਨੇ ਆਪਣੀ ‘ਪ੍ਰਧਾਨ ਮੰਤਰੀ ਅਤੇ ਸਰਕਰ ਦੇ ਖਰਚੇ, 2019’ (Prime ministers and government spending, 2019) ਨਾਮਕ ਰਿਪੋਰਟ ਦੋ ਦਿਨ ਪਹਿਲਾਂ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ 3 ਹੀ ਅਜਿਹੇ ਸਾਲ ਰਹੇ ਹਨ ਜਦੋਂ ਸੱਭ ਤੋਂ ਵੱਧ ਪ੍ਰਤੀ ਵਿਅਕਤੀ ਖਰਚੇ ਸਰਕਾਰਾਂ ਵੱਲੋਂ ਕੀਤੇ ਗਏ। ਇਸ ਵਿੱਚ ਜੰਗ ਅਤੇ ਆਰਥਕ ਮੰਦਵਾੜੇ ਦੌਰਾਨ ਹੋਣ ਵਾਲੇ ਖਰਚਿਆਂ ਦਾ ਅਰਸਾ ਵੀ ਸ਼ਾਮਲ ਹੈ। ਇਹ ਸਿਹਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਿਰ ਬੱਝਦਾ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ ਖਰਚਿਆਂ ਵਾਲੇ ਤਿੰਨ ਸਾਲਾਂ ਵਿੱਚੋਂ ਦੋ ਸਾਲ (2017 ਅਤੇ 2018) ਦਾ ਇਤਿਹਾਸਕ ਰਿਕਾਰਡ ਉਹਨਾਂ ਨੇ ਬਣਾਇਆ ਹੈ।

2018 ਵਿੱਚ ਟਰੂਡੋ ਸਰਕਾਰ ਨੇ ਪ੍ਰਤੀ ਵਿਅਕਤੀ 8639 ਡਾਲਰ ਖਰਚੇ ਕੀਤੇ ਜੋ ਕਿ ਆਰਥਕ ਮੰਦਵਾੜੇ ਦੇ ਸਿਖ਼ਰ ਉੱਤੇ ਹਾਰਪਰ ਸਰਕਾਰ ਵੱਲੋਂ ਕੀਤੇ ਗਏ ਪ੍ਰਤੀ ਵਿਅਕਤੀ 8711 ਡਾਲਰ ਖਰਚੇ ਤੋਂ ਸਿਰਫ਼ 72 ਡਾਲਰ ਘੱਟ ਹਨ। ਜਦੋਂ ਲਿਬਰਲ ਸਰਕਾਰ ਨੇ 2015 ਵਿੱਚ ਸੱਤਾ ਸੰਭਾਲੀ ਤਾਂ ਇਸਨੇ ਪ੍ਰੋਗਰਾਮ ਖਰਚਿਆਂ ਵਿੱਚ 2014 ਨਾਲੋਂ ਯਕਦਮ 7.7 ਬਿਲੀਅਨ ਡਾਲਰ ਦਾ ਵਾਧਾ ਕਰ ਦਿੱਤਾ ਸੀ। ਹਾਰਪਰ ਸਰਕਾਰ ਨੇ 2015 ਵਿੱਚ 7345 ਡਾਲਰ ਪ੍ਰਤੀ ਵਿਅਕਤੀ ਖਰਚ ਕਰਨ ਦੀ ਯੋਜਨਾ ਬਣਾਈ ਸੀ ਜੋ ਪਾਰਟੀ ਦੀ ਹਾਰ ਕਾਰਨ ਧਰੀ ਧਰਾਈ ਰਹਿ ਗਈ। ਇਸਦੇ ਉਲਟ ਲਿਬਰਲਾਂ ਨੇ ਉਸ ਸਾਲ 7560 ਡਾਲਰ ਪ੍ਰਤੀ ਵਿਅਕਤੀ ਖਰਚ ਕੀਤਾ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਕਾਰਜਕਾਲ ਦੌਰਾਨ ਬੱਜਟ ਵਿੱਚ ਜੋ 3.1 ਪ੍ਰਤੀਸ਼ਤ ਦਾ ਵਾਧਾ ਲਿਆਂਦਾ ਹੈ, ਉਹ ਦੂਜੀ ਵੱਡੀ ਜੰਗ ਤੋਂ ਬਾਅਦ ਚੌਥਾ ਸੱਭ ਤੋਂ ਵੱਡਾ ਵਾਧਾ ਹੈ। ਇਸਤੋਂ ਪਹਿਲਾਂ ਜਸਟਿਨ ਟਰੂਡੋ ਦੇ ਪਿਤਾ ਪੀਅਰੇ ਟਰੂਡੋ (4.5%), ਲੈਸਟਰ ਪੀਅਰਸਨ (5.3%) ਅਤੇ ਲੂਈਸ ਲੌਰੈਂਟ (7.0%) ਨੇ ਵਾਧੇ ਕੀਤੇ ਸਨ। ਜੰਗ ਤੋਂ ਬਾਅਦ ਖਰਚੇ ਘੱਟ ਕਰਨ ਦਾ ਸਿਹਰਾ ਜੌਨ ਕਰੈਚੀਅਨ ਨੂੰ ਜਾਂਦਾ ਹੈ ਜਿਸਨੇ 1994 ਤੋਂ 1996 ਦਰਮਿਆਨ 16.5% ਕਟੌਤੀ ਨੂੰ ਸੰਭਵ ਕੀਤਾ ਸੀ।

