Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

..ਤੇ ਅਸੀਂ ਵਹਿਮਾਂ ਤੋਂ ਬਚ ਗਏ

January 24, 2019 09:01 AM

-ਸੁਰਜੀਤ ਭਗਤ 
ਅੱਧੀ ਰਾਤ ਲੰਘ ਚੱਲੀ ਸੀ, ਪਰ ਟੱਬਰ ਦੇ ਕਿਸੇ ਵੀ ਜੀਅ ਨੂੰ ਨੀਂਦ ਨਹੀਂ ਸੀ ਆ ਰਹੀ। ਸਾਰੇ ਇਕ ਦੂਜੇ ਤੋਂ ਵੱਧ ਫਿਕਰਮੰਦ ਸਨ। ਦਿਨ ਵਿੱਚ ਕਈ ਵਾਰੀ ਇਕੋ ਸਵਾਲ ਪੁੱਛ-ਪੁੱਛ ਹਾਰੀ ਪਤਨੀ ਨੇ ਇਕ ਵਾਰੀ ਫਿਰ ਚੁੱਪ ਤੋੜੀ, ‘ਜੀ ਕੋਈ ਗੱਲ ਆਉਂਦੀ ਸਮਝ 'ਚ?' 
ਇਕੋ ਸਵਾਲ ਕਈ ਵਾਰੀ ਸੁਣ-ਸੁਣ ਕੇ ਮੇਰੇ ਵੀ ਕੰਨ ਪੱਕ ਚੁੱਕੇ ਸਨ, ਇਸ ਲਈ ਇਕ ਤਰ੍ਹਾਂ ਨਾਲ ਕੁੱਦ ਕੇ ਪੈ ਗਿਆ, ‘ਮੈਨੂੰ ਨ੍ਹੀਂ ਇਨ੍ਹਾਂ ਗੱਲਾਂ 'ਤੇ ਬਿਲਕੁਲ ਵੀ ਵਿਸ਼ਵਾਸ।' ਇਹ ਕਹਿ ਕੇ ਮੈਂ ਗੱਲ ਸਮੇਟਣ ਅਤੇ ਸੌਣ ਦੀ ਕੋਸ਼ਿਸ਼ 'ਚ ਸਾਂ, ਪਰ ਉਸ ਦਾ ਸਵਾਲ ਵੀ ਜਾਇਜ਼ ਸੀ। ਉਪਰਲੇ ਕਮਰੇ 'ਚ ਬੰਦ ਪਈ ਅਲਮਾਰੀ 'ਚ ਪਏ, ਦਸਵੀਂ ਵਿੱਚ ਪੜ੍ਹਦੀ ਧੀ ਦੇ ਨਵੇਂ ਨਕੋਰ ਸੂਟ ਨੂੰ ਕੱਟ ਕਿਸ ਤਰ੍ਹਾਂ ਲੱਗ ਸਕਦੇ ਹਨ? ਖਾਸ ਕਰ, ਕਈ ਬਟਨ ਬੜੀ ਬੇਦਰਦੀ ਨਾਲ ਸੂਟ ਨਾਲੋਂ ਕੱਟ ਕੇ ਲਾਹੇ ਗਏ ਜਾਪਦੇ ਸਨ। ਦੋ ਮਹੀਨੇ ਹੱਥ ਨਾਲ ਕਢਾਈ ਕਰਕੇ ਸਖਤ ਮਿਹਨਤ ਨਾਲ ਤਿਆਰ ਕੀਤੇ ਸੂਟ ਦਾ ਇਹ ਹਾਲ ਵੇਖ ਕੇ ਧੀ ਰੋਣਹਾਕੀ ਹੋਈ ਫਿਰਦੀ ਸੀ। ਉਪਰੋਂ ਦੀਵਾਲੀ ਦੇ ਦਿਨ ਸਨ। ਕਹਿੰਦੇ, ਇਨ੍ਹਾਂ ਦਿਨਾਂ ਵਿੱਚ ਜਾਦੂ ਟੂਣੇ ਵਾਲੇ ਕਾਫੀ ਸਰਗਰਮ ਹੁੰਦੇ ਹਨ। ਅਜਿਹੀ ਘਟਨਾ ਕਿਸੇ ਅਣਹੋਣੀ ਦੀ ਪੇਸ਼ਗੀ ਨਿਸ਼ਾਨੀ ਹੋ ਸਕਦੀ ਹੈ। ਹੋ ਸਕਦਾ, ਇਹ ਕਿਸੇ ਦੋਖੀ ਦਾ ਕੀਤਾ ਕਰਾਇਆ ਹੀ ਹੋਵੇ? ਪਤਨੀ ਨੂੰ ਇਹ ਗੱਲ ਵੀ ਵੱਢ-ਵੱਢ ਖਾ ਰਹੀ ਸੀ।