ਜਿੱਥੇ ਤੱਕ ਜਸਟਿਨ ਟਰੂਡੋ ਸਰਕਾਰ ਦਾ ਸੁਆਲ ਹੈ, ਇਸਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਸਾਲਾਂ (2016 ਤੋਂ 2018) ਵਿੱਚ 10 ਬਿਲੀਅਨ ਡਾਲਰ ਘਾਟੇ ਦਾ ਬੱਜਟ ਲਿਆ ਕੇ 2019 ਵਿੱਚ ਬੱਜਟ ਨੂੰ ਸਾਵਾਂ ਕਰਨ ਵਾਅਦਾ ਕੀਤਾ ਸੀ ਪਰ ਹੋਇਆ ਇਸਤੋਂ ਉਲਟ। 2018 ਵਿੱਚ ਸਾਡਾ ਬੱਜਟ ਘਾਟਾ 20 ਬਿਲੀਅਨ ਡਾਲਰ ਤੱਕ ਜਾ ਪੁੱਜਾ ਹੈ। ਕੈਨੇਡਾ ਦੇ ਵਿੱਤ ਮਹਿਕਮੇ ਵੱਲੋਂ ਹੁਣ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਦੇ ਬੱਜਟ ਦੀ 2045 ਤੱਕ ਸਾਵਾਂ ਹੋਣ ਦੀ ਆਸ ਨਹੀਂ ਰੱਖੀ ਜਾਣੀ ਚਾਹੀਦੀ।

ਇਸ ਤੱਥ ਦਾ ਮੁਕਾਬਲਾ ਉਂਟੇਰੀਓ ਲਿਬਰਲ ਸਰਕਾਰ ਨਾਲ ਕਰਨਾ ਤਰਕਸੰਗਤ ਹੋਵੇਗਾ ਜਿਸਨੇ 2018 ਵਿੱਚ ਬੱਜਟ ਨੂੰ ਸਾਵਾਂ ਕਰਨ ਦਾ ਵਾਅਦਾ ਕਰਕੇ 6 ਬਿਲੀਅਨ ਘਾਟੇ ਦਾ ਬੱਜਟ ਪੇਸ਼ ਕਰ ਦਿੱਤਾ ਸੀ। ਆਪਣੇ ਆਖਰੀ ਸਾਲ ਕੈਥਲਿਨ ਵਿੱਨ ਨੇ ਹਰ ਪਾਸੇ ਡਾਲਰ ਵੰਡਣ ਦੀ ਵਰਖਾ ਕਰ ਦਿੱਤੀ ਸੀ, ਸ਼ਾਇਦ ਇਸ ਆਸ ਨਾਲ ਕਿ ਲੋਕੀ ਵੋਟ ਪਾਉਣਗੇ। ਨਤੀਜਾ ਡੱਗ ਫੋਰਡ ਬੱਜਟ ਸਾਵਾਂ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਵਿਗੜੇ ਸਿਸਟਨ ਨੂੰ ਠੀਕ ਕਰਨ ਵਿੱਚ ਸਫਲ ਨਹੀਂ ਹੋ ਰਿਹਾ। ਜੇ ਕਿਧਰੇ ਥੋੜੀਆਂ ਬਹੁਤੀਆਂ ਕਟੌਤੀਆਂ ਰਾਹੀਂ ਬੱਚਤ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਤਾਂ ਮੀਡੀਆ ਵਿੱਚ ਇੰਝ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕੋਈ ਪਾਪ ਦੀ ਜੰਝ ਲੈ ਕੇ ਧਾਹ ਪਿਆ ਹੋਵੇ।
ਇਹ ਮੰਨਿਆ ਹੋਇਆ ਤੱਥ ਹੈ ਕਿ ਜਿਹੜੀਆਂ ਸਰਕਾਰਾਂ ਵੱਲੋਂ ਆਮਦਨ ਅਤੇ ਲੋੜ ਦਾ ਖਿਆਲ ਕੀਤੇ ਬਿਨਾ ਖਰਚੇ ਕੀਤੇ ਜਾਂਦੇ ਹਨ, ਉਹ ਪਬਲਿਕ ਨੂੰ ਮੁਫ਼ਤ ਖਾਣ ਦੀ ਅਜਿਹੀ ਚਾਸ਼ਣੀ ਉੱਤੇ ਲਾ ਦੇਂਦੀਆਂ ਹਨ ਜੋ ਬੁੱਲਾਂ ਨੂੰ ਸੁਆਦੀ ਲੱਗਦੀ ਹੈ ਪਰ ਪੇਟ ਵਿੱਚ ਸ਼ੱਕਰ ਰੋਗ ਪੈਦਾ ਕਰਦੀ ਹੈ। ਫੈਡਰਲ ਲਿਬਰਲ ਸਰਕਾਰ ਵੀ ਅਜਿਹੇ ਰਸਤੇ ਤੁਰੀ ਹੋਈ ਹੈ। ਇਸ ਵੱਲੋਂ ਕਰਜ਼ੇ ਸਹਾਰੇ ਲਿਆਂਦੀ ਖਰਚਿਆਂ ਦੀ ਹਨੇਰੀ ਦਾ ਖਾਮਿਆਜਾ ਜਨਤਾ ਨੂੰ ਲੰਬੇ ਸਮੇਂ ਤੱਕ ਭੁਗਤਣਾ ਪਵੇਗਾ। ਜਦੋਂ ਕਿਸੇ ਗੈਰ-ਲਿਬਰਲ ਸਰਕਾਰ ਵੱਲੋਂ ਇਸ ਝਮੇਲੇ ਨੂੰ ਸਾਫ਼ ਕਰਨ ਦੀ ਕੋਸਿ਼ਸ਼ ਕਰੇਗੀ, ਉਸਨੂੰ ਪਬਲਿਕ ਹਿੱਤਾਂ ਉੱਤੇ ਡਾਕਾ ਮਾਰਨ ਵਾਲੀ ਗਰਦਾਨੇ ਜਾਣ ਲਈ ਹੁਣ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