ਗੱਲ ਇਹ ਵੀ ਵਜ਼ਨਦਾਰ ਸੀ ਕਿ ਉਪਰਲੇ ਕਮਰੇ 'ਚ ਜਾਣ ਲਈ ਸਿਰਫ ਇਕੋ ਪੌੜੀ ਚੜ੍ਹਦੀ ਸੀ ਜੋ ਰਸੋਈ ਕੋਲ ਸੀ। ਉਪਰ ਜਾਣ ਵਾਲਾ ਕੋਈ ਵੀ ਸ਼ਖਸ ਸਿਰਫ ਇਸੇ ਰਸਤੇ ਹੀ ਆ ਜਾ ਸਕਦਾ ਸੀ। ‘ਜੇ ਕੋਈ ਆਇਆ ਨਹੀਂ ਤਾਂ ਫਿਰ ਨਵੀਂ ਕਮੀਜ਼ ਥਾਂ-ਥਾਂ ਤੋਂ ਕਿੱਦਾਂ ਕੱਟੀ ਗਈ?' ਪਤਨੀ ਨੂੰ ਚੈਨ ਨਹੀਂ ਸੀ ਆ ਰਿਹਾ।
‘ਕੋਈ ਚੂਹਾ ਕੁਤਰ ਗਿਆ ਹੋਵੇਗਾ।' ਮੈਂ ਗੱਲ ਦਬਾਉਣ ਦੇ ਮਨਸ਼ੇ ਨਾਲ ਆਖਿਰੀ ਪੱਤਾ ਖੇਡਿਆ। 
‘ਫਿਰ ਕੁਤਰੇ ਹੋਏ ਕੱਪੜੇ ਦੇ ਟੁਕੜੇ ਜਾਂ ਧਾਗੇ ਕਿੱਥੇ ਗਏ?' ਪਤਨੀ ਨੇ ਵਕੀਲਾਂ ਵਾਂਗ ਕ੍ਰਾਸ ਮਾਰਿਆ। ਮੈਨੂੰ ਕੋਈ ਜਵਾਬ ਨਹੀਂ ਸੀ ਓਹੜ ਰਿਹਾ।
‘ਚੱਲ ਛੱਡ ਯਾਰ, ਸੌਂ ਜਾਓ', ਕਹਿ ਕੇ ਮੈਂ ਇਕ ਤਰ੍ਹਾਂ ਨਾਲ ਹਥਿਆਰ ਸੁੱਟ ਦਿੱਤੇ ਸਨ। ਢਾਈ ਤਿੰਨ ਘੰਟੇ ਤੋਂ ਘਰ ਦੀ ਉਪਰਲੀ ਛੱਤ 'ਤੇ ਡੱਠੇ ਮੰਜਿਆਂ ਉਤੇ ਪਿਆ ਸਾਰਾ ਟੱਬਰ ਇਹੀ ਮਗਜ਼ ਖਪਾਈ ਕਰ ਰਿਹਾ ਸੀ। ਸਾਰੇ ਸਮੇਂ ਦੌਰਾਨ ਪੰਜਵੀਂ 'ਚ ਪੜ੍ਹਦਾ ਸਾਡਾ ਮੁੰਡਾ ਬੇਚੈਨ ਜਿਹਾ ਲੱਗ ਰਿਹਾ ਸੀ। ਕਦੇ ਉਹ ਕਿਸੇ ਬਹਾਨੇ ਅੰਦਰਲੇ ਕਮਰੇ ਵਿੱਚੋਂ ਬਾਹਰ ਆਉਂਦਾ, ਕਦੇ ਕਿਸੇ ਬਹਾਨੇ ਬਾਹਰ ਗੇੜਾ ਕੱਢ ਜਾਂਦਾ। ਮੈਂ ਸੌਣ ਲੱਗਿਆਂ ਵੈਸੇ ਹੀ ਪਾਣੀ ਪੀਣ ਦੀ ਗੱਲ ਕੀਤੀ ਤਾਂ ਉਹ ਝੱਟ ਹੇਠਾਂ ਪਾਣੀ ਲੈਣ ਜਾਣ ਲਈ ਤਿਆਰ ਹੋ ਗਿਆ। ਮੈਂ ਹੈਰਾਨ, ਦਿਨੇ ਹਰ ਕੰਮ ਮੇਂਗਣਾਂ ਪਾ ਕੇ ਕਰਨ ਵਾਲਾ ਮੁੰਡਾ ਅੱਜ ਅੱਧੀ ਰਾਤ ਨੂੰ ਵੀ ਸਰਵਣ ਪੁੱਤਰ ਬਣ ਰਿਹਾ ਹੈ। ਖੈਰ! ਪਾਣੀ ਪੀ ਕੇ ਸੌਣ ਲੱਗਾ ਸਾਂ ਕਿ ਉਹ ਅਚਾਨਕ ਆਪਣੀ ਮਾਂ ਕੋਲੋਂ ਉਠ ਕੇ ਡਰਦਾ-ਡਰਦਾ ਮੇਰੇ ਮੰਜੇ ਕੋਲ ਬਾਹਰ ਆ ਗਿਆ ਅਤੇ ਕਹਿਣ ਲੱਗਾ, ‘ਦੀਦੀ ਦਾ ਸੂਟ ਮੈਂ ਕੱਟਿਆ ਸੀ।' 
ਸੁਣਦੇ ਸਾਰ ਵੱਟ ਬਥੇਰਾ ਚੜ੍ਹਿਆ ਪਰ ਉਸ ਦੇ ਸੱਚ ਬੋਲਣ 'ਤੇ ਜਜ਼ਬਾਤੀ ਹੋ ਕੇ ਮੈਂ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ, ‘ਸੱਚ ਬੋਲਣ ਵਾਲਾ ਬੰਦਾ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਂਦਾ', ਪਰ ਨਾਲ ਮੇਰਾ ਸੁਆਲ ਸੀ, ‘ਤੂੰ ਇੱਦਾਂ ਕਿਉਂ ਕੀਤਾ?' 
‘ਕੱਲ੍ਹ ਮੈਂ ਬੈਠਕ ਵਿੱਚ ਟੀ ਵੀ ਉੱਤੇ ਕਾਰਟੂਨ ਵੇਖ ਰਿਹਾ ਸਾਂ ਕਿ ਦੀਦੀ ਤੇ ਮਾਸੀ ਦੀ ਕੁੜੀ ਰਾਧਾ ਆਈਆਂ..ਮੈਨੂੰ ਇਹ ਕਹਿ ਕੇ ਬਾਹਰ ਕੱਢ 'ਤਾ ਕਿ ਕਮਰੇ ਦੀ ਸਫਾਈ ਕਰਨੀ ਹੈ। ਮੈਂ ਬਥੇਰਾ ਕਿਹਾ, ਸਿਰਫ ਦੋ ਮਿੰਟ ਦਾ ਪ੍ਰੋਗਰਾਮ ਰਹਿ ਗਿਆ, ਪਰ ਦੋਵਾਂ ਨੇ ਮੈਨੂੰ ਧੂਹ ਕੇ ਕਮਰੇ 'ਚੋਂ ਬਾਹਰ ਕੱਢ ਦਿੱਤਾ ਤੇ ਨਾਲ ਹੁਕਮ ਚਾੜ੍ਹਿਆ ਮੈਂ ਤੀਜੀ ਮੰਜ਼ਿਲ ਤੇ ਜਾ ਕੇ ਗਮਲਿਆਂ 'ਚ ਪਾਣੀ ਪਾ ਕੇ ਆਵਾਂ। ਗੁੱਸੇ 'ਚ ਭਰੇ ਪੀਤੇ ਨੇ ਉਪਰ ਆ ਕੇ ਬੂਟਿਆਂ ਨੂੰ ਪਾਣੀ ਦੇਣ ਲਈ ਕੱਪ ਚੁੱਕਣ ਵੇਲੇ ਕੋਲ ਪਈ ਕੈਂਚੀ ਵੀ ਚੁੱਕ ਲਈ ਅਤੇ ਸਾਰਾ ਗੁੱਸਾ ਸੂਟ ਤੇ ਨਿਕਲ ਗਿਆ।' ਉਸ ਨੇ ਸਾਰੀ ਗੱਲ ਇਕੋ ਸਾਹੇ ਕਹਿ ਸੁਣਾਈ।
ਇਹ ਸਾਰੀ ਵਾਰਤਾ ਨਾਲ ਮੰਜੀ ਤੇ ਪਈਆਂ ਦੋਵੇਂ ਮਾਵਾਂ ਧੀਆਂ ਵੀ ਚੁੱਪ ਚਾਪ ਸੁਣ ਰਹੀਆਂ ਸਨ, ਪਰ ਕੁਝ ਵੀ ਕਹਿਣ ਤੋਂ ਅਸਮਰਥ ਸਨ। ਗੁੱਸਾ ਤਾਂ ਭਾਵੇਂ ਉਨ੍ਹਾਂ ਨੂੰ ਕਾਫੀ ਚੜ੍ਹ ਰਿਹਾ ਸੀ, ਪਰ ਬੱਚੇ ਦੇ ਬੋਲੇ ਸੱਚ ਨੇ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਸਨ। ਕੁੜੀ ਦੀ ਦੋ ਮਹੀਨੇ ਦੀ ਆਪਣੇ ਸੂਟ ਉਤੇ ਕੀਤੀ ਸਖਤ ਮਿਹਨਤ ਉਪਰ ਪਾਣੀ ਫਿਰ ਜਾਣ ਤੇ ਵਧੀਆ ਸੂਟ ਖਰਾਬ ਹੋ ਜਾਣ ਅਤੇ ਨੁਕਸਾਨ ਨਾਲੋਂ ਮੈਨੂੰ ਬੱਚੇ ਵੱਲੋਂ ਬੋਲਿਆ ਸੱਚ ਜ਼ਿਆਦਾ ਫਾਇਦੇਮੰਦ ਲੱਗ ਰਿਹਾ ਸੀ ਜਿਸ ਨੇ ਸਾਨੂੰ ਵਹਿਮ ਭਰਮ ਦੇ ਮੱਕੜ-ਜਾਲ 'ਚ ਫਸਣੋਂ ਬਚਾ ਲਿਆ ਸੀ।
‘ਤੂੰ ਬਹੁਤ ਵੱਡਾ ਬੰਦਾ ਬਣੇਗਾ।' ਮੈਂ ਅਸ਼ੀਰਵਾਦ ਵਾਲੇ ਲਹਿਜ਼ੇ 'ਚ ਮੁੰਡੇ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਅਤੇ ਦਿਨ ਰਾਤ ਆਪਣੀ ਮਾਂ ਦੇ ਦੁਆਲੇ ਗੇੜੇ ਕੱਢਦੇ ਰਹਿਣ ਵਾਲਾ ਮੁੰਡਾ ਅੱਜ ਪਹਿਲੀ ਵਾਰ ਮੈਨੂੰ ਜੱਫੀ ਪਾ ਕੇ ਕਦੋਂ ਸੌਂ ਗਿਆ, ਪਤਾ ਹੀ ਨਹੀਂ ਲੱਗਾ। ਉਸ ਦੇ ਮਨ ਤੋਂ ਸਾਰਾ ਭਾਰ ਲਹਿ ਗਿਆ ਸੀ ਤੇ ਮੇਰਾ ਇਹ ਯਕੀਨ ਹੋਰ ਪੁਖਤਾ ਹੋ ਗਿਆ ਸੀ ਕਿ ਇਸ ਦੁਨੀਆ 'ਚ ਕੋਈ ਗੈਬੀ ਸ਼ਕਤੀ ਨਹੀਂ ਹੈ। ਕੁਝ ਵੀ ਕੀਤਾ ਕਰਾਇਆ ਨਹੀਂ ਹੁੰਦਾ, ਸਗੋਂ ਸਾਰੇ ਪੁੱਠੇ ਸਿੱਧੇ ਕੰਮ ਮਨੁੱਖ ਦੇ ਆਪੇ ਹੀ ਕੀਤੇ ਹੁੰਦੇ ਹਨ।

Have something to say? Post your comment